ਅਜੇ ਮੈਂ ਜੀਊਂਦਾ ਹਾਂ….

…….ਤੁਆਡੇ ਬਣਾਏ ਧਰਮਾਂ ਦੀ ਆੜ ਅੰਦਰ , ਲੋਕਾਂ ਇਕ ਦੂਜੇ ਦੇ ਖੂਨ ਨਾਲ ਰੱਜ ਕੇ ਹੋਲੀ ਖੇਲੀ …ਭੁੱਖਮਰੀ ਤੇ ਬੇਕਾਰੀ ਤੇ ਪੁੜਾਂ ਅੰਦਰ ਪਿਸਦੇ ਸਾਡੇ ਕਾਰੀਗਰ ਬੱਚਿਆਂ ਨੂੰ ਦੇਸ਼-ਨਿਕਾਲਾ ਦੇ ਕੇ ਤੁਸੀਂ ਸਾਡੀ ਬੋਲੀ ਤਾਂ ਕੀ ਸਾਰੇ ਦਾ ਸਾਰਾ ਸਭਿਆਚਾਰ ਆਪਣੇ ਵਿਦੇਸ਼ੀ ਭਾਈਵਾਲਾਂ ਕੋਲ ਗਿਰਵੀ ਕਰ ਦਿੱਤਾ , ਅਤੇ ਤੁਹਾਡੀਆਂ ਯੋਜਨਾਵਾਂ ਦਾ ਲਾਭ ਤਾਂ ਆਹ ਤੁਆਡੇ ਸਾਹਮਣੇ ਬੈਠੇ ਚੌਧਰੀਆਂ ਨੇ ਆਪੋ ਵਿਚ ਦੀ ਈ ਵੰਡ ਲਿਆ ……..ਮ੍ਹਾਰਾਜ ! ( ਇਸੇ ਕਹਾਣੀ ਵਿੱਚੋਂ )
——————————

ਦਿਲ ਦਾ ਦਰਦ ਉੱਤਰ ਕੇ ਪਹਿਲਾਂ ਗੋਡਿਆਂ ਅੰਦਰ ਆ ਗਿਆ , ਫਿਰ ਗਿੱਟਿਆਂ ਵਿੱਚ ਅਤੇ ਮੈਨੂੰ ਗੰਠੀਆ ਹੋ ਗਿਆ । ਫੇਫੜਿਆਂ ਅੰਦਰਲਾ ਸਾਹ ਬਲਗਮ ਜੰਮੀਆਂ ਨਾੜੀਆਂ ਵਿਚਕਾਰੋਂ ਲੰਘਣੋਂ ਬੰਦ ਹੋਣ ਲੱਗ ਪਿਆ , ਤਾਂ ਡਾਕਟਰਾਂ ਆਖ ਦਿੱਤਾ ਕਿ ਮੈਨੂੰ ਦਮਾ ਵੀ ਹੈ । ਬਹੁਤ ਔਖੇ ਦਿਨ ਲੰਘਣ ਲੱਗੇ । ਖਾਣਾ-ਪੀਣਾ ਹਰਾਮ ਹੋ ਗਿਆ । ਮਲ ਮੂਤਰ ਦੀ ਹਾਜ਼ਤ ਵੇਲੇ ਉਠਣੋਂ –ਬੈਠਣੋਂ ਆਤਰ ਹੋਇਆ ਜਦੋਂ ਕਿਸੇ ਨੂੰ ਆਵਾਜ਼ ਮਾਰਦਾ ਤਾਂ ਦਮ ਸਾਥ ਨਾ ਦੇਂਦਾ । ‘ਵਾਜ਼ ਮਾਰਦਾ ਵੀ ਕਿਹਨੂੰ ? ਕੁੜੀਆਂ ਦੋਨੋਂ ਸਹੁਰੇ ਘਰੀਂ ਤੁਰ ਗਈਆਂ ਸਨ ਅਤੇ ਮੁੰਡੇ ਅਮਰੀਕਾ । ਗੁਆਂਡੀਆਂ ਦੇ ਪਾਸ਼ੇ ਤੋਂ ਉਪਰੋ-ਥੱਲੀ ਕਈ ਚਿੱਠੀਆਂ ਵੀ ਪੁਆਈਆਂ , ਪਰ ਦੋਨਾਂ ‘ਚ ਕੋਈ ਨਾ ਬਹੜਿਆ । ਹਾਂ , ਇਕ ਲੰਮੀ ਚੌੜੀ ਚਿੱਠੀ ਜ਼ਰੂਰ ਆਈ : ਅਖੇ  – ਭਾਪਾ ਜੀ , ਸਿਹਤ ਦਾ ਧਿਆਨ ਰੱਖਣਾ , ਕਿਸੇ ਚੰਗੇ ਜਿਹੇ ਡਾਕਟਰ ਤੋਂ ਦੁਆਈ ਲੈਣੀ ।
ਪਰ ਡੁੱਬੀ ਤੇ ਤਾਂ ਜੇ ਸਾਹ ਨਾ ਆਇਆ । ਦੁਆਈ ਕਿਹੜਾ ਭੜੂਆ ਲਿਆ ਕੇ ਦਿੰਦਾ । ਰੋਜ਼ ਰੋਜ਼ ਕੌਣ ਵਗਾਰਾਂ ਕਰਦਾ ? ਪਰ ,ਉਹ ਰੰਡੀ , ਮੇਰੇ ਚੌਹਾਂ ਨਿਆਣਿਆਂ ਦੀ ਮਾਂ ਨੇ ਤਾਂ ਕਸਮ ਹੀ ਖਾਧੀ ਹੋਈ ਸੀ। ਨਾ ਸੁਣੀ ‘ ਵਾਜ਼ ਦਾ ਉੱਤਰ ਦੇਣਾ , ਨਾ ਡਿੱਗੇ ਢੱਠੇ ਨੂੰ ਸੰਭਾਲਣਾ । ਕਈ ਵਾਰ ਮੇਰਾ ਜੀਅ ਕਰਦਾ ਕਿ ਆਰੀ ਲੈ ਕੇ ਇਸ ਕਮਜਾਤ ਦੇ ਟੁਕੜੇ-ਟੁਕੜੇ ਕਰ ਦਿਆਂ , ਪਰ ਬੈਠੀ ਤੋਂ ਉੱਠ ਨਾ ਹੋਵੇ , ਫਿੱਟੇ ਮੂੰਹ ਗੋਡਿਆਂ ਦਾ !
ਚਾਰੇ ਬੰਨਿਓਂ ਤੰਗ ਆ ਕੇ ਮੈਂ ਕਈ ਵੇਰਾਂ ਅਰਦਾਸ ਕੀਤੀ – ‘ਹੇ ਰੱਬਾ ਸੱਚਿਆ , ਚੰਗਾ ਹੋਵੇ ਜੇ ਤੂੰ ਮੈਨੂੰ ਚੱਕ ਲਵੇਂ , ਪਰ ਰੱਬ ਕਿਤੇ ਹੁੰਦਾ ਤਾਂ ਈ , ਕੋਈ ਕਾਰਾ ਕਰਦਾ ?
ਇਕ ਦਿਨ ਸਵੇਰੇ ਸਵੇਰੇ ਕੀ ਭਾਣਾ ਵਰਤਿਆ ਕਿ ਮੈਨੂੰ ਬਹੁਤ ਭੁੱਖ  ਲੱਗ ਗਈ । ਮੈਂ ਪੂਰੇ ਜ਼ੋਰ ਨਾਲ ਸਵਰਨੋ ਨੂੰ ‘ਵਾਜ਼ ਮਾਰੀ । ਇਕ ਦੋ ‘ਵਾਜ਼ਾਂ ਦਾ ਉੱਤਰ ਤਾਂ ਉਹ ਦਿਆ ਈ ਨਹੀਂ ਸੀ ਕਰਦੀ । ਪੰਜਵੀਂ-ਛੇਵੀਂ ‘ਵਾਜ਼ ਮਾਰਦਿਆਂ ਵੀ ਮੈਨੂੰ ਹੁੱਥੂ ਨਾ ਲੱਗਾ ਅਤੇ ਨਾ ਈ ਸਾਹ ਉੱਖੜਿਆ । ਕਿਤੇ ਅੱਧੇ ਘੰਟੇ ਮਗਰੋਂ ਉਹ ਆਈ-ਈ-ਆਈ ਤਾਂ ਆਉਂਦਿਆਂ ਸਾਰ ਬਿਜਲੀ ਵਾਂਗ ਕੜਕਦੀ ਬੋਲੀ – “ ਕਾਹੈ, ਟਰੈਂ-ਟਰੈਂ ਕਰੇ ਰੇ , ਨਾਹੋਂ ਮਰੈ …… ਨਾਹੋਂ ਜਾਨ ਛਾਡੇ ….., ਕਾ ਹੋ ? “ ਮੈਂ ਆਖਿਆ –“ ਮੈਨੂੰ ਭੁੱਖ ਲੱਗੀ ਆ , ਰੋਟੀ ਲਿਆ ਦੇ ।‘ ਮੱਕੀ  ਦੀਆਂ ਤਿੰਨ ਚਾਰ ਰੋਟੀਆਂ ਖਾ ਕੇ ਮੈਂ ਚੈਨ ਨਾਲ ਸੌਂ ਗਿਆ ।
ਥੋੜ੍ਹੇ ਚਿਰ ਪਿਛੋਂ ਮੈਨੂੰ ਲੱਗਾ ਕਿ ਮੇਰੇ ਗਿੱਟੇ-ਗੋਡੇ ਰਮਾ ਹੋ ਗਏ ਹਨ, ਸਾਹ ਠੀਕ-ਠਾਕ ਚੱਲਣ ਲੱਗ ਪਿਆ ਹੈ , ਤੇ ਮੈਂ ਬਿਲਕੁਲ ਤੰਦਰੁਸਤ ਹੋ ਗਿਆ ਹਾਂ । ਵਰ੍ਹਿਆਂ ਤੋਂ ਨੀਮ ਬੋਲੇ ਕੰਨਾਂ ਨੂੰ ਚੰਗਾ ਭਲਾ ਸੁਣਨ ਲੱਗ ਪਿਆ ਹੈ । ਵੀਹਾਂ ਸਾਲਾਂ ਤੋਂ ਲੱਗੀਆਂ ਨਜ਼ਰ ਦੀਆਂ ਐਨਕਾਂ ਦੀ ਵੀ ਲੋੜ ਨਹੀਂ ਰਹੀ । ਲਾਗੇ ਖੜੇ ਬੰਦੇ ਨੂੰ ਪਛਾਨਣ ਲਈ ਅੱਖਾਂ ਉੱਤੇ ਹੱਥ ਦੀ ਛਾਂ ਵੀ ਨਹੀਂ ਕਰਨੀ ਪੈਂਦੀ ।
