ਪਲੇਠੀ ਰੈਲੀ ਦੇ ਠੁੱਸ ਹੋਣ ਨਾਲ ਮੋਦੀ ਨੂੰ ਘਰ ਬੈਠ ਜਾਣਾ ਚਾਹੀਦੈ : ਫ਼ਤਿਹ ਬਾਜਵਾ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਭਾਜਪਾ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰੀ ਨਰਿੰਦਰ ਮੋਦੀ ਨੂੰ ਮੂੰਹ ਨਹੀਂ ਲਾਇਆ ਤੇ ਭਾਜਪਾ ਦੀ ਮਾਧੋਪੁਰ ਰੈਲੀ ਨੂੰ ਪੂਰੀ ਤਰਾਂ ਫਲਾਪ ਸ਼ੋਅ ਸਿੱਧ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਮੋਦੀ ਨੂੰ ਪੰਜਾਬ ਵਿੱਚੋਂ ਬਦਰੰਗ ਲਿਫਾਫੇ ਵਾਂਗ ਵਾਪਸ ਭੇਜ ਕੇ ਇਹ ਦਸ ਦਿੱਤਾ ਹੈ ਕਿ ਮੋਦੀ ਵਰਗੇ ਫਿਰਕਾਪ੍ਰਸਤ ਲੋਕਾਂ ਲਈ ਪੰਜਾਬ ਦੀ ਧਰਤੀ ’ਤੇ ਕੋਈ ਥਾਂ ਨਹੀਂ। ਉਹਨਾਂ ਕਿਹਾ ਕਿ ਮੋਦੀ ਨੂੰ ਉਕਤ ਨਮੋਸ਼ੀ ਉਪਰੰਤ ਘਰ ਬੈਠ ਜਾਣਾ ਚਾਹੀਦਾ ਹੈ।

ਸ: ਬਾਜਵਾ ਬੀਤੇ ਦਿਨੀਂ ਹੋਈ ਭਾਜਪਾ ਦੀ ਮਾਧੋਪੁਰ ਰੈਲੀ ਸੰਬੰਧੀ ਟਿੱਪਣੀ ਕਰ ਰਹੇ ਸਨ ਨੇ ਕਿਹਾ ਕਿ ਮੋਦੀ ਨੂੰ ਹੁਣ ਪ੍ਰਧਾਨ ਮੰਤਰੀ ਬਨਣ ਦਾ ਸੁਪਨਾ ਛੱਡ ਦੇਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਮੋਦੀ ਨੂੰ ਗੁਜਰਾਤ ਦੇ ਲੋਕਾਂ ਨੇ ਸਹਿਣ ਕੀਤਾ ਹੋਇਆ ਇਸੇ ’ਚ ਹੀ ਉਸ ਨੂੰ ਸਬਰ ਕਰ ਲੈਣਾ ਚਾਹੀਦਾ ਹੈ।

ਉਹਨਾਂ ਦਾਅਵੇ ਨਾਲ ਕਿਹਾ ਕਿ 2014 ਦੇ ਲੋਕ ਸਭਾ ਚੋਣ ਪ੍ਰਚਾਰ ਲਈ ਮੋਦੀ ਦੀ ਉਕਤ ਪਲੇਠੀ ਰੈਲੀ ਨੂੰ ਲੋਕਾਂ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਸਤਾ ਧਿਰ ਵੱਲੋਂ ਆਸ ਮੁਤਾਬਿਕ ਭੀੜ ਨਾ ਜੁਟਾ ਪਾਉਣ ਕਾਰਨ ਰੈਲੀ ਨਾਕਾਮ ਰਹੀ।

ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕਰਨ ਦੇ ਬਾਵਜੂਦ ਰੈਲੀ ਵਿੱਚ ਆਸ ਅਤੇ ਦਾਅਵੇ ਦੇ ਉਲਟ ਜਨ ਸੈਲਾਬ ਦੀ ਥਾਂ ਸਰਕਾਰੀ ਮੁਲਾਜ਼ਮਾਂ ਨੂੰ ਦੇਖ ਕੇ ਸ੍ਰੀ ਮੋਦੀ ਇੰਨਾ ਮਾਯੂਸ ਹੋ ਗਿਆ ਕਿ ਉਸ ਨੂੰ ਹੌਸਲਾ ਦੇਣ ਲਈ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਨੇੜੇ ਭਵਿੱਖ ਵਿੱਚ ‘ ਵੱਡੀ ’ ਰੈਲੀ ਕਰਨ ਦਾ ਭਰੋਸਾ ਦੇਣਾ ਪਿਆ।

