ਪ੍ਰਾਪਰਟੀ ਟੈਕਸ ਦਾ ਦੋਸ਼ ਕੇਂਦਰ ਸਿਰ ਮੜ੍ਹ ਕੇ ਬਾਦਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ-ਬਾਜਵਾ

ਬਰਨਾਲਾ,(ਜੀਵਨ ਰਾਮਗੜ੍ਹ)-ਸੂਬੇ ਦੀ ਬਾਦਲ ਸਰਕਾਰ ਵੱਲੋਂ ਪੰਜਾਬ ਦੇ ਸਹਿਰੀਆਂ ਉਪਰ ਠੋਸੇ ਜਾ ਰਹੇ ਪ੍ਰਾਪਰਟੀ ਟੈਕਸ ਦੇ ਬੋਝ ਸਬੰਧੀ ਕੇਂਦਰੀ ਸਰਕਾਰ ਦੁਆਰਾ ਮਜ਼ਬੂਰ ਕਰਨ ਦੇ ਲਾਏ ਜਾ ਰਹੇ ਦੋਸ਼ ਗੁੰਮਰਾਹਕੁੰਨ ਤੇ ਬੇਬੁਨਿਆਦ ਹਨ ਕਿਉਕਿ ਕੇਂਦਰੀ ਸਰਕਾਰ ਵੱਲੋਂ ਪੰਜਾਬ ਦੀ ਬਦ ਤੋਂ ਬਦਤਰ ਹੋ ਰਹੀਆਂ ਆਰਥਿਕ ਹਾਲਤਾਂ ਨੂੰ ਮੁੱਖ ਰੱਖਦਿਆਂ ਸ਼ਹਿਰੀ ਵਿਕਾਸ ਲਈ ਕੁੱਝ ਜਾਇਜ਼ ਕਦਮ ਉਠਾਉਣ ਲਈ ਸਿਰਫ਼ ਸਲਾਹ ਜਾਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ, ਨਾ ਕਿ ਆਮ ਸ਼ਹਿਰੀਆਂ ਦਾ ਗਲਾ ਘੁੱਟਣ ਲਈ ਆਦੇਸ਼ ਦਿੱਤੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਰਨਾਲਾ ਦੀ ਪਲੇਠੀ ਫੇਰੀ ਦੌਰਾਨ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਹਲਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਆਮਦਨ 31 ਹਜ਼ਾਰ ਕਰੋੜ ਰੁਪਏ ਤੇ ਖਰਚਾ 40 ਹਜ਼ਾਰ ਕਰੋੜ ਰੁਪਏ ਹੈ ਤੇ ਜਿਸ ਕਾਰਨ 9 ਹਜ਼ਾਰ ਕਰੋੜ ਰੁਪਏ ਦਾ ਪੈ ਰਿਹਾ ਘਾਟਾ ਕਿਸੇ ਵਿਕਾਸ ਮੁਖੀ ਯੋਜਨਾਵਾਂ ਵਿੱਚ ਨਿਵੇਸ਼ ਕਾਰਨ ਨਹੀਂ ਸਗੋਂ ਪੰਜਾਬ ਸਰਕਾਰ ਦੀਆਂ ਫਜ਼ੂਲ ਖਰਚਿਆਂ ਕਰਕੇ ਪੈ ਰਿਹਾ ਹੈ। ਸਰਕਾਰ ਨੇ ਆਪਣੇ ਖ਼ਰਚੇ ਘਟਾਉਣ ਦੀ ਬਜਾਇ ਲੋਕਾਂ ’ਤੇ ਅਜਿਹੇ ਅਥਾਹ ਬੇਲੋੜੇ ਟੈਕਸ ਲਗਾ ਕੇ ਲੋਕਾਂ ਦੀ ਸੰਘੀ ਘੁੱਟੀ ਜਾ ਰਹੀ ਹੈ। ਸ: ਬਾਜਵਾ ਨੇ ਅੱਗੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣ ਮੈਨੀਫੈਸਟੋ 