ਡੀਐਮਸੀ ਦੇ ਡਾਕਟਰਾਂ ਦੀ ਅਣਗਹਿਲੀ ਖਿਲਾਫ਼ ਸੰਘਰਸ਼ ਲਈ ਲਾਮਬੰਦੀ ਦਾ ਸੱਦਾ

ਬਰਨਾਲਾ,(ਜੀਵਨ ਰਾਮਗੜ੍ਹ)-ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸਕੱਤਰ ਅਤੇ ਮੁਲਾਜ਼ਮ ਆਗੂ ਸੋਹਣ ਸਿੰਘ ਦੇ ਇਕਲੌਤੇ ਪੁੱਤਰ ਸੋਭਰਾਜਜੀਤ ਸਿੰਘ (21) ਦੇ ਬਰਨਾਲਾ ਵਿਖੇ ਹੋਏ ਸਰਧਾਜ਼ਲੀ ਸਮਾਗਮ ਮੌਕੇ ਜਿਥੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਮੂਹ ਜਨਤਕ ਤੇ ਸਘੰਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਭਰਵੀਂ ਸਮੂਲੀਅਤ ਕਰਕੇ ਸਰਧਾ ਦੇ ਫੁੱਲ ਭੇਂਟ ਕੀਤੇ ਊਥੇ ਇਸ ਨੌਜਵਾਨ ਦੀ ਮੌਤ ਦਾ ਕਾਰਨ ਬਣੇ ਦਯਾਨੰਦ ਮੈਡੀਕਲ ਕਾਲਜ਼ ਅਤੇ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਅਣਗਹਿਲੀ ਅਤੇ ਸਥਾਨਕ ਸੀਵਰੇਜ਼ ਸਫਾਈ ਠੇਕੇਦਾਰਾਂ ਦੀ ਗੈਰ ਜਿੰਮੇਵਾਰ ਪ੍ਰਬੰਧ ਦੇ ਖਿਲਾਫ਼ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਬਲਕਿ ਅਜਿਹੇ ਨੁਕਸਦਾਰ ਸਿਸਟਮ ਦੀ ਤਬਦੀਲੀ ਲਈ ਇਨਸਾਫ਼ ਮਿਲਣ ਤੱਕ ਸੰਘਰਸ਼ ਵਿੱਢਣ ਦਾ ਐਲਾਨ ਵੀ ਕੀਤਾ।
ਸਰਧਾਂਜ਼ਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਨਤਕ ਆਗੂ ਡਾਕਟਰ ਦਰਸ਼ਨਪਾਲ ਨੇ ਸ਼ੋਭਰਾਜਜੀਤ ਸਿੰਘ ਦੇ ਬਰਨਾਲਾ ਵਿਖੇ ਸੜਕੀ ਹਾਦਸਾਗ੍ਰਸ਼ਤ ਹੋ ਜਾਣ ਉਪਰੰਤ ਇਲਾਜ਼ ਲਈ ਡੀਐਮਸੀ ਲੁਧਿਆਣਾ ਵਿਖੇ ਭਰਤੀ ਕੀਤੇ ਜਾਣ ਤੋਂ ਬਾਅਦ ਰੱਬ ਤੋਂ ਬਾਅਦ ਜੀਵਨ ਬਚਾਉਣ ਵਾਲਿਆਂ ’ਚ ਦੂਜਾ ਸਥਾਨ ਪ੍ਰਾਪਤ ਸਮਝੇ ਜਾਂਦੇ ਡਾਕਟਰਾਂ ਵੱਲੋਂ ਨਿਭਾਏ ਗਏ ਪੇਸ਼ੇ ਪ੍ਰਤੀ ਅਣਗਹਿਲੀ ਤੇ ਗੈਰਦਿਆਨਤਦਾਰੀ ਵਾਲੇ ਰੋਲ ਦੀ ਚਸ਼ਮਦੀਦੀ ਤੌਰ ’ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ  ਅਤੇ ਡਾਕਟਰੀ ਦੇ ਪਵਿੱਤਰ ਪੇਸ਼ੇ ਦੇ ਅਜਿਹੇ ਖਲਨਾਇਕਾਂ ਦੇ ਖਿਲਾਫ਼ ਲੋਕ ਲਾਮਬੰਦੀ ਦੀ ਲੋੜ ਦੀ ਜਰੂਰਤ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਸੋਭਰਾਜ ਦੀ ਮੌਤ ਦਾ ਕਾਰਨ ਬਣੇ ਫੇਫੜਿਆਂ ਅੰਦਰ ਜ਼ਖ਼ਮ ਹਾਦਸੇ ਕਾਰਨ ਨਹੀਂ ਬਲਕਿ ਮੈਡੀਕਲ ਸੰਸਥਾ ਦੇ ਇਲਾਜ਼ ਲਈ ਜਰੂਰੀ ਵੱਖ ਵੱਖ ਵਿਭਾਗਾਂ ਦੇ ਮਾਹਰਾਂ ਦੀ ਤਾਲਮੇਲ ਦੀ ਘਾਟ ਸਦਕਾ ਅਪਣਾਏ ਗਏ ਡੰਗ ਟਪਾਊ ਢੰਗ ਤਰੀਕਿਆਂ ਕਰਕੇ ਹੋਏ ਸਨ। ਅਜਿਹੀ ਪਹੁੰਚ ਨੂ ਉਲੱਦਣ ਦੀ ਸਖ਼ਤ ਲੋੜ ਹੈ।
ਮੈਡੀਕਲ ਸਟਾਫ਼ ਦੇ ਸੂਬਾਈ ਆਗੂ ਸਿਕੰਦਰ ਸਿੰਘ ਨੇ ਅਜਿਹੀਆਂ ਮੌਤਾ ਨੂੰ ਸਰਕਾਰਾਂ ਦੀ ਆਮ ਜਨਤਾ ਦੀ ਸਿਹਤ ਪ੍ਰਤੀ ਲਾਪਰਵਾਹੀ ਨੂੰ ਗਰਦਾਨਦਿਆਂ ਕਿਹਾ ਕਿ ਜੇਕਰ ਸਰਕਾਰਾਂ ਪੀਜੀਆਈ ਜਾਂ ਡੀਐਮਸੀ ਜਿਹੀਆਂ ਸਹੂਲਤਾਂ ਜਿਲ੍ਹਾ ਪੱਧਰੀ ਸਰਕਾਰੀ ਹਸਪਤਾਲਾਂ ’ਚ ਪ੍ਰਦਾਨ ਕਰਵਾਵੇ ਤਾਂ ਜਿਥੇ ਅਜਿਹੀਆਂ ਅਣਹੋਣੀਆਂ ਮੌਤਾਂ ਦੀ ਦਰ ’ਤੇ ਕਾਬੂ ਪਾਇਆ ਜਾ ਸਕਦਾ ਹੈ ਉਥੇ ਲੋਕਾਂ ਦੀ ਹੁੰਦੀ ਲੁੱਟ ਨੂੰ ਵੀ ਘਟਾਇਆ ਜਾ ਸਕਦਾ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਸਿਰਫ਼ ਸੋਭਰਾਜਜੀਤ ਦੇ ਸਰਧਾਜ਼ਲੀ ਸਮਾਗਮ ਸਪਾਪਤ ਹੋਣ ਨਾਲ ਸਾਡੇ ਸੱਭਿਆਚਾਰਕ ਫਰਜਾਂ ਦੀ ਪੂਰਤੀ ਨਾ ਸਮਝੀ ਜਾਵੇ ਸਗੋਂ ਅੱਗੇ ਤੋਂ ਹੋਰਨਾਂ ਬੇਸ਼ਕੀਮਤੀ ਇਨਸਾਨੀ ਜਿੰਦੜੀਆਂ ਨੂੰ ਬਚਾਉਣ ਹਿੱਤ ਸਾਨੂੰ ਸਭਨਾਂ ਨੂੰ ਲਾਮਬੰਦ ਹੋ ਕੇ ਸਿਹਤ ਸੇਵਾਵਾਂ ਤੇ ਹੋਰ ਪ੍ਰਬੰਧ ਨੂੰ ਦਰੁਸਤ ਕਰਨ ਲਈ ਸਘੰਰਸ਼ਾਂ ਦੇ ਰਾਹ ਪੈਣਾਂ ਸਮੇਂ ਦੀ ਅਣਸਰਦੀ ਲੋੜ ਹੈ। ਜਿਹੜੀ ਕਿ ਸੋਭਰਾਜਜੀਤ ਨੂੰ ਸੱਚੀ ਸਰਧਾਂਜ਼ਲੀ ਤੇ ਸਦਮਾਗ੍ਰਸਤ ਪਰਿਵਾਰ ਨਾਲ ਸੁੱਚੀ ਹਮਦਰਦੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੰਘਰਸ਼ ਦੀ ਮੁੱਢਲੀ ਰੂਪ ਰੇਖਾ ਲਈ ਜਲਦੀ ਹੀ ਸੰਘਰਸ਼ਸੀਲ ਜਥੇਬੰਦੀਆਂ ਦੀ ਮੀਟਿੰਗ ਰੱਖੀ ਜਾਵੇਗੀ।
