ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ

ਪਟਿਆਲਾ – ਭਾਈ ਸਾਹਿਬ ਭਾਈ ਰਣਧੀਰ ਸਿੰਘ ਗਦਰ ਲਹਿਰ ਦੇ ਮੋਢੀਆਂ ਵਿੱਚੋ ਸਨ ,ਜਿਹਨਾਂ ਨੇ ਦੇਸ਼ ਅਤੇ ਕੌਮ ਦੀ ਆਜ਼ਾਦੀ ਲਈ ਆਪਣਾ ਵਡਮੁਲਾ ਯੋਗਦਾਨ ਪਾਇਆ। ਉਹ ਇੱਕ ਕਰਾਂਤੀਕਾਰੀ ਦੇਸ਼ ਭਗਤ ਸਨ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ 16 ਸਾਲ ਜੇਲ੍ਹ ਦੀ ਕਾਲ ਕੋਠੜੀ ਵਿੱਚ ਗੁਜਾਰੇ। ਉਹਨਾਂ ਨੂੰ ਜੇਲ੍ਹ ਵਿੱਚ ਅਨੇਕਾਂ ਤਸੀਹੇ ਦਿੱਤੇ ਗਏ, ਜਿਹਨਾਂ ਨੂੰ ਉਹਨਾਂ ਖਿੜੇ ਮੱਥੇ ਸਹਾਰਿਆ ਪ੍ਰੰਤੂ ਅੰਗਰੇਜਾਂ ਦੀ ਈਨ ਨਹੀਂ ਮੰਨੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਗਮ ਦੇ ਮੁੱਖ ਮਹਿਮਾਨ ਡਾ ਜਸਪਾਲ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਉਪਰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਲ ਟਰੱਸਟ ਚੰਡੀਗੜ੍ਹ ਵਲੋਂ ਭਾਸ਼ਾ ਭਵਨ ਪਟਿਆਲਾ ਵਿੱਚ ਆਯੋਜਿਤ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਕੀਤਾ। ਉਹਨਾਂ ਟਰੱਸਟ ਦੇ ਰੂਹੇ ਰਵਾਂ ਭਾਈ ਜੈ ਤੇਗ ਸਿੰਘ ਅਨੰਤ ਦੀ ਮੰਗ ਤੇ ਭਾਈ ਸਾਹਿਬ ਦੀ ਯਾਦ ਵਿੱਚ ਹਰ ਸਾਲ ਪੰਜਾਬੀ ਯੂਨੀਵਰਸਿਟੀ ਵਿੱਚ ਭਾਈ ਰਣਧੀਰ ਸਿੰਘ ਮੈਮੋਰੀਅਲ ਲੈਕਚਰ ਕਰਵਾਉਣ ਦਾ ਐਲਾਨ ਕੀਤਾ ਤਾਂ ਜੋ ਨੌਜਵਾਨ ਪੀੜ੍ਹੀ ਉਹਨਾ ਦੇ ਜੀਵਨ ਤੋਂ ਪ੍ਰੇਰਨਾਂ ਲੈ ਸਕੇ। ਉਹਨਾਂ ਅੱਗੋਂ ਕਿਹਾ ਕਿ ਭਾਈ ਰਣਧੀਰ ਸਿੰਘ ਸਾਡੇ ਵਿਰਸੇ ਦਾ ਪ੍ਰਤੀਕ ਹਨ ਇਸ ਲਈ ਸਾਨੂੰ ਆਪਣੇ ਵਿਰਸੇ ਤੇ ਪਹਿਰਾ ਦੇਣਾਂ ਚਾਹੀਦਾ ਹੈ।