ਬਲਵੰਤ ਸਿੰਘ ਰਾਜੋਆਣਾ ਦੀ ਸਿੱਖ ਕੌਮ ਦੇ ਨਾਂ ਚਿੱਠੀ

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਅਨੰਦੁ
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ

ਸਤਿਕਾਰਯੋਗ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਪਿਛਲੇ ਦਿਨੀਂ ਅਫਜ਼ਲ ਗੁਰੂ ਦੀ ਫਾਂਸੀ ਤੋਂ ਬਾਅਦ ਵੱਖ -2 ਅਖ਼ਬਾਰਾਂ ਵਿੱਚ ਵੱਖ -2 ਰਾਜਨੀਤਕ ਪਾਰਟੀਆ ਦੇ ਆਗੂ ਮੇਰੀ ਫਾਂਸੀ ਦੇ ਸਬੰਧ ਵਿੱਚ ਇੱਕ ਦੂਜੇ ਨੂੰ ਆਪਣੀ ਸਥਿਤੀ ਸਪੱਸਟ ਕਰਨ ਲਈ ਕਹਿ ਰਹੇ ਹਨ । ਖਾਲਸਾ ਜੀ ਇੰਨਾਂ ਰਾਜਨੀਤਕ ਪਾਰਟੀਆਂ ਦੇ ਲੋਕਾਂ ਦੀ ਸਥਿਤੀ ਵਾਰੇ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਇਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ , ਪਰ ਮੈਂ ਆਪਣੀ ਸਥਿਤੀ ਫਿਰ ਤੋਂ ਜ਼ਰੂਰ ਸਪੱਸਟ ਕਰ ਦਿੰਦਾ ਹਾਂ ਕਿ ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕੀਤਾ, ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਦੀਆਂ ਮਾਸੂਮ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨਾਂ ਨੂੰ ਕੋਹ ਕੋਹ ਕੇ ਮਾਰਿਆ , ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ,ਜਿਹੜੇ ਕਾਂਗਰਸੀ ਹੁਕਮਰਾਨਾਂ ਦੇ ਆਪਣੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਮੈਂ ਇੰਨਾਂ ਕਾਤਲ ਕਾਂਗਰਸੀ ਹੁਕਮਰਾਨਾਂ ਅੱਗੇ ਨਾ ਕਦੇ ਸਿਰ ਝੁਕਾਇਆ ਹੈ ਅਤੇ ਨਾ ਹੀ ਝੂਕਾਂਵਾਗਾ, ਨਾ ਕਦੇ ਕੋਈ ਬੇਨਤੀ ਕੀਤੀ ਹੈ ਅਤੇ ਨਾ ਹੀ ਕਦੇ ਕਰਾਂਗਾ, ਨਾ ਕਦੇ ਕੋਈ ਰਹਿਮ ਮੰਗਿਆ ਹੈ ਨਾ ਹੀ ਕਦੇ ਮੰਗਾਂਗਾ । ਖਾਲਸਾ ਜੀ , ਜੇਕਰ ਮੈਂ ਉਨਾਂ ਲੋਕਾਂ ਵਿੱਚ ਸਾਮਿਲ ਹੋ ਸਕਿਆ ਜਿੰਨਾਂ ਨੇ ਇਨਾਂ ਕਾਤਲ ਅਤੇ ਬਲਾਤਕਾਰੀ ਕਾਂਗਰਸੀ ਹੁਕਮਰਾਨਾਂ ਦੀ ਈਨ ਮੰਨਣ ਨਾਲੋਂ ਸ਼ਹਾਦਤਾਂ ਦੇਣੀਆ ਬਿਹਤਰ ਸਮਝੀਆਂ ਤਾਂ ਮੈਂ ਸਮਝਾਂਗਾ ਕਿ ਮੇਰਾ ਇਹ ਜੀਵਨ ਸਫਲ ਰਿਹਾ, ਮੇਰਾ ਇਸ ਧਰਤੀ ਤੇ ਆਉਣਾ ਸਫ਼ਲ ਰਿਹਾ । ਖਾਲਸਾ ਜੀ ਮੇਰੀ ਪਹਿਲੀ ਅਤੇ ਆਖ਼ਰੀ ਇੱਛਾ ਇਹੀ ਹੈ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦਾ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਾਮੋ ਨਿਸ਼ਾਨ ਹੀ ਮਿਟ ਜਾਵੇ ਇਹ ਕੰਮ ਚਾਹੇ ਮੇਰਾ ਜੀਵਨ ਕਰੇ ਜਾਂ ਮੇਰੀ ਮੌਤ । ਇਨਾਂ ਕਾਤਲ ਕਾਂਗਰਸੀਆਂ ਦਾ ਪੰਜਾਬ ਦੀ ਧਰਤੀ ਤੇ ਜਿੱਤਣਾ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਮਾਂ ਦਾ ਅਪਮਾਨ ਹੈ , ਕੌਮ ਦੀ ਅਣਖ਼ ਅਤੇ ਗੈਰਤ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀਆਂ ਸ਼ਹਾਦਤਾਂ ਦਾ ਅਪਮਾਨ ਹੈ । ਪੰਜਾਬ ਦੀ ਧਰਤੀ ਤੇ ਇਨਾਂ ਕਾਂਗਰਸੀਆਂ ਦੀ ਜਿੱਤ ਸਾਡੀ ਨੈਤਿਕ ਹਾਰ ਹੈ ।

ਖਾਲਸਾ ਜੀ , ਅਫ਼ਜਲ ਗੁਰੂ ਨੂੰ ਫਾਂਸੀ ਲਾਉਣ ਤੋਂ ਬਾਅਦ ਇਸ ਦੇਸ਼ ਦੇ ਹੁਕਮਰਾਨ ਇਹ ਵੱਡੇ-ਵੱਡੇ ਬਿਆਨ ਦੇ ਰਹੇ ਹਨ ਕਿ ਇਸ ਦੇਸ ਦਾ ਕਾਨੂੰਨ ਸੱਭ ਲਈ ਇੱਕ ਹੈ । ਮੈਂ ਇਨਾਂ ਹੁਕਮਰਾਨਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਇਸ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੈ ਤਾਂ ਫਿਰ ਨਵੰਬਰ 1984 ਨੂੰ  ਇਸੇ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਬਲਾਤਕਾਰੀਆਂ ਨੂੰ ਇਹ ਕਾਨੂੰਨ ਕਦੋਂ ਫਾਂਸੀ ਦੇ ਤਖ਼ਤੇ ਤੇ ਚੜਾਵੇਗਾ । ਇਹ ਕਾਨੂੰਨ ਉਨਾਂ ਕਾਤਲਾਂ ਤੇ , ਬਲਾਤਕਾਰੀਆਂ ਤੇ ਅਜੇ ਤੱਕ ਲਾਗੂ ਕਿਉਂ ਨਹੀਂ ਹੋਇਆ? ਇਹ ਗੱਲ ਅੱਜ ਪੂਰੀ ਦੁਨੀਆਂ ਜਾਣ ਚੁੱਕੀ ਹੈ ਕਿ ਇਸ ਦੇਸ਼ ਦਾ ਕਾਨੂੰਨ  ਸਭ ਲਈ ਬਰਾਬਰ ਨਹੀਂ ਹੈ ਇਹ ਇਨਸਾਨ ਦਾ ਧਰਮ, ਜਾਤ ਅਤੇ ਪਾਰਟੀ ਦੇਖ ਕੇ ਫੈਸਲਾਂ ਕਰਦਾ ਹੈ  ਇਸੇ ਲਈ ਮੇਰਾ ਇਸ ਦੇਸ਼ ਦੇ ਕਾਨੂੰਨੀ ਪ੍ਰਬੰਧ ਵਿੱਚ ਕੋਈ ਭਰੋਸਾ ਨਹੀਂ ਹੈ ।

