ਮਾਸੂਮ ਲੜਕੀਆਂ ਦੀ ਮਾਸੂਮੀਅਤ ਨਾਲ ਖਿਲਵਾੜ ਨਾ ਕਰੋ

ਮਾਸੂਮ ਲੜਕੀਆਂ ਦੀ ਮਾਸੂਮੀਅਤ ਨਾਲ ਸਮਾਜ ਖਿਲਵਾੜ ਕਰ ਰਿਹਾ ਹੈ । ਸਮਾਜ ਦਾ ਮਹੱਤਵਪੂਰਨ ਹਿੱਸਾ ਕਹਾਉਣ ਵਾਲੀ ਪੁਲਿਸ,ਪ੍ਰਸ਼ਾਸ਼ਨ,ਪਤਵੰਤੇ ਲੋਕ ਅਤੇ ਸਿਆਸਤਦਾਨ ਮਾਸੂਮ ਲੜਕੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।ਇਹ ਲੋਕ ਜਦੋਂ ਮਾਸੂਮ ਲੜਕੀਆਂ ਤੋਂ ਜਾਣੇ ਜਾਂ ਅਣਜਾਣੇ ਅਲ੍ਹੜ ਉਮਰ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਇਹ ਆਪਣੀਆਂ ਆਪ ਹੁਦਰੀਆਂ ਕਰਕੇ ਆਪਣੇ ਖੋਖਲੇਪਨ ਦਾ ਸਬੂਤ ਦਿੰਦੇ ਹਨ ਅਤੇ ਉਹਨਾ ਦੀ ਮਾਸੂਮੀਅਤ ਦਾ ਨਜਾਇਜ ਲਾਭ ਉਠਾਉਂਦੇ ਹਨ। ਆਮ ਤੌਰ ਤੇ ਨਬਾਲਗ ਲੜਕੀਆਂ ਅਜਿਹੀ ਅਲ੍ਹੜ ਉਮਰ ਵਿੱਚ ਕਈ ਵਾਰੀ ਗਲਤ ਕੰਮ ਕਰ ਬੈਠਦੀਆਂ ਹਨ ਕਿਉਂਕਿ ਉਹਨਾ ਦੀ ਕੱਚੀ ਉਮਰ ਹੋਣ ਕਰਕੇ ਠੀਕ ਜਾਂ ਗਲਤ ਦੇ ਫਰਕ ਦਾ ਪਤਾ ਨਹੀਂ ਹੁੰਦਾ ਜਾਂ ਇਉਂ ਕਹਿ ਲਵੋ ਕਿ ਉਹਨਾ ਨੂੰ ਸਮਝਣ ਵਿੱਚ ਭੁਲੇਖਾ ਲੱਗ ਜਾਂਦਾ ਹੈ। ਇਹਨਾ ਮਾਸੂਮ ਬੱਚੀਆਂ ਦੀ ਨਾਸਮਝੀ ਅਤੇ ਮਾਸੂਮੀਅਤ ਨੂੰ ਚੁਸਤ ਤੇ ਚਾਲਾਕ ਖੁਦਗਰਜ ਕਿਸਮ ਦੇ ਲੜਕੇ ੇਵਰਗਲਾਕੇ ਗੁੰਮਰਾਹ ਕਰ ਲੈਂਦੇ ਹਨ। ਅਜੇਹੇ ਤਿੰਨੋ ਕੇਸ ਬਹੁਤ ਹੀ ਚਰਚਿਤ ਹੋਏ ਹਨ ,ਜਿਹਨਾ ਵਿੱਚ ਇਹਨਾ ਵਰਗਾਂ ਦੇ ਲੋਕਾਂ ਨੇ ਮਾਸੂਮਾਂ ਦੀ ਮਾਸੂਮੀਅਤ ਨੂੰ ਵੀ ਨਹੀਂ ਬਖ਼ਸ਼ਿਆ । ਇਹਨਾ ਵਿੱਚੋਂ ਇੱਕ ਕੇਸ ਦਿੱਲੀ ਦੇ ਦੰਦਾਂ ਦੇ ਮਾਹਰ  ਡਾਕਟਰ ਤਲਵਾੜ ਪਰਿਵਾਰ ਦੀ ਨਾਬਾਲਗ ਤੇ ਮਾਸੂਮ ਲੜਕੀ ਆਰੂਸ਼ੀ ਦੇ ਕਤਲ ਦਾ ਹੈ ਜੋ ਕਿ ਅੱਜ ਤੱਕ ਵੀ ਭੰਬਲਭੂਸੇ ਵਿੱਚ ਪਿਆ ਹੋਇਆ ਹੈ।ਮਾਸੂਮ ਆਰੂਸ਼ੀ ਅਤੇ ਉਹਨਾ ਦੇ ਨੌਕਰ ਹੇਮ ਰਾਜ ਦਾ ਕਤਲ ਆਰੂਸ਼ੀ ਦੇ ਆਪਣੇ ਘਰ ਵਿੱਚ ਹੀ ਹੋਇਆ ਸੀ। ਘਰ ਅੰਦਰੋਂ ਬੰਦ ਸੀ। ਆਰੂਸ਼ੀ ਦੇ ਮਾਤਾ ਪਿਤਾ ਆਰੂਸ਼ੀ ਦੇ ਨਾਲ ਦੇ ਕਮਰੇ ਵਿੱਚ ਸੁਤੇ ਪਏ ਸਨ। ਇਸ ਲੜਕੀ ਦੇ ਕਤਲ ਕੇਸ ਨੂੰ ਵੀ ਕਈ ਤਰ੍ਹਾਂ ਦੀ ਰੰਗਤ ਦਿੱਤੀ ਗਈ। ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਬਣਾਕੇ ਅਖਬਾਰਾਂ ਦੀਆਂ ਸੁਰਖੀਆਂ ਬਣਾਈਆਂ ਗਈਆਂ। ਇੱਥੋਂ ਤੱਕ ਕਿ ਇਸ ਨਾਬਾਲਗ ਤੇ ਮਾਸੂਮ ਬੱਚੀ ਦੇ ਚਰਿਤਰ ਤੇ ਵੀ ਚਿੱਕੜ ਸੁਟਿਆ ਗਿਆ। ਕੱਚੀ ਉਮਰ ਦੀ ਮਾਸੂਮ ਲੜਕੀ ਨੂੰ ਮਰਨ ਉਪਰੰਤ ਵੀ ਪੁਲਿਸ,ਪ੍ਰਸ਼ਾਸ਼ਨ,ਪਤਵੰਤੇ ਵਿਅਕਤੀਆਂ ਅਤੇ ਸਿਆਸਤਦਾਨਾਂ ਅਤੇ ਅਖਬਾਰਾਂ ਨੇ ਉਸ ਤੇ ਦੋਸ਼ ਲਗਾਉਣ ਸਮੇਂ ਵੀ ਭੋਰਾ ਸ਼ਰਮ ਜਾਂ ਹਯਾ ਨਹੀਂ ਕੀਤੀ ਤੇ ਉਸਨੂੰ ਬਦਨਾਮ ਕੀਤਾ ਗਿਆ ਅਤੇ ਉਸ ਤੋਂ ਤਿਗਣੀ ਉਮਰ ਦੇ ਤਲਵਾੜ ਪਰਿਵਾਰ ਦੇ ਨੌਕਰ ਹੇਮ ਰਾਜ ਨਾਲ ਉਸਦਾ ਨਾਮ ਜੋੜਿਆ ਗਿਆ। ਪੁਲਿਸ ਉਸਦੇ ਕਤਲ ਦੀ ਥਿਊਰੀ ਨੂੰ ਵਾਰ ਵਾਰ ਬਦਲਦੀ ਰਹੀ ਅਤੇ ਕਈ ਪੁਲਸ ਅਫਸਰਾਂ ਨੂੰ ਬਦਲਿਆ ਗਿਆ। ਪੁਲਿਸ ਅਫਸਰਾਂ ਦੇ ਬਦਲਣ ਨਾਲ ਆਰੂਸ਼ੀ ਦੀ ਕੀਤੀ ਬਦਨਾਮੀ ਤਾਂ ਨਹੀਂ ਧੋਤੀ ਜਾ ਸਕਦੀ। ਹੈਰਾਨੀ ਤੇ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਐਨੀ ਛੋਟੀ ਉਮਰ ਦੀ ਬੱਚੀ ਬਾਰੇ ਅਜਿਹੇ ਦੂਸ਼ਣ ਲਗਾਉਣੇ ਤੇ ਮੀਡੀਆ ਦੀਆਂ ਸੁਰਖੀਆਂ ਬਣਾਕੇ ਕੇਸ ਨੂੰ ਅਜੀਬ ਰੰਗਤ ਦੇਣੀ ਕਿੰਨੇ ਘਿਨਾਉਣੇ ਕਾਰਜ ਹਨ। ਪਹਿਲਾਂ ਪੁਸਿ ਨੇ ਅਣਸੁਲਝਿਆ ਕੇਸ ਸਮਝ ਕੇ ਕੇਸ ਬੰਦ ਕਰਨ ਦੀ ਸਿਫਾਰਸ਼ ਕਰ ਦਿੱਤੀ ਜਦੋਂ ਉਸਦੇ ਮਾਪਿਆਂ ਨੇ ਇਸਦਾ ਇਤਰਾਜ ਕੀਤਾ ਤਾਂ ਦੁਬਾਰਾ ਕੇਸ ਖੋਹਲਣ ਤੇ ਮਾਪਿਆਂ ਨੂੰ ਹੀ ਦੋਸ਼ੀ ਮੰਨ ਲਿਆ ਗਿਆ। ਸਾਰੀ ਕਹਾਣੀ ਸਮਝ ਤੋਂ ਬਾਹਰ ਹੈ।

ਦੂਜਾ ਬਹੁ ਚਰਚਿਤ ਕੇਸ ਫਰੀਦਕੋਟ ਸ਼ਹਿਰ ਦੀ 15 ਸਾਲਾਂ ਦੀ ਮਾਸੂਮ ਸਚਦੇਵਾ ਪਰਿਵਾਰ ਦੀ ਲੜਕੀ ਸ਼ਰੁਤੀ ਸਚਦੇਵਾ ਦਾ ਹੈ ਜਿਹੜਾ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਮਾਸੂਮ ਅਤੇ ਅੱਲ੍ਹੜ ਉਮਰ ਦੀ ਲੜਕੀ ਨੂੰ ਵਰਗਲਾਕੇ ਲਿਜਾਕੇ ਇੱਕ ਮਹੀਨਾ ਰੱਖਿਆ ਗਿਆ ਜਦੋਂ ਉਹ ਮਾਸੂਮ ਉਸ ਨੌਜਵਾਨ ਦੇ ਚੁੰਗਲ ਵਿੱਚੋਂ ਕਿਸੇ ਤਰੀਕੇ ਭੱਜਕੇ ਆਪਣੇ ਘਰ ਵਾਪਸ ਆ ਗਈ ਤਾਂ ਪੁਲਸ ਨੇ ਪਬਲਿਕ ਦੇ ਬਹੁਤ ਜ਼ੋਰ ਪਾਉਣ ਤੇ ਲੜਕੀ ਨੂੰ ਅਗਵਾ ਕਰਨ ਦੀ ਐਫ ਆਈ ਆਰ ਤਾਂ ਦਰਜ ਕਰ ਲਈ ਪ੍ਰੰਤੂ ਦੋਸ਼ੀ ਨੂੰ ਸੱੰਗੀਨ ਦੋਸ਼ਾਂ ਦੇ ਬਾਵਜੂਦ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਦੋਸ਼ੀ ਸ਼ਰੇਆਮ ਰਾਜ ਚਲਾ ਰਹੀ ਪਾਰਟੀ ਦੇ ਕਾਰਕੁੰਨਾ ਨਾਲ ਬੇਖੌਫ ਫਰੀਦਕੋਟ ਸ਼ਹਿਰ ਵਿੱਚ ਹੀ ਘੁੰਮਦਾ ਰਿਹਾ। ਅਖੀਰ ਫਿਰ ਦੋ ਮਹੀਨੇ ਬਾਅਦ ਉਹ ਦੋਸ਼ੀ ਲੜਕੀ ਨੂੰ ਸ਼ਰੇਆਮ ਮਾਪਿਆਂ ਦੀ ਕੁੱਟ ਮਾਰ ਕਰਕੇ ਅਗਵਾ ਕਰਕੇ ਦੁਬਾਰਾ ਲੈ ਗਿਆ। ਇੱਕ ਮਹੀਨਾ ਪੁਲਿਸ ਨੇ ਕੋਈ ਐਫ ਆਈ ਆਰ ਹੀ ਦਰਜ ਨਾ ਕੀਤੀ ਜਦੋਂ ਸਮੁਚੇ ਸ਼ਹਿਰ ਦੇ ਪਤਵੰਤੇ ਸ਼ਹਿਰੀਆਂ ਦੀ ਐਕਸ਼ਨ ਕਮੇਟੀ ਨੇ ਹੜਤਾਲਾਂ ਤੇ ਧਰਨੇ ਦਿੱਤੇ ਤੇ ਲੋਕ ਲਹਿਰ ਬਣਾ ਲਈ ਤਾਂ ਕਿਤੇ ਜਾਕੇ ਅਗਵਾ ਦਾ ਕੇਸ ਦਰਜ ਹੋਇਆ। ਇਸ ਸਮੇਂ ਦੌਰਾਨ ਸਿਆਸੀ ਪਾਰਟੀਆਂ ਨੇ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ। ਲੜਕੀ ਦੇ ਮਾਪੇ ਲੋਕਾਂ ਤੇ ਸਿਆਸੀ ਪਾਰਟੀਆਂ ਤੋਂ ਮੱਦਦ ਲੈਣ ਲਈ ਮਜ਼ਬੂਰ ਸਨ ਪ੍ਰੰਤੂ ਸਰਕਾਰ,ਪੁਲਿਸ,ਪ੍ਰਸ਼ਾਸ਼ਨ,ਸਿਆਸਤਦਾਨਾਂ ਅਤੇ ਐਕਸ਼ਨ ਕਮੇਟੀ ਨੇ ਵੀ ਉਸ ਮਾਸੂਮ ਸ਼ਰੁਤੀ ਦੀ ਮਾਸੂਮੀਅਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਨਾਬਾਲਗ ਬੱਚੀ ਜਿਸਨੂੰ ਅਜੇ ਵਿਆਹ ਦੀ ਸਮਝ ਹੀ ਨਹੀਂ ਅਤੇ ਨਾ ਹੀ ਉਹ ਵਿਆਹੁਣ ਦੇ ਯੋਗ ਹੈ,ਬਾਰੇ ਕੁਝ ਪੁਲਿਸ ਅਧਿਕਾਰੀਆਂ ਵਲੋਂ ਪ੍ਰੈਸ ਕਾਨਫਰੰਸ ਕਰਕੇ ਉਸਦੇ ਵਿਆਹ ਦੀਆਂ ਫੋਟੋਆਂ ਅਖਬਾਰਾਂ ਨੂੰ ਪ੍ਰਕਾਸ਼ਤ ਕਰਨ ਲਈ ਦਿੱਤੀਆਂ ਜੋ ਕਿ ਕਾਨੂੰਨ ਅਤੇ ਨੈਤਿਕਤਾ ਦੇ ਵਿਰੁਧ ਸੀ। ਉਹ ਪੁਲਿਸ ਜਿਸਨੇ ਨਬਾਲਗ ਨਾਲ ਵਿਆਹ ਕਰਨ ਤੇ ਕਰਾਉਣ ਵਾਲਿਆਂ ਦੇ ਖਿਲਾਫ ਐਕਸ਼ਨ ਲੈਣਾ ਸੀ, ਉਹੀ ਪੁਲਿਸ ਉਸ ਵਿਆਹ ਨੂੰ ਜਾਇਜ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।ਇਸਦਾ ਮਤਲਬ ਹੈ ਕਿ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀ ਉ¦ਘਣਾਂ ਕਰ ਰਹੇ ਸਨ ਅਤੇ ਮਾਸੂਮ ਬੱਚੀ ਦੀ ਮਾਸੂਮੀਅਤ ਨਾਲ ਖਿਲਵਾੜ ਕਰ ਰਹੇ ਸਨ। ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਉਸ ਮਾਸੂਮ ਦੇ ਮਨ ਤੇ ਇਹਨਾ ਕਾਰਵਾਈਆਂ ਦਾ ਕੀ ਅਸਰ ਹੋਵੇਗਾ ਅਤੇ ਸਮੁਚੇ ਸਮਾਜ ਵਿੱਚ ਵਿਚਰ ਰਹੀਆਂ ਨਾਬਾਲਗ ਬੱਚੀਆਂ ਇਸਦਾ ਕੀ ਅਸਰ ਕਬੂਲਣਗੀਆਂ। ਸਮਾਜਕ ਖੁਦਗਰਜੀ ਨੇ ਮਾਸੂਮ ਬੱਚੀਆਂ ਦੇ ਭਵਿਖ ਤੇ ਵੀ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਰਾਜ ਪ੍ਰਬੰਧ ਚਲਾ ਰਹੀਆਂ ਪਾਰਟੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਆਪਣੀ ਅਣਗਹਿਲੀ ਲੁਕੋਣ ਲਈ ਤਰ੍ਹਾਂ ਤਰ੍ਹਾਂ ਦੀ ਬਿਆਨਬਾਜੀ ਕਰਨ ਵਿੱਚ ਹੀ ਮਸ਼ਰੂਫ ਰਹੀਆਂ ਹਨ।  ਉਸ ਮਾਸੂਮ ਲੜਕੀ ਦੇ ਨਾਂ ਤੇ ਕਈ ਤਰ੍ਹਾਂ ਦੀਆਂ ਖਬਰਾਂ ਪ੍ਰਕਾਸ਼ਤ ਕਰਵਾਈਆਂ ਗਈਆਂ। ਬੱਚੀ ਦੀਆਂ ਭਾਵਨਾਵਾਂ ਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ , ਕਦੀ ਇਹ ਕਿਹਾ ਜਾਂਦਾ ਰਿਹਾ ਕਿ ਉਹ ਆਪਣੇ ਮਾਪਿਆਂ ਕੋਲ ਆਉਣਾ ਨਹੀਂ ਚਾਹੁੰਦੀ ਤੇ ਕਦੀ ਆਉਣਾ ਚਾਹੁੰਦੀ ਹੈ। ਕੋਈ ਵੀ ਨਾ ਤਾਂ ਅਸਲੀਅਤ ਜਾਨਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਨਾ ਹੀ ਦੱਸਣ ਦੀ। ਅਜੀਬ ਸਥਿਤੀ ਬਣੀ ਹੋਈ ਸੀ। ਉਹਨਾ ਅਜਿਹੀਆਂ ਕਰਵਾਈਆਂ ਕਰਦਿਆਂ ਇਹ ਸੋਚਿਆ ਹੀ ਨਹੀਂ ਕਿ ਉਸ ਬੱਚੀ ਦੇ ਭਵਿਖ ਤੇ ਇਸ ਦਾ ਕੀ ਅਸਰ ਹੋਵੇਗਾ। ਤੀਜਾ ਮਹੱਤਵਪੂਰਨ ਕੇਸ ਦਿੱਲੀ ਵਿੱਚ ਦਸੰਬਰ 2012 ਵਿੱਚ ਹੋਏ ਬਸ ਵਿੱਚ ਬੇਬਸ ਲੜਕੀ ਦੇ ਬਲਾਤਕਾਰ ਦਾ ਸੀ ਜਿਸਨੇ ਦੁਨੀਆਂ ਨੂੰ ਹਿਲਾਕੇ ਰੱਖ ਦਿੱਤਾ ਹੈਰਾਨੀ ਦੀ ਗੱਲ ਹੈ ਕਿ ਅਜਿਹੀ ਘਿਨਾਉਣੀ ਹਰਕਤ ਤੇ ਵੀ ਸਿਆਸੀ ਪਾਰਟੀਆਂ ਨੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ,ਭਾਵੇਂ ਇਹਨਾਂ ਘਟਨਾਵਾਂ ਵਿੱਚ ਸਰਕਾਰਾਂ ਦਾ ਕੋਈ ਹੱਥ ਨਹੀਂ ਹੁੰਦਾ ਪ੍ਰੰਤੂ ਘਟਨਾ ਵਾਪਰ ਜਾਣ ਤੋਂ ਬਾਅਦ ਤਾਂ ਸਰਕਾਰਾਂ ਦਾ ਰੋਲ ਉਸਾਰੂ ਹੋਣਾ ਚਾਹੀਦਾ ਹੈ। ਅਖਬਾਰਾਂ ਦੀ ਵੀ ਕੋਈ ਮਰਿਆਦਾ ਹੁੰਦੀ ਹੈ ਉਹਨਾ ਨੇ ਵੀ ਸਾਰੇ ਹੱਦ ਬੰਨੇ ਪਾਰ ਕਰਕੇ ਲੜਕੀਆਂ ਦੀਆਂ ਫੋਟੋਆਂ ਅਤੇ ਨਾਂ ਪ੍ਰਕਾਸ਼ਤ ਕਰਨੇ ਸ਼ੁਰੂ ਕਰ ਦਿੱਤੇ। ਕੇਂਦਰ ਸਰਕਾਰ ਦਾ ਦਿੱਲੀ ਦੀ ਘਟਨਾ ਬਾਰੇ ਰੋਲ ਭਾਵੇਂ ਚੰਗਾ ਰਿਹਾ ਪ੍ਰੰਤੂ ਜਖਮਾਂ ਤੇ ਮਰਮ ਲਗਾਉਣ ਤੋਂ ਸਿਵਾਏ ਸਰਕਾਰ ਵੀ ਕੁਝ ਨਹੀਂ ਕਰ ਸਕੀ।

ਸਾਰੀ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਮਾਜ ਅਹਿਮ ਰੋਲ ਅਦਾ ਕਰ ਸਕਦਾ ਹੈ। ਪੁਲਿਸ ਸਮਾਜ ਅਤੇ ਸਵੈਇਛਤ ਸੰਸਥਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਲੜਕੀਆਂ ਦੇ ਕੇਸਾਂ ਨੂੰ ਹਮਦਰਦੀ ਅਤੇ ਭਰੋਸੇਯੋਗਤਾ ਨਾਲ ਹਲ ਕਰਨਾ ਚਾਹੀਦਾ ਹੈ।ਅਖਬਾਰਾਂ ਅਤੇ ਪੁਲਿਸ ਦਾ ਰੋਲ ਇਨਾਂ ਕੇਸਾਂ ਵਿੱਚ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ। ਇਹਨਾਂ ਕੇਸਾਂ ਵਿੱਚ ਸਰਕਾਰਾਂ ਨੂੰ ਦਖਲ ਨਹੀਂ ਦੇਣਾ ਚਾਹੀਦਾ । ਪੁਲਿਸ ਨੂੰ ਨਿਰਪੱਖ ਹੋਕੇ ਪੜਤਾਲ ਕਰਨੀ ਚਾਹੀਦੀ ਹੈ। ਅਸਲ ਵਿੱਚ ਸਿਆਸੀ ਦਖਲ ਅੰਦਾਜੀ ਹਰ ਹਾਲਤ ਵਿੱਚ ਖਤਮ ਹੋਣੀ ਚਾਹੀਦੀ ਹੈ ਕਿਉਂਕਿ ਅਜਿਹੀ ਘਟਨਾ ਹਰ ਇੱਕ ਨਾਲ ਵਾਪਰ ਸਕਦੀ ਹੈ। ਸੰਜੀਦਾ ਵਿਸ਼ਿਆਂ ਨੂੰ ਸੰਜੀਦਗੀ ਨਾਲ ਹੀ ਹਲ ਕਰਨਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>