ਆਪਣੇ ਆਪ ਉੱਠਣ-ਬੈਠਣ ਜੋਗਾ ਹੋ ਕੇ ਮੈਨੂੰ ਖ਼ਸ਼ੀ ਤਾਂ ਬਹੁਤ ਹੋਈ , ਪਰ ਬਹੁਤੀ ਖੁਸ਼ੀ ਮੈਨੂੰ ਚਾਰੇ ਪਾਸੇ ਪੱਸਰੇ ਸੁੱਖ, ਚੈਨ ,ਆਰਾਮ ਕਰਕੇ ਵੀ ਹੋਈ – ਨਾ ਕਿਸੇ ਤਰ੍ਹਾਂ ਦਾ ਰੌਲਾ , ਨਾ ਰੱਪਾ ਨਾ ਚੀਕ, ਨਾ ਚਿਹਾੜਾ , ਨਾ ਮੰਜੇ ਲਾਗੇ ਬੱਝੀ ਮਹਿੰ ਦੀਆਂ ਛੜਾਂ ,ਨਾ ਮੋਕ-ਪਿਸ਼ਾਬ ਦੇ ਛਿੱਟੇ ਜਿਹੜੇ ਕਈਆਂ ਚਿਰਾਂ ਤੋਂ ਮੇਰੇ ਮੰਜੇ –ਬਿਸਤਰੇ ਨੂੰ ਰੰਗਦੇ ਆ ਰਹੇ ਸਨ । ਹੋਰ ਤਾਂ ਹੋਰ ਮੈਨੂੰ ਆਪਣੇ ਆਪ ਤੋਂ ਸੜਾਦ ਦੀ ਥਾਂ ਖੁਸ਼ਬੂ ਜਿਹੀ ਆਉਣ ਲੱਗ ਪਈ ।
ਪਹਿਲਾਂ ਮੈਨੂੰ ਇਉ ਪ੍ਰਤੀਤ ਹੋਇਆ ਕਿ ਕੋਈ ਯਖ-ਠੰਡੀ ਸ਼ੈਅ ਮੇਰੇ ਉੱਤੇ ਧਰ ਦਿੱਤੀ ਗਈ ਹੈ । ਫਿਰ ਲੱਗਾ ਕਿ ਗਰਮ ਪਾਣੀ ਨਾਲ ਇਸ਼ਨਾਨ ਕਰ ਰਿਹਾਂ ਹਾਂ । ਹੈਂ ……. ਇਹ ਕੀ ? ਖੁਸ਼ਬੂਦਾਰ ਸਾਬਣ ਦੀ ਝੱਗ । ਕਮਾਲ ਹੋ ਗਈ । ਸਾਰੀ ਉਮਰ ਇਹੋ ਜਿਹੇ ਨਰਮ ਸਾਬਣ ਦੀ ਛੋਹ ਮੇਰੇ ਕਰੜ ਬਰੜੇ ਹੱਥਾਂ ਨੂੰ ਪ੍ਰਾਪਤ ਨਹੀਂ ਸੀ ਹੋਈ । ਪਰ ਹੁਣ …… ਹੁਣ ਤਾਂ ਪੈਰਾਂ ਦੀਆਂ ਅੱਡੀਆਂ ਵਿੱਚ ਫੁੱਟੀਆਂ ਬਿਆਈਆਂ ਵੀ ਖੁਸ਼ਬੂਦਾਰ ਸਾਬਣ ਨਾਲ ਧੋਤੀਆਂ ਜਾ ਰਹੀਆਂ ਸਨ ਅਤੇ ਕਾਂਗਲ ਜਿਹੇ ਬਦਨ ਉਤੇ ਅਤਰ ਛਿੜਕਿਆ ਜਾ ਰਿਹਾ ਸੀ । ਬਿਲਕੁਲ ਉਹੋ ਜਿਹਾ ਅਤਰ ਜਿਸ ਦੀ ਖੁਸ਼ਬੂ, ਮੈਂ ਪਹਿਲੀ ਵਾਰ ਮੌਲਵੀ ਚਰਾਗ਼ਦੀਨ ਦੇ ਤੁਰਲੇ ‘ ਚੋਂ , ਖੁਸ਼ਕੱਤ ਕਰ ਕੇ ਲਿਖੀ ਫੱਟੀ ਦਿਖਾਉਂਦਿਆਂ , ਸੁੰਘੀ ਸੀ ਅਤੇ ਦੂਜੀ ਵਾਰੀ ਰਾਓਲਪਿੰਡੀ ਭਾਈ ਅਤਰ ਸਿੰਘ ਬਚਿੱਤਰ ਸਿੰਘ ਦੀ ਦੁਕਾਨ ਪਿਛਵਾੜੇ ਕੰਮ ਕਰਦਿਆਂ । ਬਹੁਤੇ ਈ ਕਮਾਲ ਦੀ ਚੀਜ਼ ਸੀ ਉਹ । ਸਾਰੇ ਮੀਨਾ ਬਾਜ਼ਾਰ ਅੰਦਰ ਉਨ੍ਹਾਂ ਦੀ ਦੁਕਾਨੇ ਵਿਕਦੇ ਅਤਰ ਦੀ ਖ਼ਸਬੋ ਖਿਲਰੀ ਰਹਿੰਦੀ ਸੀ । ਜ਼ਨਾਨੀਆਂ ਤਾਂ ਉਸ ਬਾਜ਼ਾਰੇ ਬਿਨਾਂ ਕੰਮੋਂ ਈ ਫੇਰਾ ਤੋਰਾ ਰੱਖਦੀਆਂ ਸਨ । ਜਿਨ੍ਹਾਂ ਦਾ ਹੱਥ ਜ਼ਰਾ ਸੌਖਾ ਹੁੰਦਾ , ਉਨ੍ਹਾਂ ਦੀਆਂ ਜੇਬਾਂ ਵਿਚੋਂ ਜ਼ੁਲਫੈ-ਲਾਹੌਰ ਜਾਂ ਜ਼ੁਲਫੇ ਰਾਵਲਪਿੰਡੀ ਮਾਰਕਾ ਅਤਰ ਦੀਆਂ ਸ਼ੀਸ਼ੀਆਂ ਖ਼ਰੀਦਣ ਲਈ ਦਸ ਜਾਂ ਅੱਠ ਆਨੇ ਝੱਟ ਪੱਟ ਨਿਕਲ ਆਉਂਦੇ , ਪਰ ਖਾਲੀ ਹੱਥਾਂ ਵਾਲੀਆਂ ਹਿਰਾਸੀਆਂ ਨਜ਼ਰ ਨਾਲ ਦੇਖਦੀਆਂ , ਭਰਵੇਂ ਡੂੰਘੇ ਸਾਹ ਭਰਦੀਆਂ ,ਮੱਧਮ ਚਾਲੇ ਅੱਗੇ ਲੰਘ ਜਾਂਦੀਆਂ ਸਨ ।
ਮੈਂ ਵੀ ਦੁਕਾਨ ਦੇ ਅੰਦਰ ਰੈਕਾਂ ਦੀ ਮੁਰੰਮਤ ਕਰਦਾ ਦੋ ਦਿਨਾਂ ਦਾ ਕੰਮ ਚਾਰ ਦਿਹਾੜੀਆਂ ਵਿੱਚ ਮੁਕਾਇਆ ਕਰਦਾ ਸੀ ਅਤੇ ਚਾਰ ਆਨੇ ਦਿਹਾੜੀ  ਦੀ ਥਾਂ ਤਿੰਨ ਆਨੇ ਲੈ ਕੇ , ਕਈ ਕਈ ਦਿਨ ਦੁਕਾਨ ਪਿਛਵਾੜੇ ਬਣਦੇ ਅਤਰ ਦੀ ਦੂਰ ਤੱਕ ਖਿਲਰੀ  ਖੁਸ਼ਬੂ ਸੁੰਘਦਾ ਰਹਿੰਦਾ ਸੀ । ਓਥੇ ਹੀ ,ਐਹ ….. ਨਿਖ਼ਸਮੀ ,ਅਤਰ-ਪੱਟੀ ਸਗਲੀ ਦੂਜੇ ਚੌਥੇ ਗੇੜਾ ਮਾਰਦੀ ਨੇ ਮੈਨੂੰ ਪੱਟ ਘੱਤਿਆ । ਸਵੇਰੇ-ਸ਼ਾਮੀਂ ਗੁਰਦੁਆਰੇ ਜਾਂਦੇ ਦਾ ਪਿੱਛਾ ਕਰਦੀ ਉੱਪਰ ਈ ਆ ਚੜ੍ਹੀ ਸੀ – ‘ਅਖੇ , ਮੈਂ ਵਸੈਂ ਤਾਂ ਥਾਰੈਈ ਵਸੈਂ ‘ । ਅੰਨ੍ਹਾਂ ਕੀ ਭਾਲੇ ਦੋ ਅੱਖਾਂ । ਵੱਤੋਂ ਲੰਘ ਚੁੱਕਾ ਹੋਣ ਕਰਕੇ ਮੈਂ ਵੀ ਵੇਲਾ ਸਾਂਭ ਲਿਆ ਅਤੇ ਸਗਲੀ ਨੂੰ ਸਵਰਨ ਕੌਰ ਬਣਾ , ਓਦੋਂ ਤਾਂ ਆਪਣੀ ਰੋਟੀ ਪੱਕਦੀ ਕਰ ਲਈ , ਪਰ ਕੀ ਪਤਾ ਸੀ – ਇਸ ਚੁੜੇਲ ਨੇ ਮੁੜ ਗਲੋਂ ਈ ਨਹੀਂ ਲਹਿਣਾ । ਮੈਂ ਵੀ ਉਸ ਨੂੰ ਪੈਰ ਦੀ ਜੁੱਤੀ ਤੋਂ ਸਿਵਾ ਕੁਝ ਨਹੀਂ ਸੀ ਸਮਝਿਆ । ਖਾਣ-ਪੀਣ ,ਹੰਢਾਣ ਵਿੱਚ ਭਾਵੇਂ ਸਾਰੀ ਉਮਰ ,ਮੈਂ ਆਪਣੀ ਈ ਮਨਮਾਨੀ ਕੀਤੀ ਸੀ , ਪਰ ਅੱਜ ਚਾਲ੍ਹੀਆਂ ਵਰ੍ਹਿਆਂ ਪਿਛੋਂ ਓਸੇ ਅਤਰ ਦੀ ਖ਼ਸ਼ਬੋ , ਮੈਨੂੰ ਆਪਣੇ ਨਿੱਘਰ ਚੁੱਕੇ ਸਰੀਰ ਦੁਆਲਿਓਂ ਆਉਂਦੀ ਓਪਰੀ ਜਿਹੀ ਲੱਗੀ ।
ਫਿਰ, ਮੈਨੂੰ ਮੁਲੈਮ ਬੁਰ ਵਾਲੇ ਤੌਲੀਏ ਨਾਲ ਪੂੰਝ  ਕੇ ਨਵੇਂ ਨਿਕੋਰ  ਤਿਲਕਣੇ ਕਪੜੇ ਦੀ ਕਮੀਜ਼ ਪੁਆ ਕੇ , ਸੀਤੇ –ਸਿਲਾਏ ਗਰਮ ਸੂਟ ਨਾਲ ਸ਼ਿੰਗਾਰਿਆ ਗਿਆ । ਦਾੜ੍ਹੀ ਦੇ ਝਾੜੂ ਬਣੇ ਵਾਲਾਂ ਦੀ ਜ਼ਰਾ ਕੁ ਗੁੱਟੀ ਕਰ ਕੇ ਮੋਟੀ ਗੰਢ ਵਾਲੀ ਟਾਈ ਬੰਨ੍ਹੀ ਗਈ । ਗੁਲਾਬੀ ਰੰਗ ਦੀ ਸੱਤ-ਗਜ਼ੀ ਪੱਗ ਦਾ ਮਡਾਸਾ ਬਣਾ , ਕਾਲੋ ਕੋਟ ਦੀ ਉੱਪਰਲੀ ਜੇਬ ਅੰਦਰਲੇ ਚਿੱਟੇ ਰੁਮਾਲ ਦੀਆਂ ਨੋਕਾਂ ਕੱਢੀਆਂ ਗਈਆਂ । ਵਿਤੋਂ-ਬਾਹਰੀ ਖੁਲ੍ਹੀ ਪਤਲੂਣ ਦਾ ਜਾਪਾਨੀ ਪੇਟੀ ਨਾਲ ਮੇਰੇ ਲੱਕ ਦੁਆਲੇ ਬੰਨ੍ਹ ਕੇ ਬੋਕਾ ਜਿਹਾ ਬਣਾ ਦਿੱਤਾ ਗਿਆ । ਪੈਰਾਂ ਵਿੱਚ ਨੈਲੱਨ ਦੀਆਂ ਜਰਾਬਾਂ ਚਾੜ੍ਹ ਜਦ ਕੁਰਮ ਦੇ ਕਾਲੇ ਬੂਟਾਂ ਦੀ ਵਾਰੀ ਆਈ ਤਾਂ ਕਿਸੇ ਨੇ ਟੋਕ ਦਿੱਤਾ ।
ਮੈਂ ਇਹ ਸਾਰਾ ਮਾਜਰਾ ਚੁੱਪ-ਚਾਪ ਦੇਖਦਾ ਰਿਹਾ । ਵਿਚਕਾਰੋ ਧਰਤੀ ਨਾਲ ਲੱਗੀ ਟੁੱਟੀ ਜਿਹੀ ਮੰਜੀ ਤੋਂ ਚੁੱਕ ਕੇ ਤਖ਼ਤਪੋਸ਼ ਵਰਗੀ ਨਵੀਂ ਬਣੀ ਕਰੜੀ ਥਾਂ ‘ਤੇ ਲੇਟਣ ਤੱਕ ,ਮੈਂ ਭਗਤੂ ਤਰਖਾਣ ਤੋਂ ਬਦਲ ਕੇ ਵਲੈਤੀ ਸਿਖ ਵਰਗਾ ਆਪਣਾ ਹੁਲੀਆ ਦੇਖ ਕੇ ਇਕ ਵਾਰ ਤਾਂ ਖੁਸ਼ੀਆਂ ਮਾਰਾ ਫੁੱਲ ਗਿਆ , ਪਰ ਛੇਤੀ ਈ ਬਚਪਣੇ ਤੋਂ ਲੈ ਕੇ ਬੜੇ ਚਾਅ ਨਾਲ ਹੰਢਾਈ ਆਪਣੀ ਰਹਿਤ-ਮਾਰਯਾਦਾ , ਬਦੇਸ਼ੀ ਵਰਦੀ ਦੇ ਭਾਰ ਹੇਠਾਂ ਦੱਬੀ ਦਾ , ਮੈਨੂੰ ਸਾਹ ਘੁਟਦਾ ਜਾਪਣ ਲੱਗਾ । ਨਾਲ ਦੀ ਨਾਲ ਈ ਚੋਰੀ ਅੱਖੀਂ ਮੈਂ ਸੜੀ-ਭੁੱਜੀ ਆਪਣੀ ਘਰਵਾਲੀ, ਫੱਫੇਕੁੱਟਣੀ ਸਵਰਨੋ ਦੀ ਬੂਥੇ ਵੱਲ ਵੀ ਦੇਖਦਾ ਰਿਹਾ, ਜਿਸ ਉੱਤੇ ਖਿੜੇ ਫੁੱਲ ਵਰਗੀ ਖੁਸ਼ੀ ਪਸਰੀ ਹੋਈ ਸੀ । ਮੇਰੇ ਖੱਬੇ ਹੱਥ ਬੈਠੀਆਂ ਕਰਮੀਂ,ਭਾਗੋ , ਤਾਬੋ , ਪ੍ਰੀਤੋ , ਜੀਤੋ ਤੇ ਹੋਰਨਾਂ ਸੁਆਣੀਆਂ ਨੇ , ਝੁਰੜੀਆਂ ਮਾਰੇ ਮੱਥਿਆਂ ‘ਤੇ ਚਿੱਟੇ ਦੁਪੱਟੇ ਲਟਕਾਈ ਹਟਕੋਰੇ ਭਰਦੀਆਂ ਨੇ , ਤਾਂ ਕਈ ਵਾਰੀ ਨੱਕਾਂ ‘ਚੋਂ ਵਗਦਾ ਪਾਣੀ ਪੱਲਿਆਂ ਨਾਲ ਪੂੰਝ ਲਿਆ ਸੀ , ਪਰ ਸੱਜੇ ਹੱਥ ਬੈਠੇ ਫੀਲੇ , ਨੰਦੂ,ਬੰਤੇ , ਕੇਸਰ ਅਤੇ ਦਿਆਲੋ ਦੇ ਚਿਹਰਿਆਂ ‘ਤੇ ਗ਼ਮੀ ਦੀ ਕੋਈ ਨਿਸ਼ਾਨੀ ਨਹੀਂ ਸੀ ਦਿੱਸਦੀ । ਹਾਂ ਮੇਰੇ ਛੋਟੇ ਭਰਾ ਫੱਤੂ ਦੀਆਂ ਅੱਖਾਂ ਵਿਚੋਂ ਲਮਕਦੇ ਅੱਥਰੂਆਂ ਨਾਲ ਉਸ ਦੀਆਂ ਟੋਏ ਬਣੀਆਂ ਖਾਖਾਂ ਭਰੀਆਂ ਪਈਆਂ ਸਨ । ਮੈਨੂੰ ਉਸ ਦੀ ਲੀਰੋ-ਲੀਰ ਹੋਈ ਹਾਲਤ ਦੇਖ ਕੇ ਬਹੁਤ ਤਰਸ ਆਇਆ । ਪਹਿਲਾਂ ਤਾਂ ਮੇਰਾ ਜੀਅ ਕੀਤਾ ਕਿ ਉਸ ਨੂੰ ਪੁਛ ਈ ਲਵਾਂ – ਕਿ ਭਰਾਵਾਂ, ਤੂੰ ਮੈਨੂੰ ਇਸ ਤਰ੍ਹਾਂ ਸਜਿਆ-ਧੱਜੀਆ ਦੇਖ ਕੇ ਰੋਂਦਾ ਕਿਉਂ ਏਂ ? ਫਿਰ ਝੱਟ ਹੀ ਮੈਨੂੰ ਯਾਦ ਆ ਗਿਆ – ਕਿ ਹਾਲੀ ਦੋ ਈ ਮਹੀਨੇ ਪਹਿਲਾਂ ਤਾਂ ਉਸ ਨੇ ਆਪਣੇ ਪੰਝੀਆਂ ਵਰ੍ਹਿਆਂ ਦੇ ਜੁਆਨ-ਜਹਾਨ ਪੁੱਤ ਸਰਾਹਣੇ ਕੱਚਾ ਭਾਂਡਾ ਭੰਨਿਆ ਸੀ ! ਹਾਲੀ ਤਾਂ ਉਸ ਦੇ ਇਕੋ-ਇਕ ਸਹਾਰੇ ਦਾ ਸਿਵਾ ਵੀ ਠੰਡਾ ਨਹੀਂ ਹੋਇਆ ! ਵਰ੍ਹਿਆਂ ਤੋਂ ਦੇਸ਼ ਅੰਦਰਲੀ ਬੇਕਾਰੀ ਦਾ ਡੰਗਿਆ ਤਰਸੇਮ , ਦੂਰ ਕਿਸੇ ਮੁਲਕ ਅੰਦਰ ਕਾਰਖਾਨੇ ਉੱਤੇ ਸੁੱਟੇ ਬੰਬਾਂ ਨਾਲ , ਕਈਆਂ ਬੇਦੋਸ਼ੀਆਂ ਵਾਂਗ ਫੀਤਾ-ਫੀਤਾ ਹੋ ਕੇ ਲਕੜੀ ਦੀ ਪੇਟੀ ਵਿੱਚ ਬੰਦ ਹੋ ਕੇ ਘਰ ਪਰਤੇ ਨੂੰ ਹਾਲੀਂ ਕਿਹੜਾ ਬਹੁਤਾ ਸਮਾਂ ਲੰਘਿਆ ਸੀ , ਜਿਸ ਨਾਲ ਉਸ ਦਾ ਅੱਲਾ ਜ਼ਖ਼ਮ ਭਰ ਜਾਂਦਾ ।
ਦੂਜੇ ਈ ਪਲ ਮੈਨੂੰ ਲੱਗਾ ਕਿ ਇਹ ਲੋਕ ਮੇਰੇ ਬਹਾਨੇ ਆਪਣਿਆਂ ਨੂੰ ਰੋਈ ਜਾਂਦੇ ਆ। ਪਰ ……..ਭਰਾ ਲੋਕ ਕਿਵੇਂ ਹੋਏ ? ਲੋਕ ਤਾਂ ਮੇਰੇ ਲਈ ਆਪਣੇ ਅਮਰੀਕਾ ਬੈਠੇ ਦੋਨੋਂ ਮੁੰਡੇ ਸੀ , ਜਾਂ ਫੱਤੂ ਲਈ ਉਦ੍ਹੀ ਨੌਂਹ ਜਿਹੜੀ ਸੇਮੂ ਦਾ ਬਾਹਰੋਂ ਆਇਆ ਸਾਰਾ ਪੈਸਾ-ਧੇਲਾ ਸਾਂਭ ਆਪਣੇ ਪੇਕੀਂ ਚਲੀ ਗਈ ਸੀ । ਥੋੜ੍ਹੇ ਜਿਹੇ ਦਿਨਾਂ ਪਿਛੋਂ ਈ ਉਸ ਦਾ ਪਿਓ, ਧੀ ਨੂੰ ਦੋ ਵਰ੍ਹੇ ਪਹਿਲਾਂ ਦਿੱਤੀ ਦਾਜ ਦੀ ਟਰਾਲੀ ਭਰ ਕੇ ਲੈ ਗਿਆ ਸੀ – ਅਖੇ , ਮੇਰੀ ਧੀ ਸਹੁਰੇ-ਘਰ ਸਾਰੀ ਉਮਰ ਦਾ ਰੰਡੇਪਾ ਕਿਮੇਂ ਕੱਟੂ ? ‘ ਘਰ ਦੀ ਇੱਜ਼ਤ ਘਰੇ ਰੱਖਣ ਲਈ , ਮੈਂ ਆਪਣੇ ਨਿੱਕੇ ਲਈ , ਉਸ ਭਲੇਮਾਣਸ ਦੀਆਂ ਲੱਖ ਮਿੰਨਤਾਂ ਕੀਤੀਆਂ । ਪਰ ,ਉਸ ਪਿਓ ਦੇ ਪੁੱਤ ਦੇ ਕੰਨਾਂ ‘ਤੇ ਜੂੰ ਨਹੀਂ ਸੀ ਸਰਕੀ । ਉਸ ਦਿਨ ਮੈਨੂੰ ਪਹਿਲੀ ਵਾਰ ਪਤਾ ਲੱਗਾ – ਕਿ ਮਾਪੇ ਵਿਆਹ ਦੀ ਆੜ ਪਿਛੇ ਪੁੱਤਾਂ ਦਾ ਈ ਨਹੀਂ , ਧੀਆਂ ਦਾ ਵੀ ਮੁੱਲ ਵੱਟਦੇ ਹਨ ।
