ਦੇਸ਼ ਦੀ ਸਪਸ਼ਟ ਖੇਤੀਬਾੜੀ ਨੀਤੀ ਨਾ ਹੋਣ ਕਾਰਨ ਕਿਸਾਨ ਅੱਜ ਵੀ ਹਨੇਰਾ ਢੋਅ ਰਿਹਾ ਹੈ-ਜਿਆਣੀ

ਲੁਧਿਆਣਾ: ਪੰਜਾਬ ਦੇ ਜੰਗਲਾਤ ਅਤੇ ਕਿਰਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਜੰਗਲਾਤ ਖੋਜ ਕੇਂਦਰ ਦੇਹਰਾਦੂਨ ਅਤੇ ਕੁਝ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਰੋਜ਼ਾ ਕਾਰਜਸ਼ਾਲਾ ਅਤੇ ਕਿਸਾਨ ਮਿਲਣੀ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ 65 ਸਾਲ ਦੇ ਆਜ਼ਾਦ ਭਾਰਤ ਵਿੱਚ ਕਿਸਾਨ ਲਈ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਹੈ। ਸਪਸ਼ਟ ਖੇਤੀਬਾੜੀ ਨੀਤੀ ਨਾ ਹੋਣ ਕਾਰਨ ਕਿਸਾਨ ਅੱਜ ਵੀ ਹਨੇਰਾ ਢੋਅ ਰਿਹਾ ਹੈ। ਦੇਸ਼ ਦਾ ਢਿੱਡ ਭਰਦੇ ਭਰਦੇ ਅਸੀਂ ਆਪਣੇ ਪਾਣੀ ਨੂੰ ਹੇਠਾਂ ਲੈ ਗਏ ਹਾਂ। ਜੰਗਲੀ ਜੀਵ ਜੰਤੂ ਖਤਮ ਕਰ ਲਏ ਹਨ। ਮਿੱਤਰ ਪੰਛੀ ਮਾਰ ਲਏ ਹਨ। ਰੁੱਖਾਂ ਦਾ ਕਤਲੇਆਮ ਕਰਕੇ ਪੰਜਾਬ ਨੂੰ ਵਾਤਾਵਰਨ ਪੱਖੋਂ ਨੁਕਸਾਨ ਕੀਤਾ ਹੈ। ਪਰ ਇਹ ਗੱਲ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਕਿਸਾਨਾਂ ਨੇ ਬਾਗ ਕਿਉਂ ਪੁੱਟੇ? ਯਕੀਨੀ ਮੰਡੀਕਰਨ ਨਾ ਹੋਣ ਕਾਰਨ ਕਣਕ ਝੋਨੇ ਤੋਂ ਬਗੈਰ ਬਾਕੀ ਫ਼ਸਲਾਂ ਨੂੰ ਬੀਜਣਾ ਬੰਦ ਕਰ ਦਿੱਤਾ। ਜੰਗਲਾਤ ਬੀਜ ਕੇ ਵੀ ਕਿਸਾਨ ਪਛਤਾਏ ਪਰ ਹੁਣ ਉਹ ਦਿਨ ਨਹੀਂ ਆਉਣਗੇ ਕਿਉਂਕਿ ਪੰਜਾਬ ਸਰਕਾਰ ਨੇ ਚਾਰ ਲੱਕੜ ਮੰਡੀਆਂ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਲੱਕੜ ਉਦਯੋਗ ਨੂੰ ਨਿਯਮਤ ਹੁੰਗਾਰਾ ਮਿਲੇਗਾ। ਉਨ੍ਹਾਂ ਆਖਿਆ ਕਿ ਖੇਤੀ ਜੰਗਲਾਤ ਦੇ ਸਹਾਰੇ ਹੀ ਖੇਤੀ ਅਧਾਰਿਤ ਪਲਾਈਵੁੱਡ ਉਦਯੋਗ ਨੂੰ ਪੱਕੇ ਪੈਰੀਂ ਕੀਤਾ ਜਾ ਸਕੇਗਾ। ਦੋਹਾਂ ਦੀ ਆਪਸੀ ਨਿਰਭਰਤਾ ਨਾਲ ਹੀ ਪਾਏਦਾਰ ਖੇਤੀ ਜੰਗਲਾਤ ਲਗਾਇਆ ਜਾ ਸਕੇਗਾ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਦੇਸ਼ ਦੀ ਵੱਧਦੀ ਆਬਾਦੀ ਦਾ ਢਿੱਡ ਭਰਨ ਲਈ ਅਨਾਜ ਦੀ ਲੋੜ ਪੂਰ ਕੇ ਪੰਜਾਬ ਨੇ ਆਪਣੇ ਕੁਦਰਤੀ ਸੋਮੇ ਤਬਾਹ ਕਰ ਲਏ। ਨਦੀਨ ਨਾਸ਼ਕ ਅਤੇ ਕੀਟਨਾਸ਼ਕ ਰਸਾਇਣਕ ਜ਼ਹਿਰਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਖੇਤੀ ਖਰਚੇ ਵੀ ਵਧੇ ਅਤੇ ਵਾਤਾਵਰਣ ਵੀ ਦੂਸ਼ਿਤ ਹੋਇਆ। ਹੁਣ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਸਾਨੂੰ ਵੰਨ ਸੁਵੰਨੀ ਖੇਤੀ ਵੱਲ ਮੁੜਨਾ ਪਵੇਗਾ। ਵੰਨ ਸੁਵੰਨੀ ਖੇਤੀ ਲਈ ਮੱਕੀ ਅਤੇ ਕਪਾਹ ਤੋਂ ਇਲਾਵਾ ਖੇਤੀ ਜੰਗਲਾਤ ਵੱਡੀ ਉਮੀਦ ਹੋ ਸਕਦੀ ਹੈ। ਡਾ: ਢਿੱਲੋਂ ਨੇ ਆਖਿਆ ਕਿ ਖੇਤੀ ਜੰਗਲਾਤ ਵਾਲੀਆਂ ਜ਼ਮੀਨਾਂ ਐਤਕੀਂ ਕਣਕ ਦੀ ਕੁੰਗੀ ਦਾ ਹਮਲਾ ਵੇਖਣ ਵਿੱਚ ਆਇਆ ਹੈ ਅਤੇ ਇਸ ਤੇ ਕਾਬੂ ਪਾਉਣ ਲਈ ਯੂਨੀਵਰਸਿਟੀ ਨੇ ਖੋਜ ਕਾਰਜ ਆਰੰਭ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਇਸ ਸਾਲ ਯੂਨੀਵਰਸਿਟੀ ਵੱਲੋਂ 40 ਹਜ਼ਾਰ ਕਲੋਨਲ ਪਾਪਲਰ ਦੇ ਬੂਟੇ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੇ ਗਏ ਹਨ ਜਦ ਕਿ ਅਗਲੇ ਸਾਲ ਬਠਿੰਡਾ ਅਤੇ ਲਾਢੋਵਾਲ ਵਿੱਚ ਦਸ ਦਸ ਏਕੜ ਅਤੇ ਬੱਲੋਵਾਲ ਸੋਂਖੜੀ ਵਿੱਚ ਵੀ ਕੁਝ ਏਕੜ ਪਾਪਲਰ ਦੀ ਨਰਸਰੀ ਲਈ ਰੱਖੇ ਗਏ ਹਨ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਉਦਯੋਗ ਅਤੇ ਕਿਸਾਨ ਦਾ ਸਾਥ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਜੰਗਲਾਤ ਖੋਜ ਸੰਸਥਾਨ ਦੇਹਰਾਦੂਨ ਨਾਲ ਸਾਂਝੇ ਖੋਜ ਕਾਰਜਾਂ ਨੂੰ ਵੀ ਭਵਿੱਖ ਵਿੱਚ ਅੱਗੇ ਤੋਰਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਕਿਸਾਨ ਤਜਰਬੇਕਾਰ ਹੋਣ ਕਰਕੇ ਕਈ ਵਾਰੀ ਵਿਗਿਆਨੀਆਂ ਨੂੰ ਵੀ ਸਿਖਾਉਣ ਦੇ ਕਾਬਲ ਸਾਬਤ ਹੁੰਦਾ ਹੈ। ਇਸ ਲਈ ਅੱਜ ਵਿਗਿਆਨ, ਕਿਸਾਨ ਅਤੇ ਉਦਯੋਗ ਪ੍ਰਤੀਨਿਧਾਂ ਦਾ ਇਕੋ ਥਾਂ ਬੈਠਣਾ ਚੰਗੇ ਨਤੀਜੇ ਦੇਵੇਗਾ।

ਜੰਗਲਾਤ ਖੋਜ ਸੰਸਥਾਨ ਦੇਹਰਾਦੂਨ ਦੇ ਡਾਇਰੈਕਟਰ ਡਾ: ਪੀ ਪੀ ਭੋਜਵੈਦ ਨੇ ਆਖਿਆ ਕਿ ਪੰਜਾਬੀ ਕਿਸਾਨ ਅਨਾਜ ਪੱਖੋਂ ਦੇਸ਼ ਦਾ ਅਨਾਜ ਭੰਡਾਰ ਭਰ ਰਹੇ ਹਨ ਪਰ ਲੱਕੜ ਉਦਯੋਗ ਨੂੰ ਲੋੜੀਂਦੀ ਲੱਕੜ ਪੈਦਾ ਕਰਕੇ ਦੇਣ ਨਾਲ ਖੇਤੀਬਾੜੀ ਵੰਨ ਸੁਵੰਨਤਾ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਆਖਿਆ ਕਿ ਉਦਯੋਗ ਅਤੇ ਕਿਸਾਨ ਇਕ ਦੂਜੇ ਦੇ ਪੂਰਕ ਬਣ ਕੇ ਹੀ ਖੇਤੀਬਾੜੀ ਵੰਨ ਸੁਵੰਨਤਾ ਨੂੰ ਚਿਰਸਥਾਈ ਬਣਾ ਸਕਣਗੇ। ਉਨ੍ਹਾਂ ਆਖਿਆ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ 30 ਸਾਲ ਪਹਿਲਾਂ ਮੈਂ ਇਸੇ ਯੂਨੀਵਰਸਿਟੀ ਤੋਂ ਪੜ੍ਹਾਈ ਮੁਕੰਮਲ ਕੀਤੀ ਹੈ ਅਤੇ ਅੱਜ ਵੀ ਇਸ ਮਹਾਨ ਸੰਸਥਾ ਤੋਂ ਪ੍ਰੇਰਨਾ ਲੈ ਕੇ ਹਰ ਕਾਰਜ ਨੂੰ ਸੰਪੂਰਨ ਕਰਦਾ ਹਾਂ।

ਪੰਜਾਬ ਦੇ ਮੁੱਖ ਵਣਪਾਲ ਸ਼੍ਰੀ ਹ.ਸ. ਗੁਜਰਾਲ ਨੇ ਆਖਿਆ ਕਿ ਪੰਜਾਬ ਦੇ ਕਣਕ-ਝੋਨਾ ਫ਼ਸਲ ਚੱਕਰ ਵਿਚੋਂ 10 ਲੱਖ ਹੈਕਟੇਅਰ ਰਕਬਾ ਝੋਨੇ ਹੇਠੋਂ ਕੱਢਣ ਲਈ ਸਾਨੂੰ ਜਿੰਨੇ ਪੌਦਿਆਂ ਦੀ ਲੋੜ ਹੈ ਉਹ ਤਿਆਰੀ ਮੁਕੰਮਲ ਕਰ ਲਈ ਗਈ ਹੈ ਅਤੇ ਦੋ ਲੱਖ ਹੈਕਟੇਅਰ ਰਕਬਾ ਜੰਗਲਾਤ ਅਧੀਨ ਲਿਆਉਣ  ਲਈ ਸਾਲਾਨਾ ਸਾਢੇ ਚਾਰ ਕਰੋੜ ਬੂਟੇ ਚਾਹੀਦੇ ਹਨ ਪਰ ਸਾਡੀਆਂ ਨਰਸਰੀਆਂ ਵਿੱਚ ਇਸ ਵੇਲੇ ਪੰਜ ਕਰੋੜ ਬੂਟੇ ਤਿਆਰ ਹੋ ਰਹੇ ਹਨ ਜੋ ਅਗਲੀ ਕਾਸ਼ਤ ਵੇਲੇ ਕਿਸਾਨਾਂ ਨੂੰ ਦਿੱਤੇ ਜਾ ਸਕਣਗੇ। ਉਨ੍ਹਾਂ ਆਖਿਆ ਕਿ ਉਦਯੋਗਪਤੀਆਂ ਨੂੰ ਵੀ ਕਿਸਾਨ ਦੀ ਕਮਾਈ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਮੰਗ ਅਤੇ ਪੂਰਤੀ ਦਾ ਸੰਤੁਲਿਨ ਬਣਿਆ ਰਹੇ।

ਪੰਜਾਬ ਪਲਾਈਵੁੱਡ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਜੁਨੇਜਾ ਨੇ ਆਖਿਆ ਕਿ ਪੰਜਾਬ ਅੰਦਰ 200 ਪਲਾਈਵੁੱਡ ਫੈਕਟਰੀਆਂ ਲੱਕੜ ਨੂੰ ਵਰਤ ਰਹੀਆਂ ਹਨ। ਖੇਤੀ ਅਧਾਰਿਤ ਉਦਯੋਗ ਸਰਟੀਫਿਕੇਟ ਦੀ ਅਣਹੋਂਦ ਕਾਰਨ ਇਨ੍ਹਾਂ ਉਦਯੋਗਾਂ ਨੂੰ ਬੈਂਕ ਪਾਸੋਂ ਵੀ ਮਹਿੰਗਾ ਕਰਜ਼ਾ ਮਿਲਦਾ ਹੈ ਅਤੇ ਹੋਰ ਸਹੂਲਤਾਂ ਵੀ ਨਹੀਂ ਮਿਲਦੀਆਂ। ਜੇਕਰ ਪੰਜਾਬ ਸਰਕਾਰ ਇਸ ਨੂੰ ਖੇਤੀ ਅਧਾਰਿਤ ਉਦਯੋਗ ਸਰਟੀਫਿਕੇਟ ਦੇ ਦੇਵੇ ਤਾਂ ਵਪਾਰਕ ਅਤੇ ਸਹਿਕਾਰੀ ਬੈਂਕ ਸਸਤੀਆਂ ਦਰਾਂ ਤੇ ਕਰਜ਼ਾ ਦੇ ਸਕਦੇ ਹਨ। ਲੱਕੜ ਤਕਨਾਲੋਜੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਐਸ ਸੀ ਜੌਲੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਜਦ ਕਿ ਡਾ: ਕ੍ਰਿਸ਼ਨ ਕੁਮਾਰ ਨੇ ਧੰਨਵਾਦ ਦੇ ਸ਼ਬਦ ਕਹੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>