ਉਹਨਾਂ ਕਿਹਾ ਕਿ ਪੰਜਾਬ ਤੇ ਪੰਜਾਬੀ ਦੇਸ਼ ਪ੍ਰਤੀ ਉੱਸਾਰੂ ਕੰਮਾਂ ਵਿੱਚ ਹਰ ਵਾਰ ਪਹਿਲ ਕਦਮੀ ਕਰਦੇ ਰਹੇ ਹਨ ਤੇ ਇਸ ਵਾਰ ਵੀ ਮਾਧੋਪੁਰ ਵਿਖੇ ਫਿਰਕਾਪ੍ਰਸਤ ਮੋਦੀ ਦੀ ਪਲੇਠੀ ਰੈਲੀ ਨੂੰ ਠੁੱਸ ਕਰਕੇ ਐਨ ਡੀ ਏ ਨੂੰ ਸਿਆਸੀ ਨਕਸ਼ੇ ਤੋਂ ਹੀ ਗਾਇਬ ਕਰ ਦੇਣ ਦੀ ਪਹਿਲ ਕਦਮੀ ਕਰ ਦਿੱਤੀ ਹੈ। ਜਿਸ ਨਾਲ ਐਨ ਡੀ ਏ ਭਾਈਵਾਲਾਂ ਦੀਆਂ 2014 ਵਿੱਚ ਕੇਂਦਰੀ ਸਤਾ ’ਤੇ ਕਾਬਜ਼ ਹੋਣ ਦੀਆਂ ਆਸਾਂ ਉਮੀਦਾਂ ਚਕਨਾ ਚੂਰ ਹੋ ਗਈਆਂ ਹਨ।

ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਘਟ ਗਿਣਤੀਆਂ ਦੇ ਹੱਕਾਂ ਹਿਤਾਂ ਦੀ ਪਹਿਰੇਦਾਰ ਤੇ ਮੁਦਈ ਜਮਾਤ ਰਹੀ ਹੈ ਪਰ ਇਹ ਸਮਝ ਤੋਂ ਬਾਹਰ ਦੀ ਗਲ ਹੈ ਕਿ ਇਸ ਪਾਰਟੀ ਦਾ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਘਟ ਗਿਣਤੀ ਮੁਸਲਮਾਨਾਂ ਦੇ ਗੁਜਰਾਤ ਵਿਖੇ 2002 ਦੌਰਾਨ ਨਰ ਸੰਘਾਰ ਲਈ ਜ਼ਿੰਮੇਵਾਰ ਸ੍ਰੀ ਨਰਿੰਦਰ ਮੋਦੀ ਦੇ ਸਵਾਗਤ ਤੇ ਹਮਾਇਤ ਲਈ ਪੱਬਾਂ ਭਾਰ ਹੋਏ ਫਿਰਨਾ ਸਿਆਸੀ ਲਾਲਸਾ ਦਾ ਹੀ ਨਤੀਜਾ ਨਹੀਂ ਤਾਂ ਹੋਰ ਕੀ ਹੈ।

ਕਾਂਗਰਸ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਸ੍ਰੀ ਮੋਦੀ ਹਰ ਕੀਮਤ ’ਤੇ ਦੇਸ਼ ਦੀ ਕੇਂਦਰੀ ਸਤਾ ’ਤੇ ਕਾਬਜ਼ ਹੋਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਸ ਵੱਲੋਂ ਮਾਧੋਪੁਰ ਵਿਖੇ ਦਿੱਤਾ ਗਿਆ ਫਿਰਕੂ ਭਾਸ਼ਣ ਉਸ ਦੀ ਸਿਆਸੀ ਇੱਛਾ ਪੂਰਤੀ ਤੇ ਲਾਲਸਾ ਤਹਿਤ ਘਟ ਗਿਣਤੀਆਂ ਖ਼ਿਲਾਫ਼ ਸੰਪਰਦਾਇਕ ਨਫ਼ਰਤ ਫੈਲਾਉਣ ਦੀ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ। ਜਿਸ ਨੂੰ ਕਿ ਦੇਸ਼ ਵਾਸੀ ਕਦੀ ਵੀ ਬਰਦਾਸ਼ਤ ਨਹੀਂ ਕਰਨ ਗੇ।