ਉਸ ਦਿਨ ਤੋਂ ਮੇਰਾ ਭਰਾ ਫ਼ਤਿਹ ਸਿੰਘ ਉਰਫ਼ ਫੱਤੂ ਅਤੇ ਮੈਂ ਲੋਕ ਨਹੀਂ ਸੀ ਰਹੇ । ਸੇਮੂ ਦੀ ਤੁਰੀ ਜਾਂਦੀ ਅਰਥੀ ਦੇਖ ਕੇ ਮੇਰੇ ਅੰਦਰੋਂ ਹੰਝੂਆਂ ਦਾ ਹੜ੍ਹ ਚੱਲ ਨਿਕਲਿਆ ਸੀ , ਪਰ ਮੈਂ ਲਾਚਾਰ ਅਪਣੇ ਪੁੱਤਰ ਨੂੰ ਮੋਢਾ ਨਹੀਂ ਸੀ ਦੇ ਸਕਿਆ । ਗੰਠੀਏ ਅਤੇ ਦਮੇ ਦਾ ਮਰੀਜ਼ ਧਾਹਾਂ ਮਾਰ ਮਾਰ ਬੱਸ ਰੋਂਦਾ ਈ ਰਿਹਾ ਸੀ , ਜਿੱਦਾਂ ਹੁਣ ਫੱਤੂ ਰੋਈ ਜਾਂਦਾ ਸੀ । ਕਸੀਸ ਵੱਟ ਕੇ ਮੈਂ ਆਪਣਾ ਧਿਆਨ ਦੂਜੇ ਪਾਸੇ ਮੋੜ ਲਿਆ ਅਤੇ ਪਾਲਕੀ ਦੁਆਲੇ ਲਟਕਦੇ ਗੁਬਾਰਿਆਂ ਵਰਗੇ ਗੋਲ-ਗੋਲ ਚਿਹਰਿਆਂ ਵਾਲੇ ਆਪਣੇ ਦੋਨਾਂ ਮੁੰਡਿਆਂ ਵੱਲ ਬਿੱਟ-ਬਿੱਟ ਦੇਖਦਾ ਰਿਹਾ । ਉਨ੍ਹਾਂ ਦੀਆਂ ਅੱਖਾਂ ਵਿੱਚ ਨਮੀ ਦੇ ਨਿਸ਼ਾਨ ਪੂਰਾ ਤਾਣ ਲਾਉਣ ‘ਤੇ ਵੀ ਮੈਨੂੰ ਨਹੀਂ ਸੀ ਲੱਭੇ । ਉਹ ਉਦਾਸ-ਉਦਾਸ ਜ਼ਰੂਰ ਦਿਸ ਰਹੇ ਸਨ , ਪਰ ਉਨ੍ਹਾਂ ਦੀ ਆਪੋ ਵਿਚਲੀ ਕਾਨਾ-ਫੂਸੀ ਤੋਂ , ਇਸ ਕਿਰਿਆ ਕਰਮ ‘ਚ ਬੱਧੇ-ਰੁੱਧੇ ਫਸੇ ਹੋਣ ਦੇ ਸੰਕੇਤ ਸਪਸ਼ਟ ਨਜ਼ਰੀਂ ਆ ਰਹੇ ਸਨ । ਲੋਕ-ਲਾਜ ਮਾਰਿਆਂ ਵੀ ਛੋਟੇ ਨੇ ਅਫ਼ਸੋਸ ਦੇ ਚਾਰ ਅੱਖਰ ਕਿਸੇ ਨਾਲ ਸਾਂਝੇ ਨਹੀਂ ਸੀ ਕੀਤੇ । ਪਰ , ਵੱਡੇ ਨੇ ਇਕ-ਅੱਧ ਵਾਰ ਫੱਤੂ ਕੋਲੋਂ ਤਰਸੇਮ ਬਾਰੇ ਪੁਛਿਆ ਸੀ ।
ਮੱਕੀ ਦੀਆਂ ਚਾਰ ਮੰਨੀਆਂ ਖਾਣ ਤੋਂ ਲੈ ਕੇ ਚੌਂਹ ਮੋਢਿਆਂ ‘ਤੇ ਚੜ੍ਹ ਜਾਣ ਤਕ ਕਿੰਨਾ ਚਿਰ ਲੱਗਾ , ਉਹ ਤਾਂ ਮੈਨੂੰ ਪਤਾ ਨਹੀਂ , ਪਰ ਮੇਰੇ ਉਪਰੋਂ ਦੀ ਹੁੰਦੀ ਚੁਆਨੀਆਂ , ਅਠਿਆਨੀਆਂ , ਛੁਹਾਰੇ , ਸੌਗੀ , ਪਤਾਸੇ , ਫੁੱਲੀਆਂ ਦੀ ਵਰਖਾ ਤੋਂ ਇਉਂ ਲੱਗਦਾ ਸੀ , ਕਿ ਇਸ ਸਾਰੇ ਅਡੰਬਰ ਨੂੰ ਕਾਫੀ ਵਕਤ ਲੱਗਾ ਹੋਊ । ਅੱਗੇ-ਅੱਗੇ ਜਾਂਦਾ ਬੀਨਾਂ-ਆਲਾ ਬਾਜਾ ਵੱਡੇ ਪਿੱਪਲ ਉੱਤੇ ਬੈਠੇ ਮੋਰਾਂ ਵਾਂਗ ਉੱਚੀਆਂ ਤਿੱਖੀਆਂ ਸੁਰਾਂ ਅਲਾਪਦਾ ਸਹਿਜੇ –ਸਹਿਜੇ ਤੁਰਿਆ ਤਾਂ ਕਿਸੇ ਸ਼ਹਿਨਸ਼ਾਹ ਦੀ ਲੰਘਦੀ ਸੁਆਰੀ ਦਾ ਭੁਲੇਖਾ ਪਾਉਂਦਾ ਸੀ , ਪਰ ਸੰਖ , ਘੜਿਆਲ ਦਾ ਬੇਸੁਰਾ ਤਾਲ , ਮੇਰੇ ਢਿਲਕੇ ਜਿਹੇ ਪੱਗੜ ਵਿਚੋਂ ਦੀ ਲੰਘ ਕੇ ਵੀ ਕੰਨਾਂ ਦੀਆਂ ਖਿੜਕੀਆਂ ਤੋੜ ਰਿਹਾ ਸੀ ।
ਪਿੰਡੋਂ ਵਿਦਾ ਹੋ , ਬਾਹਰਲੀ ਜੂਹ ਵਲ ਤੁਰੇ ਜਾਂਦੇ ਦਾ , ਮੇਰਾ ਸਿਰ ਵਾਲਾ ਪਾਸਾ , ਦੋਨਾਂ ਉੱਚੇ ਲੰਮੇ ਜੁਆਨ ਮੁੰਡਿਆਂ ਨੇ ਥੰਮਿਆ ਹੋਇਆ ਸੀ ,ਪਰ ਪੈਰਾਂ ਵੱਲੋਂ ਨੀਵੇਂ ਕਮਜ਼ੋਰ ਮੋਢਿਆਂ ਉੱਤੇ ਹੋਣ ਕਰਕੇ , ਥੋੜ੍ਹਾ ਲਿਫਿਆ ਹੋਇਆ , ਮੈਂ ਆਪਣੇ ਪਿਛੇ ਤੁਰੇ ਆਉਂਦੇ ਸਾਰੇ ਰਿਸ਼ਤੇਦਾਰਾਂ , ਸੰਗੀ –ਸਾਥੀਆਂ ,ਯਾਰਾਂ –ਬੇਲੀਆਂ ਨੂੰ ਚੰਗੀ ਤਰ੍ਹਾਂ ਦੇਖ ਸਕਦਾ ਸੀ । ਉਨ੍ਹਾਂ ਵਿਚ ਪਿੰਡ ਦੇ ਸਾਰੇ ਜੱਟ ,ਜਿਨ੍ਹਾਂ ਦੀਆਂ ਹੱਲੜ-ਪੰਜਾਲੀਆਂ , ਮੰਜੀਆਂ-ਪੀੜ੍ਹੀਆਂ ਭਗਤੂ ਤਰਖਾਣ ਬਣਾਇਆ ਕਰਦਾ ਸੀ ਅਤੇ ਸਾਰੇ ਕੰਮੀ-ਕਮੀਣ ,ਜਿਨ੍ਹਾਂ ਵਿਹੜਿਓਂ ਲੰਘਦਿਆਂ , ਉਹ ਲੋਕ ਮੈਨੂੰ ‘ਮਿਸਤਰੀ ਜੀ – ਮਿਸਤਰੀ ਜੀ ‘ ਆਖਦੇ ਨਹੀਂ ਸੀ ਥੱਕਦੇ ।ਉਨ੍ਹਾਂ ਪਿਛੇ , ਪਿੰਡ ਅਤੇ ਵਿਹੜੇ ਦੀਆਂ ਬਿਰਧ, ਨੌਜਵਾਨ ,ਚੁੱਪ-ਚਾਪ ਤੁਰੀਆਂ ਆਉਂਦੀਆਂ ਸੁਆਣੀਆਂ ਵਿਚਕਾਰ ਡਿੱਗ-ਡਿੱਗ ਪੈਂਦੀਆਂ ਮੇਰੀਆਂ ਦੋਨੋਂ ਧੀਆਂ ਵੀ ਸਨ ਜਿਨ੍ਹਾਂ ਦੇ ਖਿਲਰੇ ਨੰਗੇ ਸਿਰਾਂ ਤੋਂ ਮੇਰੀ ਖਾਤਰ ਬਹੁਤ ਰੋਂਦੀਆਂ ਰਹਿਣ ਦਾ ਝੋਲਾ ਪੈਂਦਾ ਸੀ , ਉਨ੍ਹਾਂ ਨਾਲ ਵੀ ਮੇਰੀ ਕਰਮਾਂ ਮਾਰੀ ਸਵਰਨੋ ਵੀ ਸੀ । ਬਾਹਰਲੇ ਦੇਸ਼ੋਂ ਆਇਆ ਸੂਟ ਪਾਈ ਮਟਕ-ਮਟਕ ਤੁਰਦੀ , ਧੀਆਂ ਨੂੰ ਹੌਸਲਾ ਵੀ ਦੇਂਦੀ ਅਤੇ ਵਿੱਚ-ਵਿਚਾਲੇ ਉੱਚੀ ਜਿਹੀ ਹੋਕਰਾ ਵੀ ਮਾਰਦੀ ਸੀ –‘ ਹਾੜੋ …..ਬੋ……., ਮਾਰੋ ਖਾਬਿੰਦੋ ! ‘
ਜਿੰਨੀ ਸੱਜ-ਧੱਜ ਨਾਲ ਮੈਨੂੰ ਘਰੋਂ ਉਠਾ , ਚੜ੍ਹਦੀ ਬਾਹੀ ਪਿੰਡੋਂ ਬਾਹਰ ਮਸਾਣ-ਭੂਮੀ ਲੈ ਜਾਇਆ ਗਿਆ , ਓਨੇ ਈ ਸਜੇ –ਧਜੇ ਦਰਬਾਰ ਅੰਦਰ , ਮੈਨੂੰ ਕਿਤੇ ਅਗਾਂਹ ਲੈ ਜਾ ਕੇ ਪੇਸ਼ ਕਰ ਦਿੱਤਾ ਗਿਆ ।
