ਸੇਵਾ ਮੁਕਤ ਮੁਲਾਜ਼ਮਾਂ ਦਾ ਵਿਲੱਖਣ ਕਿਸਮ ਦਾ ਮੇਲਾ, ਉਨ੍ਹਾਂ ਨੂੰ ਆਪਸ ਵਿੱਚ ਜੋੜਨ ਲਈ ਨਿਆਰਾ ਤਰੀਕਾ ਹੈ-ਰੂਪ ਸਿੰਘ ਰੂਪਾ

ਲੁਧਿਆਣਾ – ਅਮਰੀਕਾ ਨਿਵਾਸੀ ਰੂਪ ਸਿੰਘ ਰੂਪਾ ਜੋ ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਹਨ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੇ ਮੇਲਾ ਕਮੇਟੀ ਦੇ ਸਰਪ੍ਰਸਤ ਹਨ ਨੇ ਦੂਜੇ ਪੈਨਸ਼ਨਰਜ਼ ਮੇਲੇ ਤੇ ਬੋਲਦਿਆਂ ਕਿਹਾ ਕਿ ਮੇਲੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਆਪਸ ਵਿੱਚ ਜੋੜਨ ਲਈ ਨਿਆਰਾ ਤਰੀਕਾ ਹਨ। ਇਉਂ ਜਿੱਥੇ ਉਹ ਇੱਕ ਦੂਜੇ ਨੂੰ ਵਿਛੜ ਜਾਣ ਤੋਂ ਬਾਅਦ ਫਿਰ ਮਿਲਦੇ ਹਨ ਉੱਥੇ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕਰਦੇ ਹਨ। ਆਪਣੇ ਤਜ਼ਰਬੇ ਨੂੰ ਸੰਗਠਤ ਰੂਪ ਵਿੱਚ ਕਰਕੇ ਉਹ ਸਮਾਜ ਦਾ ਵੀ ਬਹੁਤ ਕੁੱਝ ਸਵਾਰ ਸਕਦੇ ਹਨ। ਮੁਲਾਜ਼ਮਾਂ ਦੇ ਸੰਗਠਨ ਸਿਰਫ ਆਪਣੀਆਂ ਆਰਥਿਕ ਮੰਗਾਂ ਨਾਲ ਹੀ ਜੁੜੇ ਰਹਿ ਕੇ ਆਪਣਾ ਦਾਇਰਾ ਸੀਮਤ ਕਰਦੇ ਹਨ। ਜਦੋਂ ਕਿ ਉਨ੍ਹਾਂ ਦੀ ਸਮਾਜਿਕ ਅਤੇ ਰਾਜਨੀਤਿਕ ਚੇਤਨਾ ਸਾਰੇ ਕਿਸਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਰਸਤਾ ਬਣਦੀ ਹੈ। ਰੂਪ ਸਿੰਘ ਰੂਪਾ ਪਿਛਲੇ ਡੇਢ ਮਹੀਨੇ ਤੋਂ ਇੱਥੇ ਆਏ ਹੋਏ ਹਨ। ਇਨ੍ਹਾਂ ਨੂੰ ਆਪਣੇ ਪਿੰਡ ਸੇਲਬਰਾਅ ਜਿਲ੍ਹਾ ਬਠਿੰਡਾ ਦੇ ਸਕੂਲ ਵਿੱਚ ਉਹ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਅਤੇ ਬੁੱਢਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਸਕੀਮ ਬਣਾ ਕੇ ਯੋਗਦਾਨ ਪਾ ਰਹੇ ਹਨ। ਨਾਲ ਨਾਲ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਮੁਲਾਜ਼ਮਾਂ ਦੇ ਬੱਚਿਆਂ ਨੂੰ ਸ. ਕਿਹਰ ਸਿੰਘ ਰੂਪਾ ਫਾਇਨਾਂਸ਼ੀਅਲ ਅਵਾਰਡ ਰਾਹੀਂ ਉਨ੍ਹਾਂ ਦੀ ਪੜ੍ਹਾਈ ਲਈ ਉਤਸ਼ਾਹਿਤ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਯੁਨੀਵਰਸਿਟੀ ਪਟਿਆਲਾ ਦੇ ਗਰੀਬ ਅਤੇ ਹੋਣਹਾਰ ਬੱਚਿਆਂ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਅਪਣਾ ਕੇ ਉਨ੍ਹਾ ਦੀ ਮਦਦ ਕਰਦੇ ਹਨ। ਇਸੇ ਤਰ੍ਹਾਂ ਪੰਜਾਬੀ ਸਾਹਿਤ ਅਕਾਡਮੀਂ ਲੁਧਿਆਣਾ ਵਿਖੇ ਸ. ਜਗਜੀਤ ਸਿੰਘ ਰੰਗ ਪੁਰਸਕਾਰ ਸਥਾਪਿਤ ਕਰਕੇ ਇੱਕ ਵਾਰਤਕ ਲੇਖਕ ਨੂੰ ਸਨਮਾਨ ਕਰਨ ਦਾ ਪ੍ਰੋਗਰਾਮ ਕਰ ਰਹੇ ਹਨ। ਅੱਜ ਉਨ੍ਹਾਂ ਨੇ ਵੱਡੀ ਆਰਥਿਕ ਮਦਦ ਕਰਕੇ ਇਹ ਪੈਨਸ਼ਨਰਜ਼ ਦਾ ਮੇਲਾ ਆਪਣੀ ਸਰਪ੍ਰਸਤੀ ਹੇਠ ਲਾਇਆ।
