ਖਾਲਸਾ ਇੰਨਕਲਾਬ

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਪ੍ਰਗਟ ਕਰ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਰੱਬੀ ਮਿਸ਼ਨ ਨੂੰ ਸੰਪੂਰਨਤਾ ਬਖਸ਼ੀ। ਜਿਸ ‘ਸਚਿਆਰ’ ਅਥਵਾ ਗੁਰਮੁਖ ਦੀ ਘਾੜਤ, ਸ਼ਬਦ ਦੀ ਸੱਚੀ ਟਕਸਾਲ ਵਿੱਚ ਬਾਬੇ ਨੇ ਘੜੀ ਜਿਸ ਨੂੰ ਨੌਂ ਗੁਰੂ ਸਾਹਿਬਾਨ ਨੇ ਸਜਾਇਆ ਸਵਾਰਿਆ ਤੇ ਸ਼ਿੰਗਾਰਿਆ ਦਸ਼ਮ ਪਾਤਸ਼ਾਹ ਨੇ ਉਸੇ ਆਦਰਸ਼ਕ ਮਨੁੱਖ ਦੀ ਅਗੰਮੀ ਪ੍ਰੀਖਿਆ ਲੈਣ ਉਪਰੰਤ ਉਸ ਨੂੰ ਖਾਲਸਾ ਦੇ ਨਾਮ ਤੇ ਪਦਵੀ ਨਾਲ ਸੁਸ਼ੋਭਿਤ ਕੀਤਾ। ਸੰਤ ਸਿਪਾਹੀ ਬਣਾ ਕੇ ਪਰਮਾਰਥਕ ਅਤੇ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਸੁਚੇਤ ਕਰ ਸਰਬਪੱਖੀ ਮਨੁੱਖੀ ਭਲਾਈ ਲਈ ਕਾਰਜਸ਼ੀਲ ਕੀਤਾ।

ਖਾਲਸਾ ਪੰਥ ਦੇ ਪ੍ਰਕਾਸ਼ ਤੇ ਵਿਕਾਸ ਦਾ ਸ਼ੁੱਧ ਸਰੂਪ, ਰੂਹਾਨੀ ਰਹੱਸ, ਇਸ ਦੀ ਸਮਰੱਥਾ, ਪ੍ਰਤਿਭਾ ਅਤੇ ਇੰਨਕਲਾਬੀ ਸੰਭਵਨਾਵਾਂ ਦਾ ਇਤਿਹਾਸ ਵਿੱਚ ਸਹੀ ਪਹਿਚਾਣ ਤੇ ਮੁਲਾਂਕਣ ਨਹੀ ਹੋ ਸਕਿਆ ਕਿਉਂਕਿ ਇਤਿਹਾਸ ਮੂਲ ਰੂਪ ਵਿੱਚ ਨਕਾਰਤਮਕ ਅਥਵਾ ਨਾਂਹ ਪੱਖੀ ਹੈ ਸਕਾਰਾਤਮਕ ਨਹੀ। ਸਮਾਜ ਨੂੰ ਤੋੜਨ, ਲੁੱਟਣ ਤੇ ਕੁੱਟਣ, ਇਸ ਦਾ ਦਮਨ ਕਰਨ ਅਤੇ ਇਸ ਨੂੰ ਸੰਤਾਪ ਪਹੁੰਚਾਉਣ ਵਾਲੇ ਜਾਲਮ ਅਤੇ ਜਾਬਰ ਰਾਜਿਆਂ ਦੇ ਭੇੜਾਂ ਜੰਗਾਂ ਅਤੇ–ਯੁੱਧਾਂ ਦਾ ਬਖ੍ਹਾਨ ਅਤੇ ਰਾਜ ਪਲਟਿਆਂ ਨੂੰ ਹੀ ਇਤਿਹਾਸ ਵਿੱਚ ਸਥਾਨ ਪ੍ਰਾਪਤ ਹੋਇਆ। ਮਨੁੱਖੀ ਸਮਾਜ ਵਿੱਚ ਉਸਾਰੂ ਅਤੇ ਉਚੇਰਾ ਉਠਾਉਣ ਦੇ ਇੰਨਕਲਾਬੀ ਯਤਨਾਂ ਦਾ ਜਿਕਰ ਤਾਂ ਨਾਮਾਤਰ ਹੀ ਹੈ। ਇਸ ਇਤਿਹਾਸਕ ਵਿਸਾਖੀ ਨੂੰ ਕੋਈ ਰਾਜ ਪਲਟਾ ਨਹੀ ਆਇਆ। ਕੋਈ ਰਾਜ ਸਥਾਪਤ ਨਹੀ ਹੋਇਆ ਬਲਕਿ ਪਰਜਾ ਬਦਲੀ ਲੋਕਾਂ ਦੀ ਮਾਨਸਿਕਤਾ ਤੇ ਸੋਚ ਬਦਲੀ, ਮਨੁੱਖ ਨੂੰ ਉਸ ਦੇ ਆਪਣੇ ਮਜ਼੍ਹਬੀ, ਸਮਾਜੀ ਅਤੇ ਰਾਜਸੀ ਬੰਧਨਾਂ ਦਾ ਅਹਿਸਾਸ ਹੋਇਆ। ਖਾਲਸੇ ਦੇ ਪ੍ਰਕਾਸ਼ ਨਾਲ ਨਵਚੇਤਨਾ ਆਈ, ਨਵੇਂ ਉਦੇਸ਼ ਸਥਾਪਿਤ ਹੋਏ, ਨਵੀਆਂ ਉਮੰਗਾ ਆਸ਼ਾਵਾਂ ਆਤਮਿਕ ਬੱਲ ਸਵੈ-ਵਿਸ਼ਵਾਸ ਜਾਗ੍ਰਿਤ ਹੋਇਆ। ਅਧਿਅਤਮਕਤਾ ਤੇ ਪਰਮਾਰਥ ਦਾ ਉਦੇਸ਼ ਨਿੱਜ ਮੁਕਤੀ ਨਾ ਰਹਿ ਸੇਵ ਕਮਾਈ ਬਣ ਗਿਆ। ਧਰਮ-ਮਜ਼੍ਹਬੀ ਬਹਿਸ ਮੁਬਾਹਿਸੇ, ਤਲਖ਼ੀ ਖਿਚੋਤਾਨ ਮਜ਼੍ਹਬੀ ਲੜਾਈਆਂ ਅਤੇ ‘ਖੁਦੀ ਬਖੀਲੀ ਤਕਬਰੀ ਖਿਚੋਤਾਣ’ ਤੋਂ ਮਨੁੱਖੀ ਸਮਾਜ ਨੂੰ ਵੰਡਣ ਲਈ ਨਹੀਂ ਬਲਕਿ ਏਕਤਾ, ਪਿਆਰ ਤੇ ਕੁਰਬਾਨੀ ਦਾ ਜਜ਼ਬਾ ਪੈਦਾ ਕਰਨਾ ਹੀ ਸੱਚਾ ਮਨੁੱਖੀ ਧਰਮ ਹੈ।

“ਮਜਹਬ ਤੁਮ ਕੋ ਤੁਮ੍ਹਾਰਾ ਖੂਬ, ਹਮ ਕੋ ਹਮਾਰਾ ਖੂਬ” ਦੱਸ ਧਾਰਮਿਕ ਸਹਿਹੋਂਦ ਅਤੇ ਸਰਬੱਤ ਦੇ ਭਲੇ ਦਾ ਸਿਧਾਂਤ ਦ੍ਰਿੜਾਇਆ। ਧਰਮ ਵਿਹੂਣਾ ਨਿਰੰਕੁਸ਼ ਰਾਜ ਡਾ: ਸਰ ਮੁਹੰਮਦ ਇਕਬਾਲ ਦੇ ਸ਼ਬਦਾਂ ਵਿੱਚ ‘ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜੀ’ ਚੰਗੇਜ਼ ਖਾਂ ਤੇ ਹਲਾਕੂ ਵਰਗੇ ਕਸਾਈ ਤੇ ਹਿਟਲਰ ਵਰਗੇ ਜਾਲਮ ਰਾਜਿਆਂ ਨੂੰ ਧ੍ਰਿਤਰਾਸ਼ਟਰ ਵਰਗਾ ਪੁੱਤਰ–ਮੋਹ, ਅਨਿਆਈ ਤੇ ਅੰਨ੍ਹਾ ਬਣਾ ਦਿੰਦਾ ਹੈ ਤਾਂ ਹੀ ਮਹਾਂਭਾਰਤ ਵਰਗੇ ਯੁੱਧ ਹੁੰਦੇ ਹਨ, ਪਰਜਾ ਚਾਪਲੂਸ ਅਤੇ ਸੁਆਰਥੀ ਬਣ ਜਾਂਦੀ ਹੈ ਤੇ ਇੰਜ ਹੀ ਕਿਸੇ ਦੇਸ਼ ਤੇ ਸਮਾਜ ਦਾ ਪੱਤਨ ਹੁੰਦਾ ਹੈ। ਗੁਰੂ ਦਸ਼ਮੇਸ਼ ਪਿਤਾ ਨੇ ਧਰਮ ਵਿਹੁਣੇ ਰਾਜ ਨੂੰ ਚਣੌਤੀ ਦਿਤੀ, ਲੋਕ ਸ਼ਕਤੀ ਨੂੰ ਜਾਗ੍ਰਿਤ ਕਰ ਜਮਾਤੀ ਰੂਪ ਦਿੱਤਾ। ਗਿਆਨ ਵਿਹੁਣੀ, ਕਮਜੋਰ, ਸਾਹਸਹੀਣ, ਲਤਾੜੀ ਤੇ ਨਪੀੜੀ ਲੋਕਾਈ ਨੂੰ ਭਰਮ-ਭੁਲੇਖੇ ਅਤੇ ਪਾਖੰਡ ਵਿਚੋਂ ਕੱਢ ਸ਼ੁੱਧ ਧਰਮ ਦਾ ਗਿਆਨ, ਮਨੁੱਖੀ ਸਨਮਾਨ ਤੇ ਅਜ਼ਾਦੀ ਦਾ ਅਹਿਸਾਸ, ਚਾਹਤ ਤੇ ਲਗਨ ਪੈਦਾ ਕੀਤੀ, ਖੰਡੇ ਬਾਟੇ ਦੇ ਅੰਮ੍ਰਿਤ ਦਾ ਪਾਤਰ ਬਣਾਇਆ। ਨਿਆਰਾ ਰੂਪ ਤੇ ਰਹਿਤ ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰ ਰੂਹਾਨੀ ਓਜ ਤੇ ਸ਼ਕਤੀ ਬਖਸ਼ ਦਿੱਤੀ ‘ਇਨ ਗਰੀਬ ਸਿੰਘਨ ਕੋ ਦੇਉ ਪਾਤਸ਼ਾਹੀ’ ਦਾ ਦੈਵੀ ਵਰਦਾਨ ਬਖਸ਼ ਇਕੱਲੇ ਇਕੱਲੇ ਨੂੰ ਜਾਲਿਮ ਰਾਜ ਦੀ ਸਵਾ-ਸਵਾ ਲੱਖ ਫੌਜ ਨਾਲ ਟਕਰਾਉਣ ਦੀ ਸਾਹਸ ਭਰ ‘ਸਵਾ ਲਖੀ’ ਸਪਿਰਟ ਪੈਦਾ ਕੀਤੀ। ਧਰਮ ਅਤੇ ਨਿਆਂ ਦਾ ਹਲੇਮੀ ‘ਖਾਲਸਾ’ ਰਾਜ ਕਾਇਮ ਕਰਨ ਦਾ ਜੀਵੰਤ ਉਦੇਸ਼ ਪ੍ਰਦਾਨ ਕੀਤਾ ਗੁਰੂ ਦਸ਼ਮੇਸ਼ ਵਲੋਂ ਖਾਲਸੇ ਦੀ ਸਾਜਨਾ ਧਰਮ, ਸਮਾਜ ਅਤੇ ਰਾਜਨੀਤੀ ਵਿੱਚ ਇਤਿਹਾਸਕ ਪਰਿਵਰਤਨ ਦੀ ਸੂਚਕ ਹੈ।

