ਪੰਜਾਬੀ ਸਮਾਜ ਵਿੱਚ ਔਰਤ ਦੇ ਬਦਲੇ ਰਹੇ ਬਿੰਬ ਦੀ ਨਿਸ਼ਾਨਦੇਹੀ ਜ਼ਰੂਰੀ-ਡਾ: ਆਤਮਜੀਤ

ਲੁਧਿਆਣਾ:ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਡਾ: ਆਤਮਜੀਤ ਦੇ ਨਵੇਂ ਲਿਖੇ ਨਾਟਕ ਤਸਵੀਰ ਦਾ ਤੀਜਾ ਪਾਸਾ ਦੇ ਪਾਠ ਦਾ ਆਯੋਜਨ ਕੀਤਾ ਗਿਆ। ਪਿਛਲੇ ਇਕ ਦਹਾਕੇ  ਵਿੱਚ ਵਾਪਰੀਆਂ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਤੇ ਅਧਾਰਿਤ ਇਸ ਨਾਟਕ ਵਿੱਚ ਤਸਵੀਰ ਦਾ ਤੀਸਰਾ ਪਾਸਾ ਵਿਖਾਉਣ ਬਾਰੇ ਡਾ: ਆਤਮਜੀਤ ਨੇ ਕਿਹਾ ਕਿ ਹਾਸ਼ੀਆਗ੍ਰਸਤ ਹੋ ਚੁੱਕੇ ਤੀਸਰੇ ਪਾਸੇ ਦੇ ਮਨਅੰਤਰ ਦੀ ਪੀੜ ਨੂੰ ਪਛਾਨਣਾ ਅਤੇ ਲਿਖਣਾ ਮੇਰੀ ਸਿਰਜਣਾਤਮਕ ਲੋੜ ਸੀ। ਨਾਟਕ ਬਾਰੇ ਚਰਚਾ ਕਰਦਿਆਂ ਡਾ: ਹਰੀਸ਼ ਪੁਰੀ ਅਤੇ ਪ੍ਰਸਿੱਧ ਚਿੰਤਕ ਅਮਰਜੀਤ ਗਰੇਵਾਲ ਨੇ ਆਖਿਆ ਕਿ ਇਸ ਨਾਟਕ ਦੇ ਪਾਤਰ ਸਥਿਤੀ ਅੱਗੇ ਕਠਪੁਤਲੀ ਬਣੇ ਪ੍ਰਤੀਤ ਹੁੰਦੇ ਹਨ ਜਦ ਕਿ ਇਨ੍ਹਾਂ ਅੰਦਰਲੀ ਛਟਪਟਾਹਟ ਨੂੰ ਵੀ ਸੰਭਾਲਣਾ ਅਤੇ ਸਿਰਜਣਾ ਜ਼ਰੂਰੀ ਜਾਪਦਾ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਡਾ: ਆਤਮਜੀਤ ਦੀ ਸਮਰੱਥਾ ਅਤੇ ਸਿਰਜਣਾਤਮਕ ਸ਼ਕਤੀ ਤੋਂ ਸਥਿਤੀਆਂ ਤਿਲਕਦੀਆਂ ਮਹਿਸੂਸ ਹੁੰਦੀਆਂ ਹਨ ਜਦ ਕਿ ਉਹ ਹਰ ਬਾਰੀਕ ਵੇਰਵੇ ਤੇ ਬਾਜ਼ ਅੱਖ ਰੱਖਣ ਵਾਲਾ ਨਾਟਕਕਾਰ ਹੈ। ਉਨ੍ਹਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਲੋਕਾਂ ਦੀ ਜ਼ੁਬਾਨ ਨੂੰ ਬੋਲੀ ਅਵਰੁ ਤੁਮਹਾਰੀ ਕਿਹਾ ਸੀ ਜਾਂ ਸ਼ਾਹ ਮੁਹੰਮਦ ਨੇ ਜੰਗਨਾਮੇ ਵਿੱਚ ਤੀਸਰੀ ਜਾਤ ਕਿਹਾ ਸੀ ਉਨ੍ਹਾਂ ਦੇ ਦਖਲ ਨਾਲ ਸਾਡੇ ਕਿਰਦਾਰ ਨੂੰ ਹਾਸ਼ੀਆ ਗ੍ਰਸ਼ਤ ਕੀਤਾ ਜਾ ਰਿਹਾ ਹੈ। ਨਾਟਕ ਵਿੱਚ ਪੇਸ਼ ਉਰਦੂ ਸ਼ਾਇਰੀ ਅਤੇ ਕਸ਼ਮੀਰੀ ਮੁਹਾਵਰਿਆਂ ਦੇ ਹਵਾਲੇ ਨਾਲ ਉਰਦੂ ਕਵੀ ਸਰਦਾਰ ਪੰਛੀ ਨੇ ਕਿਹਾ ਕਿ ਸਥਿਤੀਆਂ ਨੂੰ ਸਮਝਾਉਣ ਵਿੱਚ ਇਹ ਬੋਲ ਵੱਡੀ ਧਿਰ ਬਣਦੇ ਹਨ। ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰੋਫੈਸਰ ਡਾ: ਰਾਕੇਸ਼ ਕੁਮਾਰ ਨੇ ਕਿਹਾ ਕਿ ਪੂੰਜੀ ਵੱਲੋਂ ਨਿਰਧਾਰਤ ਰਿਸ਼ਤੇ ਅਤੇ ਵਰਤਾਰੇ ਇਸ ਨਾਟਕ ਦੇ ਕਿਰਦਾਰਾਂ ਤੇ ਹਾਵੀ ਹੋਣ ਕਰਕੇ ਹੀ ਉਹ ਤੀਸਰੇ ਪਾਸੇ ਵਜੋਂ ਉੱਭਰਦੇ ਹਨ। ਪ੍ਰੋਫੈਸਰ ਨਰਿੰਜਨ ਤਸਨੀਮ ਨੇ ਆਖਿਆ ਕਿ ਇਹ ਨਾਟਕ ਬਹੁਤਾ ਮੰਚ ਤੋਂ ਬਾਹਰ ਵਾਪਰਦਾ ਹੈ ਅਤੇ ਮੰਚ ਤੇ ਕੇਵਲ ਪ੍ਰਵਚਨ ਹਨ ਜੋ ਇਸ ਨੂੰ ਰੇਡੀਓ ਨਾਟਕ ਵੱਲ ਲਿਜਾਂਦੇ ਹਨ। ਡਾ: ਨਿਰਮਲ ਜੌੜਾ ਅਤੇ ਮਨਜਿੰਦਰ ਧਨੋਆ ਨੇ ਵੀ ਨਾਟਕ ਬਾਰੇ ਆਪਣੀਆਂ ਟਿੱਪਣੀਆਂ ਦਿੱਤੀਆਂ। ਇਸ ਮੌਕੇ ਜਸਵਿੰਦਰ ਕੌਰ ਗਿੱਲ ਨੇ ਵੀ ਡਾ: ਆਤਮਜੀਤ ਦੇ ਨਾਟਕ ਨੂੰ ਲੁਕਵੇਂ ਦੁਸ਼ਮਣ ਦੀ ਨਿਸ਼ਾਨਦੇਹੀ ਦਾ ਦਸਤਾਵੇਜ ਕਿਹਾ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਭੱਠਲ ਨੇ ਡਾ: ਆਤਮਜੀਤ ਦੀ ਇਸ ਲਿਖਤ ਨੂੰ ਤ੍ਰੈਕਾਲ ਦਰਸ਼ੀ ਸੁਭਾਅ ਵਾਲੀ ਕਿਹਾ ਜਿਸ ਵਿੱਚ ਬੀਤੇ ਦੀਆਂ ਘਟਨਾਵਾਂ ਤੇ ਉੱਸਰੇ ਵਰਤਮਾਨ ਦੇ ਭਵਿੱਖਮੁਖੀ ਨਕਸ਼ਾਂ ਦਾ ਸਰੂਪ ਉੱਘੜਦਾ ਹੈ।
ਇਸ ਮੌਕੇ ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ਵਿੱਚ ਪੰਜਾਬੀ ਵਿਭਾਗ ਦੀ ਮੁਖੀ ਡਾ: ਸੁਰਿੰਦਰ ਕੌਰ ਭੱਠਲ ਦੀ ਨਵ ਪ੍ਰਕਾਸ਼ਤ ਖੋਜ ਪੁਸਤਕ ‘ਨਾਰੀਵਾਦ ਅਤੇ ਪੰਜਾਬੀ ਨਾਟਕ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਇਸ  ਪੁਸਤਕ ਬਾਰੇ ਬੋਲਦਿਆਂ ਡਾ: ਆਤਮਜੀਤ ਨੇ ਆਖਿਆ ਕਿ ਇਹ ਪੁਸਤਕ 1960 ਤੋਂ ਸਾਲ 2000 ਤੀਕ ਲਿਖੇ ਪੰਜਾਬੀ ਨਾਟਕਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ ਅਤੇ ਨਾਰੀ ਸਰੋਕਾਰਾਂ ਪ੍ਰਤੀ ਪੰਜਾਬੀ ਨਾਟਕਕਾਰਾਂ ਦੀ ਪਹੁੰਚ ਨੂੰ ਵਿਸ਼ਲੇਸ਼ਣਾਤਮਕ ਵਿਧੀ ਨਾਲ ਪੇਸ਼ ਕਰਦੀ ਹੈ। ਉਨ੍ਹਾਂ ਆਖਿਆ ਕਿ ਡਾ: ਭੱਠਲ  ਨੇ ਇਸ ਕਾਲ ਦੇ ਨਾਟਕਾਂ ਅਤੇ ਨਾਟਕਕਾਰਾਂ ਦੀ ਔਰਤ ਪ੍ਰਤੀ ਸੋਚ ਦੀ ਵੰਨ ਸੁਵੰਨਤਾ ਨੂੰ ਵੀ ਪਛਾਣਿਆ ਹੈ ਪਰ ਗੱਲ ਏਥੇ ਹੀ ਨਹੀਂ ਰੁਕਣੀ ਚਾਹੀਦੀ ਸਗੋਂ ਇਸ ਤੋਂ ਅੱਗੇ ਤੁਰਨੀ ਚਾਹੀਦੀ ਹੈ। ਡਾ: ਹਰੀਸ਼ ਪੁਰੀ ਨੇ ਪੁਸਤਕ ਪ੍ਰਕਾਸ਼ਨ ਤੇ ਮੁਬਾਰਕ ਦਿੰਦਿਆਂ ਕਿਹਾ ਕਿ ਪੰਜਾਬੀ ਅਧਿਆਪਨ ਵਿੱਚ ਔਰਤਾਂ ਦੀ ਆਲੋਚਨਾਤਮਕ ਦਖਲ ਅੰਦਾਜ਼ੀ ਸੁਭਾਗ ਹੈ। ਵਿਸ਼ੇਸ਼ ਕਰਕੇ ਨਾਰੀ ਵੇਦਨਾ ਅਤੇ ਚਿੰਤਨ ਨੂੰ ਖੁਦ ਜਾਨਣਾ ਅਤੇ ਪਛਾਣਨਾ ਹੋਰ ਵੀ ਚੰਗੀ ਸ਼ੁਰੂਆਤ ਹੈ। ਪ੍ਰੋ: ਨਰਿੰਜਨ ਤਸਨੀਮ ਨੇ ਕਿਹਾ ਕਿ ਇਸ ਵੱਡ ਅਕਾਰੀ ਪੁਸਤਕ ਵਿੱਚ ਲੇਖਕਾਂ ਨੇ ਪੰਜਾਬੀ ਨਾਰੀ ਦੇ ਨਾਟਕੀ ਚਿਤਰਨ ਨੂੰ ਇਕ ਨਾਰੀ ਦੀ ਨਜ਼ਰ ਨਾਲ ਦੇਖਣ ਕਰਕੇ ਇਸ ਦਾ ਰਚਨਾਤਮਕ ਮਹੱਤਵ ਵਧੇਰੇ ਹੈ। ਪ੍ਰੋਫੈਸਰ ਗੁਰਭਜਨ ਗਿੱਲ ਨੇ ਆਖਿਆ ਕਿ ਭਾਵੇਂ ਨਾਰੀਵਾਦ ਅਤੇ ਨਾਰੀ ਸਰੋਕਾਰਾਂ ਬਾਰੇ ਅਤੇ ਪਹਿਲਾਂ ਵੀ ਕਾਫੀ ਖੋਜ ਕਾਰਜ ਹੋ ਚੁੱਕਾ ਹੈ ਪਰ ਪੰਜਾਬੀ ਨਾਟਕ ਨੂੰ ਕੇਂਦਰ ਵਿੱਚ ਰੱਖ ਕੇ ਵਿਸ਼ਲੇਸ਼ਣ ਕਰਨ ਵਾਲੀ ਇਹ ਮਹੱਤਵਪੂਰਨ ਪੁਸਤਕ ਹੈ। ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਯੁਵਕ ਭਲਾਈ ਡਾ: ਨਿਰਮਲ ਜੌੜਾ ਨੇ ਵੀ ਡਾ: ਭੱਠਲ ਦੀ ਇਸ ਸਮੀਖਿਆ ਪੁਸਤਕ ਦਾ ਸੁਆਗਤ ਕੀਤਾ। ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਡਾ :ਆਤਮਜੀਤ ਅਤੇ ਹੋਰ ਵਿਦਵਾਨਾਂ ਦਾ ਨਾਟਕ ਪਾਠ ਅਤੇ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਡਾ: ਸੁਰਿੰਦਰ ਕੌਰ ਭੱਠਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹ ਆਪਣੇ ਖੋਜ ਕਾਰਜ ਨੂੰ ਪੂਰੀ ਸੁਹਿਰਦਤਾ ਨਾਲ ਅੱਗੇ ਵਧਾਏਗੀ ਜਿਸ ਦਾ ਸਾਹਿਤ ਦੇ ਵਿਦਿਆਰਥੀਆਂ ਅਤੇ ਰੰਗਕਰਮੀਆਂ ਨੂੰ ਲਾਭ ਹੋਵੇਗਾ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>