ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ

ਸ਼ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਦਾ ਗੋਆ ਚਿੰਤਨ ਸੰਮੇਲਨ ਅਸਲ ਵਿੱਚ ਦੋਹਾਂ ਪਾਰਟੀਆਂ ਵਿੱਚ ਆਪਸੀ ਤਾਲਮੇਲ ਵਧਾਉਣਾ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੋਹਾਂ ਪਾਰਟੀਆਂ ਦਾ ਸਰਵਪ੍ਰਵਾਣਤ ਲੀਡਰ ਉਭਾਰਕੇ ਮੁੱਖ ਮੰਤਰੀ ਦੇ ਤੌਰ ਤੇ ਪ੍ਰਾਜੈਕਟ ਕਰਨਾ ਸੀ। ਜਿਸ ਵਿੱਚ ਸਿਆਸਤ ਦਾ ਚਾਣਕੀਆ ਗਿਣਿਆਂ ਜਾਂਦਾ ਪਰਕਾਸ਼ ਸਿੰਘ ਬਾਦਲ ਸਫਲ ਹੋ ਗਿਆ ਹੈ ਤੇ ਬੀ ਜੇ ਪੀ ਨੂੰ ਅਹਿਸਾਸ ਕਰਾ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਇੱਕ ਮਾਹਿਰ ਪ੍ਰਬੰਧਕ ਤੇ ਕੁਸ਼ਲ ਸਿਆਸਤਦਾਨ ਹੈ।ਸ਼ਰੋਮਣੀ ਅਕਾਲੀ ਦਲ ਦੀ ਸਥਾਪਨਾ 23 ਜਨਵਰੀ 1921 ਨੂੰ ਗੁਰਦਵਾਰਾ ਸਾਹਿਬਾਨ ਦੀ ਦੇਖ ਰੇਖ ਕਰਨ ਅਤੇ ਮਹੰਤਾਂ ਤੋਂ ਉਹਨਾਂ ਨੂੰ ਖਾਲੀ ਕਰਾਉਣ ਲਈ ਕੀਤੀ ਗਈ ਸੀ। ਅਕਾਲੀ ਦਲ ਦੇ ਪ੍ਰਧਾਨ ਨੂੰ ਜੱਥੇਦਾਰ ਕਿਹਾ ਜਾਂਦਾ ਸੀ। ਪਹਿਲੇ ਜੱਥੇਦਾਰ ਦੀ ਚੋਣ ਵੀ ਸ਼੍ਰੀ ਅਕਾਲ ਕਖਤ ਸਾਹਿਬ ਤੇ ਹੀ ਹੋਈ ਸੀ ਅਤੇ ਸ੍ਰ ਸੁਰਮੁਖ ਸਿੰਘ ਪਹਿਲੇ ਪ੍ਰਧਾਨ ਚੁਣੇ ਗਏ ਸਨ ਜੋ ਅੰਮ੍ਰਿਤਧਾਰੀ ਅਤੇ ਖੁਲੀ ਦਾਹੜੀ ਵਾਲੇ ਸਨ। ਅਕਾਲੀ ਦਲ ਦਾ ਨਾਂ ਸ਼ਰੋਮਣੀ ਅਕਾਲੀ ਦਲ 29 ਮਾਰਚ 1922 ਨੂੰ ਰੱਖਿਆ ਗਿਆ ਅਤੇ ਮੁੱਖ ਦਫਤਰ ਅੰਮ੍ਰਿਤਸਰ ਬਣਾਇਆ ਗਿਆ। ਅਕਾਲੀ ਦਲ ਦਾ ਮੈਂਬਰ ਬਣਨ ਲਈ ਸ਼੍ਰੀ ਗੁਰੂ ਪ੍ਰੰਥ ਸਾਹਿਬ ਸਾਹਮਣੇ ਸਹੁੰ ਚੁਕਣੀ ਪੈਂਦੀ ਸੀ। ਅਕਾਲੀ ਦਲ ਨੇ ਆਪਣਾ ਇਹ ਕੰਮ ਬੜੀ ਖੂਬੀ ਨਾਲ ਕੀਤਾ ਅਤੇ ਗੁਰਦਵਾਰਾ ਸਾਹਿਬਾਨ ਨੂੰ ਮਹੰਤਾਂ ਦੇ ਚੁੰਗਲ ਵਿੱਚੋਂ ਖਾਲੀ ਕਰਵਾਉਣ ਲਈ ਮੋਰਚੇ ਲਗਾਕੇ ਜਦੋਜਹਿਦ ਕੀਤੀ ਤੇ ਗੁਰਦਵਾਰਾ ਸਾਹਿਬਾਨ ਸੰਗਤਾਂ ਦੇ ਹਵਾਲੇ ਕੀਤੇ । ਉਸ ਸਮੇਂ ਅਕਾਲੀ ਦਲ ਦੇ ਲੀਡਰ ਅਤੇ ਵਰਕਰ ਇੱਕ ਰਹਿਤ ਮਰਿਆਦਾ ਵਿੱਚ ਰਹਿੰਦੇ ਸਨ ਅਤੇ ਖਾਸ ਕਿਸਮ ਦਾ ਕੁੜਤਾ ਪਜਾਮਾ ਪਹਿਨਦੇ ਸਨ ਅਤੇ ਕਾਲੀ ਦਸਤਾਰ ਸਜਾਉਂਦੇ ਸਨ। ਇਥੋਂ ਤੱਕ ਕਿ ਉਹ ਆਪਣਾ ਦਾਹੜਾ ਵੀ ਖੁਲ੍ਹਾ ਰਖਦੇ ਸਨ ਅਤੇ ਪੂਰਨ ਅੰਮ੍ਰਿਤਧਾਰੀ ਸਿੰਘ ਹੁੰਦੇ ਸਨ । ਅਕਾਲੀ ਦਲ ਦਾ ਪ੍ਰਧਾਨ ਬਾਕੀ ਅਕਾਲੀਆਂ ਲਈ ਇੱਕ ਕਿਸਮ ਨਾਲ ਰੋਲ ਮਾਡਲ ਹੁੰਦਾ ਸੀ। ਫਿਰ ਅਕਾਲੀ ਦਲ ਦੇ ਲੀਡਰਾਂ ਵਿੱਚ ਸਿਆਸਤ ਵਿੱਚ ਦਿਲਚਸਪੀ ਲੈਣ ਦੀ ਇੱਛਾ ਪੈਦਾ ਹੋਈ ਤੇ ਅਕਾਲੀ ਦਲ ਨੇ ਆਜ਼ਾਦ ਦੇਸ਼ ਦੀਆਂ ਪਹਿਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨਾਲ ਰਲਕੇ ਚੋਣਾਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀਆਂ ਕਿਉਂਕਿ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਸੀ । ਉਸ ਸਮੇਂ ਪਰਕਾਸ਼ ਸਿੰਘ ਬਾਦਲ ਨੇ ਵੀ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਸੀ। ਅਕਾਲੀ ਦਲ ਦਾ ਹਰ ਕੰਮ ਗੁਰਦਵਾਰਾ ਸਾਹਿਬਾਨ ਵਿੱਚ ਹੀ ਹੁੰਦਾ ਸੀ,ਖਾਸ ਤੌਰ ਤੇ ਜਦੋਂ ਕੋਈ ਵੀ ਸ਼ੁਭ ਕੰਮ ਸ਼ੁਰੂ ਕਰਨਾ ਹੁੰਦਾ ਤਾਂ ਉਸਦੀ ਸ਼ੁਰੂਆਤ ਵੀ ਗੁਰਦਵਾਰਾ ਸਾਹਿਬਾਨ ਤੋਂ ਹੀ ਕੀਤੀ ਜਾਂਦੀ ਸੀ। ਅਕਾਲੀ ਦਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਹੁਣ ਅਕਾਲੀ ਗੁਰਦਵਾਰਾ ਸਾਹਿਬਾਨ ਦੀ ਥਾਂ ਤੇ ਪੰਜ ਤਾਰਾ ਹੋਟਲਾਂ ਅਤੇ ਬੀਚ ਦੇ ਕੰਢਿਆਂ ਤੇ ਅਜਿਹੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ। ਹੁਣ ਅਕਾਲੀ ਦਲ ਦਾ ਮੈਂਬਰ ਜਾਂ ਅਹੁਦੇਦਾਰ ਬਣਨ ਲਈ ਗੁਰਸਿਖ ਤਾਂ ਕੀ ਸਿੰਖ ਹੋਣਾ ਵੀ ਜਰੂਰੀ ਨਹੀਂ,ਅੰਮ੍ਰਿਤਧਾਰੀ ਹੋਣਾਂ ਤਾਂ ਦੂਰ ਦੀ ਗੱਲ ਹੈ। ਸਿੱਖ ਪੰਥ ਦਾ ਠੱਪਾ ਵੀ ਅਕਾਲੀ ਦਲ ਤੋਂ ਲਹਿ ਗਿਆ ਹੈ, ਹੁਣ ਪੰਥ ਨੂੰ ਕੋਈ ਖਤਰਾਂ ਨਹੀਂ ਉਸਦੀ ਵਾਗਡੋਰ ਸਹੀ ਹੱਥਾਂ ਵਿੱਚ ਆ ਗਈ ਹੈ। ਅਕਾਲੀ ਦਰ ਅਤੇ ਬੀ ਜੇ ਪੀ ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਨ ਕਰਨ ਲਈ ਹੁਣ ਗੁਰਦਵਾਰਾ ਸਾਹਿਬਾਨ ਦੀ ਥਾਂ ਪੰਜ ਤਾਰਾ ਹੋਟਲ ਚੁਣੇ ਜਾਣ ਲੱਗੇ ਹਨ। ਸਭ ਤੋਂ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸਥਾਪਤ ਕਰਨਾ ਸੀ ਤਾਂ ਅਜਿਹਾ ਸੰਮੇਲਨ 2009 ਵਿੱਚ ਸਿਮਲਾ ਵਿੱਚ ਕੀਤਾ ਸੀ,ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸਿਰਮੌਰ ਲੀਡਰ ਅਤੇ ਭਵਿਖ ਦਾ ਮੁੱਖ ਮੰਤਰੀ ਪ੍ਰਾਜੈਕਟ ਕਰਨਾ ਸੀ ਤਾਂ ਚਿੰਤਨ ਸੰਮੇਲਨ ਦਾ ਸਥਾਨ ਮਨਮੋਹਕ ਸਥਾਨ ਅਰਬ ਦੀ ਖਾੜੀ ਦੇ ਸਮੁੰਦਰੀ ਤੱਟ ਤੇ ਬਣੇ ਗੋਆ ਦੇ ਪੰਜ ਤਾਰਾ ਹੋਟਲ ਵਿਵਾਂਤਾ ਤਾਜ ਫੋਰਟ ਅਜੂਆਡਾ ਅਤੇ ੇਵਿਵਾਂਤਾ ਤਾਜ ਹਾਲੀਡੇ ਵਿਲੇਜ ਦੀ ਚੋਣ ਕੀਤੀ ਗਈ, ਜਿੱਥੇ ਲੀਡਰਾਂ ਨੂੰ ਗੁਲਛਰੇ ਅਡਾਉਣ ਦੀ ਖੁਲ੍ਹ ਦਿੱਤੀ ਗਈ। ਇਸ ਤੋਂ ਸ਼ਪੱਸ਼ਟ ਹੈ ਕਿ ਹੁਣ ਅਕਾਲੀ ਦਲ ਜੱਥੇਦਾਰਾਂ ਦੀ ਪਾਰਟੀ ਨਹੀਂ ਰਹੀ। ਇਹਨਾਂ ਦੋਹਾਂ ਹੋਟਲਾਂ ਵਿੱਚ 60 ਕਮਰੇ 6000ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਤਿੰਨ ਦਿਨਾਂ ਲਈ ਕਿਰਾਏ ਤੇ ਲਏ ਗਏ ਅਤੇ ਇਸ ਤੋਂ ਇਲਾਵਾ ਹੋਰ ਮਹਿਮਾਨਾਂ ਲਈ ਮਾਰਕਿਉਸ ਬੀਚ ਰਿਜੋਰਟ ਜੋ ਕਿ ਪ੍ਰਾੲਵੇਟ ਬੀਚ ਤੇ ਬਣਿਆਂ ਹੋਇਆ ਹੈ ਵਿਖੇ ਕਮਰੇ ਕਿਰਾਏ ਤੇ ਲਏ ਗਏ। ਹਵਾਈ ਜਹਾਜ ਦੇ ਰਾਹੀਂ ਗੋਆ ਲਿਜਾਇਆ ਗਿਆ ।ਚਾਰਟਡ ਜਹਾਜ ਕਿਰਾਏ ਤੇ ਲਏ ਗਏ । ਅਕਾਲੀ ਦਲ ਅਤੇ ਬੀ ਜੇ ਪੀ ਦੇ ਸਾਰੇ ਵਿਧਾਨਕਾਰ,ਮੰਤਰੀ, ਐਮ ਪੀ,ਹਾਰੇ ਹੋਏ ਵਿਧਾਨ ਸਭਾ ਅਤੇ ਲੋਕ ਸਭਾ ਦੇ ਉਮੀਦਵਾਰ ਅਤੇ ਹੋਰ ਅਹੁਦੇਦਾਰ ਜਿਹਨਾਂ ਦੀ ਗਿਣਤੀ 170 ਦੇ ਕਰੀਬ ਸੀ ਚਿੰਤਨ ਸੰਮੇਲਨ ਦੀ ਸ਼ੋਭਾ ਦਾ ਸ਼ਿੰਗਾਰ ਸਨ। ਇਹਨਾ ਜੱਥੇਦਾਰਾਂ ਅਤੇ ਹੋਰ ਲੀਡਰਾਂ ਨੇ ਖੂਬ ਕੰਡੋਲੀਅਮ ਬੀਚ ਦੇ ਸੁੰਦਰ ਨਜ਼ਾਰਿਆਂ ਦਾ ਅਨੰਦ ਮਾਣਿਆਂ ਜਿੱਥੇ ਅਧਨੰਗੇ ਵਿੇਦਸ਼ੀ ਸੈਲਾਨੀ ਇਹਨਾਂ ਦੀ ਖਿਚ ਦਾ ਕੇਂਦਰ ਸਨ।ਹੈਰਾਨੀ ਦੀ ਗੱਲ ਹੈ ਕਿ ਜੱਥੇਦਾਰਾਂ ਨੇ ਕੈਸੀਨੋਜ ਦਾ ਆਨੰਦ ਵੀ ਮਾਣਿਆਂ ਜਿਹਨਾਂ ਨੂੰ ਜੂਏ ਦੇ ਅੱਡੇ ਕਿਹਾ ਜਾਂਦਾ ਹੈ। ਬੋਟ ਕਰੂਜ ਕੈਸੀਨੋ ਤੇ ਰਾਤ ਦੇ ਖਾਣੇ ਪ੍ਰਬੰਧ ਕੀਤਾ ਗਿਆ ਪ੍ਰੰਤੂ ਫਿਰ ਡਰਦਿਆਂ ਐਨ ਮੌਕੇ ਤੇ ਕੈਂਸਲ ਕਰ ਦਿੱਤਾ ਗਿਆ। ਮੋਟਰ ਬੋਟ,ਪੈਰਾ ਗਲਾਈਡਿੰਗ,ਸਮੁੰਦਰੀ ਜਹਾਜ,ਕਾਰਾਂ ਅਤੇ ਮੋਟਰ ਸਾਈਕਲਾਂ ਦੇ ਝੂਟੇ ਲੀਡਰਾਂ ਨੂੰ ਦਿਵਾਏ ਗਏ ਤਾਂ ਜੋ ਉਹ ਸਰਕਾਰ ਦੀ ਅਸਫਲਤਾ ਦੀ ਗੱਲ ਹੀ ਨਾਂ ਕਰ ਸਕਣ। ਲੱਗਪਗ 70 ਲੱਗ ਰੁਪਏ ਇਸ ਚਿੰਤਨ ਸੰਮੇਲਨ ਤੇ ਉੜਾਉਣ ਦੇ ਦੋਸ਼ ਲੱਗ ਰਹੇ ਹਨ। 40 ਲੱਖ ਰੁਪਏ ਦਾ ਖਰਚਾ ਤਾਂ ਸੁਖਬੀਰ ਸਿੰਘ ਬਾਦਲ ਖੁਦ ਹੀ ਮੰਨ ਰਹੇ ਹਨ।
