-ਤੀਹ ਸਾਲ ਤੋਂ ਮੋਗਾ ’ਚ ਰਹਿ ਰਹੇ ਇੱਕ ਵਰਗ ਨੂੰ ਹਾਲੇ ਤੱਕ ਨਹੀਂ ਮਿਲਿਆ ਵੋਟ ਦਾ ਹੱਕ

ਮੋਗਾ, (ਜੀਵਨ ਰਾਮਗੜ੍ਹ)-ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਮੋਗਾ ਦੀ ਧਰਤੀ ’ਤੇ ਰਹਿੰਦੇ ਹੋਏ ਵੀ ਉਹ ‘ਓਪਰੇ’ ਨੇ। ਰਹਿਣ ਜੋਗਾ ਘਰ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਤਾਂ ਅਜੇ ਸਥਾਈ ਜਗ੍ਹਾ ਵੀ ਨਸੀਬ ਨਹੀਂ ਹੋਈ। ਵੋਟ ਤਾਂ ਦੂਰ ਅਜੇ ਤੱਕ ਨਾ ਰਾਸ਼ਨ ਕਾਰਡ, ਨਾ ਅਧਾਰ ਕਾਰਡ, ਨਾ ਨੀਲਾ-ਪੀਲਾ ਕਾਰਡ ਕੁਝ ਵੀ ਨਸੀਬ ਨਹੀਂ ਹੋਇਆ। ਜੇ ਪੈਸੇ ਹੋਣਗੇ ਤਾਂ ‘ਸਨਾਖ਼ਤ’ ਹੋਵੇਗੀ, ਫਿਰ ਰਾਸ਼ਨ ਕਾਰਡ ਬਣੇਗਾ। ਰਾਸਨ ਕਾਰਡ ਦੀ ਸਨਾਖਤ ’ਤੇ ਹੀ ਵੋਟ ਬਣੇਗੀ। ਵੋਟ ਬਣਨ ਦੇ ਨਾਲ ਹੀ ਉਨ੍ਹਾਂ ਦਾ ‘ਆਧਾਰ’ ਬਣੇਗਾ। ਫਿਰ ਹੀ ਕੋਈ ਸਿਆਸੀ ਜਾਂ ਸੱਤਾਧਾਰੀ ਉਨ੍ਹਾਂ ਦੀਆਂ ਕੁੱਲੀਆਂ ਵੱਲ ਪੈਰ ਪੁੱਟੇਗਾ। ਇਹੀ ਕਾਰਨ ਹੈ ਮੋਗਾ ਦੀ ਜਿਮਨੀ ਚੋਣ ਦੌਰਾਨ ਭਾਵੇਂ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਪੰ੍ਰਤੂ ਕੋਈ ਵੀ ਹਾਕਮ ਜਾਂ ਵਿਰੋਧੀ ਧਿਰ ਦਾ ਉਮੀਦਵਾਰ ਜਾਂ ਪ੍ਰਚਾਰਕ ਇੰਨ੍ਹਾਂ ਦੇ ਵੇਹੜੇ ਨਹੀਂ ਢੁੱਕਾ। ਇਹ ਦਾਸਤਾਨ ਮੋਗਾ ਵਿਖੇ ਵਾਰਡ ਨੰਬਰ ਇੱਕ ਦੇ ਖੇਤਰ ’ਚ ਰਹਿ ਰਹੇ ਉਨ੍ਹਾਂ ਕੁਲੀਆਂ ਵਾਲਿਆਂ ਦੀ ਹੈ ਜਿੰਨ੍ਹਾਂ ਨੂੰ ਮੋਗਾ ਦੀ ਧਰਤੀ ’ਤੇ ਰਹਿੰਦਿਆਂ ਤਾਂ ਤੀਹ ਵਰ੍ਹਿਆਂ ਤੋਂ ਉਪਰ ਹੋ ਗਏ ਪ੍ਰੰਤੂ ਵੋਟ ਦਾ ਹੱਕ ਹਾਲੇ ਤੱਕ ਨਹੀਂ ਮਿਲਿਆ।