“ਤਬ ਸਹਿਜੇ ਰਚਿਉ ਖਾਲਸਾ ਸਾਬਤ ਮਰਦਾਨਾ”

ਖਾਲਸਾ ਪੰਥ ਦੀ ਸਾਜਨਾ ਕੋਈ ਆਕਸਮਿਕ ਜਾਂ ਅਚਨਚੇਤ ਵਾਪਰਨ ਵਾਲੀ ਘਟਨਾਂ ਜਾਂ ਕਿਸੇ ਘਟਨਾ ਦਾ ਪ੍ਰਤੀਕਰਮ ਨਹੀਂ। ਇਹ ਕਿਸੇ ਪ੍ਰਚਲਿਤ ਧਰਮ ਦਾ ਸੁਧਰਿਆ ਰੂਪ ਵੀ ਨਹੀ ਅਤੇ ਨਾ ਹੀ ਕਿਸੇ ਹੋਰ ਧਰਮ ਦੀ ਸ਼ਾਖਾ ਜਾਂ ਸੰਪਰਦਾ ਹੈ। ਇਸਦੀ ਸਾਜਨਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਕ ਨਵੇਂ, ਨਿਵੇਕਲੇ, ਨਿਰਾਲੇ ਤੇ ਨਿਆਰੇਂ ਧਰਮ ਵਜੋਂ ਹੋਈ। ਵੇਈਂ ਨਦੀ ਵਿੱਚ ਰੱਬੀ ਸਾਖਸ਼ਾਤਕਾਰ ਉਪਰੰਤ ਪ੍ਰਾਪਤ ਰੱਬੀ ਆਦੇਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਇੱਕ ਅਧੁਨਿਕ, ਸਰਬਦੇਸੀ, ਸਰਬਕਾਲੀ ਸਿੱਖ ਧਰਮ ਅਥਵਾ ਨਿਰਮਲ ਪੰਥ ਪ੍ਰਚਲਿਤ ਕੀਤਾ ‘ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ’। ਇਹ ਨਿਰਮਲ ਧਰਮ ਪੰਥ ਕ੍ਰਿਤਮ ਦੀ ਪੂਜਾ ਨਹੀ, ਇੱਕ ਕਰਤੇ ਦੀ ਇਬਾਦਤ ਕਰਦਾ ਹੈ। ਇਹ ਰੱਬ ਦੀਆਂ ਵੰਡੀਆਂ ਬ੍ਰਹਮਾਂ, ਵਿਸ਼ਨੂੰ ਮਹੇਸ਼ ਵਿੱਚ ਨਹੀ ਪਾਉਂਦਾ। ਇੱਕ ਈਸ਼ਵਰਵਾਦ ¡ ਹੀ ਇਸ ਦਾ ਅਧਾਰ ਹੈ, ਸਤਿਨਾਮੁ ਹੀ ਇਸਦਾ ਮੂਲ ਅਧਾਰ ਹੈ। ‘ਮਨ ਨੀਵਾਂ ਮਤ ਉਚੀ’ ਹੀ ਸਿੱਖੀ ਦਾ ਬੱਲ ਹੈ। ਮੂਰਤੀ ਪੂਜਾ ਅਵਤਾਰਵਾਦ ਦਾ ਖੰਡਨ ਹੈ। ਮਾਤਾ ਦੇ ਗਰਭ ਵਿੱਚ ਆਉਣ ਵਾਲੇ ਹਰ ਅਵਤਾਰ ਪੀਰ ਪੈਗੰਬਰ ਨੇ ਇਕ ਦਿਨ ਜਾਣਾ ਹੈ। ਪੁਰਾਨ, ਕੁਰਾਨ, ਵੇਦ ਕਤੇਬ, ਰਾਮ ਰਹੀਮ ਦੇਵੀ ਦੇਵਤੇ, ਸਿੱਖ ਦੇ ਆਰਾਧ ਨਹੀਂ, ਇਕ ਅਕਾਲ ਦਾ ਆਸਰਾ ਅਤੇ ਉਸਦੀ ਰਹਿਮਤ ਤੇ ਟੇਕ ਹੈ। ਰੱਬੀ ਏਕਤਾ ਤੇ ਮਨੁੱਖੀ ਬਰਾਬਰੀ ਸਿੱਖੀ ਦਾ ਅਮਰ ਸੰਦੇਸ਼ ਹੈ। ਇਸੇ ਬੁਨਿਆਦੀ ਸਿਖ ਧਰਮ ਸਿਧਾਂਤ ਦਾ ਸਜੀਵ ਪਹਿਰੇਦਾਰ ਖਾਲਸਾ ਹੈ ਜਿਸ ਨੇ ਇਸਨੂੰ ਆਪਣੇ ਜੀਵਨ ਰਾਹੀਂ ਪ੍ਰਭਾਸ਼ਿਤ ਕਰਨਾ ਹੈ ਅਤੇ ਚਹੁੰ ਕੁੰਟੀ ਇਸਦਾ ਪ੍ਰਕਾਸ਼ ਕਰਨਾ ਹੈ। ਇਉਂ ਗੁਰੂ ਨਾਨਕ ਜੀ ਵਲੋਂ ਅਰੰਭਿਆ ਧਰਮ ਹੀ ਸਹਿਜੇ ਸਹਿਜੇ ਪ੍ਰਪੱਕਤਾ ਪ੍ਰਾਪਤ ਕਰ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋਇਆ।

‘ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥’

ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਦਾ ਇਹ ਸ਼ਬਦ ਛੂਆ-ਛੂਤ ਤੇ ਊਚ-ਨੀਚ ਦੇ ਸੰਤਾਪ ਨੂੰ ਬਿਆਨ ਕਰਦਾ ਹੈ ਕਿ ਕੇਵਲ ਸਰਬ ਸ਼ਕਤੀਮਾਨ ਪ੍ਰਮਾਤਮਾ ਗਰੀਬ ਨਿਵਾਜ ਹੈ ‘ਨੀਚੈ ਊਚ’ ਕਰ ਉਹਨਾਂ ਦੇ ਸਿਰ ਤੇ ਰਾਜ ਦਾ ਛਤਰ ਝੁਲਾ ਸਕਦਾ ਹੈ। ਧਰਤੀ ਤੇ ਇਹ ਕ੍ਰਿਸ਼ਮਾ ਗੁਰੂ ਦਸ਼ਮੇਸ਼ ਨੇ ਸੰਨ੍ਹ 1699 ਦੀ ਇਤਿਹਾਸਿਕ ਵਿਸਾਖੀ ਨੂੰ ਕਰ ਵਿਖਾਇਆ ਪਰ ਇਸ ਅਲੌਕਿਕ ਪਰਿਵਰਤਨ ਪਿੱਛੇ ਗੁਰੂ ਸਾਹਿਬਾਨ ਦੀ ਸੈਂਕੜੇ ਸਾਲਾਂ ਦੀ ਘਾਲ ਕਮਾਈ ਹੈ।

ਮਨੂੰਵਾਦੀ ਬ੍ਰਾਹਮਣ ਨੇ ਸਵਰਨ ਜਾਤੀਆਂ ਨਾਲ ਰਲਕੇ ਸਦੀਆਂ ਤੋਂ ਦਲਿਤ ਜਾਤੀਆਂ ਨੂੰ ਤ੍ਰਿਸਕਾਰ ਤੇ ਅਤਿਆਚਾਰ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਸੀ। ਹਰ ਪ੍ਰਕਾਰ ਦੇ ਧਾਰਮਿਕ ਸਮਾਜਿਕ ਤੇ ਰਾਜਸੀ ਹੱਕਾਂ ਤੋਂ ਮਹਿਰੂਮ ਸੀ। ਦਲਿਤਾਂ ਤੇ ਹੋਏ ਜੁਲਮਾਂ ਦੀ ਦਾਸਤਾਂ ਅੱਜ ਵੀ ਦਿੱਲ ਦਹਿਲਾ ਦਿੰਦੀ ਹੈ।

ਦਲਿਤ ਧਰਮ ਗ੍ਰੰਥ ਪੜ੍ਹ ਸੁਣ ਨਹੀਂ ਸਕਦਾ ਸੀ, ਪੂਜਾ ਅਰਚਾ ਬੰਦਨਾ ਕਰਨ ਦਾ, ਮੋਕਸ਼ (ਭੇਟਾ) ਦਾਨ ਦਾ ਅਧਿਕਾਰੀ ਨਹੀਂ ਸੀ ਪਰ ਗੁਰੁ ਪਾਤਸ਼ਾਹ ਨੇ ਗੁਰਮਤਿ ਦਾ ਗਿਆਨ ਸਰਬ ਸਾਂਝਾ ਕਰ, ਬ੍ਰ੍ਹਹਮ-ਗਿਆਨ ਤੇ ਬ੍ਰਹਮ–ਵਿਦਿਆ ਦਾ ਅਧਿਕਾਰ ਪ੍ਰਦਾਨ ਕਰ ਦਿੱਤਾ :

‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥’

ਸੰਗਤ, ਪੰਗਤ, ਪ੍ਰਚਾਰ ਦਾ ਅਧਿਕਾਰੀ ਵੀ ਬਣਾ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਨੇ ਵੈਸਾਖੀ ਦਿਵਸ ਤੇ ਖੰਡੇ ਬਾਟੇ ਦਾ ਅੰਮ੍ਰਿਤ ਤੇ ਖਾਲਸਾ ਸਾਜਨਾ ਦਾ ਪ੍ਰੋਗਰਾਮ ਰਚਿਆ। ਸਵਰਨ ਜਾਤੀਆਂ ਨੇ ਆਪਣੇ ਲਈ ਅੱਲਗ ਅੰਮ੍ਰਿਤ ਸੰਚਾਰ ਦੀ ਮੰਗ ਕੀਤੀ। ਗੁਰੂ ਪਾਤਸ਼ਾਹ ਵੱਲੋਂ ਹਰ ਪ੍ਰਾਣੀ ਮਾਤਰ ਲਈ ਸਰਬ ਸਾਂਝਾ ਅੰਮ੍ਰਿਤ ਵਰਤਣ ਦੀ ਗੱਲ ਕਹਿ ਅਡਰੇ ਅੰਮ੍ਰਿਤ ਸੰਚਾਰ ਦੀ ਮੰਗ ਤੋਂ ਇਨਕਾਰ ਕਰਨ ਤੇ ਬ੍ਰਾਹਮਣਾਂ ਨੇ ਸਿੱਖਾਂ ਦੇ ਸਮਾਜਿਕ ਨਾਮਿਲਵਰਤਣ (ਬਹਿਸ਼ਕਾਰ) ਧਾਰਮਿਕ ਰਸਮਾਂ ਨਾ ਨਿਭਾਉਣ ਅਤੇ ਦਾਨ ਕਬੂਲ ਨਾ ਕਰਨ ਦਾ ਹਥਿਆਰ ਵਰਤਣ ਦਾ ਡਰਾਵਾ ਦਿੱਤਾ ਤਾਂ ਗੁਰੂ ਦਸਮੇਸ਼ ਨੇ ਬਚਨ ਕੀਤਾ ਖਾਲਸਾ ਬ੍ਰਹਮ ਵਿਦਿਆ ਅਤੇ ਧਾਰਮਿਕ ਰਸਮਾਂ ਲਈ ਕਿਸੇ ਬ੍ਰਾਹਮਣ, ਪੰਡਤ ਦਾ ਮੁਹਤਾਜ ਨਹੀ ਹੋਵੇਗਾ। ਪਾਠ ਕਥਾ-ਕੀਰਤਨ ਕਰਨ ਦਾ ਖਾਲਸੇ ਨੂੰ ਅਧਿਕਾਰ ਪ੍ਰਾਪਤ ਹੋਵੇਗਾ। ਦਾਨ ਦੇਣ ਤੇ ਲੈਣ ਵਾਲਾ ਖਾਲਸਾ ਹੀ ਹੋਵੇਗਾ। ਇਤਿਹਾਸਕ ਸ਼ਬਦ ਹਨ :

