ਪਹਿਲਾਂ ਚਾਹ ਪੀ ਲਓ……

ਰਾਜਾ ਸਿੰਘ ਮਿਸ਼ਨਰੀ,

ਸਹਿਜ ਸਿੰਘ- ਸਰਦਾਰਨੀ ਜੀ, ਕੀ ਸੋਚੀ ਜਾਨੇ ਓ…ਜੋੜੇ ਤਾਂ ਉਤਾਰ ਲਓ, ਅੰਦਰ ਕੀਰਤਨ ਤਾਂ ਸ਼ੁਰੂ ਵੀ ਹੋ ਗਿਐ।
ਚਿੰਤ ਕੌਰ-ਮੈਂ ਤਾਂ ਤੁਹਾਡੇ ਤੋਂ ਵੀ ਕਾਹਲੀ ਆਂ, ਪਰ ਐਹ ਭਾਈ ਸਾਹਿਬ ਕਹਿੰਦੇ ਨੇ, ਪਹਿਲਾਂ ਚਾਹ ਪਾਣੀ ਪੀ ਲਓ।
ਸਹਿਜ ਸਿੰਘ-ਹੁਣੇ ਤਾਂ ਘਰੋਂ ਬ੍ਰੇਕਫ਼ਾਸਟ ਕਰ ਕੇ ਆ ਹਾਂ, ਚਾਹ ਪਾਣੀ ਦੀ ਕਿਥੇ ਜਗ੍ਹਾ ਏ…?

ਚਿੰਤ ਕੌਰ-ਮੈਂ ਤਾਂ ਇਹਨਾਂ ਨੂੰ ਦਸਿਐ, ਪਰ ਇਹ ਬਾਰ ਬਾਰ ਕਹਿੰਦੇ ਨੇ, “ਭਾਵੇਂ ਥੋੜਾ ਜਿਹਾ ਈ ਲਓ, ਮੈਨੂੰ ਵਡੇ ਸਰਦਾਰ ਜੀ ਨੇ ਇਥੇ ਖੜ੍ਹਾ ਈ ਤਾਂ ਕੀਤੈ ਪਈ ਸਭ ਤੋਂ  ਪਹਿਲਾਂ  ਚਾਹ ਪਾਣੀ ਛਕਾਉਣੈ”।

ਸਹਿਜ ਸਿੰਘ-ਓ ਭਲੀਏ, ਇਹ ਤਾਂ ਅੱਜਕਲ ਦੀ ਸਾਡੀ ਪੰਜਾਬੀ ਮੇਜ਼ਬਾਨੀ ਏ ਕਿ ਆਏ ਗਏ ਨੂੰ ਹਰ ਹੀਲੇ ਚਾਹ ਛਕਾਓ ਭਾਵੇਂ  ਉਹਦਾ ਧੂੰਆਂ ਈ ਕਿਉਂ ਨਾ ਨਿਕਲ ਜਾਏ।

ਚਿੰਤ ਕੌਰ-  ਛਡੋ ਆਪਣੇ ਆਦਰਸ਼ਾਂ ਨੂੰ……ਲੈ ਲਓ ਥੋੜਾ ਬਹੁਤ ……।

ਸਹਿਜ ਸਿੰਘ-ਚਲੋ ਮਹਾਰਾਜ!

ਚਿੰਤ ਕੌਰ- ਲੈ ਬਈ……ਇਥੇ ਤਾਂ ਇਉਂ ਲਗਦੈ ਕਿ ਕਿਸੇ ਵਡੇ ਹੋਟਲ ਵਿੱਚ ਆ ਗਏ ਆਂ………ਚਿਟੀਆਂ ਟੋਪੀਆਂ ਵਾਲੇ ਬਹਿਰੇ, ਚਿਟੀਆਂ ਚਾਨਣੀਆਂ ਥਲੇ ਕਿਆ ਵੰਨ ਸੁਵੰਨੇ ਪਦਾਰਥ ਸਜੇ ਨੇ……ਰਸਗੁਲੇ, ਗੁਲਾਬ ਜਾਮੁਨ, ਬਰਫ਼ੀ, ਗਜਰੇਲਾ, ਦਾਲ ਦਾ ਹਲਵਾ…….ਤੇ ਔਹ ਸਾਹਮਣੇ ਦੇਖੋ……. ਛੋਲੇ ਭਟੂਰੇ,ਸਮੌਸੇ, ਕਚੋਰੀਆਂ…ਤੇ ਐਧਰ ਜੂਸ, ਚਾਹ, ਕਾਫ਼ੀ, ਮਸਾਲੇ ਵਾਲਾ ਦੁਧ……ਲਗਦਾ ਈ ਨਹੀਂ ਕਿ ਕਿਸੇ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਆਂ……।