ਦੂਜੇ ਪੈਨਸ਼ਨਰਜ਼ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਨਵੇਂ ਬਣੇ ਰਜਿਸਟ੍ਰਾਰ ਡਾ. ਪੀ ਕੇ ਖੰਨਾ ਨੇ ਕੀਤਾ। ਸ. ਹਰਚਰਨ ਸਿੰਘ ਗੋਹਲਵੜ੍ਹੀਆ ਮੇਅਰ ਨਗਰ ਨਿਗਮ ਲੁਧਿਆਣਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ. ਬਲਦੇਵ ਸਿੰਘ ਔਲਖ ਯੂਰੋਲੋਜੀ ਦੇ ਮਾਹਿਰ ਡਾਕਟਰ ਨੇ ਸਿਹਤ ਸੰਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਸੰਬੰਧੀ ਛਪੀ ਹੋਈ ਕਿਤਾਬ ਵੀ ਪ੍ਰਧਾਨਗੀ ਮੰਡਲ ਨੂੰ ਭੇਂਟ ਕੀਤੀ। ਰਜਿਸਟ੍ਰਾਰ ਡਾ. ਖੰਨਾ ਹੋਰਾਂ ਨੇ ਬੋਲਦਿਆਂ ਕਿਹਾ ਕਿ ਮੇਲੇ ਦਾ ਸੰਕਲਪ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹੈ। ਪੈਨਸ਼ਨਰਜ਼ ਇਸ ਮੇਲੇ ਨਾਲ ਹੋਰ ਚੰਗੇ ਨਤੀਜੇ ਕੱਢ ਸਕਣਗੇ। ਡਾ. ਖੰਨਾ ਹੋਰਾਂ ਯੂਨੀਵਰਸਿਟੀ ਦੇ ਮਾਣਯੋਗ ਵਾਇਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਹੋਰਾਂ ਵੱਲੋਂ ਭੇਜੇ ਸੰਦੇਸ਼ ਬਾਰੇ ਦੱਸਦਿਆਂ ਕਿਹਾ ਕਿ ਕੁਲਪਤੀ ਜੀ ਨੇ ਭਰੋਸਾ ਦਵਾਇਆ ਹੈ ਕਿ ਇਸ ਮੇਲੇ ਵਿੱਚ ਐਤਕੀਂ ਵੀ ਅਤੇ ਭਵਿੱਖ ਵਿੱਚ ਵੀ ਹਰ ਕਿਸਮ ਦਾ ਸਹਿਯੋਗ ਦਿੱਤਾ ਜਾਇਆ ਕਰੇਗਾ। ਕਾਰਪੋਰੇਸ਼ਨ ਦੇ ਮੇਅਰ ਸ. ਹਰਚਰਨ ਸਿੰਘ ਗੋਹਲਵੜ੍ਹੀਆ ਨੇ ਮੇਲੇ ਦੇ ਸੰਕਲਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਦੇ ਸਹਿਯੋਗ ਨਾਲ ਅਸੀਂ ਸ਼ਹਿਰ ਨੂੰ ਹੋਰ ਵਧੇਰੇ ਸਾਫ ਸੁਥਰਾ ਅਤੇ ਹਰਾ ਭਰਾ ਬਣਾ ਸਕਦੇ ਹਾਂ।
ਇਸ ਮੇਲੇ ਵਿੱਚ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ ਲਿਖਿਆ ਡਾ. ਸਾਹਿਬ ਸਿੰਘ ਹੋਰਾਂ ਦਾ ਨਿਰਦੇਸ਼ਤ ਕੀਤਾ ਅਤੇ ਮੈਡਮ ਰਜਿੰਦਰ ਰੋਜੀ ਵੱਲੋਂ ਖੇਡਿਆ ਗਿਆ ਨਾਟਕ ਚਾਂਦਨੀ ਚੌਂਕ ਤੋਂ ਸਰਹਿੰਦ ਤੱਕ ਪੇਸ਼ ਕੀਤਾ ਗਿਆ। ਦੂਜਾ ਨਾਟਕ ‘ਅੰਨੀ ਗਲੀ ਦਾ ਮੋੜ’ ਇਸੇ ਟੀਮ ਵੱਲੋਂ ਸੀ ਪਰ ਉੁਸ ਦੇ ਲੇਖਕ ਗੁਰਦਿਆਲ ਦਲਾਲ ਹਨ। ਗੁਰਦਿਆਲ ਦਲਾਲ ਜੀ ਨੇ ਖੁਦ ਦਰਸ਼ਕਾਂ ਨੂੰ ਸੰਬੋਧਨ ਵੀ ਕੀਤਾ। ਖੁੱਲੇ ਪੰਡਾਲ ਵਿੱਚ ਮਹਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਭੰਡਾਂ ਦੀਆਂ ਨਕਲਾਂ ਪੇਸ਼ ਕੀਤੀਆਂ ਗਈਆਂ।