ਇਨ ਤੇ ਗਹਿ ਪੰਡਿਤ ਉਪਜਾਊ ਕਥਾ ਕਰਨ ਕੀ ਰੀਤ ਸਿਖਾਊ॥

ਦਾਨ ਦੀਉ ਇਨਹੀ ਕੋ ਭਲੋ ਔਰ ਆਨ ਕੇ ਦਾਨ ਨ ਲਾਗਤ ਨੀਕੋ॥

ਬ੍ਰਾਹਮਣਾਂ ਨੂੰ ਦੀਕਸ਼ਾ ਦੇਣ ਅਤੇ ਦੀਕਸ਼ਾ ਲੈਣ ਦਾ ਏਕਾਧਿਕਾਰ ਹੀ ਸਦੈਵ ਲਈ ਖਤਮ ਕਰ ਦਿੱਤਾ।

ਖਤ੍ਰੀਆ ਤ ਧਰਮ ਛੋਡਿਆ ਮਲੇਛ ਭਾਖਿਆ ਗਹੀ॥

ਸ਼ਸਤਰਧਾਰੀ ਹੋਣਾ ਤੇ ਬਹਾਦਰੀ ਖਤਰੀਆਂ ਤੇ ਰਾਜਪੂਤਾਂ ਲਈ ਰਾਖਵੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਅਜੋਕੇ ਸਮਾਜ ਵਿੱਚ ਸਮੇਂ ਦੇ ਰਾਜ ਦੇ ਪਾਪ ਤੇ ਅਤਿਆਚਾਰ ਅਤੇ ਮੁਗ਼ਲ ਪਠਾਣਾ ਦੇ ਹਮਲੇ ਸਮੇਂ ਇਹ ਬਹਾਦਰ ਕਹਾਉਣ ਵਾਲੇ ਦੇਸ਼ ਕੌਮ ਤੇ ਮਜ਼ਲੂਮ ਦੀ ਰਾਖੀ ਦਾ ਧਰਮ ਨਹੀ ਨਿਭਾ ਸਕੇ ਅਤੇ ਰਾਜ ਦੀ ਗੁਲਾਮੀ ਸਿਰ ਝੁਕਾ ਕੇ ਸਵੀਕਾਰੀ। ਸੰਨ੍ਹ 1699 ਦੀ ਵਿਸਾਖੀ ਨੂੰ ਗੁਰੂ ਕਲਗੀਧਰ ਨੇ ਸੂਰਬੀਰ ਖਾਲਸੇ ਦੀ ਸਿਰਜਨਾ ਕੀਤੀ। ਕਥਿਤ ਨੀਵੀਆਂ ਤੇ ਦਲਿਤ ਜਾਤੀਆਂ ਤੋਂ ਸਿਰਜੇ ਖਾਲਸੇ ਬਾਰੇਅਖੌਤੀ ਬਹਾਦਰ ਰਾਜਪੁਤਾਂ ਨੇ ਹਿਮਾਕਤ ਭਰੇ ਲਫਜਾਂ ਵਿੱਚ ਕਿਹਾ

ਯੇ ਸਭ ਚਿੜੀ ਲਖੇ ਮਹਾਰਾਜਾ ਹਮ ਹੈ ਰਾਜਪੂਤ ਬਡਰਾਜਾ॥

ਇਹ ਚਿੜ੍ਹੀਆਂ ਦੀ ਫੜਫੜਾਹਟ ਤੋਂ ਡਰਨ ਵਾਲੇ, ਕਾਇਰ ਤੇ ਬੁਜਦਿਲ ਹਨ। ਗੁਰੂ ਦਸ਼ਮੇਸ਼ ਨੇ ਇਹਨਾਂ ਚੰਦਰ ਬੰਸੀ, ਸੂਰਜ ਬੰਸੀ ਤੇ ਮਚਦੀਆਂ ਅੱਗਾਂ ਵਿਚੋਂ ਜਨਮ ਲੈਣ ਵਾਲੇ, ਸ਼ਕਤੀ ਦੇ ਦੇਵੀ ਦੇਵਤਿਆ, ਬਜਰਧਾਰੀ ਇੰਦਰ, ਮਾਂ ਦੁਰਗਾ ਤੇ ਕਾਲੀ ਦੀ ਅਰਾਧਨਾਂ ਕਰਨ ਵਾਲੇ, ਜਿਹੜੇ ਬਹਾਦਰੀ ਤੇ ਕੇਵਲ ਰਾਜਪੂਤ ਤੇ ਕਸ਼ੱਤਰੀ ਜਾਤਾਂ ਦਾ ਅਧਿਕਾਰ ਸਮਝਦੇ ਸਨ ਦੇ ਹੰਕਾਰ ਨੂੰ ਇਉਂ ਕਹਿ ਕੇ ਤੋੜਿਆਂ ਕਿ ‘ਮੈਂ ਸਰਬਲੋਹ ਸ਼ਕਤੀਦਾਤਾ ਅਕਾਲ ਪੁਰਖ ਦਾ ਪੁੱਤਰ ਤਾਂ ਕਹਾਵਾਂਗਾ ਜੇ ਇਹਨਾਂ ਕਮਜੋਰ ਵਰਗਾਂ ਜਿਨ੍ਹਾਂ ਦੀ ਤਸ਼ਬੀਹ ਚਿੜੀਆਂ ਨਾਲ ਕੀਤੀ ਜਾਂਦੀ ਹੈ ਤੋਂ ਬਾਜ ਤੇ ਸ਼ਿਕਰੇ ਤੁੜਵਾ ਦੇਵਾਂਗਾ’।

‘ਸ੍ਰੀ ਅਸ਼ਿਪਾਨਜ ਤਦਪ ਕਹਾਊ ਚਿੜੀਅਨ ਤੇ ਜਬ ਬਾਜ ਤੁੜਾਊ’

ਰਾਜ ਕਰਨਾ ਜਿਹੜੇ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਸਨ। ਉਹਨਾਂ ਦੇ ਰਾਜ ਦਾ ਭਰਮ ਤੇ ਹੰਕਾਰ ਤੋੜ ਕੇ ਗਰੀਬ ਸਿੰਘਾਂ ਨੂੰ ਰਾਜ ਦਾ ਦੈਵੀ ਅਧਿਕਾਰ ਬਖਸ਼ ਦਿੱਤਾ :

‘ਜਿਨਕੀ ਜਾਤ ਬਰਨ ਕੁਲ ਮਾਹੀ ਸਰਦਾਰੀ ਨਹਿ ਭਈ ਕਿਦਾਂਹੀ।
ਤਿੰਨ ਹੀ ਕੌ ਸਰਦਾਰ ਬਨਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ।

‘ਇਨ ਗਰੀਬ ਸਿੰਘਨ ਕੋ ਦੇਊ ਪਾਤਸ਼ਾਹੀ’ ਦਾ ਵਰਦਾਨ ਬਖਸ਼ ਦਿਤਾ :