ਅਜਿਹੇ ਚਿੰਤਨ ਸੰਮੇਲਨ ਕਰਾਉਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਜੇ ਇਹਨਾਂ ਵਿੱਚ ਸਹੀ ਲਫਜਾਂ ਵਿੱਚ ਚਿੰਤਨ ਕੀਤਾ ਜਾਵੇ। ਇਸ ਸੰਮੇਲਨ ਵਿੱਚ ਤਾਂ ਲੀਡਰਾਂ ਨੂੰ ਕੁਰੱਪਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਉਹ ਸਰਕਾਰ ਦੀ ਅਸਫਲਤਾ ਤੇ ਕਿੰਤੂ ਪ੍ਰੰਤੂ ਨਾ ਕਰ ਸਕਣ ਕਿਉਂਕਿ ਪੰਜਾਬ ਦੀ ਅੱੰਜ ਦਿਨ ਆਰਥਕ ਹਾਲਤ ਬਹੁਤ ਮਾੜੀ ਹੈ ।ਇੱਕ ਪਾਸੇ ਕਰਮਚਾਰੀਆਂ ਨੂੰ ਤਨਖਾਹਾਂ ਲਈ ਖਜਾਨੇ ਖਾਲੀ ਹਨ ਦੂਜੇ ਪਾਸੇ ਮੰਤਰੀ ਤੇ ਹੋਰ ਲੀਡਰ ਗੁਲਛਰੇ ਉਡਾ ਰਹੇ ਹਨ। ਅਸਲ ਵਿੱਚ ਇਸ ਸੰਮੇਲਨ ਵਿੱਚ ਸਰਕਾਰ ਦੀ ਕਾਰਗੁਜਾਰੀ ਅਤੇ ਅਸਫਲਤਾਵਾਂ ਤੇ ਵਿਚਾਰ ਚਰਚਾ ਕਰਕੇ ਇਸਨੂੰ ਕਿਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਬਾਰੇ ਵਿਚਾਰਨਾ ਚਾਹੀਦਾ ਸੀ ਪ੍ਰੰਤੂ ਜਿਹੜੇ ਦੋ ਸ਼ੈਸ਼ਨ ਚਾਰ ਚਾਰ ਘੰਟੇ ਦੇ ਹੋਏ ਹਨ ਉਹਨਾ ਵਿੱਚ ਤਾਂ ਸੁਖਬੀਰ ਸਿੰਘ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਨੇ ਆਪਣੇ ਸੋਹਲੇ ਆਪ ਹੀ ਗਾਏ ਹਨ। ਜੇ ਇਹ ਆਪਣੀ ਤਾਰੀਫ ਆਪ ਹੀ ਕਰਨੀ ਸੀ ਤਾਂ ਫਿਰ ਫਜੂਲ ਖਰਚੀ ਦੀ ਕੀ ਲੋੜ ਸੀ। ਬਿਜਲੀ ਸਰਪਲਸ ਹੋਣ ਦੀ ਗੱਲ ਸੁਣਦਿਆਂ 6 ਸਾਲ ਗੁਜਰ ਗਏ ਹਨ। ਬਿਜਲੀ ਦੀਆਂ ਦਰਾਂੇ ਉਲਟਾ 13 ਫੀ ਸਦੀ ਵਧਾਕੇ ਲੋਕਾਂ ਨੂੰ ਸਰਕਾਰ ਨੇ ਕਰੰਟ ਮਾਰਿਆ ਹੈ ।ੇਭਰਿਸ਼ਟਚਾਰ ਤੇ ਨਸ਼ਾਖੋਰੀ ਖਤਮ ਕਰਨ ਦੇ ਪ੍ਰਣ ਲਏ ਜਾ ਰਹੇ ਹਨ ਅਤੇ ਖੁਦ ਹੀ ਸੰਮੇਲਨ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਲ੍ਹਾ ਪੱਧਰ ਤੇ ਜੋਰਾਂ ਤੇ ਭਰਿਸ਼ਟਾਚਾਰ ਹੈ ਪ੍ਰੰਤੂ ਚੰਡੀਗੜ੍ਹ ਸਭ ਠੀਕ ਠਾਕ ਹੈ ਕਿਉਂਕਿ ਚੰਡੀਗੜ੍ਹ ਲੀਡਰ ਆਪ ਰਹਿੰਦੇ ਹਨ। ਸੰਮੇਲਨ ਵਿੱਚ ਕਿਹਾ ਗਿਆ ਕਿ ਅਫਸਰਸ਼ਾਹੀ ਸਰਕਾਰ ਦੀਆਂ ਨੀਤੀਆਂ ਲਾਗੂ ਨਹੀਂ ਕਰਦੀ ਜੇ ਅਫਸਰ ਨਹੀਂ ਕਰਦੇ ਤਾਂ ਸਰਕਾਰ ਕੀ ਨਿਗਰਾਨੀ ਕਰ ਰਹੀ ਹੈ। ਸ਼ਗਨ ਸਕੀਮ ਦੇ ਠੀਕ ਢੰਗ ਨਾਲ ਲਾਗੂ ਨਾ ਹੋਣ ਦੀ ਗੱਲ ਕੀਤੀ ਗਈ ਹੈ। ਆਟਾ ਦਾਲ ਸਕੀਮ ਦੇ 20 ਫੀ ਸਦੀ ਲਾਭਕਾਰੀ ਫਰਜੀ ਕਿਹਾ ਗਿਆ ਇਸਦਾ ਜਿੰਮੇਵਾਰ ਵੀ ਸਰਕਾਰ ਹੀ ਹੈ। ਇਸ ਵਿਚਾਰ ਚਰਚਾ ਦਾ ਸਿੱਟਾ ਕੀ ਕੱਢਿਆ ਗਿਆ ਉਹ ਕੋਈ ਸ਼ਪੱਸ਼ਟ ਨਹੀਂ।
ਇਸ ਚਿੰਤਨ ਸੰਮੇਲਨ ਦੀ ਸਭ ਤੋਂ ਵੱਡੀ ਸਫਲਤਾ ਅਕਾਲੀ ਦਲ ਅਤੇ ਬੀ ਜੇ ਪੀ ਵਿੱਚ ਸਦਭਾਵਨਾ ਦਾ ਮਾਹੌਲ ਸਥਾਪਤ ਕਰਨਾ ਹੈ। ਪਿਛਲੀ ਸਰਕਾਰ ਦੇ ਮੌਕੇ ਤੇ ਅਕਾਲੀ ਦਲ ਅਤੇ ਬੀ ਜੇ ਪੀ ਵਿੱਚ ਪੰਜ ਸਾਲ ਹੀ ਟਕਰਾਓ ਚਲਦਾ ਰਿਹਾ। ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਅਤੇ ਬੀ ਜੇ ਪੀ ਦੇ ਲੀਡਰਾਂ ਨੇ ਰਲ ਬੈਠਕੇ ਦੁਖ ਸੁਖ ਸਾਂਝਾ ਕੀਤਾ ਅਤੇ ਖੁਸ਼ਗਵਾਰ ਮਾਹੌਲ ਦਾ ਆਨੰਦ ਮਾਣਿਆਂ । ਇਸ ਤੋਂ ਪਹਿਲਾਂ ਤਾਂ ਬੀ ਜੇ ਪੀ ਉਹਨਾ ਦੇ ਲੀਡਰਾਂ ਨੂੰ ਅਣਡਿਠ ਕਰਨ ਦੇ ਇਲਜਾਮ ਹੀ ਲਗਾਉਂਦੇ ਰਹਿੰਦੇ ਸਨ।