ਖਾਲਸਾ ਜੀ , ਮੈਂ ਪਹਿਲਾਂ ਵੀ ਨਾ ਕਿਸੇ ਸੁਪਰੀਮ ਕੋਰਟ ਨੂੰ , ਨਾ ਕਿਸੇ ਰਾਸਟਰਪਤੀ ਨੂੰ ਆਪਣੀ ਮੌਤ ਦੀ ਸਜ਼ਾ ਤੇ ਰੋਕ ਲਾਉਣ ਲਈ ਕਿਹਾ ਸੀ , ਨਾ ਹੀ ਕਦੇ ਕਹਾਂਗਾ । ਜਦੋਂ ਵੀ ਇੰਨਾਂ ਦੀ ਮਰਜੀ ਹੋਈ ਮੇਰਾ ਸਿਦਕ ਪਰਖ ਸਕਦੇ ਹਨ । ਇਹ ਸਿਰ ਇੰਨਾਂ ਕਾਤਲਾਂ ਅੱਗੇ ਕਦੇ ਨਹੀਂ ਝੁਕੇਗਾ। ਮੇਰੀ ਮੌਤ ਇਨਾਂ ਕਾਤਲਾਂ ਦੀ ਹਿੱਕ ਤੇ ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ , ਕੌਮ ਦੀ ਆਜ਼ਾਦੀ ਦਾ ਝੰਡਾ ਲਹਿਰਾਵੇਗੀ । ਖਾਲਸਾ ਜੀ , ਮੈਂ ਇਥੇ ਇੱਕ ਗੱਲ ਹੋਰ ਸਪੱਸਟ ਕਰ ਦੇਣੀ ਚਾਹੁੰਦਾ ਹਾਂ ਕਿ ਮੇਰਾ ਸ਼ੰਘਰਸ ਕਿਸੇ ਹਿੰਦੂ, ਮੁਸਲਿਮ ਜਾਂ ਇਸਾਈ ਦੇ ਖਿਲਾਫ਼ ਨਹੀਂ ਹੈ ਇਹ ਕੌਮੀ ਸਵੈਮਾਨ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀ ਉਸ ਖਾਲਸਾਈ ਸੋਚ ਨੂੰ ਸਮਰਪਿਤ ਹੈ ਜਿਹੜੀ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਬਿਨਾਂ ਕਿਸੇ ਭੇਦ ਭਾਵ ਦੇ ਉਸ ਦੀ ਰਾਖੀ ਲਈ ਵਚਨਬੱਧ ਹੈ ।

ਖਾਲਸਾ ਜੀ , ਸਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਕੇ ਉੱਨਾਂ ਨੂੰ ਮੰਝਧਾਰ ਵਿੱਚ ਛੱਡ ਕੇ ਭੱਜ ਜਾਣ ਵਾਲੇ ਅਤੇ ਖੁਦ ਹੀ ਆਪਣੇ ਸਾਥੀਆਂ ਨੂੰ ਗੋਲੀਆਂ ਮਾਰਨ ਵਾਲੇ ਜਾਂ ਮਰਵਾਉਣ ਵਾਲੇ, ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਵਾਲੇ , ਸਿੱਖੀ ਭੇਸ ਵਿਚ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਥਕ ਅਤੇ ਸ਼ੰਘਰਸੀ ਮਾਖੌਟਾਂ ਪਾਈ ਫਿਰਦੇ ਦਿੱਲੀ ਦਰਬਾਰੀ ਏਜੰਟਾਂ ਤੋਂ ਸੁਚੇਤ ਰਿਹਾ ਜਾਵੇ । ਪੰਜਾਬ ਦੀ ਧਰਤੀ ਤੇ ਇਹ ਲੋਕ ਬਿਨਾਂ ਕੋਈ ਜ਼ਮੀਨੀ ਪੱਧਰ ਤੇ ਕੰਮ ਕੀਤੇ ਸਿਰਫ ਖ਼ਾਲਸਿਤਾਨ ਦੇ ਨਾਮ ਤੇ ਚੋਣਾਂ ਖੁਦ ਹਾਰ ਜਾਣ ਲਈ ਅਤੇ ਧਰਮ ਤੇ ਹਮਲਾ ਕਰਨ ਵਾਲੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਨੂੰ ਜਿਤਾਉਣ ਲਈ ਹੀ ਚੋਣਾਂ ਲੜ੍ਹਦੇ ਹਨ । ਇਹ ਇੱਕ ਸਾਜ਼ਿਸ ਤਹਿਤ ਜਾਣਬੁੱਝ ਕੇ ਖ਼ਾਲਿਸਤਾਨ ਦੇ ਨਾਮ ਤੇ ਚੋਣਾਂ ਹਾਰ ਕੇ ਕੌਮ ਦੀ ਆਜ਼ਾਦੀ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀ ਸੋਚ ਨੂੰ ਗਲਤ ਸਾਬਿਤ ਕਰਕੇ ਆਮ ਲੋਕਾਂ ਵਿਚ ਕੌਮੀ ਆਜ਼ਾਦੀ ਪ੍ਰਤੀ ਨਿਰਾਸ਼ਾ ਫੈਲਾਉਂਦੇ ਹਨ ਇਹੀ ਇਹਨਾਂ ਦਿੱਲੀ ਦਰਬਾਰੀਆਂ ਦੀ ਡਿਊਟੀ ਹੈ ।ਪੰਜਾਬ ਦੀ ਧਰਤੀ ਤੇ ਕਾਂਗਰਸ ਦੀ ਸਰਕਾਰ ਬਣਨ ਨਾਲ ਇਹਨਾਂ ਲੋਕਾਂ ਦਾ ਖ਼ਾਲਿਸਤਾਨ ਬਣ ਜਾਂਦਾ ਹੈ ਅਤੇ ਕਾਂਗਰਸ ਤੋਂ ਸੱਤਾ ਖੁਸ ਜਾਣ ਤੋਂ ਬਾਅਦ ਇਹਨਾਂ ਦਾ ਖ਼ਾਲਿਸਤਾਨ ਲਈ ਸ਼ੰਘਰਸ ਸ਼ੁਰੂ ਹੋ ਜਾਂਦਾ ਹੈ ।ਮੇਰਾ ਇਹਨਾਂ ਦਿੱਲੀ ਦਰਬਾਰੀ ਫੌਜਾਂ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ ।

ਖਾਲਸਾ ਜੀ , ਮੇਰੀ ਮੌਤ ਤੋਂ ਬਾਅਦ ਪੰਥਕ ਮਾਖੌਟੇ ਵਿੱਚ ਵਿਚਰਦੇ ਇਹਨਾਂ ਦਿੱਲੀ ਦਰਬਾਰੀਆਂ ਨੂੰ ਕਿਤੇ ਮੇਰੇ ਵਾਰਿਸ ਨਾ ਸਮਝ ਲੈਣਾ । ਤੁਸੀਂ ਦੀਵਾਰ ਤੇ ਲਿਖੇ ਇਸ ਸੱਚ ਨੂੰ ਪੜ੍ਹ ਲੈਣਾ ਕਿ ਜਦੋਂ ਤੱਕ ਤੁਸੀਂ ਇਹਨਾਂ ਲੋਕਾਂ ਨੂੰ ਖ਼ਾਲਿਸਤਾਨੀ ਸਮਝਦੇ ਰਹੋਗੇ ਉਦੋਂ ਤੱਕ ਇਹ ਲੋਕ ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿੱਚ ਰੋਲਦੇ ਰਹਿਣਗੇ ,ਪੰਜਾਬ ਦੀ ਧਰਤੀ ਤੇ ਕਾਤਲਾਂ ਦੇ ਰਾਜ ਭਾਗ ਦਾ ਨਰਕ ਭੋਗਣ ਤੋਂ ਇਲਾਵਾ ਕੌਮ ਕਿਸੇ ਮੰਜ਼ਿਲ ਨੂੰ ਸਰ ਨਹੀਂ ਕਰ ਸਕੇਗੀ ।

ਖਾਲਸਾ ਜੀ , ਮੇਰੀ ਸਮੁੱਚੇ ਖਾਲਸਾ ਪੰਥ ਅੱਗੇ ਇਹ ਬੇਨਤੀ ਹੈ ਕਿ ਮੇਰੀ ਮੌਤ ਤੋਂ ਬਾਅਦ ਵੀ ਆਪਣੇ ਘਰਾਂ ਉੱਪਰ ਅਤੇ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਕੇਸਰੀ ਨਿਸ਼ਾਨ ਫੜ੍ਹਾਈ ਰੱਖਣਾ ਤਾਂ ਕਿ ਦੁਸ਼ਮਣ ਸਿੱਖੀ ਦੇ ਬੂਟੇ ਨੂੰ ਖ਼ਤਮ ਕਰਨ ਦੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕੇ। ਇਹ ਕੇਸਰੀ ਨਿਸ਼ਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਧਰਮ ਪ੍ਰਤੀ ਅਤੇ ਆਪਣੇ ਕੌਮੀ ਫ਼ਰਜਾਂ ਪ੍ਰਤੀ ਸੁਚੇਤ ਕਰਦੇ ਰਹਿਣਗੇ ।ਤੁਸੀਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸਣਾ ਕਿ ਇਹ ਕੇਸਰੀ ਨਿਸ਼ਾਨ ਸਾਡੇ ਕੌਮੀ ਸਵੈਮਾਨ ਦਾ ਪ੍ਰਤੀਕ ਹਨ ।ਇਸ ਦੀ ਸ਼ਾਨ ਨੂੰ ਉੱਚਾ ਚੁੱਕਣ ਲਈ ਖਾਲਸਾ ਹੱਸ-ਹੱਸ ਕੇ ਆਪਣੇ ਧਰਮ ਤੋਂ ਕੁਰਬਾਨ ਹੁੰਦਾ ਰਿਹਾ ਹੈ ।ਤੁਸੀਂ ਇਸਨੂੰ ਸਦਾ ਉੱਚਾ ਰੱਖਣਾ , ਆਪਣਾ ਜੀਵਨ ਸੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਨਾਲ ਜੀਣਾ ਅਤੇ ਤੁਸੀਂ ਦੁਨੀਆਂ ਨੂੰ ਸਿਰਫ ਗੱਲਾਂ ਨਾਲ ਨਹੀਂ , ਸਗੋਂ ਆਪਣੇ ਅਦਭੁੱਤ ਕਰਮਾਂ ਨਾਲ ਖਾਲਸੇ ਦੀ ਵੱਖਰੀ ਪਹਿਚਾਣ ਦਾ ਅਹਿਸਾਸ ਕਰਵਾਉਣਾ ।ਕੌਮ ਦੀ ਅਣਖ ਅਤੇ ਗੈਰਤ ਲਈ ,ਕੌਮੀ ਸਵੈਮਾਨ ਲਈ ਸ਼ਹੀਦ ਹੋਏ ਮੇਰੇ ਵੀਰਾਂ ਨੂੰ ਇਹੀ ਸੱਚੀ ਸਰਧਾਂਜਲੀ ਹੋਵੇਗੀ ।ਤੁਸੀਂ ਥੱਕ ਕੇ ,ਨਿਰਾਸ਼ ਹੋ ਕੇ ਬੈਠ ਨਾ ਜਾਣਾ ਸਗੋਂ ਦੁਸ਼ਮਣੀ ਚਾਲਾਂ ਤੋਂ ,ਦੁਸ਼ਮਣੀ ਫੌਜਾਂ ਤੋਂ ਸੁਚੇਤ ਹੋ ਕੇ ਕਦਮ ਦਰ ਕਦਮ ਅੱਗੇ ਵੱਧਦੇ ਜਾਣਾ ।ਸੱਚ ਲਈ ਲੜ੍ਹਣਾ ,ਸੱਚ ਤੋਂ ਕੁਰਬਾਨ ਹੋ ਜਾਣਾ ਇਹੀ ਅਸਲ ਖਾਲਸੇ ਦਾ ਧਰਮ ਹੈ । ਤੁਸੀਂ ਹਮੇਸ਼ਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹਿਣਾ ।

ਖਾਲਸਾ ਜੀ , ਦੁਸ਼ਮਣ ਬਹੁਤ ਕਮੀਨਾ ਅਤੇ ਚਾਲਬਾਜ਼ ਹੈ ਹੋ ਸਕਦਾ ਉਸ ਸਮੇਂ ਮੇਰੇ ਕੋਲ ਤੁਹਾਨੂੰ ਕੁਝ ਕਹਿਣ ਲਈ ਕੋਈ ਵੀ ਸਾਧਨ ਨਾ ਹੋਵੇ ।ਤੁਸੀਂ ਮੇਰੇ ਵੱਲੋਂ ਕੀਤੇ ਤਿਲ ਫੁੱਲ ਸ਼ੰਘਰਸ ਨੂੰ ਆਪਣੇ ਦਿਲਾਂ ਵਿੱਚ ਕਬੂਲ ਕਰ ਲੈਣਾ।ਜਦੋਂ ਵੀ ਪ੍ਰੀਤਮ ਨੂੰ ਮਿਲਣ ਦਾ ਵਕਤ ਆਵੇਗਾ ਤੁਸੀਂ ਯਕੀਨ ਕਰਨਾ ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਆਖ਼ਰੀ ਸਾਹ ਤੱਕ ਫਿਜ਼ਾ ਵਿੱਚ ਗੂੰਜ਼ਦੀ ਰਹੇਗੀ ।ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ ।
ਤੁਹਾਡਾ ਆਪਣਾ
ਮਿਤੀ                                                 ਬਲਵੰਤ ਸਿੰਘ ਰਾਜੋਆਣਾ
16-2-2013                                                     ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>