ਕਾਂਗ੍ਰਸ ਤੇ ਭਾਜਪਾ ਤੋਂ ਇਲਾਵਾ ਕਿਸੇ ਤੀਜੀ ਪਾਰਟੀ ਦਾ ਸਮਰਥਨ ਕਰਨ ਦਾ ਵਿਕਲਪ ਵੀ ਸਾਡੇ ਸਾਹਮਣੇ ਖੁਲ੍ਹਾ ਹੈ-ਸਰਨਾ

ਨਵੀਂ ਦਿੱਲੀ : ‘ਭਾਵੇਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਸਾਡੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪ੍ਰੰਤੂ ਨਾ ਤਾਂ ਪਾਰਟੀ ਦੇ ਮੁੱਖੀਆਂ ਅਤੇ ਨਾ ਹੀ ਪਾਰਟੀ ਵਰਕਰਾਂ ਨੇ ਆਪਣਾ ਦਿਲ ਹਾਰਿਆ ਹੈ। ਉਹ ਅੱਜ ਵੀ ਸਿੱਖਾਂ ਦੇ ਹਿਤਾਂ-ਅਧਿਕਾਰਾਂ, ਸਿੱਖਾਂ ਦੀ ਅੱਡਰੀ ਪਛਾਣ ਅਤੇ ਸਿੱਖੀ ਦੀ ਸੁਤੰਤਰ ਹੋਂਦ ਦੀ ਰਖਿਆ ਪ੍ਰਤੀ ਅਪਣੀ ਵਚਨਬਧੱਤਾ ਨਿਭਾਉਣ ਪ੍ਰਤੀ ਦ੍ਰਿੜ੍ਹ ਸੰਕਲਪ ਹਨ’।

ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਇਥੇ ਪਾਰਟੀ ਦਫਤਰ ਵਿਖੇ ਪਾਰਟੀ ਦੇ ਵਰਕਰਾਂ ਅਤੇ ਮੁਖੀਆਂ ਦੀ ਹੋਈ ਭਰਵੀਂ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ. ਸਰਨਾ ਨੇ ਦਸਿਆ ਕਿ ਪਾਰਟੀ ਵਲੋਂ ਆਪਣੀਆਂ ਭਵਿਖ ਦੀਆਂ ਨੀਤੀਆਂ ’ਤੇ ਪ੍ਰੋਗਰਾਮਾਂ ਪੁਰ ਵਿਚਾਰ ਕਰਨ ਅਤੇ ਉਨ੍ਹਾਂ ਦੀ ਜਾਣਕਾਰੀ ਆਮ ਸਿੱਖਾਂ ਤਕ ਪਹੁੰਚਾਣ ਲਈ ਜੂਨ-ਜੁਲਾਈ ਵਿੱਚ ਇਕ ਵਿਸ਼ਾਲ ਕਨਵੈਨਸ਼ਨ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦਲ ਦੇ ਸਾਰੇ ਜਥਿਆਂ ਅਤੇ ਵਿੰਗਾਂ ਨੂੰ ਭੰਗ ਕਰ ਦੇਣ ਦਾ ਵੀ ਐਲਾਨ ਕੀਤਾ ਅਤੇ ਦਸਿਆ ਕਿ ਦਲ ਦੇ ਮੁੱਖੀਆਂ ਨਾਲ ਸਲਾਹ-ਮਸ਼ਵਰਾ ਕਰ ਛੇਤੀ ਹੀ ਇਨ੍ਹਾਂ ਦਾ ਪੁਨਗਠਨ ਕਰ ਦਿੱਤਾ ਜਾਇਗਾ। ਉਨ੍ਹਾਂ ਯੂਥ ਵਿੰਗ ਦਾ ਘੇਰਾ ਵਧਾਣ, ਉਸਨੂੰ ਮਜ਼ਬੂਤ ਕਰਨ ਅਤੇ ਵਧੇਰੇ ਜ਼ਿਮੇਂਦਾਰੀਆਂ ਸੌਂਪਣ ਦਾ ਵੀ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਬਦਲੇ ਰਾਜਸੀ ਹਾਲਾਤ ਅਨੁਸਾਰ ਲੋਕ ਸਭਾ ਅਤੇ ਵਿਧਾਨ ਸਭਾ ਆਦਿ ਸੰਵਿਧਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਕਿਸ ਪਾਰਟੀ ਦਾ ਸਮਰਥਨ ਕਰਨਾ ਹੈ, ਦੇ ਸਬੰਧ ਵਿੱਚ ਬੀਤੇ ਵਿੱਚ ਚਲਦੀ ਆ ਰਹੀ ਰਣਨੀਤੀ ਪੁਰ ਪੁਨਰ-ਵਿਚਾਰ ਵੀ ਕੀਤੀ ਜਾਇਗੀ। ਉਨ੍ਹਾਂ ਇਹ ਸੰਕੇਤ ਵੀ ਦਿੱਤਾ ਕਿ ਇਸ ਸਮੇਂ ਕਾਂਗ੍ਰਸ ਤੇ ਭਾਜਪਾ ਤੋਂ ਇਲਾਵਾ ਕਿਸੇ ਤੀਜੀ ਪਾਰਟੀ ਦਾ ਸਮਰਥਨ ਕਰਨ ਦਾ ਵਿਕਲਪ ਵੀ ਸਾਡੇ ਸਾਹਮਣੇ ਖੁਲ੍ਹਾ ਹੈ।

ਦਲ ਦੇ ਕੌਮੀ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਇਸ ਮੌਕੇ ਤੇ ਕਿਹਾ ਕਿ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਹੋ ਰਹੀ ਇਸ ਪਹਿਲੀ ਬੈਠਕ ਵਿੱਚ ਇਤਨੀ ਵੱਡੀ ਗਿਣਤੀ ਵਿੱਚ ਜੁੜ ਬੈਠਣਾ ਇਸ ਗਲ ਦਾ ਪ੍ਰਤਖ ਪ੍ਰਮਾਣ ਹੈ ਕਿ ਦਲ ਦੇ ਮੁੱਖੀ ਅਤੇ ਵਰਕਰ ਗੁਰਦੁਆਰਾ ਚੋਣਾਂ ਵਿੱਚ ਹੋਈ ਹਾਰ ਤੋਂ ਨਿਰਾਸ਼ ਨਹੀਂ, ਸਗੋਂ ਪੂਰੀ ਤਰ੍ਹਾਂ ਚੜ੍ਹਦੀਕਲਾ ਵਿੱਚ ਅਤੇ ਆਪਣੇ ਮਿਥੇ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਅਗੇ ਵਧਾਣ ਪ੍ਰਤੀ ਦ੍ਰਿੜ੍ਹ ਸੰਕਲਪ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਪਣਿਆਂ-ਪਰਾਇਆਂ ਦੀ ਵੀ ਪਛਾਣ ਹੋ ਗਈ ਹੈ, ਜੋ ਭਵਿਖ ਵਿੱਚ ਰਣਨੀਤੀ ਬਣਾਉਂਦਿਆਂ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਕੋਈ ਰਾਜਸੀ ਪਾਰਟੀ ਨਹੀਂ, ਧਾਰਮਕ ਪਾਰਟੀ ਹੈ, ਪ੍ਰੰਤੂ ਧਾਰਮਕ ਮਾਨਤਾਵਾਂ ਦੇ ਨਾਲ ਹੀ ਉਹ ਸਿੱਖਾਂ ਦੇ ਰਾਜਸੀ ਹਿਤਾਂ-ਅਧਿਕਾਰਾਂ ਦੀ ਰਾਖੀ ਕਰਨ ਪ੍ਰਤੀ ਵੀ ਪੂਰੀ ਤਰ੍ਹਾਂ ਜਾਗਰੂਕ ਹੈ।

ਦਲ ਦੇ ਇੱਕ ਹੋਰ ਕੌਮੀ ਸਕਤੱਰ ਜਨਰਲ ਸ. ਭਜਨ ਸਿੰਘ ਵਾਲੀਆ ਨੇ ਬੈਠਕ ਦੀ ਕਾਰਵਾਈ ਦਾ ਸੰਚਾਲਨ ਕਰਦਿਆਂ ਜਿਥੇ ਬੈਠਕ ਵਿੱਚ ਆਏ ਮੁਖੀਆਂ ਅਤੇ ਵਰਕਰਾਂ ਦਾ ਸੁਆਗਤ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਨੀਤੀ ਸਪਸ਼ਟ ਹੈ, ਉਸਨੇ ਸਦਾ ਹੀ ਸਕਾਰਾਤਮਕ ਨੀਤੀ ਅਪਨਾਈ ਹੈ ਅਤੇ ਅਗੋਂ ਵੀ ਉਸਦੀ ਇਹੀ ਨੀਤੀ ਜਾਰੀ ਰਹੇਗੀ। ਉਹ ਵਿਰੋਧੀਆਂ ਦੀਆਂ ਨਕਾਰਾਤਮਕ ਨੀਤੀਆਂ ਦਾ ਅਨੁਸਰਣ ਨਹੀਂ ਕਰੇਗਾ। ਅਸੀਂ ਪੰਥਕ ਹਿਤਾਂ ਅਤੇ ਸਿੱਖੀ ਦੀਆਂ ਮਾਨਤਾਵਾਂ ਦੀ ਰਖਿਆ ਪ੍ਰਤੀ ਆਪ ਵੀ ਜਾਗਰੂਕ ਰਹਾਂਗੇ ਅਤੇ ਸਿੱਖ ਪੰਥ ਨੂੰ ਵੀ ਜਾਗਰੂਕ ਕਰਦੇ ਰਹਾਂਗੇ। ਗੁਰਦੁਆਰਾ ਕਮੇਟੀ ਦੇ ਸੱਤਾਧਾਰੀਆਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਵੀ ਕਰਾਂਗੇ ਅਤੇ ਇਸਦੇ ਲਈ ਸਹਿਯੋਗ ਵੀ ਕਰਾਂਗੇ, ਪ੍ਰੰਤੂ ਸਿੱਖੀ ਅਤੇ ਸਿੱਖ ਵਿਰੋਧੀ ਨੀਤੀਆਂ ਦਾ ਵਿਰੋਧ ਕਰਨੋਂ ਕੋਈ ਸੰਕੋਚ ਵੀ ਨਹੀਂ ਕੀਤਾ ਜਾਇਗਾ। ਉਨ੍ਹਾਂ ਕਿਹਾ ਕਿ ਅਜੇ ਬਾਦਲਕਿਆਂ ਨੂੰ ਗੁਰਦੁਆਰਾ ਪ੍ਰਬੰਧ ਦੀ ਜ਼ਿਮੇਂਦਾਰੀ ਸ਼ੰਭਾਲਿਆਂ ਜੁਮਾ-ਜੁਮਾ ਅੱਠ ਦਿਨ ਵੀ ਨਹੀਂ ਹੋਏ ਉਨ੍ਹਾਂ ਨੇ ਵਿਦਿਅਕ ਸੰਸਥਾਵਾਂ ਦੇ ਸਤਿਕਾਰਤ ਪ੍ਰਿੰਸੀਪਲਾਂ ਅਤੇ ਹੋਰ ਮੁਖੀਆਂ ਦਾ ਅਪਮਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।  ਦਲ ਦੇ ਜਨਰਲ ਸਕਤੱਰ ਪ੍ਰੋ. ਹਰਮੋਹਿੰਦਰ ਸਿੰਘ ਨੇ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਬੈਠਕ ਦਾ ਆਯੋਜਨ ਕੀਤੇ ਜਾਣ ਤੇ ਦਲ ਦੇ ਮੁਖੀਆਂ ਦਾ ਧੰਨਵਾਦ ਕੀਤਾ ਅਤੇ ਅਜਿਹੀਆਂ ਬੈਠਕਾਂ ਹਰ ਮਹੀਨੇ ਕੀਤੇ ਜਾਣ ਦਾ ਸੁਝਾਉ ਵੀ ਦਿੱਤਾ। ਉਨ੍ਹਾਂ ਕਨਵੈਨਸ਼ਨ ਕੀਤੇ ਜਾਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਕਨਵੈਨਸ਼ਨ ਦੀ ਸਫਲਤਾ ਲਈ ਹਰ ਇਲਾਕੇ ਵਿੱਚ ਨੁਕੜ ਅਤੇ ਰੀਜਨਲ ਬੈਠਕਾਂ ਕੀਤੀਆਂ ਜਾਣ। ਉਨ੍ਹਾਂ ਇਹ ਸਲਾਹ ਵੀ ਦਿੱਤੀ ਕਿ ਆਮ ਸਿੱਖਾਂ ਨਾਲ ਸੰਪਰਕ ਕਾਇਮ ਰਖੀ ਰਖਣ ਲਈ ਪਹਿਲਾਂ ਵਾਂਗ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਥੇ ਭੇਜਣੇ ਜਾਰੀ ਰਖੇ ਜਾਣ। ਜਿਸਤੇ ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਇਸ ਸਬੰਧ ਵਿੱਚ ਪ੍ਰਧਾਨ ਸਾਹਿਬ ਦੀ ਪਾਕਿਸਤਾਨੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਗਲ ਹੋ ਗਈ ਹੈ। ਇਹ ਸਿਲਸਿਲਾ ਜਾਰੀ ਰਹੇਗਾ।

ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ. ਤਰਸੇਮ ਸਿੰਘ ਅਤੇ ਸਾਬਕਾ ਵਾਈਸ ਚੇਅਰਮੈਨ ਸ. ਅਵਤਾਰ ਸਿੰਘ ਕਾਲਕਾ ਨੇ ਕਿਹਾ ਸਾਡੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਕੋਈ ਕਮੀ ਨਹੀਂ ਅਸੀਂ ਪੰਥਕ ਹਿਤਾਂ-ਅਧਿਕਾਰਾਂ ਦੀ ਰਾਖੀ ਪ੍ਰਤੀ ਵਚਨਬੱਧ ਹਾਂ ਅਤੇ ਸਦਾ ਇਸ ਪ੍ਰਤੀ ਵਚਨਬੱਧ ਰਹਾਂਗੇ। ਇਸ ਹਾਰ ਨੇ ਸਾਡੇ ਹੌਂਸਲੇ ਨਹੀਂ ਤੌੜੇ ਅਸੀਂ ਪੂਰੀ ਤਰ੍ਹਾਂ ਚੜ੍ਹਦੀਕਲਾ ਵਿੱਚ ਹਾਂ।

ਦਿੱਲੀ ਗੁਰਦੁਆਰਾ ਕਮੇਟੀ ਦੇ ਸੁਭਾਸ਼ਨਗਰ ਤੋਂ ਚੁਣੇ ਗਏ ਮੈਂਬਰ ਸ. ਤਜਿੰਦਰ ਸਿੰਘ ਭਾਟੀਆ (ਗੋਪਾ) ਨੇ ਕਿਹਾ ਕਿ ਭਾਵੇਂ ਪਾਰਟੀ ਨੂੰ ਹਾਰ ਹੋਈ ਹੈ ਪ੍ਰੰਤੂ ਪਾਰਟੀ ਦੇ ਸਰਬ-ਪ੍ਰਵਾਨਤ ਨੇਤਾ ਸ. ਪਰਮਜੀਤ ਸਿੰਘ ਸਰਨਾ ਪ੍ਰਤੀ ਸਿੱਖਾਂ ਵਿੱਚ ਜੋ ਸਤਿਕਾਰ ਦੀ ਭਾਵਨਾ ਪਹਿਲਾਂ ਸੀ ਉਹ ਅੱਜ ਵੀ ਕਾਇਮ ਹੈ। ਉਨ੍ਹਾਂ ਦਸਿਆ ਕਿ ਗੁਰਦੁਆਰਾ ਕਮੇਟੀ ਦੇ ਜੇਤੂਆਂ ਨੇ ਜਦੋਂ ਗੁਰਦੁਆਰਾ ਪ੍ਰਬੰਧ ਸੰਭਾਲਣਾ ਸੀ, ਉਸ ਦਿਨ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਗਿਣਤੀ ਇਤਨੀ ਵੀ ਨਹੀਂ ਸੀ ਜਿਤਨੀ ਅੱਜ ਇਸ ਬੈਠਕ ਵਿੱਚ ਵੇਖਣ ਨੂੰ ਮਿਲ ਰਹੀ ਹੈ। ਇਸੇ ਤੋਂ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਅਨੁਮਾਨ ਲਾਇਆ ਜਾ ਸਕਦਾ ਹੈ, ਜਿਨ੍ਹਾਂ ਨੇ ਦਿੱਲੀ ਭਰ ਵਿਚੱ ਜਿਤ ਹਾਸਲ ਕਰ ਗੁਰਦੁਆਰਾ ਕਮੇਟੀ ਪੁਰ ਕਬਜ਼ਾ ਕੀਤਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>