ਮੋਗਾ ਦੇ ਜੀਰਾ ਰੋਡ ’ਤੇ ਕੁੱਲੀਆਂ ’ਚ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ 700 ਦੇ ਕਰੀਬ ਇੰਨ੍ਹਾਂ ਲੋਕਾਂ ’ਚੋਂ ਰਾਜੂ, ਪ੍ਰਤੀਕ, ਦੇਵਾ ਨੰਦ, ਚੀਕੂ, ਦਲੀਪ, ਸੰਤੂ ਨਾਥ, ਰੇਖਾ, ਸੁਨੀਤਾ, ਸੁਨੈਣਾਂ, ਨੌਲਦਾਸ ਆਦਿ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਹ ਮਹਾਂਰਾਸਟਰ ਤੋਂ 32-33 ਸਾਲ ਪਹਿਲਾਂ ਮੋਗਾ ਵਿਖੇ ਆ ਕੇ ਇਥੋਂ ਦੀ ਧੱਕਾ ਬਸਤੀ ਵਿਖੇ ਰਹਿਣ ਲੱਗੇ। ਰਿਕਸ਼ਾ ਚਲਾ ਕੇ ਅਤੇ ਕੰਨਾਂ ’ਚੋਂ ਮੈਲ ਕੱਢਣਾਂ ਉਨ੍ਹਾਂ ਦਾ ਪਿਤਾ ਪੁਰਖੀ ਧੰਦਾ ਹੈ। ਪ੍ਰੰਤੂ ਮਹਿੰਗਾਈ ਕਾਰਨ ਹੁਣ ਇਸ ਤੋਂ ਸਿਵਾਏ ਉਨ੍ਹਾਂ ਦੀਆਂ ਔਰਤਾਂ/ਬੱਚੇ ਕਬਾੜ ਚੁਗ ਕੇ, ਕੂੜੇ ਕਰਕਟ ’ਚੋਂ ਗੱਤਾ, ਲਿਫਾਫੇ ਆਦਿ ’ਕੱਠੇ ਕਰਕੇ ਵੇਚ ਕੇ ਆਪਣਾ ਪੇਟ ਭਰਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਕੁ ਸਾਲ ਪਹਿਲਾਂ ਉਨ੍ਹਾਂ ਨੂੰ ਧੱਕਾ ਬਸਤੀ ’ਚੋਂ ਸਥਾਨਕ ਪ੍ਰਸਾਸ਼ਨ ਨੇ ਧੱਕੇ ਮਾਰ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਕੁੱਲੀਆਂ ’ਤੇ ਬੁਲਡੋਜ਼ਰ ਫੇਰ ਦਿੱਤਾ ਗਿਆ। ਇਸ ਉਪਰੰਤ ਉਹ ਵਾਰਡ ਨੰਬਰ ਇੱਕ ਦੇ ਖੇਤਰ ’ਚ ਰਹਿਣ ਲੱਗ ਪਏ। ਕੁੱਲੀ ਵਾਸੀ ਰਾਜੂ ਨੇ ਦੱਸਿਆ ਕਿ 20 ਕੁ ਸਾਲ ਪਹਿਲਾਂ ਉਨ੍ਹਾਂ ਦੇ ਕੁਝ ਕੁ ਪਰਿਵਾਰਾਂ ਦਾ ਰਾਸ਼ਨ ਕਾਰਡ ਤਾਂ ਬਣਿਆ ਸੀ ਪੰ੍ਰਤੂ ਰਾਸ਼ਨ ਕਦੇ ਨਹੀਂ ਦਿੱਤਾ ਗਿਆ ਅਤੇ ਇਹ ਕਹਿ ਦਿੱਤਾ ਜਾਂਦਾ ਸੀ ਕਿ ਇਹ ਤਾਂ ਰਾਸ਼ਨ ਕਾਰਡ ਉਪਰੋਂ ਬੰਦ ਹੋ ਗਿਆ ਹੈ। ਇਸੇ ਸਮੇਂ ਦੌਰਾਨ ਹੀ ਕੁਝ ਕੁ ਪਰਿਵਾਰਾਂ ਦੀਆਂ ਵੋਟਾਂ ਵੀ ਬਣਾਈਆਂ ਗਈਆਂ ਸਨ ਜਿਸ ਤਹਿਤ ਉਨ੍ਹਾਂ ਵਾਰਡ ਨੰਬਰ ਇੱਕ ਦੇ ਵਸਨੀਕ ਵਜੋਂ ਇੱਕ ਅੱਧ ਕੁ ਵਾਰ ਵੋਟਾਂ ਵੀ ਪੋਲ ਕੀਤੀਆਂ ਸਨ ਪੰ੍ਰਤੂ ਬਾਅਦ ’ਚ ਉਹ ਵੀ ਕੱਟ ਦਿੱਤੀਆਂ ਗਈਆਂ। ਬਜੁਰਗ ਦੇਵਾ ਨੰਦ ਨੇ ਦੱਸਿਆ ਕਿ ਨਾਬਾਲਗਾਂ ਤੋਂ ਸਿਵਾਏ ਉਨ੍ਹਾਂ ਦੀ 500 ਦੇ ਕਰੀਬ ਗਿਣਤੀ ਹੈ ਜਿਸ ਦੀਆਂ ਵੋਟਾਂ ਹਾਲੇ ਤੱਕ ਬਣੀਆਂ ਨਹੀਂ। ਕੁੱਲੀਆਂ ’ਚ ਵੋਟਾ ਵੇਲੇ ਹੀ ਇਥੋਂ ਦੇ ਕੁਝ ਸਿਆਸੀ ਵਿਅਕਤੀ ਗੇੜਾ ਮਾਰਦੇ ਹੁੰਦੇ ਹਨ ਜਿਹੜੇ ਕਿ ਰਾਸ਼ਨ ਕਾਰਡ, ਵੋਟਾਂ, ਆਧਾਰ ਕਾਰਡ ਤੇ ਨੀਲੇ ਪੀਲੇ ਕਾਰਡ ਬਣਾਵਾਉਣ ਦੇ ਵਾਅਦੇ ਵੀ ਕਰਦੇ ਹਨ ਪ੍ਰੰਤੂ ਅਜੇ ਤੱਕ ਕਿਸੇ ਨੇ ਕੀਤਾ ਕਰਾਇਆ ਕੁਝ ਵੀ ਨਹੀਂ। ਜਦੋਂ ਉਹ ਵੋਟ ਬਣਾਉਣ ਲਈ ਜਾਂਦੇ ਹਨ ਤਾਂ ਅੱਗਿਓਂ ਅਫ਼ਸਰ ਰਾਸ਼ਨ ਕਾਰਡ ਮੰਗਦੇ ਹਨ ਅਤੇ ਜਦੋਂ ਉਹ ਰਾਸ਼ਨ ਕਾਰਡ ਬਣਾਉਣ ਲਈ ਸਰਕਾਰੀ ਦਫ਼ਤਰਾਂ ’ਚ ਜਾਂਦੇ ਹਨ ਤਾਂ ਅੱਗਿਓਂ ਅਫ਼ਸਰ/ਅਧਿਕਾਰੀ ‘ਥੋਡੇ ਨਹੀਂ ਬਣਦੇ’ ਕਹਿ ਕੇ ਹੀ ਮੋੜ ਦਿੰਦੇ ਹਨ। ਸਿਤਮ ਦੀ ਗੱਲ ਇਹ ਹੈ ਕਿ ਕਿਸੇ ਵੀ ਅਫ਼ਸਰ ਨੇ ਉਨ੍ਹਾਂ ਨੂੰ ਹਾਲੇ ਤੱਕ ‘ਕਾਰਨ’ ਨਹੀਂ ਦੱਸਿਆ। ਉਨ੍ਹਾਂ ਦੱਸਿਆ ਕਿ ਧੀਆਂ ਦੇ ਵਿਆਹ ਤਾਂ ਉਹ ਵੀ ਕਰਦੇ ਹਨ ਪ੍ਰੰਤੂ ਸਰਕਾਰੀ ਸਕੀਮ ਵਾਲਾ ਸ਼ਗਨ ਕਦੇ ਉਨ੍ਹਾਂ ਦੀ ਕਿਸੇ ਧੀ ਦੀ ਝੋਲੀ ਨਹੀਂ ਪਿਆ। ਸਿਆਸੀ ਧਿਰਾਂ ਦੇ ਸਥਾਨਕ ਆਗੂ ਉਨ੍ਹਾਂ ਨੂੰ ਆਟਾ ਦਾਲ ਦਿਵਾਉਣ ਦੇ ਵਾਅਦੇ ਵੀ ਕਰਦੇ ਹਨ ਪ੍ਰੰਤੂ ਕਿਸੇ ਨੇ ਕਦੇ ਮੁੱਠੀ ਆਟੇ ਦੀ ਨਹੀਂ ਦਿਵਾਈ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਜੈਨ ਨੇ ਵੀ ਕੇਰਾਂ ਉਨ੍ਹਾਂ ਦੀਆਂ ਵੋਟਾਂ ਬਣਾਉਣ ਅਤੇ ਉਨ੍ਹਾਂ ਦੇ ਪੀਣ ਲਈ ਮੱਛੀ ਮੋਟਰ ਲਗਾਉਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਮਗਰੋਂ ਕਦੇ ਨਹੀਂ ਬਹੁੜਿਆ। ਦਲੀਪ, ਸੰਤੂ ਨਾਥ, ਨੌਲਦਾਸ ਨੇ ਕਿਹਾ ਕਿ ਕਈਆਂ ਨੇ ਉਨ੍ਹਾਂ ਨੂੰ ਰਾਸ਼ਨ ਕਾਰਡਾਂ ਅਤੇ ਵੋਟਾਂ ਲਈ ਫੋਟੋਆਂ ਬਣਾਉਣ ਨੂੰ ਕਿਹਾ। ਫੋਟੋਆਂ ’ਤੇ ਸਾਰੇ ਪਰਿਵਾਰਾਂ ਨੇ 50-50 ਰੁਪਏ ਵੀ ਲਗਾ ਲਏ। ਬਾਅਦ ’ਚ ਨਾ ਵੋਟਾ ਬਣਵਾਉਣ ਵਾਲਾ ਦੇਖਿਆ ਅਤੇ ਨਾ ਹੀ ਫੋਟੋਆਂ ਲਿਜਾਣ ਵਾਲਾ ਬਹੁੜਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਹਿਣ ਲਈ ਪਲਾਟ ਤਾਂ ਕੀ ਦੇਣੇ ਸਨ ਉਨ੍ਹਾਂ ਨੂੰ ਤਾਂ ਅਸਥਾਈ ਤਰੀਕੇ ਨਾਲ ਵੀ ਇਥੋਂ ਦਾ ਪ੍ਰਸ਼ਾਸਨ ਰਹਿਣ ਨਹੀਂ ਦੇ ਰਿਹਾ। ਵੋਟ ਤਾਂ ਕੀ ਬਣਾਉਣੀ ਹੈ ਇਥੋਂ ਦੀਆਂ ਸਰਕਾਰਾਂ ਅਤੇ ਪ੍ਰਸਾਸ਼ਨ ਤਾਂ ਉਨ੍ਹਾਂ ਨੂੰ ਇਸ ਦੇਸ਼ ਦੇ ਵਸਨੀਕ ਵੀ ਮੰਨਣ ਤੋਂ ਇਨਕਾਰੀ ਹੈ। ਮਜ਼ਦੂਰ ਮੁਕਤੀ ਮੋਰਚਾ ਆਗੂ ਮੱਖਣ ਸਿੰਘ ਨੇ ਕਿਹਾ ਕਿ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ‘ਬੰਦੇ’ ਨਹੀਂ ‘ਵੋਟ’ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਕਰੱਪਟ ਸਿਸਟਮ ਨੇ ਆਦਮੀ ਦੀ ਹੋਂਦ ਵੋਟ ਨਾਲ ਹੀ ਬਣਾ ਰੱਖੀ ਹੈ। ਉਨ੍ਹਾਂ ਹਾਕਮ ਧਿਰ ਅਤੇ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਨੇ ਜਿੰਨ੍ਹਾਂ ਜੋਰ ਮੋਗਾ ਦੀ ਜਿਮਨੀ ਚੋਣ ’ਚ ਲਗਾ ਰੱਖਿਆ ਹੈ ਉਨ੍ਹਾਂ ਕਿਤੇ ਮਜ਼ਦੂਰ ਭਲਾਈ ਲਈ ਮੁੜਕਾ ਵਹਾਇਆ ਹੁੰਦਾ ਤਾਂ ਸ਼ਾਇਦ ਇਥੋਂ ਦੀ ਕਾਇਆ ਕਲਪ ਹੋ ਜਾਵੇ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ (ਜੋਗਿੰਦਰਪਾਲ ਜੈਨ) ਦੀ ਗਲਤੀ ਨੇ ਖਜਾਨੇ ’ਤੇ ਡੇਢ ਕਰੋੜ ਦੇ ਲੱਗਭੱਗ ਦਾ ਬੋਝ ਪਾ ਦਿੱਤਾ। ਉਹੀ ਪੈਸਾ ਕੁੱਲੀਆਂ ‘ਚ ਰਹਿ ਰਹੇ ਮਜ਼ਦੂਰਾਂ ਦੀ ਭਲਾਈ ਹਿੱਤ ਵਰਤਿਆ ਜਾਣਾ ਚਾਹੀਦਾ ਸੀ। ਉਨ੍ਹਾਂ ਮੰਗ ਕੀਤੀ ਕਿ ਕੁਲੀਆਂ ’ਚ ਰਹਿੰਦੇ ਲੋਕਾਂ ਨੂੰ ਸਥਾਈ ਜਗ੍ਹਾ ਮੁਕਰਰ ਕਰ ਕੇ ਰਹਿਣ ਲਈ ਛੱਤ ਅਤੇ ਉਨ੍ਹਾਂ ਦੀ ਵੋਟ/ਰਾਸ਼ਨ ਕਾਰਡ ਆਦਿ ਬਣਾਏ ਜਾਣ ਤਾਂ ਜੋ ਉਹ ਵੀ ਜਿੰਨੀਆਂ ਕੁ ਸਰਕਾਰ ਸਕੀਮਾਂ ਦਿੰਦੀ ਹੈ ਲਾਭ ਲੈ ਸਕਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>