ਸਹਿਜ ਸਿੰਘ-ਚਿੰਤ ਕੁਰੇ ਇਹ ਸਭ ਪੈਸੇ ਦੀ ਖੇਡ ਏ……ਜੋ ਕਿਸੇ ਦੀ ਮਰਜ਼ੀ, ਤੁਸੀਂ ਕਿਉਂ ਚਿੰਤਾ ਲਾਈ ਏ………।

ਚਿੰਤ ਕੌਰ-ਮੰਨ ਲਿਆ ਪਈ ਇਥੇ ਤਾਂ ਮੇਜ਼ਬਾਨਾਂ ਦੀ ਮਰਜ਼ੀ ਏ ਪਰ ਹੁਣ ਤਾਂ ਗੁਰਦੁਆਰਿਆਂ ਵਿੱਚ ਵੀ ਚਾਹ ਪ੍ਰਧਾਨ ਏ।
ਸਹਿਜ ਸਿੰਘ-ਤੁਸੀਂ ਬਿਲਕੁਲ ਠੀਕ ਕਿਹੈ……ਪਿਛੇ ਜਦ ਦੋ ਕੁ ਮਹੀਨੇ ਮੇਰੀ ਕਥਾ ਕਰਨ ਦੀ ਸੇਵਾ ਲਗੀ ਤਾਂ ਭੋਗ ਦੀ ਸਮਾਪਤੀ ਤੇ ਰੋਜ਼ ਹੀ ਅਨਾਊਂਸ ਹੁੰਦਾ “ਬਾਹਰ ਚਾਹ ਦਾ ਲੰਗਰ ਤਿਆਰ ਹੈ ਜੀ”……ਤੇ ਮੈਂ ਦੇਖ ਕੇ ਹੈਰਾਨ ਹੁੰਦਾ ਕਿ ਕਥਾ ਸੁਣਨ ਵਾਲਿਆਂ ਦੀ ਗਿਣਤੀ ਨਾਲੋਂ ਚਾਹ ਛੱਕਣ ਵਾਲੇ ਕਈ ਗੁਣਾ ਜ਼ਿਆਦਾ ਹੁੰਦੇ।ਲਗਦੈ ਚਾਹ ਵੀ ਗੁਰਦੁਆਰਿਆਂ ਦਾ ਨਿਤਨੇਮ ਬਣ ਗਿਐ ਤੇ ਜ਼ਿਆਦਾ ਸੰਗਤ ਚਾਹ ਦਾ ਨਿਤਨੇਮ ਨਿਭਾਉਣ ਈ ਆਉਂਦੀ ਏ।

ਚਿੰਤ ਕੌਰ- ਇਹ ਵੀ ਇਕ ਹਲਕਾ ਨਸ਼ਾ ਏ……ਪਹਿਲਾਂ ਪਹਿਲ ਕਿਤੇ ਭਰ ਸਰਦੀਆਂ ਵਿੱਚ ਗੁਰਪੁਰਬ ਹੋਣਾ ਤਾਂ ਸੰਗਤਾਂ ਨੂੰ ਗਰਮ ਗਰਮ ਦੁੱਧ ਜਾਂ ਸੌਂਫ਼ੀਆ ਛਕਾਇਆ ਜਾਂਦਾ……ਪਰ ਹੁਣ ਤਾਂ ਨਿਤ ਦਾ ਕੰਮ ਬਣ ਗਿਐ……ਉਹ ਵੀ ਢਿਡ ਫੂਕਣੀ ਨਾ-ਮੁਰਾਦ ਚਾਹ ਦਾ।

ਸਹਿਜ ਸਿੰਘ-ਚਿੰਤ ਕੁਰੇ ……ਵਾਕਈ ਇਹ ਨਸ਼ਾ ਏ……ਮੇਰੇ ਬਜ਼ੁਰਗ ਦਸਦੇ ਨੇ ਕਿ ਪਹਿਲਾਂ ਸਾਡੇ ਦੇਸ਼ ਵਿੱਚ ਚਾਹ ਕੋਈ ਨਹੀਂ ਸੀ ਪੀਂਦਾ। ਜਦ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਹੇਠ ਆ ਗਿਆ ਤਾਂ ਲਿਪਟਨ ਟੀ ਵਾਲਿਆਂ ਦੀ ਰੇੜ੍ਹੀ ਸਵੇਰ ਸਾਰ ਆਉਂਦੀ, ਘਰਾਂ ਦੇ ਕੁੰਡੇ ਖੜਕਾਉਂਦੀ ਤੇ ਗਰਮਾ ਗਰਮ ਚਾਹ ਦਾ ਪਿਆਲਾ ਮੁਫ਼ਤ ਦਿੰਦੇ। ਮੁਫ਼ਤ ਦੀ ਤਾਂ ਹਰ ਕੋਈ ਪੀ ਲੈਂਦੈ………ਮਹੀਨੇ ਡੇਢ ਬਾਅਦ ਲਿਪਟਨ ਟੀ ਵਾਲਿਆਂ ਦੀ ਰੇੜ੍ਹੀ ਆਉਣੀ ਬੰਦ ਹੋ ਗਈ……ਬਸ ਫਿਰ ਕੀ ਸੀ, ਰੋਜ਼ ਪੀਣ ਵਾਲਿਆਂ ਦੀਆਂ ਅੱਖਾਂ ਨਾ ਖੁਲਣ……ਤੇ ਲਗੇ ਲਭਣ ਇਸ ਗਿਦੜ ਸਿੰਗੀ ਨੂੰ……। ਇਸ ਤਰ੍ਹਾਂ ਉਸ ਕੰਪਨੀ ਨੇ ਚਾਹ ਪੱਤੀ ਨਾਮਕ ਨਸ਼ੇ ਦੀ ਸਾਡੇ ਦੇਸ਼ ਵਿੱਚ ਮਾਰਕੀਟ ਬਣਾਈ ਤੇ ਅੱਜ ਗੁਰਦੁਆਰਿਆਂ ਵਿੱਚ ਵੀ “ਚਾਹ ਦੇ ਲੰਗਰ” ਦੀਆਂ ਅਰਦਾਸਾਂ ਹੁੰਦੀਆਂ ਨੇ।

ਚਿੰਤ ਕੌਰ-ਇਹ ਚਾਹ ਦੀ ਬੀਮਾਰੀ ਜੇ ਗੁਰਦੁਆਰਿਆਂ ਵਿੱਚੋਂ ਕਢ ਵੀ ਦਿਓਗੇ ਤਾਂ ਲੋਕਾਂ ਦੇ ਦਿਮਾਗਾਂ ਵਿਚੋਂ ਕਿਵੇਂ ਕਢੋਗੇ……।

ਸਹਿਜ ਸਿੰਘ-ਹੈ ਤਾਂ ਬਿਲਕੁਲ ਸੱਚ, ਜਿਥੇ ਜਾਓ, ਭਾਵੇਂ ਕਿਸੇ ਦਾ ਘਰ ਹੋਵੇ, ਦਫ਼ਤਰ ਹੋਵੇ, ਸਭ ਤੋਂ ਪਹਿਲਾਂ ਚਾਹ ਦੀ ਆਵਾਜ਼ ਪੈਂਦੀ ਹੈ।

ਚਿੰਤ ਕੌਰ- ਇਹ ਚੰਦਰੀ ਚਾਹ ਨੇ ਤਾਂ ਲੋਕਾਂ ਨੂੰ ਨਿਕੱਮਾ ਈ ਬਣਾ ਦਿਤੈ।

ਸਹਿਜ ਸਿੰਘ- ਕੀ ਮਤਲਬ ?

ਚਿੰਤ ਕੌਰ-ਮੈਂ ਆਪਣੀ ਪੈਨਸ਼ਨ ਦੇ ਕਾਗਜ਼ ਕਢਾਉਣੇ ਸੀ, ਦਸ ਵਜੇ ਦਫ਼ਤਰ ਲਗਦੈ, ਮੈਂ ਪੌਣੇ ਦਸ ਈ ਪਹੁੰਚ ਗਈ, ਪਈ ਸਵਖਤੇ ਸਵਖਤੇ ਕੰਮ ਕਰਵਾ ਲਾਂ, ਆ ਕੇ ਰੋਟੀ ਟੁਕ ਵੀ ਕਰਨਾ ਹੁੰਦੈ।

ਸਹਿਜ ਸਿੰਘ-ਤੇ ਇਹਦੇ ਵਿੱਚ ਚਾਹ ਕਿਥੋਂ ਆ ਗਈ?

ਚਿੰਤ ਕੌਰ-ਸੁਣੋ ਤਾਂ ਸਹੀ………ਪਹਿਲਾਂ ਤਾਂ ਬਾਬੂ ਜੀ ਸਵਾ ਦਸ ਆਏ…ਇਕ ਨੂੰ ਹੱਥ ਮਿਲਾ, ਦੂਸਰੇ ਨੂੰ ਹੱਥ ਮਿਲਾ, ਗਲੀਂ ਕਰੀ ਜਾਣ………ਮੈਥੋਂ ਰਿਹਾ ਨਾ ਗਿਆ, ਮੈਂ ਕਿਹਾ “ਬਾਊ ਜੀ ਪਹਿਲਾਂ ਮੇਰੇ ਕਾਗਜ਼ ਤਾਂ ਦੇਖ ਲਓ, ਕਦੋਂ ਦੀ ਮੈਂ ਬੈਠੀ ਆਂ”…………ਅਗੋਂ ਬੋਲਿਆ, “ਮਾਤਾ ਠਹਿਰ ਜਾ, ਪਹਿਲਾਂ ਚਾਹ ਤਾਂ ਪੀ ਲੈਣ ਦੇ!”

ਸਹਿਜ ਸਿੰਘ- ਹਰ ਥਾਂ ਹਨੇਰੀ ਨਾ ਲਿਆਇਆ ਕਰੋ ਨਾ……।

ਚਿੰਤ ਕੌਰ-ਤੁਹਾਨੂੰ ਤਾਂ ਹਰ ਵੇਲੇ ਮੈਂ ਈ ਗਲਤ ਲਗਦੀ ਆਂ………ਇਹਦੇ ‘ਚ ਹਨੇਰੀ ਦੀ ਕਿਹੜੀ ਗਲ ਐ………ਕੋਈ ਇਸ ਬਾਊ ਜੀ ਨੂੰ ਪੁਛਣ ਵਾਲਾ ਹੋਵੇ ਕਿ ਦਫ਼ਤਰ ਪਹੁੰਚਦੇ ਤੈਨੂੰ ਚਾਹ ਦੀ ਕਿਹੜੀ ਹਨੇਰੀ ਆ ਗਈ……ਘਰੋਂ ਨਾਸ਼ਤਾ ਨਹੀਂ ਕਰਕੇ ਆਇਆ……?… ਇਹਨਾਂ ਨੂੰ ਤਨਖਾਹ ਕੰਮ ਕਰਨ ਦੀ ਮਿਲਦੀ ਐ ਕਿ ਚਾਹਵਾਂ ਪੀਣ ਦੀ……?

