ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਨੂੰ ਸਨਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਕਈ ਅਹਿਮ ਉਪਲੱਬਧੀਆਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਦੂਰ-ਦੁਰਾਡੇ ਬੈਠੀ ਨਾਨਕ ਨਾਮ ਲੇਵਾ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਕੀਰਤਨ ਅਤੇ ਸ਼੍ਰੋਮਣੀ ਕਮੇਟੀ ਦੀਆਂ ਹੋਰਨਾਂ ਸੁਵਿਧਾਵਾਂ ਦਾ ਅਨੰਦ ਆਸਾਨੀ ਨਾਲ ਮਾਣ ਸਕਣ। ਇਸੇ ਤਰ੍ਹਾ ਇਕ ਹੋਰ ਕਾਰਜ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੰਗਤਾਂ ਦੀ ਸਹੂਲਤ ਲਈ ਨਵੀਂ ਇੰਟਰਨੈੱਟ ਐਪਲੀਕੇਸ਼ਨ (ਲਾਈਵ ਕੀਰਤਨ) ਬਣਾਈ ਗਈ ਹੈ, ਜਿਸ ਨਾਲ ਸੰਗਤਾਂ ਗੁਰੂ-ਘਰ ਨਾਲ ਹੋਰ ਵੀ ਪਕੇਰੀ ਸਾਂਝ ਪਾ ਸਕਣ।
ਆਈ ਫੋਨ ਅਤੇ ਆਈ ਪੈਡ ਪੁਰ ਚੱਲਣ ਵਾਲੀ ਇਸ ਐਪਲੀਕੇਸ਼ਨ ਦਾ ਸ਼ੁਭ-ਆਰੰਭ ਜਥੇਦਾਰ ਅਵਤਾਰ ਸਿੰਘ ਜੀ, ਮਾਣਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਰਦਿਆਂ ਹੋਇਆਂ ਦੱਸਿਆ ਕਿ ਇੰਟਰਨੈਟ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਮਨੋਰਥ ਨਾਲ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਇੰਟਰਨੈਟ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਇਕ ਬਹੁਤ ਹੀ ਨਿਵੇਕਲੇ ਅਤੇ ਆਪਣੇ ਆਪ ਵਿਚ ਸੱਭ ਸਹੂਲਤਾਂ ਨਾਲ ਲੈਸ ਇੰਟਰਨੈੱਟ ਐਪਲੀਕੇਸ਼ਨ ਦਾ ਨਿਰਮਾਣ ਕੀਤਾ ਗਿਆ ਹੈ, ਜਿਸਦਾ ਲਾਹਾ ਆਸਾਨੀ ਨਾਲ ਗੁਰੂ ਘਰ ਦੇ ਪ੍ਰੇਮੀ ਸਿੱਖ ਲੈ ਸਕਣਗੇ।
ਇਸ ਐਪਲੀਕੇਸ਼ਨ ਨੂੰ ਹੋਂਦ ਵਿਚ ਲਿਆਉਣ ਵਾਲੇ ਸ੍ਰ: ਜਸਪਾਲ ਸਿੰਘ ਇੰਚਾਰਜ, ਇੰਟਰਨੈਟ ਵਿਭਾਗ (ਸਿਸਟਮ ਐਡਮਿਨਸਟ੍ਰੇਟਰ) ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਦੱਸਿਆ ਕਿ ਇਹ ਐਪਲੀਕੇਸ਼ਨ ਆਪਣੇ ਆਪ ਵਿਚ ਉਨ੍ਹਾ ਸਭ ਸਹੂਲਤਾਂ ਨਾਲ ਲੈਸ ਹੈ, ਜਿਸਦੀ ਵਰਤੋਂ ਨਾਲ ਅਸੀਂ ਗੁਰਬਾਣੀ ਅਤੇ ਗੁਰ-ਉਪਦੇਸ਼ ਨਾਲ ਜੁੜ ਸਕੀਏ। ਇਹ ਐਪਲੀਕੇਸ਼ਨ ਅੰਗ੍ਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਹੀ ਉਪਲੱਬਧ ਹੈ। ਜਦੋਂ ਇਹ ਐਪਲੀਕੇਸ਼ਨ ਚਾਲੂ ਹੁੰਦੀ ਹੈ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਕੀਤਾ ਜਾਣ ਵਾਲਾ ਇਲਾਹੀ ਬਾਣੀ ਦਾ ਕੀਰਤਨ ਆਪਣੇ ਆਪ ਹੀ ਚੱਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਲਈ ਕਿ ਕਿਸੇ ਹੋਰ ਕਮਾਂਡ ਦੀ ਜਰੂਰਤ ਨਹੀਂ ਪੈਂਦੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਣ ਵਾਲਾ ਰੋਜ਼ਾਨਾ ਮੁੱਖਵਾਕ ਵੀ ਬਹੁਤ ਹੀ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ, ਜੋ ਕਿ ਅੰਗ੍ਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਸਦੇ ਨਾਲ ਹੀ ਸੰਗਤ ਹੁਕਮਨਾਮਾ ਸੁਣ ਵੀ ਸਕਦੀ ਹੈ ਅਤੇ ਇਸਦੇ ਲਈ ਕੋਈ ਵੱਖਰੀ ਫਾਈਲ ਡਾਊਨਲੋਡ ਕਰਨ ਜਾਂ ਕਿਸੇ ਦੂਸਰੇ ਪੇਜ ਤੇ ਜਾਣ ਦੀ ਜਰੂਰਤ ਨਹੀਂ ਸਗੋਂ ਹੁਕਮਨਾਮਾ ਪੜ੍ਹਦੇ ਪੜ੍ਹਦੇ ਨਾਲ ਹੀ ਆਡੀਓ ਫਾਈਲ ਆਪਣੇ ਆਪ ਹੀ ਚੱਲਣ ਲੱਗ ਜਾਂਦੀ ਹੈ ਜਿਸ ਨਾਲ ਕਿ ਹੁਕਮਨਾਮਾ ਸੁਣਿਆ ਵੀ ਜਾ ਸਕਦਾ ਹੈ। ਇਸ ਐਪਲੀਕੇਸ਼ਨ ਨਾਲ ਸੰਨ ਤੋਂ ਲੈ ਕੇ ਹੁਣ ਤੱਕ ਦੇ ਕਿਸੇ ਵੀ ਤਰੀਕ ਨੂੰ ਆਏ ਇਲਾਹੀ ਹੁਕਮਨਾਮੇ ਨੂੰ ਸੁਣਿਆ ਜਾ ਸਕਦਾ ਹੈ।
ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਣ ਵਾਲੇ ਮੁੱਖਵਾਕ ਦੀ ਕਥਾ ਜੋ ਕਿ ਗੁ: ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਕੀਤੀ ਜਾਂਦੀ ਹੈ, ਵੀ ਇਸ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਸੰਗਤ ਸੁਣ ਸਕਦੀ ਹੈ। ਸੰਗਰਾਂਦ ਮਹੀਨੇ ਦੀ ਕਥਾ ਵੀ ਇਸ ਪੁਰ ਆਸਾਨੀ ਨਾਲ ਪੜ੍ਹੀ ਅਤੇ ਸੁਣੀ ਵੀ ਜਾ ਸਕਦੀ ਹੈ। ਇਸ ਐਪਲੀਕੇਸ਼ਨ ਵਿਚ ਇਕ ਗੁਰਬਾਣੀ ਸੈਕਸ਼ਨ ਬਣਾਇਆ ਗਿਆ ਹੈ, ਜਿਸ ਵਿਚ ਨਿਤਨੇਮ ਅਤੇ ਹੋਰ ਬਾਣੀਆਂ ਆਡੀਓ ਅਤੇ ਆਸਾਨੀ ਨਾਲ ਪੜ੍ਹੇ ਜਾ ਸਕਣ ਵਾਲੇ ਰੂਪ ਵਿਚ ਉਪਲੱਬਧ ਕਰਵਾਈਆਂ ਗਈਆਂ ਹਨ, ਜਿਸਦੀ ਮਦਦ ਨਾਲ ਸੰਗਤ ਮਰਜ਼ੀ ਮੁਤਾਬਕ ਬਾਣੀਆਂ ਗੁਟਕਾ ਸਾਹਿਬ ਤੋਂ ਪੜ੍ਹ ਵੀ ਸਕਦੀਆਂ ਹਨ ਅਤੇ ਸੁਣ ਵੀ ਸਕਦੀਆਂ ਹਨ। ਇਸਦੇ ਨਾਲ ਹੀ ਇਕ ਹੋਰ ਵਿਸ਼ੇਸ਼ ਸੁਵਿਧਾ ਦਿੰਦੇ ਹੋਏ ਇਸ ਐਪਲੀਕੁਸ਼ਨ ਵਿਚ ਗੁਟਕਾ ਸਾਹਿਬ ਨੂੰ ਲੜੀਵਾਰ ਅਤੇ ਪਦ-ਛੇਦ ਦੋਨਾਂ ਰੂਪਾਂ ਵਿਚ ਬਦਲ-ਬਦਲ ਕੇ ਪੜ੍ਹਿਆ ਜਾ ਸਕਦਾ ਹੈ। ਜਿਹੜੀ ਸੰਗਤ ਗੁਰਮੁਖੀ ਪੜ੍ਹਨ ਵਿਚ ਮੁਹਾਰਤ ਨਹੀਂ ਰੱਖਦੀ ਹੈ, ਉਨ੍ਹਾ ਦੀ ਸਹੂਲਤ ਲਈ ਇਸ ਵਿਚ ਸਾਰੀਆਂ ਬਾਣੀਆਂ ਰੋਮਨਾਈਜ਼ਡ ਰੂਪ ਵਿਚ ਵੀ ਉਪਲੱਬਧ ਕਰਵਾਈਆਂ ਗਈਆਂ ਹਨ। ਬਾਣੀਆਂ ਵਿਚਲਾ ਫੌਂਟ ਜਰੂਰਤ ਮੁਤਾਬਕ ਵੱਡਾ/ਛੋਟਾ ਕੀਤਾ ਜਾ ਸਕਦਾ ਹੈ।
ਇਸ ਐਪਲੀਕੇਸ਼ਨ ਵਿਚਲੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਸੈਕਸ਼ਨ ਵਿਚ ਬਹੁਤ ਸਾਰੀਆਂ ਸਹੂਲਤਾਂ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਉਪਲੱਬਧ ਕਰਵਾਈਆਂ ਗਈਆਂ ਹਨ, ਜਿਸ ਦੇ ਨਾਲ ਸੰਗਤ ਨੂੰ ਬਹੁਤ ਫਾਇਦਾ ਮਿਲੇਗਾ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੋਬਾਇਲ ਐਪਲੀਕੇਸ਼ਨ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ, ਜਿਸ ਨਾਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੋਬਾਇਲ ਤੋਂ ਵੀ ਆਸਾਨੀ ਨਾਲ ਪੜ੍ਹਿਆ ਜਾ ਸਕੇਗਾ। ਇਸ ਵਿਚਲੀ ਮੁੱਖ ਸਹੂਲਤ ਹੈ ਕਿ ਸੰਗਤ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਅੰਕ ਪੜ੍ਹਨਾ ਸ਼ੁਰੂ ਕਰੇ ਤਾਂ ਉਸ ਅੰਕ ਨਾਲ ਸਬੰਧਤ ਬਾਣੀ ਆਡੀਓ ਰੂਪ ਵਿਚ ਵੀ ਨਾਲ-ਨਾਲ ਚੱਲਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਕਿ ਗੁਰਬਾਣੀ ਦਾ ਸ਼ੁੱਧ ਉੱਚਾਰਣ ਕਰਨ ਵਿਚ ਬਹੁਤ ਸਹਾਇਤਾ ਮਿਲੇਗੀ।