ਸ: ਬਾਜਵਾ ਨੇ ਪੰਜਾਬ ਦੀ ਸਤਾ ਧਿਰ ਨੂੰ ਕਿਹਾ ਕਿ ਜਨਤਾ ਦਲ (ਯੂ) ਦੇ ਆਗੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਭਾਜਪਾ ਵੱਲੋਂ ਮੋਦੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਣਾਏ ਜਾਣ ਉਪਰੰਤ ਮੋਦੀ ਦੀ ਫਿਰਕਾਪ੍ਰਸਤ ਨੀਤੀਆਂ ਦੇ ਮੱਦੇਨਜ਼ਰ ਐਨ ਡੀ ਏ ਨਾਲੋਂ 17 ਸਾਲ ਪੁਰਾਣਾ ਨਾਤਾ ਤੋੜ ਲੈਣ ਅਤੇ ਸਰਕਾਰ ਦਾ ਵਿਸ਼ਵਾਸ ਮਤ ਮੁੜ ਹਾਸਲ ਕਰਨਾ ਭਾਜਪਾ ਸਮੇਤ ਹੋਰਨਾਂ ਫਿਰਕਾਪ੍ਰਸਤ ਪਾਰਟੀਆਂ ਲਈ ਇੱਕ ਸਬਕ ਹੈ। ਇਸ ਸੰਦਰਭ ਵਿੱਚ ਉਹਨਾਂ ਪੰਜਾਬ ਦੇ ਅਕਾਲੀਆਂ  ਨੂੰ ਵੀ ਕੰਧ ’ਤੇ ਲਿਖਿਆ ਜ਼ਰੂਰ ਪੜ੍ਹ ਲੈਣ ਦਾ ਸੁਝਾਅ ਦਿੱਤਾ।

ਸ: ਫ਼ਤਿਹ ਬਾਜਵਾ ਨੇ ਉੱਤਰਾਖੰਡ ਦੀ ਕੁਦਰਤੀ ਕਰੋਪੀ ’ਤੇ ਰਾਜਨੀਤੀ ਕਰਨ ’ਤੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸ਼ਰਮ ਦੀ ਗਲ ਹੈ ਕਿ ਪੰਜਾਬ ਸਰਕਾਰ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਦਿਆਂ ਉੱਤਰਾਖੰਡ ਵਿਖੇ ਫਸੇ ਸ੍ਰੀ ਹੇਮਕੁੰਟ ਸਾਹਿਬ ਦੇ ਸ਼ਰਧਾਲੂਆਂ  ਨੂੰ ਬਚਾਉਣ ਅਤੇ ਰਾਹਤ ਕੰਮਾਂ ਸੰਬੰਧੀ ਝੂਠੇ ਦਾਅਵੇ ਕਰ ਕੇ ਲੋਕਾਂ ਨੂੰ ਮੂਰਖ ਬਣਾਉਣ ਤੇ ਤੁਲਿਆ ਹੋਇਆ ਹੇ।  ਉਹਨਾਂ ਕਿਹਾ ਕਿ ਉਕਤ ਝੂਠੇ ਦਾਅਵਿਆਂ ਕਾਰਨ ਗੁੱਸੇ ਵਿੱਚ ਆਏ ਸ਼ਰਧਾਲੂਆਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਤੀਨਿਧ ਇਕ ਉੱਚ ਆਈ ਏ ਐਸ ਅਧਿਕਾਰੀ ਦੀ ਕੁੱਟ ਮਾਰ ਕਰਨੀ ਭਾਵੇ ਅਫਸੋਸ ਦੀ ਗਲ ਹੈ। ਫਿਰ ਵੀ ਸਾਰੀ ਅਸਲੀਅਤ ਨੂੰ ਪੀੜਤ ਸ਼ਰਧਾਲੂਆਂ ਵੱਲੋਂ ਹੀ ਲੋਕ ਕਚਹਿਰੀ ਵਿੱਚ ਲਿਆ ਰੱਖਣ ਨਾਲ ਸ: ਬਾਦਲ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲ ਚੁੱਕੀ ਹੈ। ਉਹਨਾਂ ਸ: ਬਾਦਲ ਨੂੰ ਆਪਣੇ ਝੂਠੇ ਦਾਅਵਿਆਂ ਲਈ ਸਮੁੱਚੇ ਰੂਪ ਵਿੱਚ ਲੋਕਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>