ਇਕ ਬਹੁਤ ਵੱਡੇ ਇਹਾਤੇ ਨੂੰ ਲੱਗਾ ਬਾਹਰਲਾ ਵੱਡਾ ਗੇਟ , ਬੜੇ ਸੁੰਦਰ ਫੁੱਲਾਂ ਅਤੇ ਦਿਲ-ਖਿੱਚਵੇਂ ਹਾਰਾਂ ਨਾਲ ਸ਼ਿੰਗਾਰਿਆ ਹੋਇਆ ਸੀ । ਗੇਟ ‘ਤੇ ਖੜੇ ਦਰਬਾਨ ਨੇ ਬੜੇ ਅਦਬ ਨਾਲ ਮੈਨੂੰ ਜੀ –ਆਇਆਂ ਆਖਿਆ । ਕਾਲੇ-ਕਲੂਟੇ ਜਮਦੂਤਾਂ ਵਰਗਿਆਂ ਦੀ ਇਕ ਹੇੜ , ਹੱਥਾਂ ਵਿਚ ਬਰਛੇ,ਟਕੂਏ ,ਗੰਡਾਸੇ , ਕਿਰਪਾਨਾਂ ਫੜੀ , ਅੰਗ-ਰੱਖਿਅਕ ਬਣੀ , ਮੇਰੇ ਅੱਗੇ ਪਿੱਛੇ ਤੁਰਦੀ ਗਈ । ਅੰਦਰਲੇ ਦਰਵਾਜ਼ੇ ‘ਤੇ ਖੜੇ ਦਿਓ-ਕੱਦ ਦਰਬਾਨ ਨੇ ਮੈਨੂੰ ਪੈਰਾਂ ਤੋਂ ਲੈ ਕੇ ਸਿਰ ਤਕ ਨਿਹਾਰਿਆ । ਮੈਂ ਠਠੰਬਰ ਕੇ ਪਲ ਦੀ ਪਲ ਰੁਕਣ ਹੀ ਲੱਗਾ ਸੀ ਕਿ ਉਨ੍ਹਾਂ ਵਿਚੋਂ ਕਿਸੇ ਨੇ ਏਨੇ ਜ਼ੋਰ ਦੀ ਧੱਕਾ ਦਿੱਤਾ ਕਿ ਮੈਂ ਤਿਲਕਣੇ ਚਿੱਟੇ ਫਰਸ਼ ‘ਤੇ ਮੂੰਹ ਭਾਰ ਜਾ ਡਿਗਿਆ । ਮੇਰੇ ਸੱਜੇ ਗੁੱਟ ‘ਤੇ ਲੱਗੀ ਬਾਹਰਲੀ ਘੜੀ ਟੁੱਟ ਕੇ ਚੂਰਾ-ਚੂਰਾ ਹੋ ਗਈ ਅਤੇ ਮਡਾਸਾ ਬਣੀ ਪਗੜੀ ਭੁੜਕ ਕੇ ਕਿਤੇ ਦੂਰ ਜਾ ਡਿੱਗੀ । ਮੂੰਹਦੜੇ ਮੂੰਹ ਡਿਗਿਆ ,ਧੜੀ ਔਖ ਨਾਲ ਸੰਭਲ ਕੇ,ਮੈਂ ਹਾਲੀ ਖੜਾ ਈ ਹੋਇਆ ਸੀ ,ਕਿ ਹਾਥੀ-ਦੰਦ ਦੀਆਂ ਕੁਰਸੀਆਂ ਤੇ ਬੈਠੀਆਂ ਬੀਬੀਆਂ ਸੂਰਤਾਂ, ਮੇਰੀ ਇਸ ਲਾਚਾਰਗੀ ਉੱਤੇ ਜ਼ੋਰ ਦਾ ਠਹਾਰਾ ਮਾਰ ਕੇ ਹੱਸ ਪਈਆਂ । ਦਰਬਾਰ ਅੰਦਰ ਵੜਦਿਆਂ ਹੋਏ ‘ਸੁਆਗਤ ‘ ਦੀ ਨਮੋਸ਼ੀ ਨੂੰ ਭੁਲਦਿਆਂ ,ਮੇਰਾ ਧਿਆਨ ਇਕਦਮ , ਹਿੜ-ਹਿੜ ਕਰਦੇ ਚਿੱਟ-ਕਪੜੀਏ ਸੇਠਾਂ-ਸਰਦਾਰਾਂ ਵਲ ਖਿੱਚਿਆ ਗਿਆ ।
ਪਹਿਲੀਆਂ ਦੋ ਤਿੰਨ ਕਤਾਰਾਂ ਅੰਦਰ ਬੈਠੀਆਂ ਬੀਬੜ ਜਿਹੀਆਂ ਪੰਜਾਹ-ਸੱਠ ਸ਼ਕਲਾਂ ਵਿਚੋਂ ਤਾਂ , ਮੈਥੋਂ ਕੋਈ ਵੀ ਪਛਾਣੀ ਨਾ ਗਈ ।ਹਾਂ ………, ਇਕ ਸੋਨੇ ਦੇ ਫ਼ਰੇਮ ਵਾਲੀਆਂ ਐਨਕਾਂ ਲਾਈ ਬੈਠੇ ਸੰਗਮਰਮਰੀ ਚਿਹਰੇ ਨੂੰ ਕਿਤੇ ਦੇਖਿਆ ਹੋਣ ਦਾ ਝਾਉਲਾ ਜ਼ਰੂਰ ਪਿਆ । ਸ਼ੈਤ……..ਉਹ ਕਈ ਸਾਲ ਪਹਿਲਾਂ ਪਸ਼ੂਆਂ ਦੇ ਹਸਪਤਾਲ ਦੀ ਇੱਟ ਰੱਖਣ ਆਇਆ ਸੀ ਜਾਂ ਕਿਤੇ ਉਹਨੇ ਇੱਕ-ਅੱਧ ਵਾਰੀ ਗੁਰਦੁਆਰੇ ਹੋਏ ‘ਕੱਠ ਮੂਹਰੇ ਲੈਕਚਰ ਕੀਤਾ ਸੀ । ਪੂਰਾ ਯਤਨ ਕਰਨ ‘ਤੇ ਵੀ ਮੈਂ ਉਹਦੀ ਧੁੰਦਲੀ ਜਿਹੀ ਪਛਾਣ ‘ਚੋਂ ਉਹਦਾ ਨਾਂ-ਪਤਾ ਨਹੀਂ ਸੀ ਲੱਭ ਸਕਿਆ , ਪਰ ਉਸ ਦੀ ਪਿਛਵਾੜੀ ਬੈਠੇ ਜ਼ੈਲਦਾਰ ਦੁੱਨਾ ਸਿਉਂ ਦੇ ਪਿਓ ਗੁਰਪਰਤਾਪ ਸੂੰਹ ਦੀਆਂ ਦੱਸੀਆਂ , ਕਈ ਸਾਰੀਆਂ ਗੱਲਾਂ ਜ਼ਰੂਰ ਚੇਤੇ ਆ ਗਈਆਂ ਸਨ ਕਿ ਉਹ , ਬੜੀ ਪਹੁੰਚ ਵਾਲਾ , ਖਾਨਦਾਨੀ ਬੰਦਾ ਐ , ਬਹੁਤ ਵੱਡੇ ਅਹੁਦੇ ‘ਤੇ ਲੱਗਾ ਹੋਇਆ , ਸਾਰੀ ਉਮਰ ਗ਼ਰੀਬ –ਗੁਰਬਿਆਂ ਦੀ ਸੇਵਾ ਕਰਨ ਤੋਂ ਸਿਵਾ , ਉਹਦੇ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ ।
ਮੈਂ ਪੁਰਾਣੇ ਰਾਜਿਆਂ-ਮਹਾਰਾਜਿਆਂ ਦੇ ਪਹਾੜ ਉਤੋਂ ਖੱਡਾਂ ਅੰਦਰ ਸੁੱਟੇ ਜੀਊਂਦੇ ਹਾਥੀਆਂ ਨੂੰ ਚੀਕਦੇ –ਚਿੰਗਾੜਦੇ ਦੇਖ ਕੇ ਖੁਸ਼ ਹੋਣ ਵਰਗੇ ਸ਼ੌਕ ਰੱਖਣ ਵਾਲੇ ‘ਸੇਵਾਦਾਰ’ ਤੋਂ ਉਸ ਦੇ ਸਾਹਮਣੇ ਹੋਈ ਬੇ-ਇੱਜ਼ਤੀ ਦਾ ਕਾਰਨ ਪੁਛਣ ਲਈ ਹਾਲੀਂ ਦੋ ਪੈਰ ਹੀ ਤੁਰਿਆ ਸੀ ਕਿ ਕਿਸੇ ਅਹਿਲਕਾਰ ਦੀ ਉੱਚੀ ਆਵਾਜ਼ ਨੇ ਮੇਰੇ ਕਦਮ ਰੋਕ ਦਿੱਤੇ – “ਹੈਲੋ , ਹੈਲੋ ! ਰਾਈਟ ਆਫ਼ ਐਂਟਰੀ ਰੀਜ਼ਰਵਡ, ਆਈ ਮੀਨ…ਟੁਮ ਓਸ  ਟਰਫ਼ ਨਹੀਂ ਜਾ  ਸ਼ਕਟਾ । “
“ਉਹ ਕਿਉਂ ? ” ਮੈਂ ਖਿਝ ਕੇ ਪੁਛਿਆ ।
“ ਵੋਹ ਵੀ.ਆਈ. ਪੀਜ਼ ਕੇ ਚੈਂਬੜ ਹੈ । “
“ ਉਹ ਕੀ ਹੁੰਦੇ ਆ ? “
“ ਬਿੱਗ ਐਂਡ ਵੈਲਦੀ ਪੀਪਲਜ਼ , ਆਈ ਮੀਨ …..ਖਾਸ ਔੜ ਬਰੇ ਲੋਕ , ਜੋ ਹਮਾੜੇ ਬਾਸ ਕੀ ਗੁੱਡ-ਬਕਸ ਮੇਂ ਹੈਂ , ਫੇਥਫੁੱਲ ਐਂਡ ਪੇਇੰਗ , ਆਈ ਮੀਨ …ਜੋ ਹਮਾੜੇ ਲੀਏ ਧਨ ਇਕੱਟਾ ਕਰਟੇਂ ਹੈ । “
“ਕਿਹੋ ਜਿਹਾ ਧੰਨ,ਚਿੱਟਾ ਜਾਂ ਕਾਲਾ ? ”
“ ਵੱਟ ਕਾਲਾ ! ਮਨੀ ਇਜ਼ ਮਨੀ , ਐਂਡ ਇਜ਼ ਵਾਈਟਿਸ਼ ਆਲਵੇਜ਼ । ਬਾਸ , ਡੋਂਟ ਬਾਦਰ ਫਾਰ ਮੀਨਜ਼ , ਆਈ-ਮੀਨ …। “