ਕੀਰਤਨ ਸੇਵਾ ਦੇ ਨਾਮ ਨਾਲ ਇਕ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੈ ਰੋਜ਼ਾਨਾ ਕੀਰਤਨ ਕਰਨ ਵਾਲੇ ਰਾਗੀ ਜੱਥਿਆਂ ਦੀ ਮਹੀਨਾਵਾਰੀ ਲਿਸਟ ਉਪਲੱਬਧ ਹੋਵੇਗੀ, ਜਿਸ ਨਾਲ ਕਿ ਸੰਗਤ ਨੂੰ ਕੀਰਤਨ ਕਰਨ ਵਾਲੇ ਸਬੰਧਤ ਰਾਗੀ ਜੱਥਿਆਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਗੁਰੂ ਸਾਹਿਬਾਨ ਨਾਲ ਸਬੰਧਤ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜਿਆਂ ਦੀ ਜਾਣਕਾਰੀ ਦੇਸ਼-ਵਿਦੇਸ਼ ਵਿਚਲੀਆਂ ਸੰਗਤਾਂ ਤਕ ਪਹੁੰਚਾਉਣ ਲਈ ਨਾਨਕਸ਼ਾਹੀ ਕੈਲੰਡਰ ਅਤੇ ਜੰਤਰੀ ਮੁਹੱਈਆ ਕਰਵਾਈ ਗਈ ਹੈ। ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਨਾਲ ਸਬੰਧਤ ਤਸਵੀਰਾਂ ਵੀ ਫੋਟੋ ਗੈਲਰੀ ਦੇ ਰੂਪ ਵਿਚ ਮਿਲ ਸਕਣਗੀਆਂ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣ ਵਾਲੇ ਇਲਾਹੀ ਕੀਰਤਨ ਨੂੰ ਸੰਗਤਾਂ ਦੀ ਸਹੂਲਤ ਲਈ ਰਿਕਾਰਡਿਡ ਰੂਪ ਵਿਚ ਵੀ ਉਪਲੱਭਧ ਕਰਵਾਉਣ ਲਈ ਰਿਕਾਰਡਿਡ ਕੀਰਤਨ ਨਾਮ ਨਾਲ ਸੈਕਸ਼ਨ ਬਣਾਇਆ ਗਿਆ ਹੈ, ਜਿਸ ਵਿਚ ਸਬੰਧਤ ਤਾਰੀਖਾਂ ਦੇ ਰੂਪ ਵਿਚ ਗੁਰਬਾਣੀ ਕੀਰਤਨ ਦੀਆਂ ਰੀਕਾਰਡ ਕੀਤੀਆਂ ਫਾਈਲਾਂ ਉਪਲੱਬਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਗੁਰਮੁੱਖੀ ਅਤੇ ਗੁਰਬਾਣੀ ਦੇ ਅਰਥਾਂ ਨੂੰ ਪੜ੍ਹਣ ਅਤੇ ਸਮਝਣ ਲਈ ਵਿਸ਼ੇਸ਼ ਰੂਪ ਵਿਚ ‘ਸ਼ਬਦਕੋਸ਼’ ਵੀ ਮੁਹੱਈਆ ਕਰਵਾਇਆ ਗਿਆ ਹੈ, ਜਿਸ ਨਾਲ ਕਿ ਪੰਜਾਬੀ ਪੜ੍ਹਣ/ਸੁਣਨ ਅਤੇ ਅਰਥਾਂ ਨੂੰ ਸਮਝਣ ਵਿਚ ਜੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਇਸ ਦੀ ਵਰਤੋਂ ਨਾਲ ਆਸਾਨੀ ਨਾਲ ਦੂਰ ਕੀਤੀ ਜਾ ਸਕਦੀ ਹੈ।
ਇਸ ਮੌਕੇ ਸ. ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਮਹਿੰਦਰ ਸਿੰਘ ਆਹਲੀ, ਸ.ਬਲਵਿੰਦਰ ਸਿੰਘ ਜੌੜਾ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ.ਰਣਜੀਤ ਸਿੰਘ ਤੇ ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਜਸਪਾਲ ਸਿੰਘ ਇੰਚਾਰਜ ਇੰਟਰਨੈਟ ਵਿਭਾਗ ਆਦਿ ਮੌਜੂਦ ਸਨ।