ਇਸ ਮੌਕੇ ਭਾਰੀ ਸਦਮੇਂ ਦੇ ਬਾਵਜੂਦ ਮ੍ਰਿਤਕ ਪੁੱਤਰ ਦੇ ਮਾਪਿਆਂ ਨੇ ਅੱਖਾਂ ਦਾਨ ਦਾ ਹੌਂਸਲਾ ਵਿਖਾਏ ਜਾਣ ਸਦਕਾ ਆਈ ਡੋਨੇਸ਼ਨ ਸੁਸਾਇਟੀ ਬਰਨਾਲਾ ਵੱਲੋਂ ਮ੍ਰਿਤਕ ਦੇ ਪਿਤਾ ਸੋਹਣ ਸਿੰਘ ਤੇ ਮਾਤਾ ਬਲਜੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਇਲਾਕੇ ਅਤੇ ਸੂਬਾ ਪੱਧਰ ਦੀਆਂ 5 ਦਰਜ਼ਨ ਦੇ ਕਰੀਬ ਜਨਤਕ, ਸਮਾਜ ਸੇਵੀ, ਮੁਲਾਜਮ, ਕਿਸਾਨ, ਮਜ਼ਦੂਰ, ਲੇਖਕ, ਸਿਆਸੀ ਤੇ ਸੰਘਰਸ਼ਸ਼ੀਲ ਜਥੇਬੰਦੀਆਂ/ਸ਼ਖ਼ਸੀਅਤਾਂ  ਵੱਲੋਂ ਭੇਜੇ ਸੋਕ ਮਤੇ ਵੀ ਪੜੇ ਗਏ। ਮੰਚ ਦਾ ਸੰਚਾਲਨ ਡੀਟੀਐਫ਼ ਦੇ ਆਗੂ ਗੁਰਮੀਤ ਸੁਖਪੁਰਾ ਨੇ ਕੀਤਾ।
ਇੱਥੇ ਦੱਸਣਯੋਗ ਹੈ ਕਿ ਮੁਲਾਜ਼ਮ ਆਗੂ ਸੋਹਣ ਸਿੰਘ ਦਾ ਇਕਲੌਤਾ ਬੇਟਾ ਸੋਭਰਾਜਜੀਤ ਸਿੰਘ 28 ਜਨਵਰੀ ਦੀ ਸ਼ਾਮ ਨੂੰ ਬਰਨਾਲਾ ਦੇ ਅਨਾਜ ਮੰਡੀ ਰੋਡ ’ਤੇ ਸੜਕ ਵਿਚਕਾਰ ਬਿਨਾ ਕਿਸੇ ਰਿਫੈਲਕਟਰ ਵਗੈਰਾ ਦੇ ਖੜ੍ਹੀ ਇੱਕ ਸੀਵਰੇਜ ਦੀ ਸਫਾਈ ਵਾਲੀ ਮਸ਼ੀਨ ਵਿੱਚ ਅੱਗੋਂ ਲਾਈਟਾ ਪੈਣ ਕਾਰਨ ਮੋਟਰ ਸਾਈਕਲ ਸਮੇਤ ਹਾਦਸਾ ਗ੍ਰਸਤ ਹੋ ਗਿਆ ਸੀ। ਜਿਸ ਦੀ ਹਾਲਤ ਦੀ ਗੰਭੀਰਤਾ ਨੂੰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਤੋਂ ਡੀਐਮਸੀ ਲੁਧਿਆਣਾ ਲਿਜਾਇਆ ਗਿਆ ਸੀ ਜਿੱਥੇ ਪੋਸਟਮਾਰਟਮ ਰਿਪੋਰਟ ਅਨੁਸਾਰ ਇਲਾਜ ਦੌਰਾਨ ਡਾਕਟਰਾਂ ਵੱਲੋਂ ਅਣਗਹਿਲੀ ਦੇ ਚੱਲਦਿਆਂ ਹੋਏ ਫੇਫੜਿਆਂ ’ਚ ਜ਼ਖਮਾਂ ਸਦਕਾ ਜਾਨ ਤੋਂ ਹੱਥ ਧੋ ਬੈਠਾ।
ਸਰਧਾਜ਼ਲੀ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸ਼ਖਸ਼ੀਅਤਾਂ ਵਜੋਂ ਪ੍ਰਿਤਪਾਲ ਬਠਿੰਡਾ, ਹਰਚਰਨ ਚੰਨਾਂ, ਬਲਵਿੰਦਰ ਬਰਨਾਲਾ, ਮਾਸਟਰ ਪ੍ਰੇਮ ਕੁਮਾਰ, ਰਜਿੰਦਰ ਭਦੌੜ, ਮਨਜੀਤ ਧਨੇਰ, ਨਛੱਤਰ ਭਾਈਰੂਪਾ, ਧੰਨਾਂ ਸਿੰਘ ਭੱਟੀਵਾਲ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ, ਅਕਾਲੀ ਆਗੂ ਭੋਲਾ ਸਿੰਘ ਵਿਰਕ, ਚਰਨ ਕੌਸ਼ਲ, ਲਾਭ ਅਕਲੀਆ, ਉਜਾਗਰ ਸਿੰਘ ਬੀਹਲਾ, ਮੇਲਾ ਸਿੰਘ ਕੱਟੂ, ਗੁਰਦਿਆਲ ਸ਼ੀਤਲ, ਗੁਰਮੇਲ ਸਿੰਘ ਠੂਲੀਵਾਲ, ਰੂਪ ਸਿੰਘ ਛੰਨਾਂ, ਦਰਸ਼ਨ ਸਿੰਘ ਉਗੋਕੇ, ਐਸ ਐਮ ਓ ਡਾਕਟਰ ਜਸਵੀਰ ਸਿੰਘ ਔਲਖ, ਅਮਿਤ ਮਿੱਤਰ ਅਤੇ ਜਸਦੇਵ ਸਿੰਘ ਲਲਤੋਂ ਆਦਿ ਨੇ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>