2007 ਵਿੱਚ ਕੀਤੇ ਵਾਅਦੇ 6 ਸਾਲ ਬੀਤ ਜਾਣ ਬਾਅਦ ਵੀ ਪੂਰੇ ਨਹੀਂ ਕੀਤੇ ਉਨ੍ਹਾਂ ਕਿਹਾ ਕਿ ਵਾਅਦਿਆਂ ’ਚ 65 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਜਾਂ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਰੁਜ਼ਗਾਰ ਭੱਤਾ ਤੋਂ ਇਲਾਵਾ ਬੁਢਾਪਾ ਪੈਨਸ਼ਨ 250 ਤੋਂ 400 ਰੁਪਏ ਕਰਨ ਦੇ ਵਾਅਦੇ ਪੂਰੇ ਕਰਨ ਵੇਲੇ ਟਾਲ ਮਟੋਲ ਕੀਤੀ ਜਾਂਦੀ ਹੈ ਪ੍ਰੰਤੂ 38 ਕਰੋੜ ਦਾ ਉਡਣ ਖਟੋਲਾ ਅਤੇ ਕਬੱਡੀ ਕੱਪਾਂ ਦੌਰਾਨ ਅਕਸੇ ਕੁਮਾਰ ਤੇ ਕੈਟਰੀਨਾ ਕੈਫ ਦੇ 20 ਮਿੰਟ ਦੇ ਲਟਕੇ ਝਟਕਿਆਂ ਤੇ 11 ਕਰੋੜ ਰੁਪਏ ਖਰਚਣ ਵੇਲੇ ਬਿੰਦ ਲਾਉਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਵੱਲੋਂ ਚੂੰਗੀਆਂ ਵਾਪਿਸ ਲੈਣ ਦੇ ਮੌਕੇ ਇਹ ਤਹਿ ਕੀਤਾ ਗਿਆ ਕਿ ਟੋਟਲ ਵੈਟ ਵਸੂਲੀ ਦਾ 10 ਪ੍ਰਤੀਸ਼ਤ ਨਗਰ ਕੌਂਸਲਾਂ ਤੇ ਕਾਰਪੋਰੇਸ਼ਨ ਨੂੰ ਭੇਜਿਆ ਜਾਵੇ ਤਾਂ ਸੂਬੇ ਸਰਕਾਰ ਨੂੰ ਉਕਤ ਜਜੀਏ ਲਾਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟੋਟਲ ਬਜਟ ਦੇ ਬਰਾਬਰ ਹਿੱਸੇ ਚੋਂ 25 ਪ੍ਰਤੀਸ਼ਤ ਦਾ ਬਜਟ ਕੇਂਦਰ ਪੰਜਾਬ ’ਤੇ ਖਰਚ ਕਰ ਰਹੀ ਹੈ।

ਪੰਜਾਬ ਦੀ ਦਿਨੋਂ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ ਅਕਾਲੀਆਂ ਦੀ ਹੱਥ ਠੋਕਾ ਹੋਣ ਦੇ ਬਾਵਜੂਦ ਸੱਤਾਧਾਰੀਆਂ ਦੇ ਪਾਲੇ ਗੁੰਡਿਆਂ ਦੇ ਹੱਥੋਂ ਹੀ ਜਲੀਲ ਹੋ ਰਹੀ ਹੈ ਅਤੇ ਇਸਦੇ ਅਧਿਕਾਰੀ ਮਾਰੇ ਜਾ ਰਹੇ ਹਨ। ਜਿਸ ਤਹਿਤ ਸੂਬੇ ਦੇ ਲੋਕਾਂ ਦਾ ਸਰੁੱਖਿਆਂ ਪੱਖੋਂ ਪੰਜਾਬ ਪੁਲਿਸ ਤੋਂ ਵਿਸ਼ਵਾਸ਼ ਉਠਿਆ ਹੀ ਹੈ ਸਗੋਂ ਖੁਦ ਬਾਦਲ ਪਰਿਵਾਰ ਵੀ ਪੰਜਾਬ ਪੁਲਿਸ ਦੀ ਬਜਾਇ ਸੀਆਰਪੀਐਫ ਦੀ ਸਰੁੱਖਿਆ ਛਤਰੀ ਹੇਠ ਵਿਚਰ ਰਹੀ ਹੈ। ਸੂਬਾ ਸਰਕਾਰ ਦੇ ਵਾਅਦਿਆਂ ਤੋਂ ਭੱਜਣ ਦੀ ਗੱਲ ਕਰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਬਾਰਵ੍ਹੀ ਕਲਾਸ ਤੱਕ ਲੜਕੀਆਂ ਲਈ ਮੁਫ਼ਤ ਵਿਦਿਆ ਦੇਣ ਦੇ ਵਾਅਦੇ ਤੋਂ ਭੱਜਦਿਆਂ ਅੱਠਵੀਂ ਜਮਾਤ ਤੋਂ ਉਪਰੀਆਂ ਜਮਾਤਾਂ ਦੇ ਵਿਦਿਆਰਥੀਆਂ ਤੋਂ ਫੀਸਾਂ ਵਸੂਲਣ ਦੇ ਹੁਕਮ ਚਾੜ ਦਿੱਤੇ ਹਨ ਉਥੇ ਲੈਪਟਾਪ ਦੇਣ ਦੀ ਬਜਾਇ ਟੇਬਲੇਟ ਦੇ ਫੋਕੇ ਵਾਅਦਿਆਂ ’ਤੇ ਆ ਗਈ ਹੈ। ਉਨ੍ਹਾਂ ਮਜ਼ਾਕ ਉਡਾਉਦਿਆਂ ਕਿਹਾ ਕਿ ਹੁਣ  ਬਾਦਲ ਕੇ ਯਾਂਤਰਿਕ ਟੇਬਲੇਟਾਂ ਦੀ ਬਜਾਇ ਮਿੱਠੀਆਂ ਟੇਬਲੇਟਾਂ (ਮਿੱਠੀਆਂ ਗੋਲੀਆਂ) ਦੀ ਸਕੀਮ ਲਿਆਉਣਗੇ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਵਿਆਹੀਆਂ ਪੰਜਾਬ ਦੀਆਂ ਧੀਆਂ ਦੇ ਕੁੱਛੜ ਨਿਆਣੇ ਵੀ ਹੋ ਗਏ ਪਰ ਸੂਬਾ ਸਰਕਾਰ ਦਾ ਸ਼ਗਨ ਉਨ੍ਹਾਂ ਦੀ ਝੋਲੀ ਨਹੀਂ ਪਿਆ। ਪੰਜਾਬ ਸਰਕਾਰ ਨੇ ਰੁਜ਼ਗਾਰ ਤਾਂ ਕੀ ਦੇਣਾ ਸੀ ਸਗੋਂ ਰੇਤਾ ਬਜਰੀ ਦੀ ਕਾਲਾ ਬਾਜ਼ਾਰੀ ਕਰਕੇ ਮਿਸਤਰੀ ਤੇ ਮਜ਼ਦੂਰਾਂ ਦਾ ਰੁਜ਼ਗਾਰ ਵੀ ਖੋਹ ਲਿਆ ਹੈ। ਕੇਂਦਰ ਵੱਲੋਂ ਦਿੱਤੀਆਂ ਸਿਹਤ ਸਹੂਲਤਾ ਤਹਿਤ ਚਲਾਈਆਂ ਐਬੂਲੈਸਾਂ ’ਤੇ ਮੁੱਖ ਮੰਤਰੀ ਨੇ ਆਪਣੀਆਂ ਫੋਟੋਆਂ ਲਾ ਕੇ ਲੋਕਾਂ ਨੂੰ ਗੁੰਮਰਾਹ ਤਾਂ ਕੀਤਾ ਹੀ ਜਾਂਦਾ ਸੀ ਪ੍ਰੰਤੂ ਹੁਣ ਤਾਂ ਸਕੂਲ ਵਿਦਿਆਰਥੀਆਂ ਦੇ ਵਿਦਿਅਕ ਸਰਟੀਫਿਕੇਟਾਂ ’ਤੇ ਵੀ ਫੋਟੋਆਂ ਲਾਕੇ ਹੇਠਲੇ ਪੱਧਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਸ: ਬਾਜਵਾ ਨੇ ਕਿਹਾ ਕਿ ਸੂਬੇ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਕਾਂਗਰਸ ਦੇ ਰਾਜ ਵੇਲੇ ਹੀ ਹੋਇਆ ਹੈ। ਜਿਵੇ ਕਿ ਖੇਤੀ ਸੈਕਟਰ ਦੇ ਵਿਕਾਸ ਲਈ ਖੇਤੀ ਯੂਨੀਵਰਸਿਟੀ ਲੁਧਿਆਣਾ, ਬਿਜਲੀ ਪਾਣੀ ਲਈ ਭਾਖੜਾ ਡੈਮ, ਸਿਹਤ ਸਹੂਲਤਾਂ ਲਈ ਪੀਜੀਆਈ ਤੇ ਜ਼ਮੀਨਾਂ ਦੀ ਚੱਕਬੰਦੀ  ਤੋਂ ਇਲਾਵਾ ਪੰਜਾਬ ਨੂੰ ਅੱਤਵਾਦ ਦੇ ਕਾਲੇ ਦੌਰ ਤੋਂ ਬਾਹਰ ਕੱਢਣ ਆਦਿ ਲਈ ਸਭ ਦਾ ਸਿਹਰਾ ਕਾਂਗਰਸ ਦੇ ਸਿਰ ਹੀ ਬੱਝਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੋਪਰਟੀ ਟੈਕਸ ਲਾਉਣ ਦੀ ਬਜਾਇ ਪਹਿਲਾ ਲੱਗੇ ਹਾਊਸ ਟੈਕਸ ਨੂੰ ਹੀ ਪ੍ਰਾਪਰਟੀ ਟੈਕਸ ਵਿੱਚ ਤਬਦੀਲ ਕਰ ਦਿੱਤਾ ਜਾਵੇ ਅਤੇ ਵੈਟ ਦੀ ਕੁੱਲ ਵਸੂਲੀ ਦਾ 10 ਪ੍ਰਤੀਸ਼ਤ ਨਗਰ ਕੌਂਸਲਾਂ ਤੇ ਨਿਗਮਾਂ ਨੂੰ ਹੀ ਦਿੱਤਾ ਜਾਵੇ। ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਬਰਨਾਲਾ ਵਿਧਾਇਕ ਕੇਵਲ ਸਿੰਘ ਢਿੱਲੋਂ, ਮਾਲਵਾ ਜੋਨ ਦੇ ਇੰਚਾਰਜ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ, ਹਲਕਾ ਮਹਿਲ ਕਲਾਂ ਦੇ ਵਿਧਾਇਕ ਹਰਚੰਦ ਕੌਰ ਘਨੌਰੀ, ਐਮਪੀ ਵਿਜੈਇੰਦਰ ਸਿੰਗਲਾ ਨੇ ਵੀ ਸੂਬਾ ਸਰਕਾਰ ਨੂੰ ਕਰਾਰੇ ਹੱਥੀ ਲਿਆ। ਇਸ ਮੌਕੇ ਹਲਕਾ ਨਾਭਾ ਦੇ ਸਾਬਕਾ ਵਿਧਾਇਕ ਰਮੇਸ਼ ਕੁਮਾਰ ਮੇਸ਼ੀ, ਚਿਰੰਜੀ ਲਾਲ ਗਰਗ, ਸੀਨੀਅਰ ਆਗੂ ਕ੍ਰਿਸ਼ਨ ਬਾਵਾ, ਸੁਰਿੰਦਰਪਾਲ ਸਿਬੀਆ, ਹਲਕਾ ਭਦੌੜ ਤੋਂ ਮੁਹੰਮਦ ਸਦੀਕ ਦੇ ਬੇਟੇ ਰਾਜਾ ਭਾਰਦਵਾਜ, ਸੂਰਜ ਭਾਰਦਵਾਜ, ਜ਼ਿਲ੍ਹਾ ਪ੍ਰਧਾਨ ਜਗਜੀਤ ਧੌਲਾ, ਰਜਨੀਸ਼ ਭੋਲਾ, ਪਰਮਜੀਤ ਮਾਨ, ਬੀਬੀ ਬਲਜੀਤ ਕੌਰ ਸਹੋਤਾ, ਰਜਿੰਦਰ ਕੌਰ ਮੀਮਸਾ ਆਦਿ ਆਗੂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>