ਨਾਊ ਗਰੀਬ ਨਿਵਾਜ ਹਮਾਰਾ ਹੈ ਜਗ ਮੇ ਪ੍ਰਸਿਧ ਅਪਾਰਾ
……………………. ਲਘੂ ਜਾਤਨ ਕੋ ਬਡਪਨ ਦੇਹਿੰ।

ਗੁਰੂ ਦਸ਼ਮੇਸ਼ ਨੇ ਅੰਮ੍ਰਿਤ ਦੀ ਦਾਤ ਬਖਸ਼, ਖਾਲਸਾ ਸਾਜ, ਐਸਾ ਧਰਮੀ ਯੋਧਾ ਪੈਦਾ ਕੀਤਾ ਜਿਸਨੇ ਗੁਲਾਮੀ ਤੋਂ ਦੇਸ਼ ਕੌਮ ਨੂੰ ਨਿਜਾਤ ਦਿਵਾਉਣ ਲਈ, ਫਤਿਹ ਤੇ ਆਜਾਦੀ ਦੇ ਨਿਸ਼ਾਨ ਸਾਹਿਬ ਬੁਲੰਦ ਕਰਨ ਲਈ ਜੁਲਮੋ ਸਿਤਮ ਦੀ ਅੱਗ ਦੇ ਦਰਿਆ, ਅਸਹਿ ਤੇ ਅਕਹਿ ਕਸ਼ਟ ਸਹਾਰਕੇ ਪਾਰ ਕੀਤੇ, ਸ਼ਹੀਦੀਆਂ ਤੇ ਕੁਰਬਾਨੀਆਂ ਦਾ ਲਾਮਿਸਾਲ ਇਤਿਹਾਸ ਰਚਿਆ। ਮੀਰ ਮੰਨੂੰ, ਨਾਦਰ ਸ਼ਾਹ ਤੇ ਅਬਦਾਲੀ ਵਰਗੇ ਜਾਲਿਮਾਂ ਨਾਲ ਸੰਘਰਸ਼ ਵਿੱਚ ਸੀਸ ਦਿਤੇ, ਖੂਨ ਦਿੱਤਾ, ਕੁਰਬਾਨ ਹੋ ਗਏ ਪਰ ਈਨ ਨਹੀ ਮੰਨੀ। ਦੁਨੀਆਂ ਨੇ ਵੇਖਿਆ ਗੁਰੂ ਕਾ ਖਾਲਸਾ ਅਜਿੱਤ ਹੈ, ਅਡਿੱਗ ਹੈ :

‘ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜਹਿਰ ਪਿਆਲੇ ਪੀਤੇ’

ਅਰਦਾਸ ਵਿੱਚ ਸਿੱਖ ਹਰ ਰੋਜ਼ ਇਨ੍ਹਾਂ ਸ਼ਹਾਦਤਾਂ ਨੂੰ ਸਿਜਦੇ ਕਰਦੇ ਹਨ :

ਜਿੰਨਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ …………
ਧਰਮ ਨਹੀ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ………।

ਜਿਸ ਪੰਜਾਬ ਦੇ ਨਾਮ ਤੇ ਸਦੀਆਂ ਤੋਂ ਹਮਲਾਵਰ ਜਾਲਿਮਾਂ ਦਾ ਪ੍ਰਵੇਸ਼ ਦੁਆਰ ਹੋਣ ਦਾ ਕਲੰਕ ਸੀ, ਜਿਥੋਂ ਲੰਘ ਕੇ ਸਾਰੇ ਦੇਸ਼ ਨੂੰ ਲੁੱਟਿਆ ਕੁੱਟਿਆ ਤੇ ਗੁਲਾਮ ਬਣਾਇਆ ਜਾਂਦਾ, ਜਿਸ ਪੰਜਾਬ ਵਿੱਚੋਂ ਹਮਲਾਵਰਾਂ ਦੇ ਆਉਣ ਸਮੇਂ ਘੋੜੇ ਦੇ ਟਾਪਾਂ ਦੀਆਂ ਅਤੇ ਜਾਣ ਸਮੇਂ ਲੌਕਾਂ ਦੇ ਰੋਣ ਕੁਰਲਾਉਣ ਦੀਆਂ ਦੋ ਹੀ ਅਵਾਜਾਂ ਸੁਣਾਈ ਦਿੰਦੀਆਂ ਸਨ ਉਹੀ ਪੰਜਾਬ ਜਦੋਂ ਗੁਰੂ ਸਾਹਿਬਾਨ ਦੀ ਧਰਤ ਬਣਿਆ, ਖਾਲਸੇ ਦੀ ਜਨਮ ਤੇ ਕਰਮਭੂਮੀ ਬਣਿਆਂ ਤਾਂ ਇਥੋ ਰਣਜੀਤ ਨਗਾਰਿਆਂ ਤੇ ਜੈਕਾਰਿਆ ਦੀ ਗੂਜਾਂ ਪਈਆਂ, ਫਤਹਿ ਦੇ ਡੰਕੇ ਵੱਜੇ ਅਤੇ ਜਮਰੌਦ ਦੇ ਕਿਲੇ ਤੇ ਖਾਲਸਾਈ ਫਤਹਿ ਦੇ ਨਿਸ਼ਾਨ ਸਾਹਿਬ ਝੁੱਲੇ। ਉਸ ਉਪ੍ਰੰਤ ਦਰਾ ਖੈਬਰ ਵੱਲੋਂ ਮੁੜ ਹਿੰਦੁਸਤਾਨ ਤੇ ਕੋਈ ਹਮਲਾ ਨਹੀ ਹੋ ਸਕਿਆ। ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਪੰਜਾਬ ਨੂੰ ਅਜ਼ਾਦੀ ਮਿਲੀ। ਸਰਬ ਸਾਂਝਾ ਖਾਲਸਾ ਰਾਜ ਕਾਇਮ ਹੋਇਆ ਧਰਮ ਅਤੇ ਅਧਰਮ, ਸੱਚ ਅਤੇ ਝੂਠ, ਮਨੁੱਖੀ ਸਨਮਾਨ ਤੇ ਇਖਲਾਕ ਅਤੇ ਪਾਪ ਤੇ ਅਤਿਆਚਾਰ, ਦੁਨਿਆਵੀ ਰਾਜੇ ਤੇ ਵਜੀਰਾਂ ਦੇ ਚਾਪਲੂਸ ਸਭਿਆਚਾਰ ਵਿਰੁੱਧ ਹੋਣ ਵਾਲੇ ਕਿਸੇ ਵੀ ਸੰਘਰਸ਼ ਵਿੱਚ ਗੁਰੂ ਦਸਮੇਸ਼ ਦਾ ਸਾਜਿਆ ਖਾਲਸਾ ਮੋਨ, ਖਾਮੋਸ਼ ਅਤੇ ਨਿਰਪੱਖ ਨਹੀਂ ਰਹਿ ਸਕਦਾ। ਸੱਚ, ਹੱਕ ਧਰਮ ਤੇ ਇਖਲਾਕ ਦੇ ਸੰਘਰਸ਼ ਵਿੱਚ ਜਿਹੜਾ ਕਮਜੋਰੀ ਤੇ ਬੁਜ਼ਦਿਲੀ ਕਾਰਨ ਨਿਰਪੱਖ ਹੋਣ ਦਾ ਭਰਮ ਪਾਲਦਾ ਹੈ ਇਤਿਹਾਸ ਉਸ ਨੂੰ ਮੁਆਫ ਨਹੀਂ ਕਰਦਾ।

ਅੱਜ ਸਿੱਖ ਪ੍ਰੋਹਤਵਾਦ ਤੇ ਬਿਪਰਨ ਦੀ ਰੀਤ ਵਿੱਚ ਫਸ ਕੇ ਜਾਤ-ਪਾਤ ਦੇ ਬੰਧਨਾਂ ਵਿੱਚ ਫਸ ਰਿਹਾ ਹੈ। ਜਿਸ ਖੰਡੇ ਬਾਟੇ ਦੇ ਅੰਮ੍ਰਿਤ, ਬਾਣੀ ਤੇ ਬਾਣੇ ਦੇ ਸੁਮੇਲ ਨੇ ਖਾਲਸੇ ਦਾ ਇਤਿਹਾਸ ਕਿਰਦਾਰ ਰਚਿਆ ਅੱਜ ਗੁਰੁ ਦਸ਼ਮੇਸ਼ ਵਲੋਂ ਬਖਸ਼ੀ ਰਹਿਤ ਨੂੰ ਪਿੱਠ ਦੇ ਕੇ ਦੇਹਧਾਰੀਆਂ ਦੇ ਜਾਲ ਵਿੱਚ ਫਸ ਪਤਿਤ ਹੋ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ। ਜਾਗਦੀ ਜਮੀਰ ਵਾਲੇ ਪੰਥ ਪ੍ਰਸਤ, ਚੇਤੰਨ ਤੇ ਸੂਝਵਾਨ ਸਿੱਖ ਇਸ ਅਧੋਗਤੀ ਤੇ ਨਿਰਾਸ਼ਤਾ ਵਿਚੋਂ ਖਾਲਸੇ ਦਾ ਰੂਪ ਰਹਿਤ, ਸਿਧਾਂਤ ਤੇ ਇਖਲਾਕ ਨੂੰ ਮੁੜ ਉਜਾਗਰ ਕਰਨ ਲਈ ਦ੍ਰਿੜ ਪ੍ਰਤਿੱਗ ਹੋਣ ਤਾਂ ਜੋ ਖਾਲਸਾ ਇਕ ਵੇਰ ਫਿਰ ਆਪਣੇ ਇਤਿਹਾਸਕ ਸਨਮਾਨ ਤੇ ਪ੍ਰਤਿਸ਼ਠਤਾ ਨੂੰ  ਸੁਰਜੀਤ ਕਰ ਸਕੇ।

ToReviveTheGloryofTheKhalsa


ਯਕੀਨਨ ਸਰਬੰਸਦਾਨੀ ਸਤਿਗੁਰ ਆਪ ਸਹਾਈ ਹੋਣਗੇ ਕਿਉਂਕਿ ਉਨ੍ਹਾ ਦਾ ਹੀ ਬਚਨ ਹੈ

‘ਪੰਥ ਖਾਲਸਾ ਖੇਤੀ ਮੇਰੀ ਸਦਾ ਸੰਭਾਲ ਕਰੂੰ ਤਿਸ ਕੇਰੀ’
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹ॥

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>