ਉਸ ਦੀ ਇਹ ਗਿੱਟ-ਮਿੱਟ ਮੁਕਣ ਤੋਂ ਪਹਿਲਾਂ ਈ ਮੈਨੂੰ ਐਮ.ਈ.ਐਸ ਦੇ ਇਕ ਠੇਕੇਦਾਰ ਦੀ ਚਾਲ੍ਹੀ-ਪੰਜਤਾਲੀ ਸਾਲ ਪਹਿਲਾਂ ਆਖੀ ਗੱਲ, ਇਕਦੱਮ ਯਾਦ ਆ ਗਈ ….’ਮਿਸਤਰੀ , ਠੇਕੇਦਾਰੀ ਕਰਦਿਆਂ ਬੜਾ ਕੁਝ ਹੋਰ ਵੀ ਕਰਨਾ ਪੈਂਦਾ ….। ਧਰਮ –ਪੁੱਤਰ ਬਣ ਕੇ ਉੱਪਰਲਿਆਂ ਦੇ ਆਲੇ-ਵਰਗੇ ਖੁਲ੍ਹੇ ਮੂੰਹ ਬੰਦ ਕਰਨੇ ਬੜੇ ਔਖੇ ਆ ‘ ।
ਚਾਂਦੀ ਦੀਆਂ ਕੰਧਾਂ ਵਾਲੇ ਸ਼ੀਸ਼-ਮਹਿਲ ਦੀ ਕੈਦ ਅੰਦਰ ਘਿਰਿਆਂ ਡੌਰ-ਭੌਰ ਖੜਾ ਮੈਂ ਹੀਰੇ –ਮੋਤੀਆਂ ਨਾਲ ਲਿਸ਼ਕਦੀ ਛੱਤ ਹੇਠ ਡਿੱਠੀਆਂ ਸੈਂਕੜੇ ਕੁਰਸੀਆਂ ‘ਤੇ ਬਿਰਾਜੇ ‘ਬੜਾ ਕੁਛ ਹੋਰ ਕਰਨ ਵਾਲੇ ’ ਠੇਕੇਦਾਰਾਂ , ਜ਼ੈਲਦਾਰਾਂ , ਤਹਿਸੀਲਦਾਰਾਂ , ਠਾਣੇਦਾਰਾਂ , ਲੰਬੜਦਾਰਾਂ ਅਤੇ ਘਿਓ –ਖਿਚੜੀ ਹੋਏ ਬੈਠੇ ਭਾਂਤ-ਭਾਂਤ ਦੇ ਹੋਰਨਾਂ ‘ਸੇਵਾਦਾਰਾਂ ’ ਨੂੰ ਅਜੇ ਪਛਾਣ ਈ ਰਿਹਾ ਸੀ ਕਿ ਇਕ ਉੱਚੀ ਲੰਮੀ ਹੇਕ ਮੇਰੇ ਮੱਥੇ ਵਿਚ ਆ ਵੱਜੀ – “ ਭਗਤੂ ਵਲਦ ਹੁਕਮਾ …ਜਾਤ ਤਰਖਾਣ …ਸਕਨਾ ਝੱਜ …ਹਾਜ਼ਰ ਹੋ…ਓ….ਓ…”
ਆਵਾਜ਼ ਦੀ ਦਿਸ਼ਾ ਵਲ ਸਹਿਜੇ –ਸਹਿਜੇ ਤੁਰਿਆ ਮੈਂ ਇਕ ਉੱਚੇ ਥੜੇ ਕੋਲ ਜਾ ਖੜਾ ਹੋਇਆ । ਥੜੇ ਦੇ ਐਨ ਵਿਚਕਾਰ ਧਰੀ ਸੋਨੇ ਦੀ ਉੱਚੀ ਕੁਰਸੀ ‘ਤੇ ਬੈਠੇ ਆਕਾਰ ਵਲ ਦੇਖਣ ਤੋਂ ਪਹਿਲਾਂ ਹੀ ਮੈਂ ਸਿੰਘਾਸਣ ਪਿਛੇ ਖੜੀਆਂ ਦੋ ਪਤਲੀਆਂ ਨਾਜ਼ਕ ਮੁਟਿਆਰਾਂ ਨੂੰ , ਮੋਰ –ਖੰਭਾਂ ਦੇ ਬਣੇ ਪੱਖੇ ਝਲਦੀਆਂ  ਨੂੰ ਪਛਾਣ ਲਿਆ । ਇਹਨਾਂ ਵਿਚੋਂ ਇਕ ਮਾਸਟਰ ਗਿਆਨ ਸਿੰਘ ਦੀ ਨੌਂਹ ,ਪਿਛਲੀ ਲੜਾਈ ਅੰਦਰ ਮਾਰੇ ਵੱਡੇ ਪੁੱਤਰ ਮੇਜਰ ਨਰਿੰਦਰ ਸਿੰਘ ਦੀ ਵਹੁਣੀ ਸੀ , ਜਿਹੜੀ ਪਤੀ ਦੀ ਬਹਾਦਰੀ ਦਾ ਇਨਾਮ ਲੈਣ ਗਈ ਮੁੜ ਘਰ ਨਹੀਂ ਸੀ ਪਰਤੀ ,ਅਤੇ ਦੂਜੀ ਰੁਕਨਦੀਨ ਜੁਲਾਹੇ ਦੀ ਉਧਾਲੀ ਇਕਲੌਤੀ ਧੀ , ਰਹਿਮਤੇ ਸੀ । ਮੋਟੀ ਬੋਦੀ ਵਾਲੇ ਤਿਲਕਧਾਰੀ ਮੁੰਨੀ ਲਾਲ ਮੁਨੀਮ ਵਰਗੇ ਅੱਧਖੜ ਧੋਤੀ-ਟੁੰਗ ਤੋਂ ਮੇਰਾ ਵਹੀ-ਖਾਤਾ ਫੜ ਕੇ ਸਿੰਘਾਸਣ ਗਰਜਿਆ – “ ਤੂੰ ਭਗਤੂ ਹੈਂ …ਓਏ ..ਏ ..? “
“ ਜੀ ……ਈ ਮ੍ਹਾਰਾਜ , “ ਮੈਂ ਜ਼ਰਾ ਤਣ ਕੇ ਉੱਤਰ ਦਿੱਤਾ ।
“ ਤੂੰ ਨੇ , ਕੋਈ ਜਨ-ਭਗਤੀ , ਦੇਸ਼-ਭਗਤੀ ਜਾਂ ਪ੍ਰਭੂ-ਭਗਤੀ ਭੀ ਕੀ ਹੈ ਜਾਂ ਨਹੀਂ ? “
“ ਜੀ ..ਈ , ਕੀਤੀ ਤਾਂ ਬਹੁਤ ਐ , ਪਰ ਐਹੋ ਜਿਹੀ ਨਹੀਂ ਜਿਹੋ ਜਿਹੀ ਤੁਆਡੇ ਐਨ੍ਹਾਂ ਦਰਬਾਰੀਆਂ ਨੇ ਕੀਤੀ ਐ । “
“ ਕਿਆ ਮਤਲਬ ? “
“ ਮੈਂ ਸਿਰਫ਼ ਕਿਰਤ ਕੀਤੀ ਐ , ਜਿਸ ਨੂੰ ਅਸੀਂ ਲੋਕ ਸਭ ਤੋਂ ਵੱਡੀ ਭਗਤੀ ਸਮਝਦੇ ਆਂ । “
“ ਪਰੰਤੂ …..ਤੇਰੇ ਖਾਤੇ ਮੇਂ ਤੋ ਕੁਛ ਔਰ ਹੀ ਲਿਖਾ ਹੈ । “
“ ਕੀ ਲਿਖਿਆ …ਆ , ਮ੍ਹਾਰਾਜ ! “
“ ਕਿ ਤੂੰ ਅਹਿਸਾਨ ਫ਼ਰਾਮੋਸ਼ ਹੈਂ…….ਹਮ ਨੇ ਮਾਤ ਲੋਕ ਮੇਂ ਬਹੁਤ ਸੀ ਸੜਕੇਂ ਬਨਵਾਈ , ਨਹਿਰੇਂ ਖੁਦਵਾਈ ,ਡੈਮ ਬਨਵਾਏ , ਤੁਮ ਲੋਗੋਂ ਕੇ ਅੰਧੇਰੇ ਘਰੋਂ ਕੋ ਬਿਜਲੀ ਦੀ …ਗੁਰਦਵਾਰੋਂ , ਮੰਦਰੋਂ ,ਮਸੀਤੋਂ ਔਰ ਗਿਰਜਾ ਘਰੋਂ ਕੇ ਲੀਏ ਧੰਨ ਔਰ ਧਰਤੀ ਬਾਂਟੀ …..ਤੁਮਹਾਰੇ ਜਾਹਲ ਔਰ ਅਵਾਰਾਂ ਲੋਂਡੋਂ ਕੋ ਵਿਕਸਿਤ ਦੇਸ਼ੋਂ ਮੇਂ ਜਾ ਕਰ ਧੰਨ ਕਮਾਨੇ ਕੀ  ਅਨੁਮਤੀ ਦੀ…….ਤੁਮਹਾਰੀ ਜਹਾਲਤ ਦੂਰ ਕਰਨੇ ਕੇ ਲੀਏ ਪਾਂਚ-ਵਰਸ਼ੀਐ ਯੋਜਨਾਏਂ ਉਪਲਬਦ ਕੀ ….ਕਿਆ ਕੁਝ ਨਹੀਂ ਕੀਆ ਹਮ ਨੇ …..ਪਰੰਤੂ ਤੂੰ ਨੇ ਸਾਰੀ ਆਯੂ ਹਮਾਰਾ ਧੰਨਆਵਾਦ ਤਕ ਨਹੀਂ ਕੀਆ । “
“ ਧੰਨਵਾਦ ਕਿਹੜੀ ਗੱਲ ਦਾ ! ਸੜਕਾਂ , ਨਹਿਰਾਂ ,ਡੈਮਾਂ ਦੇ ਹਵਨ-ਕੁੰਡ ਅੰਦਰ ਮੇਰੇ ਵਰਗਿਆਂ ਲੱਖਾਂ ਦੀ ਆਹੂਤੀ ਪਈ ……ਤੁਆਡੇ ਬਣਾਏ ਧਰਮਾਂ ਦੀ ਆੜ ਅੰਦਰ ,ਲੋਕਾਂ ਇਕ ਦੂਜੇ ਦੇ ਖੂਨ ਨਾਲ ਰੱਜ ਕੇ ਹੋਲੀ ਖੇਲੀ …ਭੁੱਖਮਰੀ ਤੇ ਬੇਕਾਰੀ ਤੇ ਪੁੜਾਂ ਅੰਦਰ ਪਿਸਦੇ ਸਾਡੇ ਕਾਰੀਗਰ ਬੱਚਿਆਂ ਨੂੰ ਦੇਸ਼-ਨਿਕਾਲਾ ਦੇ ਕੇ ਤੁਸੀਂ ਸਾਡੀ ਬੋਲੀ ਤਾਂ ਕੀ ਸਾਰੇ ਦਾ ਸਾਰਾ ਸਭਿੱਆਚਾਰ ਆਪਣੇ ਵਿਦੇਸ਼ੀ ਭਾਈਵਾਲਾਂ ਕੋਲ ਗਿਰਵੀ ਕਰ ਦਿੱਤਾ , ਅਤੇ ਤੁਹਾਡੀਆਂ ਯੋਜਨਾਵਾਂ ਦਾ ਲਾਭ ਤਾਂ ਆਹ ਤੁਆਡੇ ਸਾਹਮਣੇ ਬੈਠੇ ਚੌਧਰੀਆਂ ਨੇ ਆਪੋ ਵਿਚ ਦੀ ਈ ਵੰਡ ਲਿਆ …..ਮ੍ਹਾਰਾਜ !
“ ਐਸਾ ਨਹੀਂ ਹੋ ਸਕਤਾ ….ਤੇਰਾ ਹਿੱਸਾ ਤੁਝੇ ਜ਼ਰੂਰ ਮਿਲਾ ਹੈ …..ਇਧਰ ਸਭ ਕੁਝ ਲਿਖਾ ਹੂਆ ਹੈ …..ਤੂੰ ਨੇ ਤੋਂ ਸਾਰੀ ਆਯੂ ਛੋਟੇ ਛੋਟੇ ਸੇ ਨੀਚ ਕਾਮ ਹੀ ਕੀਏ ਹੈਂ ….ਹਮਾਰੇ ਹਾਂ ਛੋਟੇ ਕਾਮੋਂ ਕਾ ਫਲ ਭੀ ਛੋਟਾ ਹੋਤਾ ਹੈ ਔਰ ਨੀਚ ਲੋਕ ਨਰਕੋਂ ਕੇ ਹੀ ਭਾਗੀ ਬਨਤੇ ਹੈਂ …..ਸਮਝੇ । “
“ ਸਮਝ ਤਾਂ ਗਿਆ , ਹਜ਼ੂਰ , ਪਰ ਧਰਮ ਰਾਜ ਦੀ ਕਚਹਿਰੀ ਅੰਦਰ ਵੀ ਜੇ ਖਰੇ ਖੋਟੇ ਦੀ ਪਛਾਣ ਨਹੀਂ ਹੋਣੀ ਤਾਂ ਫਿਰ ਕਿਥੇ ਹੋਵੇਗੀ …? “
“ ਦੇਖੋ ਭਗਤੂ , ਹਮ ਧਰਮਰਾਜ ਨਹੀਂ , ਯਮਰਾਜ ਹੈ ਔਰ ਅਪਨੇ ਢੰਗ ਸੇ ਕਾਮ ਕਰਤੇਂ ਹੈਂ …ਯਦੀ ਐਸੇ ਵਾਦ-ਵਿਵਾਦ ਮੇਂ ਹਮਾਰਾ ਬਹੁਤ ਸਾ ਸਮੇਂ ਨਸ਼ਟ ਹੋਤਾ ਰਹਾ ਤੋ ਇਸ ਕਾ ਉਪਾਏ ਭੀ ਹਮੇਂ ਸੋਚਨਾ ਹੋਗਾ …। ਹਾਂ ਸੱਚ ਏਕ ਬਾਤ ਔਰ , ਤੇਰੇ ਊਪਰ ਤੋ ਏਕ ਲਾਵਾਰਿਸ ਜ਼ਨਾਨੀ ਉਧਾਲਨੇ ਕਾ ਭੀ ਦੋਸ਼ ਹੈ । “
“ ਮੈਂ ਨਹੀਂ ਉਧਾਲੀ , ਮ੍ਹਾਰਾਜ , ਸਗੋਂ ਉਸ ਨੇ ਮੈਨੂੰ ਉਧਾਲਿਆ ….ਆਪਣੇ ਈ ਪਿੰਡ ਦੀਆਂ ਨੌਹਾਂ-ਧੀਆਂ ਉਧਾਲਣ ਵਾਲੇ ਤਾਂ ਤੁਆਡੇ ਸਾਹਮਣੇ ਬਿਰਾਜਮਾਨ ਹਨ ,ਦੇਵਤਿਓ ! “
“ ਤੂੰ ਬਹੁਤ ਮੂੰਹ ਜ਼ੋਰ ਹੈ …..ਬੇ-ਹਯਾ , ਬਦ-ਤਮੀਜ਼ ….ਹਮ ਜ਼ਿਆਦਾ ਬਾਤੇ ਸੁਨਨੇ ਕਾ ਆਦੀ ਨਹੀਂ …ਦੂਰ ਹੋ ਜਾ ਹਮਾਰੀ ਨਜ਼ਰੋਂ ਸੇ , ਕੌਮਨਿਸਟ ਕਹੀਂ ਕਾ…..।“
ਗੁਸੇ ਨਾਲ ਲਾਲ-ਪੀਲੇ ਹੋਏ ਮੂੰਹ ਅੰਦਰੋਂ ਝੱਗ ਉਗਲਦੇ ਯਮਰਾਜ ਨੇ ,ਪੱਥਰ –ਪਾੜਵੀਂ ਨਜ਼ਰ ਨਾਲ ਇਕ ਵਾਰ ਫਿਰ ਮੈਨੂੰ ਘੂਰ ਕੇ ਦੇਖਿਆ ਅਤੇ ਦੂਜੇ ਹੀ ਪਲ ਗਰਜਵੀਂ ਉੱਚੀ ਆਵਾਜ਼ ਵਿੱਚ ਲਾਗੇ ਖੜੇ ਯਮਦੂਤਾਂ ਨੂੰ ਆਦੇਸ਼ ਕਰ ਦਿੱਤਾ – “ ਇਸੇ ਨਰਕਾਪਰੀ ਮੇਂ ਡਾਲ ਦੀਆ ਜਾਏ  । “
ਅੰਦਰ ਡੱਕੇ ਲਾਵੇ ਦੇ ਹੋਰ ਫੁੱਟ ਨਿਕਲਣ ਤੋਂ ਪਹਿਲਾਂ ਈ ਬਿਜਲੀ ਦੀ ਫੁਰਤੀ ਵਾਂਗ ਯਮਦੂਤਾਂ ਨੇ ਮੇਰੀਆਂ ਮੁਸ਼ਕਾਂ ਬੰਨ੍ਹੀਆਂ ਅਤੇ ਧੂਹੰਦੇ-ਘਸੀਟਦੇ ਨੂੰ ਦਰਬਾਰ ਅੰਦਰੋਂ ਬਾਹਰ ਲਿਆ ਕੇ , ਇਕ ਉਜੜੇ ਜਿਹੇ ਕੱਚੇ ਰਾਹ ‘ਤੇ ਤੁਰਦਾ ਕਰ ਦਿੱਤਾ ।
ਥੋੜਾ ਜਿਹਾ ਪੈਂਡਾ ਮੁਕਾ ਕੇ , ਆਪਣੇ ਅੱਗੇ-ਪਿਛੇ ਤੁਰੇ ਆਉਂਦੇ ਦਸ-ਬਾਰਾਂ ਯਮਦੂਤਾਂ ਤੋਂ, ਮੈਂ ਧਰਮਰਾਜ ਦੀ ਕਚਹਿਰੀ ਜਾਣਾ ਦੀ ਆਗਿਆ ਮੰਗੀ ।
ਪਰ ਇਕ ਰੁਖੇ ਖਰ੍ਹਵੇਂ ਨੇ ਮੇਰੀ ਬੇਨਤੀ ਠਕਰਾਉਂਦਿਆਂ ਉੱਤਰ ਦਿੱਤਾ-“ ਯਮਰਾਜ ਈ ਅੱਜਕੱਲ ਧਰਮਰਾਜ ਐ, ਉਹ ਕਿਸੇ ਕੜ੍ਹੀ-ਕਚਹਿਰੀ ਦੀ ਪਰਵਾਹ ਨਹੀਂ ਕਰਦਾ । ਜਿਹੜਾ ਜਿਹੜਾ ਉਸ ਨੂੰ ਰੜਕਦਾ , ਉਹਨੂੰ ਉਹ ਮੱਖਣ ‘ਚੋਂ ਵਾਲ ਵਾਂਗੂ ਬਾਹਰ ਵਗਾਹ ਮਾਰਦਾ । “
ਇਸ ਕਠੋਰ ਸੱਚ ਨੂੰ ਸੁਣ ਕੇ , ਮੇਰੇ ਅੰਦਰ ਅੱਗੇ ਬੋਲਣ ਦੀ ਹਿੰਮਤ ਨਾ ਰਹੀ , ਅਤੇ ਘੁਸਮੁਸੇ ਵਿੱਚ ਚੁਪ ਚਾਪ ਤੁਰਿਆ ,ਇਕ ਸੌੜੀ ਜਿਹੀ ਤੰਗ ਵਲਗਣ ਅੰਦਰ ਪਹੁੰਚ ਗਿਆ , ਜਿਸ ਥਾਂ ਵੜਦਿਆਂ ਸਾਰ ਈ ਭਾਂਤ ਭਾਂਤ ਦੇ ਜੰਗਲੀ ਪਸ਼ੂਆਂ ਦੀਆਂ ਚਾਂਗਰਾਂ ਵਰਗੇ , ਚੀਕ-ਚਿੰਗਾਰਾਂ ਵਰਗੇ ਚੀਕ-ਚਿਹਾੜੇ ਨੇ ਮੈਨੂੰ ਘੇਰ ਲਿਆ । ਜਿਉਂ-ਜਿਉਂ ਮੈਂ ਅਗਾਂਹ ਵਧਦਾ ਗਿਆ ਤਿਉ-ਤਿਉਂ ਉਨ੍ਹਾਂ ਆਵਾਜ਼ਾਂ ਵਿਚਲਾ ਦਰਦ ਮੇਰੀ ਰੂਹ ਨੂੰ ਜ਼ਖਮੀ ਕਰਦਾ ਗਿਆ ।
ਰਾਤ ਵਰਗੇ ਹਨੇਰੇ ਦੀ ਕਾਲਖ ਨੂੰ ਚੀਰ ਕੇ , ਮੈਂ ਅਜੇ ਥੋੜ੍ਹੇ ਕਦਮ ਹੀ ਅਗਾਂਹ ਗਿਆ ਸੀ ਕਿ ਦਿਨ ਦੇ ਚੜ੍ਹਾ ਵਰਗੇ ਚਾਨਣ ਅੰਦਰ ਆਪਣੇ ਕਿੱਤੇ ਲੱਗਾ , ਨਾਮ੍ਹਾਂ-ਚਮਿਆਰ ਮੇਰੀ ਨਿਗਾਹ ਪੈ ਗਿਆ ।
“ ਉਹਨੂੰ , ਧੌੜੀ ਦੀ ਨਿੱਗਰ ਜੁੱਤੀ ਨੂੰ ਭੂਰੀ –ਕੁਰਮ ਦੇ ਬੂਟਾਂ ਅੰਦਰ ਅਟੁੰਗ ਕੇ ਸੀਂਦੇ ਨੂੰ , ਮੈਂ ਪੁਛਿਆ – “ ਇਹ ਕੀਹਦਾ ਜੋੜਾ ਬਣਦਾ ? ”
“ਯਮਰਾਜ ਦਾ । ”
“ਇਹਨੂੰ ਪੈਰੀਂ ਪਾ ਕੇ ਉਹ ਤੁਰੇਗਾ ਕਿਮੇਂ ? ”
“ਛਾਨੂੰ ਕੀ ਚੌਅਰੀ , ਤੁਰਦਾ ਤੁਰੇ ਨਹੀਂ ਤਾਂ ਆਪੇ ਡਿੱਗੂ ਮੂੰਹ ਭਾਰ ।  “ ਆਖ ਕੇ ਉਹ ਆਪਣੇ ਕੰਮ ਲੱਗਾ ਰਿਹਾ ।
ਦੋ-ਚਾਰ ‘ਲਾਘਾਂ ਹੋਰ ਅੱਗੇ ਨਿਕਲ ਕੇ , ਮੈਂ ਦੇਖਿਆ ਕਿ ਗੋਲ-ਚੌਕੜੀ ਮਾਰੀ ਸਾਫ਼-ਸੁਥਰੇ ਥੜੇ ‘ ਤੇ ਬੈਠਾ ਕਿਸ਼ਨਾ ਦਰਜ਼ੀ , ਇਕ ਠੰਡੀ-ਖੁੱਲੀ , ਐਚਕਨ ਉੱਤੇ ਕਾਲਾ ਗਰਮ ਕੋਟ ਚਾੜ੍ਹ ਕੇ ਵੱਡੇ ਸਾਰੇ ਸੂਏ ਨਾਲ ਨਗੰਦੇ ਮਾਰ ਰਿਹਾ ਸੀ ।
“ ਕੀ ਬਣਦਾ ਮਾਹਟਰ ? “ ਮੈਂ ਪੁੱਛਿਆ ।
“ ਯਮਰਾਜੇ ਦਾ ਹੁਕਮ ਐ , ਚਿੱਟੀ ਐਚਕਨ ਉੱਤੇ ਕਾਲਾ ਉਛਾੜ ਸੀਂ  ਦਿੱਤਾ ਜਾਵੇ ਤਾਂ ਕਿ ਨਿੱਤ ਨਵੇਂ ਧੋਣ-ਬਦਲਣ ਦਾ ਟੰਟਾ ਹੀ ਮੁਕਦਾ ਹੋਵੇ । “
ਵਿਦੇਸ਼ੀ ਗਰਮ ਸੂਟ ਅੰਦਰ ਨਿੱਘਾ ਹੋਇਆ , ਆਪਣੀ ਖੂੰਟੀ ਟੇਕਦਾ ਮੈਂ ਅਜੇ ਦਸ ਕੁ ਕਦਮ ਅਗਾਂਹ ਗਿਆ ਸੀ ਕਿ ਖਿਲਰੇ ਸੰਦਾਂ ਅੰਦਰ ਚੁੱਪ-ਚਾਪ ਖੜਾ , ਮੈਨੂੰ ਅਪਣਾ ਪੁੱਤਰ ਸੇਂਮੂ ਦਿੱਸ ਪਿਆ । ਸਾਹਮਣੇ ਪਈਆਂ ਦੋਨਾਂ ਕੁਰਸੀਆਂ ਵੱਲੋਂ ਧਿਆਨ ਹਟਾ ਕੇ , ਉਹ ਡਡਿਆ ਕੇ ਮੇਰੇ ਨਾਲ ਆ ਚਿੰਬੜਿਆ । ਉੱਚੀ ਉੱਚੀ ਢਾਹਾਂ ਮਾਰ ਕੇ ਰੋਂਦੇ ਦੀਆਂ ਉਸ ਦੀਆਂ ਅੱਖਾਂ ਅੰਦਰ ਲਾਲ ਲਾਲ ਡੋਰੇ ਉਭਰ ਆਏ । ਮੈਂ ਬਿਆਈਆਂ ਪਾਟੇ ਖ਼ਰਵੇ ਪੋਟਿਆਂ ਨਾਲ ਉਸ ਦੀਆਂ ਨਰਮ-ਨਾਜ਼ਕ ਖਾਖਾਂ ਤੋਂ ਤਿਲਕਦੇ ਹੰਝੂ ਪੂੰਝਦਿਆਂ ਪੁਛਿਆ – “ ਕੀ ਕਰਨ ਲੱਗਾ ਐਂ ?”