ਇਹ ਵਿਚਾਰ ਗੋਸ਼ਟੀ ਗਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਦੇ ਸੰਬੰਧ ਵਿੱਚ ਆਯੋਜਿਤ ਕੀਤੀ ਗਈ ਹੈ। ਇਸ ਮੌਕੇ ਤੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ ਹਰਭਜਨ ਸਿੰਘ ਦਿਉਲ ਸਾਬਕਾ ਕਮਿਸ਼ਨਰ ਭਾਸ਼ਾਈ ਘੱਟ ਗਿਣਤੀਆਂ ਭਾਰਤ ਸਰਕਾਰ ਨੇ ਕਿਹਾ ਕਿ ਭਾਈ ਰਣਧੀਰ ਸਿੰਘ ਦਾ ਜੀਵਨ ਸਿੱਖੀ ਇਬਾਦਤ ਤੇ ਬਗਾਬਤ ਦਾ ਸੰਗਮ ਹੈ। ਉਹਨਾ ਅੱਗੋਂ ਕਿਹਾ ਕਿ ਉਹ ਸਿਦਕ,ਦੇਸ਼ ਭਗਤੀ,ਦ੍ਰਿੜ੍ਹਤਾ ਅਤੇ ਲਗਨ ਦਾ ਮੁਜੱਸਮਾ ਸਨ,ਜਿਹਨਾ ਆਜ਼ਾਦੀ ਦੇ ਸੰਗਰਾਮ ਨੂੰ ਬੁਲੰਦੀਆਂ ਤੇ ਪਹੁੰਚਾਇਆ । ਇਸ ਗੋਸ਼ਟੀ ਵਿੱਚ ਭਾਈ ਸਾਹਿਬ ਦਾ ਸੁਤੰਤਰਤਾ ਸੰਗਰਾਮ ਖਾਸ ਤੌਰ ਤੇ ਗਦਰ ਲਹਿਰ ਵਿੱਚ ਪਾਏ ਯੋਗਦਾਨ ਬਾਰੇ ਪ੍ਰਸਿਧ ਸਿੱਖ ਵਿਦਵਾਨ  ਪ੍ਰੋ ਹਿੰਮਤ ਸਿੰਘ  ਅਤੇ ਉਜਾਗਰ ਸਿੰਘ ਨੇ ਆਪਣੇ ਪੇਪਰ ਪੜ੍ਹੇ ਜਿਹਨਾਂ ਵਿੱਚ ਉਹਨਾਂ ਨੇ ਭਾਈ ਸਾਹਿਬ ਦੀ ਦ੍ਰਿੜਤਾ,ਦਲੇਰੀ ,ਸੰਜਮ,ਸਿਆਣਪ ਅਤੇ ਨਮਰਤਾ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕੀਤੀ। ਇਸ ਸਿਮਰਤੀ ਗ੍ਰੰਥ ਦੇ ਸੰਪਾਦਕ ਜੈਤੇਗ ਸਿੰਘ ਅਨੰਤ ਜੋ ਕੇ ਕੈਨੇਡਾ ਵਿਖੇ ਪਿਛਲੇ 17 ਸਾਲਾਂ ਤੋਂ ਰਹੇ ਹਨ ਨੇ ਦੱਸਿਆ ਕਿ ਇਸ ਗ੍ਰੰਥ ਵਿੱਚ ਦੁਨੀਆਂ ਦੇ 94 ਪ੍ਰਸਿਧ ਵਿਦਵਾਨਾਂ ਦੇ ਭਾਈ ਸਾਹਿਬ ਦੇ ਜੀਵਨ ਦੇ ਵੱੰਖ ਵੱਖ ਪਹਿਲੂਆਂ ਤੇ ਰੌਸ਼ਨੀ ਪਾਉਂਦੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ।ਇਹ ਗ੍ਰੰਥ 422 ਪੰਨਿਆਂ ਦਾ ਰੰਗਦਾਰ ਤੇ ਭਾਈ ਸਾਹਿਬ ਦੀਆਂ ਅਦਭੁਤ ,ਦੁਰਲਭ ਅਤੇ ਕਲਾਤਮਕ ਤਸਵੀਰਾਂ ਅਤੇ ਅਣਛਪੀਆਂ ਜੇਲ੍ਹ ਚਿੱਠੀਆਂ ਨਾਲ ਸ਼ਿੰਗਾਰਿਆ ਹੋਇਆ ਹੈ ਉਹ ਬਾਣੀ ਤੇ ਰਹਿਤ ਮਰਿਆਦਾ ਦੇ ਪੱਕੇ ਤੇ ਸੱਚੇ ਸੁੱਚੇ ਸਿੱਖ ਸਨ ਜਿਹਨਾਂ ਦੀ ਰਹਿਤ ਮਰਿਆਦਾ ਨੂੰ ਪੂਰਾ ਕਰਨ ਲਈ ਜੇਲ੍ਹ ਮੈਨੂਅਲ ਵਿੱਚ ਅੰਗਰੇਜਾਂ ਨੂੰ ਤਬਦੀਲੀ ਕਰਨ ਲਈ ਮਜ਼ਬੂਰ ਹੋਣਾ ਪਿਆ ।ਭਾਈ ਜੈ ਤੇਗ ਸਿੰਘ ਅਨੰਤ ਨੇ ਤਿੰਨ ਮਤੇ ਪੇਸ਼ ਕੀਤੇ ਜਿਹਨਾਂ ਵਿੱਚ ਉਹਨਾ ਆਜ਼ਾਦੀ ਲਹਿਰ ਦੇ ਪਾਇਨੀਅਰ ਭਾਈ ਸਾਹਿਬ ਦੀ ਫੋਟੋ ਪੰਜਾਬ ਵਿਧਾਨ ਸਭਾ ਵਿੱਚ ਲਗਾਉਣ ਅਤੇ ਸਕੂਲਾਂ ਤੇ ਯੂਨੀਵਰਸਿਟੀਆਂ ਦੇ ਪਾਠਕਰਮ ਵਿੱਚ ਭਾਈ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਦੇ ਯੋਗਦਾਨ ਬਾਰੇ ਸ਼ਾਮਲ ਕੀਤਾ ਜਾਣ ਦੀ ਤਾਕੀਦ ਕੀਤੀ।ਤੀਜੇ ਮਤੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਭਾਈ ਰਣਧੀਰ ਸਿੰਘ ਮੈਮੋਰੀਅਲ ਲੈਕਚਰ ਕਰਵਾਉਣ ਦੀ ਮੰਗ ਕੀਤੀ। ਭਾਈ ਜੈ ਤੇਗ ਸਿੰਘ ਨੇ ਭਾਈ ਗਣਧੀਰ ਸਿੰਘ ਤੇ ਪੀ ਐਚ ਡੀ ਕਰੜ ਵਾਲੇ ਵਿਦਿਆਰਥੀਆਂ ਨੂੰ ਇੱਕ ਇੱਕ ਲੱਖ ਰੁਪਏ ਦੀ ਹਰਿਦਰਸ਼ਨ ਮੈਮੋਰੀਅਲ ਟਰੱਸਟ ਵਲੋਂ ਮੱਦਦ ਦੇਣ ਦਾ ਐਲਾਨ ਕੀਤਾ।ਭਾਈ ਮਨੋਹਰ ਸਿੰਘ ਨੇ ਇਸ ਮਤੇ ਦੀ ਤਾਈਦ ਕੀਤੀ ਤੇ ਸੰਗਤਾਂ ਨੇ ਜੈਕਾਰਿਆਂ ਨਾਲ ਇਸਦੀ ਪ੍ਰਵਾਨਗੀ ਦੇ ਦਿੱਤੀ। ਇਸ ਮੌਕੇ ਤੇ ਭਾਈ ਸਾਹਿਬ ਦੇ ਪੁਰਾਣੇ ਸੰਗੀ ਸਾਥੀ ਭਾਈ ਮੇਹਰ ਸਿੰਘ ਨਵੀਂ ਦਿੱਲੀ,ਭਾਈ ਮੋਹਨ ਸਿੰਘ ਗਾਰਡ ਮੋਹਾਲੀ ਅਤੇ ਭਾਈ ਜੀਵਨ ਸਿੰਘ ਅੰਮ੍ਰਿਤਸਰ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਮੈਮੋਰੀਅਲ ਅਵਾਰਡ ਦਿੱਤੇ ਗਏ। ਇਸ ਤੋਂ ਇਲਾਵਾ ਭਾਈ ਰਣਧੀਰ ਸਿੰਘ ਦੇ ਕੇਸ ਦੀ ਮੁਲਤਾਨ ਜੇਲ੍ਹ ਵਿੱਚ ਪੈਰਵੀ ਕਰਨ ਵਾਲੇ ਅਤੇ ਭਾਈ ਸਾਹਿਬ ਦੇ ਜੇਲ੍ਹ ਦੌਰਾਨ ਉਹਨਾਂ ਦੇ ਪਰਿਵਾਰ ਦੀ ਦੇਖ ਭਾਲ ਕਰਨ ਵਾਲੇ ਪ੍ਰਿੰਸੀਪਲ ਇਕਬਾਲ ਸਿੰਘ ਦੀ ਯਾਦ ਵਿੱਚ ਪ੍ਰਿੰਸੀਪਲ ਇਕਬਾਲ ਸਿੰਘ ਮੈਮੋਰੀਅਲ ਅਵਾਰਡ ਡਾ ਹਰਭਜਨ ਸਿੰਘ ਦਿਉਲ ਨੂੰ ਦਿੱਤਾ ਗਿਆ।ਬਾਬਾ ਸੁਰਜਨ ਸਿੰਘ ਮੈਮੋਰੀਅਲ ਅਵਾਰਡ ਭਾਈ ਮਨੋਹਰ ਸਿੰਘ ਕੈਨੇਡਾ ਅਤੇ ਗਿਆਨੀ ਨਾਹਰ ਸਿੰਘ ਮੈਮੋਰੀਅਲ ਅਵਾਰਡ ਜਗਜੀਤ ਸਿੰਘ ਤੱਖਰ ਕੈਨੇਡਾ ਨੂੰ ਦਿੱਤਾ ਗਿਆ।ਕੁਲਵੰਤ ਸਿੰਘ ਗਰੇਵਾਲ ਪਰਮਵੀਰ ਸਿੰਘ ਅਤੇ ਜਗਜੀਤ ਸਿੰਘ ਤੱਖਰ ਨੇ ਭਾਈ ਸਾਹਿਬ ਬਾਰੇ ਕਵਿਤਾਵਾਂ ਪੜ੍ਹੀਆਂ ।ੇ ਡਾ ਬਲਕਾਰ ਸਿੰਘ,ਜਗਜੀਤ ਸਿੰਘ ਦਰਦੀ ,ੇ ਹਰਦੇਵ ਸਿੰਘ ਗਰੇਵਾਲ ਕਲਕੱਤਾ,ਮੇਹਰ ਸਿੰਘ,ਜਗਜੀਤ ਸਿੰਘ ਦਰਦੀ ਅਤੇ ਚੇਤਨ ਸਿੰਘ ਐਡੀਸ਼ਨਲ ਡਾਇਰੈਕਟਰ ਭਾਸ਼ਾ ਵਿਭਾਗ ਨੇ ਵੀ ਆਪਣੇ ਵਿਚਾਰ ਭਾਈ ਸਾਹਿਬ ਦੇ ਯੋਗਦਾਨ ਬਾਰੇ ਪ੍ਰਗਟ ਕੀਤੇ। ਇਸ ਮੌਕੇ ਤੇ ਭਾਈ ਸਾਹਿਬ ਉਪਰ ਰੋਜ਼ਾਨਾ ਚੜ੍ਹਦੀ ਕਲਾ ਦਾ ਪ੍ਰਕਾਸ਼ਤ ਵਿਸ਼ੇਸ਼ ਅੰਕ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਜਾਰੀ ਕੀਤਾ।  ਜੈ ਤੇਗ ਸਿੰਘ ਅਨੰਤ ਨੇ ਜੀਅ ਆਇਆਂ ਕਿਹਾ ਅਤੇ ਧੰਨਵਾਦ ਕੀਤਾ।ਇਸ ਵਿਚਾਰ ਗੋਸ਼ਟੀ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਪੰਜਾਬ,ਚੰਡੀਗੜ੍ਹ,ਦਿੱਲੀ ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਪ੍ਰਸਿਧ ਵਿਦਵਾਨਾਂ ਅਤੇ ਭਾਈ ਸਾਹਿਬ ਦੇ ਪੈਰੋਕਾਰਾਂ ਨੇ ਹਿੱਸਾ ਲਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>