ਸਹਿਜ ਸਿੰਘ-ਓ ਭੋਲੀਏ……ਇਹਨਾਂ ਬਾਊਆਂ ਦੀ ‘ਚਾਹ ਪਾਣੀ’ ਦਾ ਮਤਲਬ ਕਈ ਵੇਰੀ ਕੁਝ ਤਲੀ ਗਰਮ ਕਰਨ ਦਾ ਵੀ ਹੁੰਦੈ……ਤਾਂ ਕੰਮ ਕਰਦੇ ਨੇ।

ਚਿੰਤ ਕੌਰ-ਲੈ ਲੁਟ ਪਈ ਐ………ਮੈਂ ਕੋਈ ਗਲਤ ਕੰਮ ਕਰਾਉਣੈ……ਤੀਹ ਸਾਲ ਨੌਕਰੀ ਕੀਤੀ ਐ ……..ਪੈਨਸ਼ਨ ਤਾਂ ਮੇਰਾ ਹੱਕ ਐ…ਮੰਗ ਕੇ ਤਾਂ ਵੇਖੇ, ਇਹਨੂੰ ਚਾਹ ਪੱਤੀ ਵਾਂਗ ਗੜਕ੍ਹਾ ਨਾ ਦੇ ਦਿਤਾ ਤਾਂ ਮੇਰਾ ਨਾਂ ਵੀ ਚਿੰਤ ਕੌਰ ਨਹੀਂ…!

ਸਹਿਜ ਸਿੰਘ-ਓਹੋ ਤੂੰ ਤਾਂ ਆਪ ਈ ਚਾਹ ਵਾਂਗ ਉਬਲਨਾ ਸ਼ੁਰੂ ਕਰ ਦਿਤੈ……ਐਨਾ ਇਸ ਗਲ ਨੂੰ ਤੂਲ ਦੇਣ ਦੀ ਲੋੜ ਨਹੀਂ………ਚਾਹ ਤਾਂ ਫੈਸ਼ਨ ਬਣ ਗਿਐ……ਲੋਕੀ ਫ਼ਟ ਕਹਿ ਦੇਣਗੇ, ਲਓ ਜੀ ਫਲਾਣੇ ਦੇ ਗਏ ਸਾਂ, ਚਾਹ ਤਕ ਨਹੀਂ ਪੁਛੀ……।

ਚਿੰਤ ਕੌਰ-ਆਹੋ ਠੀਕ ਐ……ਸਾਡੇ ਘਰੇ ਵੀ ਜਦ ਕਿਸੇ ਨੇ ਆਉਣਾਂ ਤਾਂ ਮਾਤਾ ਜੀ ਨੇ ਕਹਿਣਾ, “ਚਿੰਤ ਕੌਰੇ ਆਇਆਂ ਨੂੰ ਕੋਈ ਚਾਹ ਪਾਣੀ ਵੀ ਪੁਛੇਂਗੀ ਕਿ ਗਲਾਂ ਈ ਮਾਰੀ ਜਾਵੇਂਗੀ”

ਸਹਿਜ ਸਿੰਘ-ਮੈਨੂੰ ਤਾਂ ਇੰਜ ਲਗਦੈ ਕਿ ਜਿਹਨੂੰ ਮਿਲਣ ਜਾਓ, ਉਸ ਦੀ ਉਤਨਾ ਚਿਰ ਤਸੱਲੀ ਨਹੀਂ ਹੁੰਦੀ ਜਿਤਨਾ ਚਿਰ “ਚਾਹ” ਨਾ ਪਿਆ ਲਵੇ……ਅਗਲੇ ਨੂੰ ਭਾਵੇਂ……!

ਚਿੰਤ ਕੌਰ-ਕੀ ਗਲ ਚੁਪ ਕਿਉਂ ਕਰ ਗਏ?

ਸਹਿਜ ਸਿੰਘ-ਚੁਪ ਤਾਂ ਕਰ ਗਿਆਂ ਕਿ ਪਿਛਲੇ ਹਫ਼ਤੇ ਮੇਰੇ ਨਾਲ ਵੀ ਅਜੀਬ ਬੀਤੀ…।

ਚਿੰਤ ਕੌਰ-ਨਾ ਓਹ ਕੀ, ਕੋਈ ਗਲ ਤਾਂ ਅਗੇ ਤੁਸੀਂ ਕੀਤੀ ਨਹੀਂ।

ਸਹਿਜ ਸਿੰਘ-ਗਲ ਕੀ ਕਰਦਾ………ਇਕ ਬੜੀ ਵਡੀ ਸੰਸਥਾ ਦੇ ਚੇਅਰਮੈਨ ਸਾਹਿਬ ਨੂੰ ਮਿਲਣ ਗਿਆ ਤਾਂ ਉਹੀ ਗਲ……ਪਹਿਲਾਂ ਚਾਹ ਪੀਓ..

