ਬਰਨਾਲਾ,(ਜੀਵਨ ਰਾਮਗੜ੍ਹ)- ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵੱਲੋਂ ਬੀਤੀ 20 ਜਨਵਰੀ ਨੂੰ ਕਾਂਗਰਸ ਦੇ ਚਿੰਤਨ ਸੰਮੇਲਨ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਖਿਲਾਫ਼ ਦਿੱਤੇ ਬਿਆਨ ਤੋਂ ਖਫ਼ਾ ਹੋ ਕੇ ਬਰਨਾਲਾ ਦੇ ਇੱਕ ਨੀਰਜ਼ ਨੇ ਦੇਸ਼ ਦੇ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਖਿਲਾਫ਼ ਬਰਨਾਲਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮਨੋਜ਼ ਕੁਮਾਰ ਦੀ ਅਦਾਲਤ ’ਚ ਵਕੀਲ ਦੀਪਕ ਰਾਏ ਜਿੰਦਲ ਰਾਹੀਂ ਪਟੀਸ਼ਨ ਦਾਇਰ ਕਰ ਦਿੱਤੀ। ਜਿਸਦੀ ਸੁਣਵਾਈ 15 ਫਰਵਰੀ ਨੂੰ ਨਿਤਿਕਾ ਵਰਮਾ ਦੀ ਅਦਾਲਤ ਵਿਖੇ ਹੋਵੇਗੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾ ਨੀਰਜ਼ ਜਿੰਦਲ ਦੀ ਸ਼ਿਕਾਇਤ ਸਬੰਧੀ ਵਕੀਲ ਦੀਪਕ ਰਾਏ ਜਿੰਦਲ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਬੀਤੀ 20 ਜਨਵਰੀ 2013 ਨੂੰ ਕਾਂਗਰਸ ਸੰਮੇਲਨ ਵਿਚ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ’ਤੇ ਹਮਲਾ ਕਰਦਿਆਂ ਕਿਹਾ ਸੀ ਕਿ ਬੀਜੇਪੀ ਅਤੇ ਆਰ ਐਸ ਐਸ ਦੇ ਟਰੇਨਿੰਗ ਕੈਂਪਾਂ ਵਿਚ ਹਿੰਦੂ ਅੱਤਵਾਦ ’ਚ ਵਾਧਾ ਕਰਨ ਲਈ ਟਰੇਨਿੰਗ ਦਿਤੀ ਜਾਂਦੀ ਹੈ। ਗ੍ਰਹਿ ਮੰਤਰੀ ਨੇ ਮਾਲੇਗਾਓਂ ਵਿਸਫੋਟ, ਮੱਕਾ ਮਸਜਿਦ ਅਤੇ ਸਮਝੌਤਾ ਐਕਸਪ੍ਰੈਸ ਕਾਂਡ ਵਿਚ ਇਹਨਾਂ ਜਥੇਬੰਦੀਆਂ ਦੀ ਸ਼ਮੂਲੀਅਤ ਦੀ ਗੱਲ ਵੀ ਕਹੀ ਸੀ।ਇਸ ਮਾਮਲੇ ਤੇ ਭਾਜਪਾ ਯੂਵਾ ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰ ਨੀਰਜ ਕੁਮਾਰ ਵੱਲੋਂ ਪਟੀਸ਼ਨ ਪਾਈ ਗਈ ਹੈ ਕਿ ਹਿੰਦੂ ਅਤਵਾਦ ਦਾ ਨਾਂਅ ਦੇ ਕੇ ਗ੍ਰਹਿ ਮੰਤਰੀ ਨੇ ਪੂਰੇ ਹਿੰਦੂਆਂ ਦਾ ਅਪਮਾਨ ਕੀਤਾ ਹੈ।ਪਟੀਸ਼ਨਕਰਤਾ ਦੇ ਵਕੀਲ ਮੁਤਾਬਕ ਨੀਰਜ ਜਿੰਦਲ ਦਾ ਕਹਿਣਾ ਹੈ ਕਿ ਹਿੰਦੂ ਹੋਣ ਕਰਕੇ ਇਸ ਬਿਆਨ ਨਾਲ ਉਸਦੀ ਪੂਰੇ ਵਿਸ਼ਵ ਵਿਚ ਬਦਨਾਮੀ ਹੋਈ ਹੈ ਜਿਸ ਕਰਕੇ ਉਨ੍ਹਾਂ ਆਈ ਪੀ ਸੀ ਦੀ ਧਾਰਾ 500, 501 ਅਤੇ 502 ਮੁਕੱਦਮਾਂ ਦਾਇਰ ਕੀਤਾ ਹੈ। ਜਿਸ ਦੇ ਤਹਿਤ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ।ਉਨ੍ਹਾਂ ਦੱਸਿਆ ਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਨਿਤਿਕਾ ਵਰਮਾ ਦੀ ਅਦਾਲਤ ਵਿਖੇ ਤਬਦੀਲ ਕਰਦਿਆਂ ਇਸ ਦੀ 15 ਫਰਵਰੀ ਨੂੰ ਸੁਣਵਾਈ ਹੋਵੇਗੀ। ਜਿਸ ਦੌਰਾਨ ਸ਼ਿਕਾਇਤਕਰਤਾ ਦੇ ਬਿਆਨ ਦਰਜ਼ ਕੀਤੇ ਜਾਣਗੇ।