“ ਇਹ ਛੋਟੀ ਕੁਰਸੀ ਨੂੰ ਵੱਡੀ ਕੁਰਸੀ ਉੱਪਰ ਫਿੱਟ ਕਰਨ ਦੀ ਤਰਕੀਬ ਸੋਚ ਰਿਹਾਂ । “
“ ਉਹ ਕਿਉਂ ? “ ਮੈਂ ਪੁੱਛਿਆ ।
“ ਯਮਰਾਜ ਕਹਿੰਦਾ ਕਿ ਉਦ੍ਹੀ ਨਿੱਕੀ ਕੁਰਸੀ ਵਰਗੀਆਂ ਤਾਂ ਹੋਰ ਵੀ ਕਈ ਕੁਰਸੀਆਂ ਹਨ । “
“ ਉਹ ਧਰਮਰਾਜ ਵਾਲੀ ਵੱਡੀ ਕੁਰਸੀ  ਕਿਉਂ ਨਹੀਂ ਸਾਂਭ ਲੈਂਦਾ ? “
“ ਪਰ ਉਹ ਛੋਟੀ ਕੁਰਸੀ ਵੀ ਨਈਂ ਛੱਡਦਾ ਤੇ ਵੱਡੀ ਉੱਤੇ ਵੀ ਬੈਠਣਾ ਚਾਹੁੰਦਾ ……….। ਇਸੇ ਲਈ ਉਸ ਨੇ ਦੋਨਾਂ ਦੀਆਂ ਲੱਤਾਂ,ਬਾਹਾਂ , ਢੋਆਂ ,ਸੀਟਾਂ ਜੋੜ ਕੇ ਬਣਾਉਣ ਲਈ ਹੁਕਮ ਚਾੜ੍ਹ ਦਿੱਤਾ ਆ । “
ਧਰਮ ਅਤੇ ਇਨਸਾਫ਼ ਦੇ ਨਾਂ ਹੇਠ ਉਸਰੀ ਕਚਹਿਰੀ ਅੰਦਰ ਹੁਣੇ-ਹੁਣੇ ਵਾਪਰੀ ਘਟਨਾ ਕਰਕੇ , ਮੇਰੇ ਬੇਚੈਨ ਹੋਏ ਮਨ ਅੰਦਰਲਾ ਤੌਖਲਾ,ਨਾਮ੍ਹੇਂ, ਕਿਸ਼ਨੇ ਅਤੇ ਸੇਮੇਂ ਦੀਆਂ ਗੱਲਾਂ ਸੁਣ ਕੇ ਹੋਰ ਵਧ ਗਿਆ । ਵਿਤੋਂ ਬਾਹਰੀ ਸ਼ਕਤੀ ਹਥਿਆਉਣ ਦੀ ਲਾਲਸਾ ਅਤੇ ਇਸ ਦੀ ਆਪ-ਹੁਦਰੀ ਵਰਤੋਂ ਦੀਆਂ ਸੰਭਾਵਨਾਵਾਂ ਦਾ ਭੈਅ, ਪਰਛਾਵੇਂ ਵਾਂਗ ਮੇਰੇ ਨਾਲ ਆ ਖੜਾ ਹੋਇਆ , ਜਿਸ ਦੀ ਪਿੱਠ-ਭੂਮੀ ਤਿਆਰ ਕਰਨ ਲਈ, ਕਈਆਂ ਚਿਰਾਂ ਤੋਂ ਈ ਮੇਰੀ ਉਲਾਦ ਅਮਰੀਕੀ ਮਹੁਰੇ ਦੀ ਮਿਠਾਸ ਚੱਟਦੀ ਆ ਰਹੀ ਸੀ ।
ਆਪਣੀ ਨਿੱਘਰ ਚੁੱਕੀ ਦੇਹੀ  ਦੇ ਝੋਰੇ ਕਰਕੇ ਮੈਂ ਤਰਸੇਮ ਜ਼ੁੰਮੇ ਲੱਗੇ ਕੰਮ ਉੱਤੇ ਆਪਣੀ ਮਰਜ਼ੀ ਕਰ ਸਕਣ ਦੀ ਅਸਮਰੱਥਾ ਪ੍ਰਗਟਾਉਂਦਿਆਂ ਆਖਿਆ – “ ਬੇਟਾ , ਕੁਰਸੀ ਐਨੀ ਉੱਚੀ ਨਾ ਕਰ ਦਈਂ , ਜਿਸ ਉੱਤੇ ਬੈਠੇ ਧਰਮਰਾਜੇ ਨੂੰ ਮਾਤ ਲੋਕ ਅੰਦਰ ਵਸਦੇ ਲੋਕੀਂ ਦਿਸਣੋਂ ਹਟ ਜਾਣ । “
ਕਾਰੀਗਰ ਪੁੱਤਰ ਨੂੰ ਅਸ਼ੀਰਵਾਦ ਦੇ ਕੇ ਮੈਂ ਥੋੜ੍ਹੀ ਜਿਹੀ ਵਿੱਥ ‘ਤੇ ਕਹੀ ਵਾਹੁੰਦੇ ਮੇਹਰੂ ਜੱਟ ਕੋਲ ਜਾਣ ਲਈ ਅਜੇ ਦੋ ਕੁ ਪੈਰ ਹੀ ਪੱਟੇ ਸਨ ਕਿ ਜਮਦੂਤਾਂ ਦੀ ਇਕ ਲਾਠੀਆਂ ਉਲਾਰਦੀ ਟੋਲੀ ਨੇ ਮੈਨੂੰ ਵਿਦਰੋਹ ਦੀ ਸਾਜ਼ਸ਼ ਕਰਨ ਦੇ ਇਲਜ਼ਾਮ ਅੰਦਰ ਆ ਘੇਰਿਆ ।
ਪੈਰ ਪੈਰ ‘ਤੇ ਉਛਾਲੀ ਮਾਰਦੇ , ਪਰ ਨੱਪ ਕੇ ਅੰਦਰ ਡੱਕੇ ਉਬਾਲ ਨੂੰ ਹੋਰ ਸਾਂਭਣਾ ਔਖਾ ਹੋ ਜਾਣ ਕਾਰਨ ,ਮੇਰੇ ਕੰਬਦੇ ਹੱਥਾਂ ਨੇ ਵੀ ਆਪਣੀ ਖੂੰਟੀ ਉਪਰ ਉੱਠੀਆਂ ਲਾਠੀਆਂ ਮੂਹਰੇ ਉਲਾਰ ਕੇ ਤਣ ਦਿੱਤੀ ……
……….ਮਸਾਣ-ਭੂਮੀ ਅੰਦਰ ਧਰੀ ,ਗੁਬਾਰਿਆਂ ਨਾਲ ਸ਼ਿੰਗਾਰੀ ਅਰਥੀ ਅੰਦਰੋਂ , ਜ਼ੋਰ ਨਾਲ ਹਿੱਲੀ ਤੇ ਉੱਪਰ ਨੂੰ ਉੱਠੀ ਮੇਰੀ ਬਾਂਹ ਦੇਖ ਕੇ , ਚਿਤਾ ਚਿਣਦੀ ਸਾਰੀ ਦੀ ਸਾਰੀ ਵਹੀਰ ਪਹਿਲਾਂ ਤਾਂ ਮੈਨੂੰ ਭੂਤ ਸਮਝ ਕੇ ਡਰਦੀ ਪਿਛਾਂਹ ਦੌੜ ਗਈ , ਪਰ ਅਗਲੇ ਈ ਪਲ , ਮੇਰੇ ਮੂੰਹੋਂ ਨਿਕਲਿਆ ‘ਵਾਖਰੂ ’ ਅੱਖਰ ਸੁਣ ਕੇ ਮੇਰੇ ਦੁਆਲੇ ਆ ‘ਕੱਠੀ ਹੋਈ ।
“ …..ਇਹ ਤਾਂ ਅਜੇ ਜੀਂਦਾ ਆ , “ ਉਨ੍ਹਾਂ ਵਿਚੋਂ ਕਿਸੇ ਨੇ ਆਖਿਆ ।
“ ਹਾਂ …ਅਜੇ ਮੈਂ ਜਿਉਂਦਾ  ਹਾਂ , “ ਮੈਂ ਆਸ ਪਾਸ ਖੜੀ ਸਾਰੀ ਦੀ ਸਾਰੀ ਭੀੜ ਨੂੰ ਆਖਣ ਵਿੱਚ ਰਤੀ ਭਰ ਵੀ ਢਿੱਲ ਨਾ ਕੀਤੀ ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>