ਚਿੰਤ ਕੌਰ-ਨਾ ਇਹ ਕਿਹੜੀ ਪ੍ਰੇਸ਼ਾਨੀ ਦੀ ਗਲ ਐ……ਉਹਨਾਂ ਤੁਹਾਡਾ ਸਤਿਕਾਰ ਈ ਕੀਤੈ………।

ਸਹਿਜ ਸਿੰਘ-ਮਾਣ ਤਾਂ ਉਹਨਾਂ ਵੈਸੇ ਈ ਬੜਾ ਦਿਤੈ……ਤੇਰੇ ਅੰਦਰ ਵੀ ਉਹੀ ਫੋਬੀਐ, ਕਿ ਚਾਹ ਈ ਸਤਿਕਾਰ ਏ……।

ਚਿੰਤ ਕੌਰ-ਚਲੋ ਪੂਰੀ ਗਲ ਦਸੋ ਕਿ ਚਾਹ ਪੁਛਣ ‘ਚ ਕਾਹਦੀ ਪ੍ਰੇਸ਼ਾਨੀ ਆ ਗਈ?

ਸਹਿਜ ਸਿੰਘ-ਸੁਣੋ ਤਾਂ ਸਹੀ………ਕੋਈ ਦੋ ਘੰਟੇ ਪੰਥਕ ਵਿਚਾਰਾਂ ਤੋਂ ਬਾਅਦ ਉਠਣ ਲਗੇ ਤਾਂ ਫਿਰ ਚੇਅਰਮੈਨ ਸਾਹਿਬ ਬੋਲੋ, “ਚਾਹ ਤਾਂ ਪੀ ਲਓ” ਮੈਂ ਦਸਿਆ  “ਮੈਨੂੰ ਚਾਹ ਠੀਕ ਨਹੀਂ ਲਗਦੀ, ਇਸ ਨਾਲ ਤੇਜ਼ਾਬੀ ਮਾਦਾ ਵਧਦੈ, ਮੇਰੇ ਤਾਂ ਮੂੰਹ ਵਿੱਚ ਛਾਲੇ ਪੈ ਜਾਂਦੇ ਨੇ”………।

ਚਿੰਤ ਕੌਰ-ਤਾਂ ਫਿਰ ਨਾ ਪੀਂਦੇ।

ਸਹਿਜ ਸਿੰਘ-ਐਹ ਈ ਤਾਂ ਮੁਸੀਬਤ ਏ………ਚਾਹ ਦੇ ਰੋਕਣ ਤੇ ਕਹਿਣ ਲਗੇ, ਚਾਹ ਨਾ ਸਹੀ, ਲੈ ਕਸ਼ਮੀਰੀ ਕਾਹਵਾ

ਪਿਆਨੇ ਆਂ ਤੈਨੂੰ…………

ਚਿੰਤ ਕੌਰ-ਤੇ ਫਿਰ ਪੀਤਾ…..?

ਸਹਿਜ ਸਿੰਘ-ਆਹੋ, ਉਹਨਾਂ ਦੀ ਨਰਾਜ਼ਗੀ ਤੋਂ ਬਚਣ ਲਈ ਪੀ ਤਾਂ ਲਿਆ, ਪਰ ਜਿਨਾ ਸੌਖਾ ਪੀਤਾ ਗਿਆ, ਮੈਂ ਤੈਨੂੰ ਕੀ ਦਸਾਂ ਕਿ ਕਿਸ ਮੁਸੀਬਤ ਨਾਲ ਉਹ ਮੇਰੇ ਅੰਦਰੋਂ ਨਿਕਲਿਆ।

