ਅਗੇਤ ਯੋਜਨਾ ਅਤੇ ਅਸਰਦਾਰ ਢੰਗ ਨਾਲ ਖੇਤੀਬਾੜੀ ਖੋਜ ਨੂੰ ਲਾਗੂ ਕਰਨ ਨਾਲ ਹੀ ਵਿਕਾਸ ਸੰਭਵ-ਡਾ: ਗੁਰਬਚਨ ਸਿੰਘ

ਲੁਧਿਆਣਾ:-ਪੀ ਏ ਯੂ ਕਿਸਾਨ ਕਲੱਬ ਦੇ ਸਾਲਾਨਾ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਡਾ: ਗੁਰਬਚਨ ਸਿੰਘ, ਚੇਅਰਮੈਨ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ, ਭਾਰਤ ਸਰਕਾਰ ਨੇ ਕਿਹਾ ਹੈ ਕਿ ਅਗੇਤ ਯੋਜਨਾਕਾਰੀ ਅਤੇ ਅਸਰਦਾਰ ਢੰਗ ਨਾਲ ਖੇਤੀਬਾੜੀ ਖੋਜ ਨੂੰ ਲਾਗੂ ਕਰਨ ਨਾਲ ਹੀ ਵਿਕਾਸ ਸੰਭਵ ਹੈ। ਕਿਸਾਨ ਕਲੱਬ ਦੇ ਪੁਰਸ਼ ਅਤੇ ਇਸਤਰੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਦਾ ਕਿਸਾਨਾਂ ਨਾਲ ਕਰੀਬੀ ਰਿਸ਼ਤਾ ਜੋੜਨ ਵਿੱਚ ਕਿਸਾਨ ਕਲੱਬ ਦਾ ਬਹੁਤ ਵੱਡਾ ਯੋਗਦਾਨ ਹੈ।   ਉਨ੍ਹਾਂ ਆਖਿਆ ਕਿ ਕੇਂਦਰੀ ਅੰਨ ਭੰਡਾਰ ਵਿੱਚ ਵੱਡਾ ਹਿੱਸਾ ਪਾਉਣ ਵਿੱਚ ਪੰਜਾਬ ਹਮੇਸ਼ਾਂ ਮੋਹਰੀ ਰਿਹਾ ਹੈ ਅਤੇ ਹੁਣ ਹੋਰ ਸੂਬੇ ਵੀ ਅੱਗੇ ਵਧ ਰਹੇ ਹਨ। ਉਨ੍ਹਾਂ ਆਖਿਆ ਕਿ ਸਾਲ 2011-12 ਵਿੱਚ ਰਿਕਾਰਡ ਤੋੜ ਅਨਾਜ ਉਤਪਾਦਨ 257-58 ਮਿਲੀਅਨ ਟਨ ਹੋਣਾ ਭਾਰਤੀ ਕਿਸਾਨਾਂ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਆਖਿਆ ਕਿ ਹਰ ਵਰ੍ਹੇ 8 ਤੋਂ 10 ਮਿਲੀਅਨ ਟਨ ਵੱਧ ਉਪਜ ਨਾਲ ਹੀ ਅਸੀਂ ਵਧਦੀ ਆਬਾਦੀ ਦਾ ਢਿੱਡ ਭਰ ਸਕਾਂਗੇ। ਉਨ੍ਹਾਂ ਆਖਿਆ ਕਿ ਪਿਛਲੇ 10 ਸਾਲਾਂ ਵਿੱਚ ਗੁਜਰਾਤ ਨੇ 11.5 ਫੀ ਸਦੀ ਤਰੱਕੀ ਕੀਤੀ ਹੈ ਜਦ ਕਿ ਪੰਜਾਬ 2.4 ਫੀ ਸਦੀ ਵਿਕਾਸ ਤ ਖੜਾ ਹੈ। ਮੱਧ ਪ੍ਰਦੇਸ਼ ਅਤੇ ਬਿਹਾਰ ਵੀ ਅੱਗੇ ਵਧ ਰਹੇ ਹਨ। ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ ਪਾਣੀ ਦੀ ਵਧੇਰੇ ਖਿਚਾਈ ਕਰਨ ਨਾਲ ਪਾਣੀ ਪੱਧਰ ਨੀਵਾਂ ਜਾ ਰਿਹਾ ਹੈ। ਲੋੜ ਅਧਾਰਿਤ ਸਿੰਜਾਈ ਕਰਕੇ ਹੀ ਅਸੀਂ ਆਪਣੇ ਕੁਦਰਤੀ ਸੋਮੇ ਬਚਾ ਸਕਾਂਗੇ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀਆਂ ਸਿਹਤ ਜ਼ਰੂਰਤਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਸਿਹਤਮੰਦ ਕਿਸਾਨ ਹੀ ਖੇਤੀ ਨੂੰ ਦਿਲਚਸਪੀ ਨਾਲ ਕਰ ਸਕਦਾ ਹੈ। ਡਾ: ਗੁਰਬਚਨ ਸਿੰਘ ਨੇ ਆਖਿਆ ਕਿ ਜਵਾਨ ਪੀੜ੍ਹੀ ਦੀ ਖੇਤੀ ਵਿੱਚ ਦਿਲਚਸਪੀ ਘਟਣਾ ਵੀ ਖਤਰੇ ਦੀ ਘੰਟੀ ਵਾਂਗ ਵੇਖਣ ਦੀ ਲੋੜ ਹੈ। ਉਨ੍ਹਾਂ ਖੇਤੀਬਾੜੀ ਵੰਨ ਸੁਵੰਨਤਾ ਅਤੇ ਕੁਦਰਤੀ ਸੋਮਿਆਂ ਦੀ ਬੱਚਤ ਵੱਲ ਵੀ ਧਿਆਨ ਦੁਆਇਆ। ਇਸ ਮੌਕੇ ਸਨਮਾਨਿਤ ਹੋਏ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਵੀ ਉਨ੍ਹਾਂ ਮੁਬਾਰਕਬਾਦ ਦਿੱਤੀ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬ ਦੇ  ਖੇਤੀਬਾੜੀ ਨਿਰਦੇਸ਼ਕ ਡਾ: ਮੰਗਲ ਸਿੰਘ ਸੰਧੂ ਨੇ ਆਖਿਆ ਕਿ ਖੇਤੀ ਸਾਹਮਣੇ ਵੰਗਾਰਾਂ ਵੱਡੀਆਂ ਹਨ ਅਤੇ ਖੇਤੀ ਵੰਨ ਸੁਵੰਨਤਾ ਸਮੇਂ ਦੀ ਲੋੜ ਹੈ। ਇਸੇ ਕਰਕੇ ਹੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜੀ ਨੇ ਭਾਰਤ ਸਰਕਾਰ ਤੋਂ ਖੇਤੀਬਾੜੀ ਵੰਨ ਸੁਵੰਨਤਾ  ਯੋਜਨਾ ਲਾਗੂ ਕਰਨ ਲਈ ਪੰਜ ਹਜ਼ਾਰ ਕਰੋੜ ਰੁਪਏ ਦੀ ਯਕਮੁਸ਼ਤ ਸਹਾਇਤਾ ਮੰਗੀ ਹੈ। ਉਨ੍ਹਾਂ ਆਖਿਆ ਕਿ ਨਵੀਆਂ ਫ਼ਸਲਾਂ ਦੇ ਵਿਕਾਸ ਯਕੀਨੀ ਮੰਡੀਕਰਨ ਕੀਮਤਾਂ ਅਤੇ ਖਰੀਦ ਨਾਲ ਹੀ ਵੰਨ ਸੁਵੰਨੀ ਖੇਤੀ ਸੰਭਵ ਹੈ। ਉਨ੍ਹਾਂ ਆਖਿਆ ਕਿ ਜਿੰਨਾਂ ਚਿਰ ਕਮਾਈ ਨਹੀਂ ਵਧਦੀ ਉਨਾਂ ਚਿਰ ਪੰਜਾਬੀ ਕਿਸਾਨਾਂ ਦਾ ਕਣਕ-ਝੋਨੇ ਤੋਂ ਮੋਹ ਤੋੜਨਾ ਔਖਾ ਹੈ। ਉਨ੍ਹਾਂ ਆਖਿਆ ਕਿ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਖੇਤੀਬਾੜੀ ਵਿਭਾਗ ਪੰਜਾਬ ਸਰਗਰਮ ਹੈ। ਬਹੁ-ਕੌਮੀ ਕੰਪਨੀਆਂ ਨਾਲ ਮੱਕੀ, ਨਰਮਾ ਅਤੇ ਸਬਜ਼ੀਆਂ ਦੇ ਖੇਤਰ ਵਿੱਚ ਪੰਜਾਬ ਸਰਕਾਰ ਸੰਪਰਕ ਜੋੜ ਰਹੀ ਹੈ। ਉਨ੍ਹਾਂ ਆਖਿਆ ਕਿ ਘਰੇਲੂ ਬਗੀਚੀ ਦੇ ਸੰਕਲਪ ਨੂੰ ਧੀਆਂ ਭੈਣਾਂ ਹੀ ਪੱਕੇ ਤੌਰ ਤੇ ਲਾਗੂ ਕਰ ਸਕਦੀਆਂ ਹਨ।
ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਆਖਿਆ ਕਿ ਤਕਨਾਲੋਜੀ ਖੇਤਾਂ ਤੀਕ ਲਿਜਾਣ ਵਾਸਤੇ ਅਗਾਂਹਵਧੂ ਕਿਸਾਨ ਸਭ ਤੋਂ ਵਧੇਰੇ ਹਿੱਸਾ ਪਾ ਸਕਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਲਗਪਗ 6 ਹਜ਼ਾਰ ਕਿਸਾਨ ਦੂਤ ਬਣਾਏ ਗਏ ਹਨ ਜੋ ਕਿਸਾਨਾਂ ਨੂੰ ਨਵੀਨਤਮ ਗਿਆਨ ਵੰਡਦੇ ਹਨ। ਸੂਬੇ ਦੇ 17 ਕ੍ਰਿਸ਼ੀ ਵਿਗਿਆਨ ਕੇਂਦਰ ਇਨ੍ਹਾਂ ਕਿਸਾਨ ਦੂਤਾਂ ਨੂੰ ਨਾਲੋਂ ਨਾਲ ਸਿਖਿਅਤ ਕਰਦੇ ਹਨ। ਉਨ੍ਹਾਂ ਆਖਿਆ ਕਿ ਮਾਰਚ ਮਹੀਨੇ ਹੋਣ ਵਾਲਿਆਂ ਕਿਸਾਨ ਮੇਲਿਆਂ ਵਿੱਚ ਉਹ ਹੁੰਮ-ਹੁਮਾ ਕੇ ਪਹੁੰਚਣ। ਇਸ ਮੇਲੇ ਦਾ ਮਨੋਰਥ ਘਰ ਵਿੱਚ ਸਬਜ਼ੀ, ਦਾਲ ਉਗਾਓ : ਪੈਸੇ ਬਚਾਓ, ਸਿਹਤ ਬਣਾਓ ਰੱਖਿਆ ਗਿਆ ਹੈ। ਡਾ: ਗਿੱਲ ਨੇ ਆਖਿਆ ਕਿ ਪਹਿਲਾ ਕਿਸਾਨ ਮੇਲਾ ਬੱਲੋਵਾਲ ਸੌਂਖੜੀ ਵਿਖੇ ਪਹਿਲੀ ਮਾਰਚ ਨੂੰ, ਦੂਸਰਾ ਕਿਸਾਨ ਮੇਲਾ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 5 ਮਾਰਚ ਨੂੰ, ਗੁਰਦਾਸਪੁਰ ਵਿਖੇ 7 ਮਾਰਚ ਨੂੰ, ਰੌਣੀ ਜ਼ਿਲ੍ਹਾ ਪਟਿਆਲਾ ਵਿਖੇ 11 ਮਾਰਚ ਨੂੰ, ਲੁਧਿਆਣਾ ਵਿਖੇ 15-16 ਮਾਰਚ ਨੂੰ, ਫਰੀਦਕੋਟ ਵਿਖੇ 19 ਮਾਰਚ ਨੂੰ ਅਤੇ ਬਠਿੰਡਾ ਵਿਖੇ ਆਖਰੀ ਕਿਸਾਨ ਮੇਲਾ 21 ਮਾਰਚ ਨੂੰ ਹੋਵੇਗਾ। ਡਾ: ਗਿੱਲ ਨੇ ਆਖਿਆ ਕਿ ਜਲ ਸੋਮਿਆਂ ਦੀ ਸੰਕੋਚਵੀਂ ਵਰਤੋਂ ਤੋਂ ਇਲਾਵਾ ਬਾਕੀ ਕੁਦਰਤੀ ਸੋਮੇ ਬਚਾਉਣ ਦੀ ਵੀ ਲੋੜ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੇ ਤਕਨੀਕੀ ਸਲਾਹਕਾਰ ਡਾ: ਪੀ ਕੇ ਖੰਨਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸਾਲ 2012 ਦੌਰਾਨ 14 ਨਵੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਕਣਕ ਦੀ ਪੀ ਬੀ ਡਬਲਯੂ 644, ਝੋਨੇ ਦੀਆਂ ਪੀ ਆਰ 121 ਅਤੇ ਪੀ ਆਰ 122, ਮਿਰਚਾਂ ਦੀ ਪੰਜਾਬ ਤੇਜ਼ ਅਤੇ ਪੰਜਾਬ ਸੰਧੂਰੀ, ਬੈਂਗਣਾਂ ਦੀ ਪੀ ਬੀ ਅੱੈਚ 3, ਨਿੰਬੂ ਜਾਤੀ ਦੇ ਫ਼ਲਾਂ ਵਿਚੋਂ ਸੰਤਰੇ ਦੀ ਡੇਜ਼ੀ ਅਤੇ ਮਰਕਟ, ਅਮਰੂਦ ਦੀ ਸ਼ਵੇਤਾ ਅਤੇ ਗਲੈਡੀਓਲਸ ਦੀ ਪੰਜਾਬ ਗਲੈਡ-1, ਪੈਂਜ਼ੀ ਦੀ ਪੰਜਾਬ ਪਰਪਲ ਵੇਵ ਅਤੇ ਪੰਜਾਬ ਚੋਕੋ ਗੋਲਡ ਜਾਰੀ ਕੀਤੀਆਂ ਗਈਆਂ ਹਨ। ਪੀ ਏ ਯੂ ਕਿਸਾਨ ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ। ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਵੰਨ ਸੁਵੰਨਤਾ ਦਾ ਸੰਦੇਸ਼ ਤਾਂ ਹੀ ਪ੍ਰਵਾਨ ਹੋਵੇਗਾ ਜੇਕਰ ਅਗਾਂਹਵਧੂ ਕਿਸਾਨ ਇਸ ਨੂੰ ਵਿਗਿਆਨਕ ਵਿਧੀ ਨਾਲ ਆਮ ਕਿਸਾਨਾਂ ਤੀਕ ਲੈ ਕੇ ਜਾਣਗੇ। ਇਸ ਮੌਕੇ ਮੁੱਖ ਮਹਿਮਾਨ ਡਾ: ਗੁਰਬਚਨ ਸਿੰਘ ਨੇ ਪੀ ਏ ਯੂ ਕਿਸਾਨ ਕਲੱਬ ਦਾ ਸੋਵੀਨਰ ਵੀ ਰਿਲੀਜ਼ ਕੀਤਾ ਅਤੇ ਕੁਝ ਕਿਸਾਨਾਂ ਨੂੰ ਸਨਮਾਨਿਤ ਕੀਤਾ। ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ  ਵੱਲੋਂ ਇਸ ਮੌਕੇ ਖੇਤੀਬਾੜੀ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>