ਕੀਤੂ ਕਤਲ ਕੇਸ ਦਾ ਮੁੱਖ ਮੁਲਜ਼ਮ ਜਸਪ੍ਰੀਤ ਜੱਸਾ ਬਰਨਾਲਾ ਪੁਲਿਸ ਨੇ ਕੀਤਾ ਕਾਬੂ

ਬਰਨਾਲਾ,(ਜੀਵਨ ਸ਼ਰਮਾ ਰਾਮਗੜ੍ਹ)-ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮ੍ਰਿਤਕ ਕੀਤੂ ਦਾ ਭਤੀਜਾ ਜਸਪ੍ਰੀਤ ਸਿੰਘ ਜੱਸਾ ਨੂੰ ਅੱਜ ਬਰਨਾਲਾ ਪੁਲਿਸ ਨੇ ਡੇਰਾ ਬੱਸੀ ਦੇ ਇਲਾਕੇ ਵਿੱਚੋਂ ਪੁਲਿਸ ਮੁਕਾਬਲੇ ਉਪਰੰਤ ਇੱਕ ਸਾਥੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਜਿਸ ਤੋਂ ਇੱਕ ਪਿਸਟਲ ਤੇ ਵਰਨਾ ਗੱਡੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਜਸਪ੍ਰੀਤ ਸਿੰਘ ਜੱਸਾ ਖਿਲਾਫ਼ ਜ਼ਿਲ੍ਹਾ ਬਰਨਾਲਾ ਦੇ ਥਾਣਾ ਮਹਿਲ ਕਲਾਂ ਤੇ ਰੂੜੇਕੇ ਕਲਾਂ ਵਿੱਚ ਵੀ ਮਾਮਲੇ ਦਰਜ਼ ਹਨ।

ਐਸਐਸਪੀ  ਦਫ਼ਤਰ ਬਰਨਾਲਾ ਵਿਖੇ ਕਾਹਲ ਵਿੱਚ ਬੁਲਾਈ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਜਿਲ੍ਹਾ ਪੁਲਿਸ ਮੁਖੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਥਾਣਾ ਮਹਿਲ ਕਲਾਂ ਵਿਖੇ ਜਸਪ੍ਰੀਤ ਸਿੰਘ ਜੱਸਾ ਵਾਸੀ ਬਿਲਾਸਪੁਰ (ਮੋਗਾ) ਖਿਲਾਫ਼ ਮੁਕੱਦਮਾ ਨੰ: 3 ਧਾਰਾ 307,34 ਆਈਪੀਸੀ ਅਤੇ ਥਾਣਾ ਰੂੜੇਕੇ ਵਿਖੇ 17/13 ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਹੈ। ਜਿਸ ਦੀ ਤਲਾਸ਼ ਦੇ ਚੱਲਦਿਆਂ ਅੱਜ ਬਰਨਾਲਾ ਪੁਲਿਸ ਨੂੰ ਉਕਤ ਮੁਲਜ਼ਮ ਦੇ ਡੇਰਾ ਬੱਸੀ (ਮੋਹਾਲੀ) ਖੇਤਰ ’ਚ ਹੋਣ ਦੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ। ਜਿਸ ਉਪਰੰਤ ਤੁਰੰਤ ਉਨ੍ਹਾਂ ਅੱਜ ਐਸਪੀ (ਡੀ) ਬਰਨਾਲਾ ਵਿਪਨ ਚੌਧਰੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਗਠਿਤ ਕਰਕੇ ਦੱਸੇ ਗਏ ਖੇਤਰ ’ਚ ਪੁਲਿਸ ਪਾਰਟੀ ਭੇਜੀ। ਮਿਲੀ ਸੂਹ ਦੇ ਮੁਤਾਬਿਕ ਥਾਣਾ ਡੇਰਾ ਬੱਸੀ ਦੇ ਪਿੰਡ ਸੁੰਦੜਾਂ-ਨਿੰਬੂਆਂ ਵਿਚਕਾਰ ਬਰਨਾਲਾ ਪੁਲਿਸ ਦੀ ਟੀਮ ਨੇ ਨਾਕਾਬੰਦੀ ਕਰਕੇ ਇੱਕ ਵਰਨਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਕਾਰ ’ਚ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਪਾਰਟੀ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ’ਚ ਫਾਈਰਿੰਗ ਕੀਤੀ। ਕਰਾਸ ਫਾਈਰਿੰਗ ’ਚ ਇੱਕ ਵਿਅਕਤੀ ਦੇ ਲੱਤ ਵਿੱਚ ਗੋਲੀ ਵੱਜੀ ਜਿਸਦੀ ਪਹਿਚਾਣ ਰਛਪਾਲ ਸਿੰਘ ਕਾਲਾ ਉਰਫ਼ ਕਾਲਾ ਬੱਡੀ ਵਜੋਂ ਹੋਈ। ਦੂਜੇ ਨੌਜਵਾਨ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਮੁਸ਼ਤੈਦੀ ਦਿਖਾਉਦਿਆਂ ਤੁਰੰਤ ਉਸ ਦੀ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਜਿਸਦੀ ਪਹਿਚਾਣ ਜਸਪ੍ਰੀਤ ਸਿੰਘ ਜੱਸਾ (ਮ੍ਰਿਤਕ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦਾ ਭਤੀਜਾ) ਵਾਸੀ ਬਿਲਾਸਪੁਰ (ਮੋਗਾ) ਵਜੋਂ ਹੋਈ। ਐਸਐਸਪੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਜਖ਼ਮੀ ਰਛਪਾਲ ਸਿੰਘ ਕਾਲਾ ਨੂੰ ਤੁਰੰਤ ਡੇਰਾ ਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਜਸਪ੍ਰੀਤ ਸਿੰਘ ਜੱਸਾ ਨੂੰ ਕਾਬੂ ਕਰਕੇ ਬਰਨਾਲਾ ਪੁਲਿਸ ਵੱਲੋਂ ਥਾਣਾ ਡੇਰਾ ਬੱਸੀ ਵਿਖੇ ਮਾਮਲਾ ਦਰਜ ਕਰਵਾਇਆ ਗਿਆ। ਮੁਲਜ਼ਮਾਂ ਕੋਲੋਂ ਇੱਕ ਪਿਸਟਲ ਅਤੇ ਵਰਨਾ ਕਾਰ ਪੁਲਿਸ ਨੇ ਬਰਾਮਦ ਕਰ ਲਈ। ਇਸ ਮੌਕੇ ਐਸਐਸਪੀ ਸ੍ਰੀ ਸ਼ਰਮਾ ਦੇ ਨਾਲ ਐਸਪੀ (ਡੀ) ਵਿਪਨ ਚੌਧਰੀ, ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਗੋਪਾਲ ਸਿੰਘ ਦਰਦੀ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>