ਇਸ ਤੋਂ ਵੀ ਵੱਡੀ ਸਫਲਤਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਬੀ ਜੇ ਪੀ ਦਾ ਪ੍ਰਵਾਨ ਕਰਨਾ ਹੈ ਕਿਉਂਕਿ ਇਹ ਚਿੰਤਨ ਸੰਮੇਲਲ ਕਰਾਉਣ ਦੀ ਸਕੀਮ ਸੁਖਬੀਰ ਬਾਦਲ ਦੀ ਹੀ ਹੈ। ਬੀ ਜੇ ਪੀ ਵਾਲੇ ਮੁਫਤ ਵਿੱਚ ਚਾਰ ਦਿਨ ਆਨੰਦ ਮਾਣਕੇ ਖੁਸ਼ ਹੋ ਗਏ ਹਨ ਤੇ ਸੁਖਬੀਰ ਸਿੰਘ ਬਾਦਲ ਆਪਣੀ ਸਰਵਉਚਤਾ ਸਥਾਪਤ ਕਰਨ ਵਿੱਚ ਸਫਲ ਹੋ ਗਿਆ ਹੈ। ਇਸ ਤੋਂ ਪਹਿਲਾਂ ਉਹ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਲੀਡਰ ਮੰਨਣ ਲਈ ਤਿਆਰ ਹੀ ਨਹੀਂ ਸਨ। ਸਹੀ ਮਾਅਨਿਆਂ ਵਿੱਚ ਇਸ ਸੰਮੇਲਨ ਦੇ ਬਹਾਨੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਉਭਾਰਨ ਦਾ ਹੀ ਯਤਨ ਸੀ ਜਿਸ ਵਿੱਚ ਸਫਲਤਾ ਨੇ ਪੈਰ ਚੁੰਮੇ ਹਨ। ਜਿਵੇਂ ਕਾਂਗਰਸ ਨੇ ਜੈਪੁਰ ਸੰਮੇਲਨ ਵਿੱਚ ਕੀਤਾ ਸੀ,ਇਹ ਉਸਦੀ ਹੀ ਨਕਲ ਹੈ।ਜਦੋਂ ਸਿਆਸੀ ਲੋਕਾਂ ਨੇ ਪੰਥਕ ਪਾਰਟੀ ਵਲੋਂ ਅਜਿਹੇ ਮਨਮੋਹਕ ਥਾਂ ਤੇ ਜਾ ਕੇ ਸੰਮੇਲਨ ਕਰਨ ਦੇ ਦੋਸ਼ ਲੱਗੇ ਤਾਂ ਪਰਕਾਸ਼ ਸਿੰਘ ਬਾਦਲ ਨੇ ਅਗਲਾ ਸੰਮੇਲਨ ਹਜ਼ੂਰ ਸਾਹਿਬ ਵਿਖੇ ਕਰਨ ਦਾ ਐਲਾਨ ਕਰ ਦਿੱਤਾ ਪ੍ਰੰਤੂ ਸੁਖਬੀਰ ਬਾਦਲ ਨੇ ਲੀਡਰਾਂ ਨੂੰ ਲੋਕ ਸਭਾ ਚੋਣਾਂ ਜਿਤਾਉਣ ਬਦਲੇ ਅਗਲਾ ਸੰਮੇਲਨ ਦੁਬਈ ਵਿਖੇ ਕਰਾਉਣ ਦਾ ਲੋਲੀ ਪੋਪ ਦੇ ਦਿੱਤਾ ਹੈ।ਅਕਾਲੀ ਦਲ ਨੇ ਸੂਬਾਈ ਪਾਰਟੀ ਦੀ ਥਾਂ ਕੌਮੀ ਪਾਰਟੀ ਬਣਾਉਣ ਦਾ ਵੀ ਉਪਰਾਲਾ ਕੀਤਾ ਹੈ ਕਿਉਂਕਿ ਦਿੱਲੀ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਜਿੱਤ ਨੇ ਉਸਦਾ ਹੌਸਲਾ ਵਧਾ ਦਿੱਤਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>