140 ਮਿਲੀਅਨ ਟਨ ਖੇਤੀਬਾੜੀ ਰਹਿੰਦ ਖੂੰਹਦ ਦਾ 10ਵਾਂ ਹਿੱਸਾ ਵੀ ਖੁੰਭਾਂ ਲਈ ਵਰਤ ਲਈਏ ਤਾਂ 30 ਲੱਖ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ-ਡਾ: ਸਿੱਧੂ

ਲੁਧਿਆਣਾ: ਭਾਰਤੀ ਬਾਗਬਾਨੀ ਖੋਜ ਸੰਸਥਾਨ ਬੰਗਲੌਰ ਦੇ ਡਾਇਰੈਕਟਰ ਡਾ: ਅਮਰੀਕ ਸਿੰਘ ਸਿੱਧੂ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੁੰਭ ਖੋਜ ਡਾਇਰੈਕਟੋਰੇਟ ਸੋਲਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ ਰੋਜ਼ਾ ਕੌਮੀ ਵਿਚਾਰ ਵਟਾਂਦਰੇ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਇਸ ਵੇਲੇ 140 ਮਿਲੀਅਨ ਟਨ ਖੇਤੀਬਾੜੀ ਰਹਿੰਦ ਖੂੰਹਦ ਨਿਕਲਦੀ ਹੈ ਜਿਸ ਦਾ 10ਵਾਂ ਹਿੱਸਾ ਵੀ ਖੁੰਭ ਉਤਪਾਦਨ ਲਈ ਵਰਤ ਲਿਆ ਜਾਵੇ ਤਾਂ ਇਸ ਨਾਲ 7.2 ਮਿਲੀਅਨ ਟਨ ਖੁੰਭਾਂ ਦੀ ਹੋਰ ਪੈਦਾਵਾਰ ਹੋ ਸਕਦੀ ਹੈ ਅਤੇ 30 ਲੱਖ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਉਨ੍ਹਾਂ ਆਖਿਆ ਕਿ ਭਾਰਤ ਵਿੱਚ ਭਾਵੇਂ ਖੁੰਭ ਖੋਜ ਬਾਰੇ ਕਾਫੀ ਕੰਮ ਹੋ ਰਿਹਾ ਹੈ ਪਰ ਅਜੇ ਵੀ ਸਾਡਾ ਘੱਟ ਰਕਬੇ ਵਿਚੋਂ ਵੱਧ ਖੁੰਭਾਂ ਪੈਦਾ ਕਰਨ ਦਾ ਟੀਚਾ ਪੂਰਾ ਨਹੀਂ ਹੋ ਰਿਹਾ। ਉਨ੍ਹਾਂ ਆਖਿਆ ਕਿ ਇਸ ਵੇਲੇ 200 ਤੋਂ ਵੱਧ ਕਿਸਮ ਦੀਆਂ ਖੁੰਭ ਜਾਤੀਆਂ ਹਨ ਜਿਨ੍ਹਾਂ ਵਿਚੋਂ 30 ਖੁੰਭ ਜਾਤੀਆਂ ਹੀ ਖਾਣ ਯੋਗ ਹੋਣ ਕਾਰਨ ਵਪਾਰਕ ਪੱਧਰ ਤੇ ਉਗਾਈਆਂ ਜਾਂਦੀਆਂ ਹਨ। ਖੁੰਭ ਬੀਜ ਉਤਪਾਦਨ ਦੇ ਹਵਾਲੇ ਨਾਲ ਡਾ: ਸਿੱਧੂ ਨੇ ਆਖਿਆ ਕਿ ਖੁੰਭਾਂ ਦੇ ਬੀਜ ਦੀ ਕਮੀ ਵੀ ਦੂਰ ਕਰਨ ਦੀ ਲੋੜ ਹੈ ਅਤੇ ਵਿਗਿਆਨਕ ਸੋਝੀ ਵੀ ਹੋਰ ਪਸਾਰਨ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ। ਡਾ: ਸਿੱਧੂ ਨੇ ਆਖਿਆ ਕਿ ਕੁਪੋਸ਼ਣ ਤੋਂ ਮੁਕਤੀ ਲਈ ਸਾਨੂੰ ਕੰਪੋਸਟ ਵਿੱਚ ਲਗਾਏ ਖੁੰਭ ਬੀਜ ਵਾਲੇ ਛੋਟੇ ਛੋਟੇ ਮੋਮੀ ਲਿਫਾਫ਼ੇ ਤਿਆਰ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਪਾਲ ਕੇ ਆਮ ਲੋਕ ਘਰੇਲੂ ਪੱਧਰ ਤੇ ਖੁੰਭਾਂ ਹਾਸਿਲ ਕਰ ਸਕਣ। ਉਨ੍ਹਾਂ ਆਖਿਆ ਕਿ ਚੀਨ ਵਰਗੇ ਦੇਸ਼ ਤੋਂ ਖੁੰਭ ਉਤਪਾਦਨ ਵਿਕਾਸ ਮਾਡਲ ਹਾਸਿਲ ਕਰਨ ਦੀ ਲੋੜ ਹੈ ਜਿਸ ਨੇ ਦੋ ਤਿੰਨ ਦਹਾਕਿਆਂ ਵਿੱਚ ਹੀ 60 ਹਜ਼ਾਰ ਟਨ ਤੋਂ ਆਪਣੀ ਉਪਜ 40 ਮਿਲੀਅਨ ਟਨ ਤੀਕ ਪਹੁੰਚਾ ਦਿੱਤੀ ਹੈ। ਇਸ ਮੌਕੇ ਖੁੰਭਾਂ ਸੰਬੰਧੀ ਖੋਜ ਦੇ ਪੰਜਾਬ ਵਿੱਚ ਮੋਢੀ ਡਾ: ਹਰਨੇਕ ਸਿੰਘ ਗਰਚਾ ਸਾਬਕਾ ਡੀਨ ਕਾਲਜ ਆਫ ਬੇਸਿਕ ਸਾਇੰਸਜ਼ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ।

ਖੁੰਭਾਂ ਸੰਬੰਧੀ ਹੋ ਰਹੀ ਇਸ ਕਾਨਫਰੰਸ ਦੇ ਚੇਅਰਮੈਨ ਡਾ: ਪ੍ਰਦੀਪ ਕੁਮਾਰ ਖੰਨਾ ਨੇ ਆਖਿਆ ਕਿ ਗਲੋਬਲ ਪੱਧਰ ਤੇ ਅਸੀਂ ਖੁੰਭਾਂ ਦੀ ਕਾਸ਼ਤ ਲਈ ਰਕਬੇ ਵਿੱਚ ਪਹਿਲੇ ਸਥਾਨ ਤੇ ਹਾਂ ਪਰ ਉਤਪਾਦਨ ਪੱਖੋਂ ਪਹਿਲੇ ਨੰਬਰ ਤੇ ਆਉਣਾ ਸਾਡਾ ਮਨੋਰਥ ਹੈ। ਉਨ੍ਹਾਂ ਆਖਿਆ ਕਿ ਮਿਆਰੀ ਅਤੇ ਪੌਸ਼ਟਿਕ ਭੋਜਨ ਵਿੱਚ ਖੁੰਭਾਂ ਵੱਡਾ ਹਿੱਸਾ ਪਾਉਣ ਦੇ ਸਮਰੱਥ ਹਨ ਕਿਉਂਕਿ ਇਸ ਨਾਲ ਵਾਤਾਵਰਨ ਵਿੱਚ ਵੀ ਵਿਗਾੜ ਨਹੀਂ ਪੈਂਦਾ। ਡਾ: ਖੰਨਾ ਨੇ ਆਖਿਆ ਕਿ 1970 ਦੇ ਨੇੜੇ ਤੇੜੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਖੁੰਭਾਂ ਸੰਬੰਧੀ ਖੋਜ ਵਿਕਾਸ ਕਾਰਜ ਸ਼ੁਰੂ ਹੋਏ ਸਨ ਅਤੇ ਨਿਰੰਤਰ ਯਤਨਾਂ ਸਦਕਾ ਪਿਛਲੇ 50 ਸਾਲਾਂ ਵਿੱਚ ਸੂਬੇ ਦੇ ਹਜ਼ਾਰਾਂ ਕਿਸਾਨਾਂ ਨੂੰ ਇਸ ਵਿਚੋਂ ਰੁਜ਼ਗਾਰ ਅਤੇ ਪੌਸ਼ਟਿਕ ਸੁਰੱਖਿਆ ਹਾਸਿਲ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਅਮਰੀਕਾ ਵਰਗੇ ਦੇਸ਼ ਵਿੱਚ ਜਾਣ ਵਾਲੀ ਇਕ ਲੱਖ ਟਨ ਬਟਨ ਖੁੰਭ ਵਿਚੋਂ ਲਗਪਗ 40 ਫੀ ਸਦੀ ਹਿੱਸਾ ਪਾ ਰਿਹਾ ਹੈ। ਇਸ ਨੂੰ ਹੋਰ ਵਧਾਉਣ ਦੀਆਂ ਅਥਾਹ ਸੰਭਾਵਨਾਵਾਂ ਹਨ। ਡਾ: ਖੰਨਾ ਨੇ ਆਖਿਆ ਕਿ ਖੁੰਭਾਂ ਦੀਆਂ ਨਵੀਆਂ ਤੋਂ ਨਵੀਆਂ ਕਿਸਮਾਂ ਬਾਰੇ ਖੋਜ ਕਾਰਜ ਜਾਰੀ ਹਨ ਜਿਸ ਨਾਲ ਪੌਸ਼ਟਿਕ ਸੁਰੱਖਿਆ ਹੋਰ ਯਕੀਨੀ ਬਣੇ। ਬਹੁਲਤਾ ਤੋਂ ਵੰਨ ਸੁਵੰਨਤਾ ਰਾਹੀਂ ਪੌਸ਼ਟਿਕ ਅਤੇ ਵਾਤਾਵਰਨ ਸੁਰੱਖਿਆ ਦੇ ਹਵਾਲੇ ਨਾਲ ਡਾ:  ਖੰਨਾ ਨੇ ਆਖਿਆ ਕਿ ਜੈਵਿਕ ਵਿਭਿੰਨਤਾ, ਉਤਪਾਦਨ ਤਕਨੀਕਾਂ, ਪੌਸ਼ਟਿਕ ਅਤੇ ਸਿਹਤ ਸੁਧਾਰ ਲਾਭ, ਖੁੰਭਾਂ ਵਿੱਚ ਵੰਨ ਸੁਵੰਨਤਾ ਅਤੇ ਖੁੰਭ ਉਦਯੋਗ ਨੂੰ ਵਿਕਾਸ ਅਤੇ ਭਵਿੱਖਮੁਖੀ ਦਿਸ਼ਾ ਦੇਣ ਵਰਗੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰਨਾ ਸੂਬੇ ਦੇ ਭਵਿੱਖ ਵਿੱਚ ਆਮ ਕਰਕੇ ਅਤੇ ਦੇਸ਼ ਦੇ ਹਿਤ ਵਿੱਚ ਖਾਸ ਕਰਕੇ ਬੜਾ ਮਹੱਤਵਪੂਰਨ ਹੈ। ਉਨ੍ਹਾਂ ਆਖਿਆ ਕਿ ਡਾ: ਹਰਨੇਕ ਸਿੰਘ ਗਰਚਾ, ਡਾ: ਲਖਣਪਾਲ, ਡਾ: ਆਰ ਪੀ ਸਿੰਘ, ਡਾ: ਬੀ ਐਸ ਧਰ, ਡਾ: ਠਾਕੁਰ ਅਤੇ ਡਾ: ਵੀ ਪ੍ਰਕਾਸ਼ਮ ਵਰਗੇ ਵਿਗਿਆਨੀਆਂ ਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੀਕ ਪੁੱਜਣਾ ਸਾਡੇ ਲਈ ਸੁਭਾਗ ਹੈ। ਉਨ੍ਹਾਂ ਆਖਿਆ ਕਿ ਸਿਫਟ ਦੇ ਡਾਇਰੈਕਟਰ ਡਾ: ਯੂ ਐਸ ਸ਼ਿਵ ਹਰੇ ਅਤੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਦੀ ਅਗਵਾਈ ਵੀ ਸਾਨੂੰ ਨੇੜ ਭਵਿੱਖ ਵਿੱਚ ਠੋਸ ਦਿਸ਼ਾ ਨਿਰਦੇਸ਼ ਦੇਵੇਗੀ।

ਪ੍ਰਧਾਨਗੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਆਖਿਆ ਕਿ ਭਾਰਤ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ ਕੁਪੋਸ਼ਣ ਤੋਂ ਮੁਕਤੀ ਲਈ 2 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਕੀਤੀ ਹੈ। ਖੁੰਭਾਂ ਕੁਪੋਸ਼ਣ ਤੋਂ ਮੁਕਤੀ ਲਈ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਖੁੰਭਾਂ ਦੀ ਜੀਅ ਪ੍ਰਤੀ ਖਪਤ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਸਾਲਾਨਾ 3 ਤੋਂ 4 ਕਿਲੋ ਹੈ ਜਦ ਕਿ ਭਾਰਤ ਵਿੱਚ ਇਹ ਕੇਵਲ 30 ਤੋਂ 40 ਗਰਾਮ ਹੀ ਹੈ। ਪ੍ਰੋਟੀਨ ਅਤੇ ਫਾਈਬਰ ਦਾ ਵਧੀਆ ਸੋਮਾ ਹੋਣ ਕਾਰਨ ਖੁੰਭਾਂ ਕੈਂਸਰ ਅਤੇ ਸ਼ੱਕਰ ਰੋਗ ਨੂੰ ਰੋਕਣ ਵਿੱਚ ਸਹਾਈ ਹੁੰਦੀਆਂ ਹਨ। ਡਾ: ਗੋਸਲ ਨੇ ਆਖਿਆ ਕਿ ਹੁਣ ਤੀਕ ਕਣਕ ਦੀ ਤੂੜੀ ਤੋਂ ਖੁੰਭਾਂ ਉਗਾਉਂਦੇ ਸਾਂ ਪਰ ਹੁਣ ਝੋਨੇ ਦੀ ਪਰਾਲੀ ਨੂੰ ਵੀ ਇਸ ਮਕਸਦ ਲਈ ਵਰਤਿਆ ਜਾ ਸਕਦਾ ਹੈ। ਇਸ ਬਾਰੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਤਕਨੀਕ ਵਿਕਸਤ ਕਰ ਲਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਖੁੰਭ ਉਤਪਾਦਨ ਦੀ ਅਥਾਹ ਸੰਭਾਵਨਾਵਾਂ ਹਨ ਜਿਨ੍ਹਾਂ ਨੂੰ ਪਸਾਰ ਸੇਵਾਵਾਂ ਰਾਹੀਂ ਹਰਮਨ ਪਿਆਰਾ ਬਣਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਖੁੰਭਾਂ ਦੀਆਂ ਵੱਖ ਵੱਖ ਕਿਸਮਾਂ ਦਾ ਜਰਮ ਪਲਾਜ਼ਮ ਯੂਨੀਵਰਸਿਟੀ ਪਾਸ ਸੁਰੱਖਿਅਤ ਹੈ ਅਤੇ ਖੁੰਭਾਂ ਦੇ ਬੀਜ ਦੀ ¦ਮੀ ਮਿਆਦ ਲਈ ਸੁਰੱਖਿਆ ਬਾਰੇ ਵੀ ਖੋਜ ਪ੍ਰਾਜੈਕਟ ਆਈ ਸੀ ਏ ਆਰ ਨੂੰ ਭੇਜੇ ਗਏ ਹਨ। ਖੁੰਭਾਂ ਨਾਲ ਸਬੰਧਿਤ ਭਾਰਤੀ ਸੁਸਾਇਟੀ ਦੇ ਪ੍ਰਧਾਨ ਅਤੇ ਸੋਲਨ ਸਥਿਤ ਖੁੰਭ ਖੋਜ ਡਾਇਰੈਕਟੋਰੇਟ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਨੇ ਆਖਿਆ ਕਿ ਖੁੰਭ ਖੋਜ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਕੇਂਦਰ ਸਭ ਤੋਂ ਪਹਿਲਾ ਅਤੇ ਪ੍ਰਮੁਖ ਰਿਹਾ ਹੈ ਅਤੇ ਹੁਣ ਵੀ ਇਥੇ ਇਸ ਕਾਨਫਰੰਸ ਦਾ ਹੋਣਾ ਯਕੀਨਨ ਨਵੇਂ ਮਾਪਦੰਡ ਸਿਰਜੇਗਾ। ਸਿਫਟ ਦੇ ਡਾਇਰੈਕਟਰ ਡਾ: ਯੂ ਐਸ ਸ਼ਿਵਹਰੇ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੰਬੋਧਨ ਕਰਦਿਆਂ ਆਖਿਆ ਕਿ ਖੁੰਭਾਂ ਤੋਂ ਪਕਵਾਨ ਤਿਆਰ ਕਰਨ ਸੰਬੰਧੀ ਪੰਜਾਬੀ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਸੂਬੇ ਵਿੱਚ ਹੋਣ ਵਾਲਾ ਖੁੰਭ ਉਤਪਾਦਨ ਵੱਧ ਕੀਮਤ ਤੇ ਵਿਕ ਸਕੇ। ਖੁੰਭਾਂ ਦੀ ਦਰਜਾਬੰਦੀ ਅਤੇ ਪ੍ਰੋਸੈਸਿੰਗ ਰਾਹੀਂ ਵਿਸ਼ਵ ਮੰਡੀ ਵਿੱਚ ਬਣਦਾ ਹਿੱਸਾ ਹਾਸਿਲ ਕਰਨਾ ਵੀ ਸਾਡਾ ਟੀਚਾ ਹੋਣਾ ਚਾਹੀਦਾ ਹੈ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>