ਚਿੰਤ ਕੌਰ- ਵਾਕਈ ਕਿਤੇ ਨੂੰ ਖਾਣ ਨੂੰ ਮਿਲੇ ਜਾਂ ਨਾ, ਚਾਹ ਹਰ ਥਾਂ ਮਿਲ ਈ ਜਾਂਦੀ ਏ। ਜਦ ਸਾਡੀ ਕੁੜਮਣੀ ਪੂਰੀ ਹੋਈ ਤਾਂ ਮੈਂ ਰੇਲ ਗਡੀ ਵਿੱਚ ਬੜੀ ਔਖੀ ਹੋਕੇ ਗਈ, ਵੀਹ ਘੰਟੇ ਦਾ ਰਸਤਾ ਸੀ, ਸੀਟ ਵੀ ਪੈਸੇਂਜਰ ਗਡੀ ਵਿਚ ਮਿਲੀ, ਉਹ ਬੜੇ ਆਰਾਮ ਨਾਲ ਢੁਚਕੂੰ ਢੁਚਕੂੰ ਕਰਦੀ ਚੌਵੀ ਘੰਟਿਆਂ ਵਿੱਚ ਪੁਜੀ।

ਸਹਿਜ ਸਿੰਘ- ਫਿਰ ਕੀ ਹੋਇਆ ਗਡੀਆਂ ਤਾਂ ਲੇਟ ਹੋ ਈ ਜਾਂਦੀਆਂ ਨੇ।

ਚਿੰਤ ਕੌਰ-ਗਲ ਗਡੀ ਲੇਟ ਦੀ ਨਹੀਂ, ਕਿਸੇ ਸਟੇਸ਼ਨ ਤੇ ਕੁਝ ਕੰਮ ਦਾ ਖਾਣ ਨੂੰ ਨਾ ਮਿਲਿਆ, ਫਿਰ ਰਾਤ ਦਾ ਸਫ਼ਰ ਸ਼ੁਰੂ ਹੋ ਗਿਆ………ਭੁਖੀ ਦੀਆਂ ਵਖੀਆਂ ਚੂੰਕਣ………ਮਸਾਂ ਨੀਂਦ ਪਈ ਸੀ ਕਿ ਅਚਾਨਕ ਬੜੀ ਉਚੀ ਉਚੀ ਆਵਾਜ਼ਾਂ ਆਈਆਂ, ਮੈਂ ਹਬੜਵਾਹੇ ਉਠੀ, ਗਡੀ ਖੜੀ ਸੀ  ਤੇ ਇੰਜ ਲਗਿਆਂ ਕਹਿ ਰਹੇ ਨੇ ਹਾਏ! ਹਾਏ!

ਸਹਿਜ ਸਿੰਘ-ਹਾਏ!ਹਾਏ! ਸਟੇਸ਼ਨ ਤੇ! ਨਾ ਉਹ ਕਾਹਦੇ ਲਈ…………..?

ਚਿੰਤ ਕੌਰ-ਮੈਂ ਆਲੇ ਦੁਆਲੇ ਪੁਛਿਆ, “ਦੇਖੋ ਵੇ ਕੀ ਹੋ ਗਿਐ……ਕੌਣ ਹਾਏ ਹਾਏ ਕਰ ਰਿਹੈ..?” ਮੇਰੀ ਨਾਲ ਦੀ ਸੀਟ ਤੇ ਬੈਠਾ ਇਕ ਨੌਜੁਆਨ ਬੋਲਿਆ, “ਮਾਤਾ ਪਈ ਰਹਿ, ਹਾਏ ਹਾਏ ਨਹੀਂ, ਇਹ ਤਾਂ ਚਾਹ ਵੇਚਣ ਵਾਲੇ ਹਾਕਰ ਚਾਏ!ਚਾਏ! ਕਹਿ ਰਹੇ ਨੇ………।

ਸਹਿਜ ਸਿੰਘ-ਵਾਹ ਬਈ ਦੇਖਿਐ ਚਾਹ ਦਾ ਕਮਾਲ………..।

This entry was posted in ਵਿਅੰਗ ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>