ਸ. ਨਵਜੋਤ ਸਿੰਘ ਜਰਗ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਆਲ ਸਾਇੰਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੀਤ ਸੰਗੀਤ , ਭੰਗੜਾ ਅਤੇ ਗਿੱਧਾ ਪਾ ਕੇ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਤਰ੍ਹਾਂ ਇਸ ਮੇਲੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦਾ ਬਕਾਇਦਾ ਰਵਾਇਤੀ ਅਤੇ ਪੇਂਡੂ ਰੂਪ ਵਿੱਚ ਪ੍ਰਬੰਧ ਕੀਤਾ ਗਿਆ ਸੀ। ਜਿਸ ਨੂੰ ਹਜ਼ਾਰ ਦੇ ਕਰੀਬ ਇਕੱਤਰ ਹੋਏ ਸੇਵਾ ਮੁਕਤ ਮੁਲਾਜ਼ਮਾਂ ਨੇ ਮਾਣਿਆ ਅਤੇ ਮੇਲਾ ਉਤਸ਼ਾਹ ਨਾਲ ਮਨਾਇਆ। ਸਾਰੇ ਦਰਸ਼ਕਾਂ ਨੇ ਹੱਥ ਖੜ੍ਹੇ ਕਰਕੇ ਅਹਿਦ ਕੀਤਾ ਕਿ ਇਹ ਮੇਲਾ ਹਰ ਸਾਲ ਇਸ ਤੋਂ ਵੱਡੀ ਸ਼ਾਨ ਨਾਲ ਮਨਾਇਆ ਜਾਇਆ ਕਰੇਗਾ। ਮੇਲਾ ਪ੍ਰਬੰਧਕ ਕਮੇਟੀ ਨੇ ਵਾਅਦਾ ਕੀਤਾ ਕਿ ਹਰ ਤਿੰਨ ਮਹੀਨੇ ਬਾਅਦ ਇੱਕ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਜਾਇਆ ਕਰੇਗਾ। ਜਿਸ ਵਿੱਚ ਕਿਸੇ ਮਾਹਿਰ ਡਾਕਟਰ ਵੱਲੋਂ ਸੰਬੋਧਨ ਅਤੇ ਚੈੱਕਅਪ ਹੋਇਆ ਕਰੇਗਾ। ਇਸ ਤਰ੍ਹਾਂ ਇਹ ਮੇਲਾ ਪੈਨਸ਼ਨਰਜ਼ ਲਈ ਵਰਦਾਨ ਸਾਬਿਤ ਹੋਵੇਗਾ। ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਸ਼੍ਰੀ ਡੀ ਪੀ ਮੌੜ, ਮੌਜੂਦਾ ਪ੍ਰਧਾਨ ਪਰਮਜੀਤ ਸਿੰਘ ਗਿੱਲ ਅਤੇ ਜਰਨਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਤੋਂ ਇਲਾਵਾ ਮੇਲਾ ਕਮੇਟੀ ਦੇ ਸਰਕਰਦਾ ਸਾਥੀ ਜਿਲ੍ਹਾ ਰਾਮ ਬਾਂਸਲ, ਚਰਨ ਸਿੰਘ ਗੁਰਮ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ, ਸਤਪਾਲ ਸ਼ਰਮਾ ਜੀ, ਅਵਤਾਰ ਸਿੰਘ ਦਿਓਲ, ਟੇਕ ਸਿੰਘ, ਤਿਲਕ ਸਿੰਘ ਸਾਂਗੜਾ, ਸਤੀਸ਼ ਸੂਦ, ਅਜੀਤ ਸਿੰਘ ਚੀਮਾ, ਗੁਰਪ੍ਰੀਤ ਭਿੰਡਰ ਜੋ ਆਪਣੇ ਸਮੇਂ ਮੁਲਾਜ਼ਮਾਂ ਦੀ ਅਗਵਾਈ ਕਰਦੇ ਰਹੇ ਹਨ ਅਤੇ ਮਲਾਜ਼ਮਾਂ ਵਿੱਚ ਉਨ੍ਹਾਂ ਦੀ ਅਗਵਾਈ ਜਾਣੀ ਜਾਂਦੀ ਰਹੀ ਹੈ। ਵੱਲੋਂ ਪ੍ਰਬੰਧਕ ਕਮੇਟੀ ਬਣਾ ਕੇ ਇਨ੍ਹਾਂ ਚੰਗਾ ਮੇਲਾ ਲਾ ਕੇ ਭਵਿਖ ਲਈ ਵੀ ਪਿਰਤ ਪਾਈ ਗਈ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>