ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰਾਂ ਦੀ ਰਾਜ ਪੱਧਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਬਜ਼ੀਆਂ ਨਾਲ ਸਬੰਧਿਤ ਵਿਗਿਆਨੀ ਡਾ: ਤਰਸੇਮ ਸਿੰਘ ਢਿੱਲੋਂ ਨੇ ਕਿਹਾ ਕਿ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਲਗਾ ਕੇ ਛੇ ਜੀਆਂ ਵਾਲਾ ਟੱਬਰ ਆਪਣੇ ਖਾਣ ਲਈ ਸਾਲਾਨਾ ਲਗਪਗ 30 ਹਜ਼ਾਰ ਰੁਪਏ ਦੀਆਂ ਸਬਜ਼ੀਆਂ ਉਗਾ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਅਤੇ ਪਾਲਣ ਢੰਗਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਆਖਿਆ ਕਿ ਇਸ ਨਾਲ ਜਿਥੇ ਪੌਸ਼ਟਿਕ ਸੁਰੱਖਿਆ ਯਕੀਨੀ ਬਣੇਗੀ ਉਥੇ ਖੁਦ ਉਗਾਈ ਸਬਜ਼ੀ ਨਾਲ ਰਸਾਇਣ ਮੁਕਤ ਸਬਜ਼ੀਆਂ ਖਾਣ ਦਾ ਵੀ ਸੁਆਦ ਮਿਲੇਗਾ।
ਗਰਮੀ ਰੁੱਤ ਦੀਆਂ ਦਾਲਾਂ ਵਿਚੋਂ ਮੂੰਗੀ ਅਤੇ ਮਾਂਹ ਦੀ ਬੀਜਾਈ ਸੰਬੰਧੀ ਨੁਕਤੇ ਅਤੇ ਬੀਮਾਰੀਆਂ ਦੀ ਰੋਕਥਾਮ ਬਾਰੇ ਦਸਦਿਆਂ ਡਾ: ਗੁਰਇਕਬਾਲ ਸਿੰਘ ਨੇ ਆਖਿਆ ਕਿ ਇਸ ਨਾਲ ਕਣਕ ਦੇ ਵੱਢ ਵਿੱਚ ਸੱਠੀ ਮੂੰਗੀ ਆਦਿ ਬੀਜਣ ਨਾਲ ਨਾਈਟਰੋਜਨ ਵੀ ਜ਼ਮੀਨ ਵਿੱਚ ਸਥਾਪਿਤ ਹੋਵੇਗੀ ਅਤੇ ਆਉਂਦੀ ਫ਼ਸਲ ਨੂੰ ਘੱਟ ਨਾਈਟਰੋਜਨ ਦੀ ਲੋੜ ਪਵੇਗੀ। ਜ਼ਮੀਨ ਦੀ ਸਿਹਤ ਸੁਧਾਰਨ ਅਤੇ ਵੱਧ ਕਮਾਈ ਲਈ ਗਰਮੀ ਰੁੱਤ ਦੀਆਂ ਦਾਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਪਾਲਣ ਵਿਭਾਗ ਦੇ ਮੁਖੀ ਡਾ: ਜਸਵਿੰਦਰ ਸਿੰਘ ਭੱਟੀ ਨੇ ਮੁਰਗੀ ਪਾਲਣ ਨੂੰ ਖੇਤੀ ਸਹਾਇਕ ਧੰਦੇ ਵਜੋਂ ਕਰਨ ਦੇ ਨਾਲ ਨਾਲ ਇਸ ਨੂੰ ਵਿਸ਼ੇਸ਼ ਮੁਹਾਰਤ ਨਾਲ ਮੁੱਖ ਧੰਦੇ ਵਜੋਂ ਅਪਨਾਉਣ ਤੇ ਵੀ ਜ਼ੋਰ ਦਿੱਤਾ। ਜੀਵ ਵਿਗਿਆਨ ਵਿਭਾਗ ਦੀ ਵਿਗਿਆਨੀ ਡਾ: ਤੇਜਦੀਪ ਕੌਰ ਕਲੇਰ ਨੇ ਮਿੱਤਰ ਪੰਛੀਆਂ ਦੀ ਖੇਤੀ ਵਿੱਚ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਦ ਕਿ ਡਾ: ਮਹੇਸ਼ ਕੁਮਾਰ ਨੇ ਲਸਣ ਅਤੇ ਪਿਆਜ਼ ਪੁੱਟਣ ਤੋਂ ਬਾਅਦ ਉਨ੍ਹਾਂ ਦੀ ਸਾਂਭ ਸੰਭਾਲ ਸੰਬੰਧੀ ਨੁਕਤੇ ਸਮਝਾਏ।
ਪੀ ਏ ਯੂ ਕਿਸਾਨ ਕਲੱਬ ਦੇ ਇੰਚਾਰਜ ਡਾ: ਤੇਜਿੰਦਰ ਸਿੰਘ ਰਿਆੜ ਕਿਸਾਨ ਕਲੱਬ ਦੇ ਮੈਂਬਰਾਂ ਨੂੰ ਹਰੀ ਖਾਦ ਦੀ ਮਹੱਤਤਾ ਅਤੇ ਉਸ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਗੱਲ ਆਖੀ ਕਿਉਂਕਿ ਇਸ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕਰਨ ਦਾ ਇਹੀ ਮੌਕਾ ਹੈ। ਉਨ੍ਹਾਂ ਆਖਿਆ ਕਿ ਜਨਰਲ ਹਾਊਸ ਵੱਲੋਂ ਪਾਸ ਸੰਵਿਧਾਨਕ ਵਿਧੀ ਮੁਤਾਬਕ ਕਲੱਬ ਦਾ ਉਹੀ ਮੈਂਬਰ ਚੋਣ ਵਿੱਚ ਵੋਟ ਦੇ ਸਕੇਗਾ, ਜਿਸ ਦੀਆਂ ਹਾਜ਼ਰੀਆਂ 60 ਫੀ ਸਦੀ ਹੋਣਗੀਆਂ।
ਕਲੱਬ ਦੇ ਸੀਨੀਅਰ ਮੈਂਬਰ ਸ: ਅਮਰੀਕ ਸਿੰਘ ਭੁੱਲਰ ਨੇ ਮਾਹਿਰਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਨੂੰ ਕਿਹਾ ਜਦ ਕਿ ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਨੇ ਕਿਸਾਨ ਕਲੱਬ ਦੀਆਂ ਭਵਿੱਖਮੁਖੀ ਯੋਜਨਾਵਾਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਬਾਸਮਤੀ ਦੀ ਮੰਗ ਅਤੇ ਉਸ ਦੇ ਮੰਡੀਕਰਨ ਲਈ ਸਥਾਪਿਤ ਢਾਂਚੇ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ।