ਬਰਨਾਲਾ,(ਜੀਵਨ ਰਾਮਗੜ੍ਹ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਜ਼ਿ. ਵੱਲੋਂ ਕਣਕ ਦੇ ਸਮਰਥਨ ਮੁੱਲ ’ਚ ਕੇਂਦਰ ਸਰਕਾਰ ਵੱਲੋਂ 65 ਰੁਪਏ ਦੇ ਵਾਧੇ ਨੂੰ ਰੱਦ ਕਰਦਿਆਂ ਇਸਦਾ 2250 ਰੁਪਏ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰਨ ਉਪਰੰਤ ਧਰਨਾ ਦਿੱਤਾ ਅਤੇ ਪ੍ਰਧਾਨ ਮੰਤਰੀ ਦੇ ਨਾਂਅ ਏਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਗੁਰਬਖ਼ਸ ਸਿੰਘ ਕਾਲੇਕੇ, ਜਨਰਲ ਸਕੱਤਰ ਸੁਖਦੇਵ ਸਿੰਘ ਬੀਹਲਾ, ਹਾਕਮ ਸਿੰਘ ਛੀਨੀਵਾਲ, ਸੁਰਜੀਤ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਕੇਦਰ ਸਰਕਾਰ ਵੱਲੋਂ ਡੀਜ਼ਲ ਨੂੰ ਕੰਟਰੋਲ ਮੁਕਤ ਕਰਕੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨੀ ਹੁਣ ਲਾਹੇਵੰਦ ਧੰਦਾਂ ਨਾ ਹੋ ਕੇ ਆਰਥਿਕ ਤੰਗੀਆਂ ਦਾ ਕਾਰਨ ਬਣ ਰਹੀ ਹੈ। ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਆਗੂਆਂ ਕਿਹਾ ਕਿ ਕੀੜੇਮਾਰ ਦਵਾਈਆਂ, ਰਸਾਇਣਕ ਖਾਦਾਂ, ਡਾਇਮੋਨੀਅਮ ਖਾਦ ਦਾ ਰੇਟ ਅਸਮਾਨੀਂ ਛੂਹ ਰਿਹਾ ਹੈ। ਜਿਸ ਕਾਰਨ ਕਿਸਾਨ ਦਿਨੋਂ ਦਿਨ ਕਰਜ਼ੇ ਦੀ ਮਾਰ ਥੱਲੇ ਆ ਰਿਹਾ ਹੈ।ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਣਕ ਦੇ ਮੁੱਲ ’ਚ ਕੀਤੇ 65 ਰੁਪਏ ਦੇ ਵਾਧੇ ਨੂੰ ਵੀ ਨਿਗੂਣਾਂ ਕਰਾਰ ਦਿੱਤਾ। ਆਗੂਆਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਕਣਕ ਦਾ ਸਮਰਥਨ ਮੁੱਲ 2250 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੁਝ ਆਰਥਿਕ ਹੁਲਾਰਾ ਮਿਲ ਸਕੇ। ਯੂਨੀਅਨ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਣਕ ਦੇ ਮੁੱਲ ’ਚ ਵਾਧਾ ਨਾ ਕੀਤਾ ਤਾਂ ਯੂਨੀਅਨ ਵੱਲੋਂ 15 ਫਰਵਰੀ ਨੂੰ ਦੇਸ਼ ਦੀ ਰਾਜਧਾਨੀ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਗੁਰਨਾਮ ਸਿੰਘ ਬਲਾਕ ਪ੍ਰਧਾਨ, ਜਗਸੀਰ ਸਿੰਘ, ਗੁਰਜੰਟ ਸਿੰਘ ਜਿਲ੍ਹਾ ਪ੍ਰੈਸ ਸਕੱਤਰ, ਜੋਗਿੰਦਰ ਸਿੰਘ ਚੰਨਣ ਵਾਲ ਆਦਿ ਆਗ ਵੀ ਹਾਜ਼ਰ ਸਨ।