ਪ੍ਰੋ: ਹਰਬੰਸ ਸਿੰਘ ਰਚਿਤ ਕਾਵਿ ਸੰਗ੍ਰਹਿ ‘‘ਮੇਰੇ ਮੱਥੇ ਦਾ ਸਮੁੰਦਰ’’ ਲੋਕ ਅਰਪਣ

ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਸੰਪਾਦਕ ਪੰਜਾਬੀ ਵਜੋਂ ਸੇਵਾ ਮੁਕਤ ਹੋਏ ਪੰਜਾਬੀ ਕਵੀ ਪ੍ਰੋ: ਹਰਬੰਸ ਸਿੰਘ ਦਾ ਕਾਵਿ ਸੰਗ੍ਰਹਿ ‘‘ਮੇਰੇ ਮੱਥੇ ਦਾ ਸਮੁੰਦਰ’’ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪ੍ਰੋਫੈਸਰ ਹਰਬੰਸ ਸਿੰਘ ਲਿਖਤ ‘ਮੇਰੇ ਮੱਥੇ ਦਾ ਸਮੁੰਦਰ’ ਕਾਵਿ ਸੰਗ੍ਰਹਿ ਸਾਨੂੰ ਉਪਦੇਸ਼ ਪੁਸਤਕ ਵਾਂਗ ਨਹੀਂ ਅਹਿਸਾਸ ਵਾਂਗ ਜਾਨਣਾ ਤੇ ਮਾਨਣਾ ਚਾਹੀਦਾ ਹੈ ਕਿਉਂਕਿ ਸ਼ਬਦਾਂ ਰਾਹੀਂ ਸ: ਹਰਬੰਸ ਸਿੰਘ ਨੇ ਜਿਹੜੇ ਪ੍ਰਭਾਵ ਚਿਤਰ ਉਲੀਕੇ ਹਨ ਉਹ ਕਿਸੇ ਮੰਚ ਤੇ ਖਲੋਤੇ ਉਪਦੇਸ਼ਕ ਦੀ ਵਾਰਤਾਲਾਪ ਨਹੀਂ ਸਗੋਂ ਹੱਡੀਂ ਹੰਢਾਏ ਸੱਚ ਦੀ ਪੇਸ਼ਕਾਰੀ ਹੈ। ਖੁਸ਼ਬੋਈ ਦਾ ਸਿਰਨਾਵਾਂ ਹੈ। ਮਹਿਕ ਦਾ ਮੂਕ ਗੀਤ ਹੈ। ਅੰਦਰਲੀ ਅਵਾਜ਼ ਦਾ ਚੀਖਵਾਂ ਨਹੀਂ ਗੁੰਮਸੁੰਮ ਦਰਦ ਹੈ। ਭਵਿੱਖ ਨਾਲ ਕੀਤਾ ਇਕਰਾਰਨਾਮਾ ਨਹੀਂ ਸਗੋਂ ਬੀਤੇ ਨਾਲ ਨਾ ਨਿਭਾਏ ਕੌਲ ਦਾ ਇਕਬਾਲਨਾਮਾ ਹੈ ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਹਰਜੀਤ ਸਿੰਘ ਸਹਿਗਲ ਨੇ  ਆਖਿਆ ਕਿ ਸੰਚਾਰ ਕੇਂਦਰ ਵਿੱਚ ਸ: ਕੁਲਵੰਤ ਸਿੰਘ ਵਿਰਕ, ਸ਼੍ਰੀ ਅਜਾਇਬ ਚਿਤਰਕਾਰ, ਡਾ: ਸੁਰਿੰਦਰ ਸਿੰਘ ਦੁਸਾਂਝ, ਉਰਦੂ ਕਵੀ ਕ੍ਰਿਸ਼ਨ ਅਦੀਬ, ਚਿੰਤਕ ਅਮਰਜੀਤ ਗਰੇਵਾਲ ਅਤੇ ਹੋਰ ਅਨੇਕਾਂ ਸਾਹਿਤ ਸਿਰਜਕ ਸੇਵਾ ਨਿਭਾਉਂਦੇ ਰਹੇ ਹਨ  ਪਰ ਸ: ਹਰਬੰਸ ਸਿੰਘ ਨੇ ¦ਮੀ ਚੁੱਪ ਤੋਂ ਬਾਅਦ ਹੁਣ ਕਾਵਿ ਅੰਗੜਾਈ ਲਈ ਹੈ। ਇਸ ਦਾ ਸੁਆਗਤ ਕਰਨਾ ਬਣਦਾ ਹੈ। ਇਸ ਮੌਕੇ ਬੋਲਦਿਆਂ ਸ: ਹਰਬੰਸ ਸਿੰਘ ਨੇ ਦੱਸਿਆ ਕਿ ਉਹ ਡਾ: ਹਰਿਭਜਨ ਸਿੰਘ ਵਰਗੇ ਕਵੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਸਹਿਪਾਠੀਆਂ ਪ੍ਰੋਫੈਸਰ ਹਰਿੰਦਰ ਮਹਿਬੂਬ, ਡਾ: ਸੁਰਿੰਦਰ ਸਿੰਘ ਦੁਸਾਂਝ ਅਤੇ ਨਵਤੇਜ ਭਾਰਤੀ ਦੇ ਅੰਗ ਸੰਗ ਤੁਰਦੇ ਕਾਵਿ ਸਿਰਜਣਾ ਤੋਂ ਫਾਸਲੇ ਤੇ ਰਹੇ ਅਤੇ ਹੁਣ ਪ੍ਰੋ: ਇੰਦੇ ਦੀ ਪ੍ਰੇਰਨਾ ਨਾਲ ਇਹ ਕਾਵਿ ਸੰਗ੍ਰਹਿ ਰੂਪ ਧਾਰਨ ਕਰ ਸਕਿਆ ਹੈ। ਇਸ ਨੂੰ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਸ: ਹਰਬੰਸ ਸਿੰਘ ਨੇ ਇਸ ਮੌਕੇ ਆਪਣੀਆਂ ਚੋਣਵੀਆਂ ਰਚਨਾਵਾਂ ਦਾ ਵੀ ਪਾਠ ਕੀਤਾ।
ਇਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸੇਵਾ ਨਿਭਾ ਰਹੇ ਸਮਾਜ ਸ਼ਾਸਤਰੀ ਡਾ: ਸੁਖਦੇਵ ਸਿੰਘ, ਸ: ਸੁਖਬੀਰ ਸਿੰਘ ਪੰਨਵਾਂ, ਡਾ: ਮਾਨ ਸਿੰਘ ਤੂਰ, ਡਾ: ਅਮਰਜੀਤ ਸਿੰਘ ਭੁੱਲਰ, ਸ: ਹਕੀਕਤ ਸਿੰਘ ਮਾਂਗਟ, ਜਨਮੇਜਾ ਸਿੰਘ ਜੌਹਲ, ਉੱਘੇ ਲੋਕ ਗਾਇਕ ਸ਼੍ਰੀ ਕੇ ਦੀਪ, ਡਾ: ਜਗਰੂਪ ਸਿੰਘ ਸਿੱਧੂ, ਡਾ: ਡੀ ਕੇ ਗਰੋਵਰ, ਡਾ: ਦਵਿੰਦਰ ਕੌਰ ਕੋਛੜ, ਡਾ: ਪਿਰਤਪਾਲ ਕੌਰ ਚਾਹਲ, ਸ਼੍ਰੀ ਸਤੀਸ਼ ਗੁਲਾਟੀ, ਡਾ: ਅਨਿਲ ਸ਼ਰਮਾ, ਡਾ: ਮਨੂ ਸ਼ਰਮਾ ਸੋਹਲ, ਪ੍ਰਸਿੱਧ ਗੀਤਕਾਰ ਸਰਬਜੀਤ ਵਿਰਦੀ ਤੋਂ ਇਲਾਵਾ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ। ਪੀ ਏ ਯੂ ਸਾਹਿਤ ਸਭਾ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਆਏ ਲੇਖਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਡਾ: ਮਹਿੰਦਰ ਸਿੰਘ ਰੰਧਾਵਾ ਵੱਲੋਂ ਲਾਈ ਜਾਗ ਦਾ ਹੀ ਹੁਣ ਤੀਕ ਅਸੀਂ ਫ਼ਲ ਚੱਖ ਰਹੇ ਹਾਂ ਅਤੇ ਇਸ ਯੂਨੀਵਰਸਿਟੀ ਵਿੱਚ ਕਾਰਜਸ਼ੀਲ ਹਰ ਸਿਰਜਕ ਆਪਣੀ ਨਿਵੇਕਲੀ ਪਛਾਣ ਰੱਖਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>