ਲੋਕੋ! ਬਾਦਲ ਸਾਬ੍ਹ ਵਾਲਾ ‘ਲੋਕਤੰਤਰ’ ਚਾਹੀਦੈ ਜਾਂ ਚੂਹੇ ਵਾਂਗ ਲੰਡੇ ਈ ਚੰਗੇ ਹੋ?

3 ਜੁਲਾਈ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੇ ਪਿਛਲੀਆਂ ਸਾਰੀਆਂ ਚੋਣਾਂ ਦੇ ਮੁਕਾਬਲੇ ਹਰ ਕਿਸੇ ਦਾ ਧਿਆਨ ਖਿੱਚਿਆ ਹੋਇਆ ਹੈ। ਪੰਜਾਬ ਬਾਰੇ ਫਿਕਰਮੰਦ ਹਰ ਦਿਲ ਡੁੱਬੂੰ-ਡੁੱਬੂੰ ਕਰਦਾ ਨਜ਼ਰ ਆ ਰਿਹਾ ਹੈ। ਨਸ਼ੇ ਦੀ ਖੁੱਲ੍ਹੇਆਮ ਵਰਤੋਂ ਅਤੇ ਘਟੀਆ ਪੱਧਰ ਦੀ ਰਾਜਨੀਤੀ ‘ਤੇ ਉਤਾਰੂ ਹੋਏ ‘ਸਿਆਸਤੀ ਲੋਕਾਂ’ ਦੇ ਕਾਰਨਾਮੇ ਪਲ ਪਲ ਬਾਦ ਨਵੇਂ ਤੋਂ ਨਵਾਂ ਪੇਸ਼ ਕਰ ਰਹੇ ਹਨ। ਹੈਰਾਨੀ ਜਿਹੀ ਹੁੰਦੀ ਹੈ ਕਿ ਲੋਕਾਂ ਨੂੰ ਇਹਨਾਂ ਹੀ ਚੋਣਾਂ ਵਿੱਚ ਨਸ਼ੇ ਦਾ ‘ਹਲਕ’ ਅਚਾਨਕ ਕਿਵੇਂ ਛੁੱਟ ਪਿਐ? ਪਿਛਲੀਆਂ ਸਾਰੀਆਂ ਚੋਣਾਂ ਦੇ ਮੁਕਾਬਲੇ ਕੁਝ ਕੁ ਅਰਸਾ ਪਹਿਲਾਂ ਲੰਘ ਕੇ ਗਈਆਂ ਪੰਚਾਇਤ ਸੰਮਤੀ/ ਜਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਹੁਣ ਸਿਰ ‘ਤੇ ਆਈਆਂ ਪੰਚਾਇਤ ਚੋਣਾਂ ਵਿੱਚ ਹੀ ਲੋਕਾਂ ਨੂੰ ਅਜਿਹਾ ਕੀ ‘ਦਿਸ’ ਗਿਐ ਕਿ ਉਹ ‘ਹਾਏ ਸ਼ਰਾਬ’ ‘ਹਾਏ ਸ਼ਰਾਬ’ ਕਰਦੇ ਨਜ਼ਰ ਆ ਰਹੇ ਹਨ ਅਤੇ ਆਪਣੀ ਜ਼ਮੀਰ ਦੋ ਘੁੱਟਾਂ ਦਾਰੂ ਦੇ ਨਸ਼ੇ ਖਾਤਰ ਗਿਰਵੀ ਰੱਖ ਬਹਿੰਦੇ ਹਨ? ਇਹਨਾਂ ਸਵਾਲਾਂ ਦਾ ਜਵਾਬ ਲੱਭਦਿਆਂ ਇਹੀ ਗੱਲ ਵਾਰ ਵਾਰ ਅੱਗੇ ਆਉਂਦੀ ਹੈ ਕਿ ਅਜਿਹੇ ਹਾਲਾਤ ਰਾਤੋ ਰਾਤ ਨਹੀਂ ਬਣ ਜਾਂਦੇ ਸਗੋਂ ਸਾਲਾ ਬੱਧੀ ਨਿਰੰਤਰ ਹੁੰਦੀ ‘ਪ੍ਰਕਿਰਿਆ’ ਹੀ ਅੱਗੇ ਵਧਦੀ ਹੈ। ਫ਼ਰਕ ਸਿਰਫ ਇੰਨਾ ਹੈ ਕਿ ਇਹਨਾਂ ਦੋਹਾਂ ਚੋਣਾਂ ਮੌਕੇ ਸਿਆਸਤ ਦੇ ਘਟੀਆ ਰੰਗਾਂ ਦੀ ਚਰਚਾ ਹੱਦਾਂ ਬੰਨੇ ਜਰੂਰ ਟੱਪ ਗਈ ਹੈ। ਜੀ ਹਾਂ, ਚਰਚਾ ਦਾ ਹੱਦਾਂ ਬੰਨੇ ਟੱਪਣਾ ਵੀ ਗਰਜ਼, ਲਾਲਚ ਰਹਿਤ ‘ਪੱਤਰਕਾਰੀ’ ਦੀ ਦੇਣ ਜਰੂਰ ਹੈ। ਇਹ ਲਾਲਚ ਰਹਿਤ ਪੱਤਰਕਾਰੀ ਕਰਨ ਦੇ ‘ਟੀਕੇ’ ਅਖਬਾਰਾਂ ਦੇ ਸੰਪਾਦਕਾਂ ਨੇ ਜੁਆਕਾਂ ਦੇ ਲੋਦੇ ਲਾਉਣ ਵਾਂਗ ‘ਆਪਣੇ-ਆਪਣੇ’ ਪੱਤਰਕਾਰਾਂ ਦੇ ਨਹੀਂ ਲਗਵਾਏ ਸਗੋਂ ਦਿਨ-ਬ-ਦਿਨ ਲੋਕਾਂ ਦੇ ਜੀਵਨ ਦਾ ਅਹਿਮ ਅੰਗ ਬਣਦੀਆਂ ਜਾ ਰਹੀਆਂ ਸ਼ੋਸ਼ਲ ਨੈਨਟਵਰਕਿੰਗ ਸਾਈਟਾਂ (ਜਿਵੇਂ ਫੇਸਬੁੱਕ, ਟਵਿੱਟਰ, ਆਰਕੁਟ ਆਦਿ) ਨੇ ਆਮ ਲੋਕਾਂ ਨੂੰ ਵੀ ਆਪੋ ਆਪਣੇ ਢੰਗ ਨਾਲ ਪੱਤਰਕਾਰੀ ਕਰਨ ਦਾ ਮੌਕਾ ਦਿੱਤਾ ਹੈ। ਜਿਸ ‘ਖਾਸ’ ਖ਼ਬਰ ਨੂੰ ‘ਦਬਾਉਣ ਜਾਂ ਲਗਾਉਣ’ ਲਈ ਅਕਸਰ ਹੀ ਪੱਤਰਕਾਰ ਭਾਈਚਾਰਾ ਤਿਕੜਮਬਾਜੀਆਂ ਖੇਡ ਜਾਂਦਾ ਹੈ, ਅਜਿਹੀ ਖ਼ਬਰ ਮਿੰਟੋ-ਮਿੰਟੀ ਇਹਨਾਂ ਸਾਈਟਾਂ ਰਾਹੀਂ ਲੱਖਾਂ ਲੋਕਾਂ ਦੀਆਂ ਨਜ਼ਰਾਂ ਥਾਈਂ ਲੰਘ ਜਾਂਦੀ ਹੈ। ਇਸ ਸਮਾਜਿਕ, ਰਾਜਨੀਤਕ, ਆਰਥਿਕ ਪ੍ਰਬੰਧ ਵਿੱਚ ਔਖਿਆਈ ਭੋਗ ਰਹੇ ਲੋਕਾਂ ਨੂੰ ਆਪਣੀ ਗੱਲ ਆਪਣੇ ਅੰਦਾਜ਼ ‘ਚ ਬਿਹਤਰ ਢੰਗ ਨਾਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਇਹਨਾਂ ਸਾਈਟਾਂ ਨੇ। ਹਾਲਾਤ ਇਹ ਹਨ ਕਿ ਚਿਰਾਂ ਤੋਂ ਪੇਡ ਨਿਊਜ਼ (ਪੈਸੇ ਲੈ ਕੇ ਹੱਕ-ਵਿਰੋਧ ‘ਚ ਖ਼ਬਰਾਂ) ਲਾਉਣ ਵਾਲੇ ਮੀਡੀਆ ਸਾਧਨਾਂ (ਅਖਬਾਰੀ ਅਤੇ ਇਲੈਕਟ੍ਰਾਨਿਕ) ਦੀ ਮਜ਼ਬੂਰੀ ਬਣੀ ਹੋਈ ਹੈ ਕਿ ਉਸਨੂੰ ਵੀ ਸ਼ਰਮੋ ਸ਼ਰਮੀ ਇਹਨਾਂ ਸੋਸ਼ਲ ਸਾਈਟਾਂ ਰਾਹੀਂ ਨਸ਼ਰ ਹੁੰਦੀ ਸਮੱਗਰੀ ‘ਤੇ ਵੀ ਤਿੱਖੀ ਨਜ਼ਰ ਰੱਖਣੀ ਪੈ ਰਹੀ ਹੈ। ਅਤੇ ਕਈ ਵਾਰ ਇਹਨਾਂ ਸਾਈਟਾਂ ‘ਚੋਂ ‘ਚੁੱਕ ਕੇ’ ਨਸ਼ਰ ਕੀਤੀ ਸਮੱਗਰੀ ਵੀ ਦੇਖੀ ਜਾ ਸਕਦੀ ਹੈ। ਇਹੀ ਵਜ੍ਹਾ ਹੈ ਕਿ ਇਹਨਾਂ ਚੋਣਾਂ ‘ਚ ਹੁੰਦੀ ਹਰ ਸਰਗਰਮੀ ਨੂੰ ਆਮ ਇਨਸਾਨ ਆਪੇ ਹੀ ਸੰਪਾਦਕ, ਆਪੇ ਹੀ ਪੱਤਰਕਾਰ ਬਣ ਕੇ ਘੋਖ ਰਿਹਾ ਹੈ ਅਤੇ ਵਾਪਰਦੇ ਹਰ ਅਣਸੁਖਾਵੇਂ ਤੇ ਓਪਰੇ ਜਿਹੇ ਪਲ ਨੂੰ ਆਪਣੇ ਹੱਥ ਵਿਚਲੇ ਮੋਬਾਈਲ (ਕੈਮਰੇ) ਰਾਹੀਂ ਕੈਦ ਕਰਕੇ ਬਾਕੀ ਇੰਟਰਨੈੱਟ ਵਰਤੋਂਕਾਰਾਂ ਨਾਲ ਸਾਂਝਾ ਕਰਨਾ ਨਹੀਂ ਭੁੱਲਦਾ। ਕਿਸੇ ਵੀ ਖ਼ਬਰ ਨੇ ਅਜੇ ਦੂਸਰੇ ਦਿਨ ਪ੍ਰਕਾਸਿ਼ਤ ਹੋਣਾ ਹੁੰਦਾ ਹੈ ਪਰ ਉਹੀ ਖ਼ਬਰ ਬਿਨਾਂ ਕਿਸੇ ਅਖ਼ਬਾਰੀ ‘ਮਸਾਲੇ’ ਦੇ ਸਿਰਫ ਇੱਕ ਬਟਨ ਦੱਬਣ ਬਾਦ ਹੀ ਲੋਕਾਂ ਕੋਲ ਖਿੰਡ ਜਾਂਦੀ ਹੈ ਮੁਫ਼ਤੋ-ਮੁਫ਼ਤੀ।

ਜਿੱਥੇ ਪਹਿਲਾਂ ਲੋਕ ਅਕਸਰ ਹੀ ਇਹ ਕਿਹਾ ਕਰਦੇ ਸਨ ਕਿ ‘ਪੰਜਾਬ ਹੁਣ ਬਿਹਾਰ ਬਣਨ ਦੇ ਰਾਹ ਵੱਲ ਹੈ।’ ਪਰ ਹੁਣ ਹਾਲਾਤ ਇਹ ਹਨ ਕਿ ਬਿਹਾਰ ਦੇ ਲੋਕ ਕੁਝ ਕੁ ਸਮੇਂ ਬਾਦ ਇਹ ਕਹਿੰਦੇ ਸੁਣਿਆ ਕਰਨਗੇ ਕਿ ‘ਬਿਹਾਰ ‘ਚ ਵੀ ਪੰਜਾਬ ਵਰਗਾ ਗੰਦ ਪੈਣਾ ਸ਼ੁਰੂ ਹੋ ਗਿਐ।’ ਇਸ “ਪੰਜਾਬਕ-ਗੰਦ” ਨਾਲ ਸੰਬੰਧਤ ਕੁਝ ਕੁ ਘਟਨਾਵਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ ਜਿਹਨਾਂ ਨੂੰ ਪੜ੍ਹ ਕੇ ਤੁਸੀਂ ਵੀ ਜਰੂਰ ਸੋਚੋਗੇ ਕਿ ਪੰਜਾਬ, ਬਿਹਾਰ ਬਣਨ ਦੇ ਰਾਹ ‘ਤੇ ਹੈ ਜਾਂ ਫਿਰ ਪੰਜਾਬ ਬਿਹਾਰ ਨਾਲੋਂ ਵੀ ਚਾਰ ਰੱਤੀਆਂ ਅੱਗੇ ਨਿਕਲ ਜਾਵੇਗਾ? 19 ਮਈ ਨੂੰ ਹੋਈਆਂ ਪੰਚਾਇਤ ਸੰਮਤੀ/ ਜਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਲੈ ਕੇ 3 ਜੁਲਾਈ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਤੱਕ ਵਾਪਰੇ ਅਹਿਮ ਘਟਨਾਕ੍ਰਮਾਂ ਨੂੰ ਲੜੀਵਾਰ ਪੇਸ਼ ਕਰਨ ਜਾ ਰਿਹਾ ਹਾਂ-

1) ਮਮਦੋਟ ‘ਚ 7 ਮਈ ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ ਬਾਹਰ ਚੋਣਾਂ ਸੰਬੰਧੀ ਹੋਏ ਝਗੜੇ ‘ਚ ਅਕਾਲੀ ਵਰਕਰਾਂ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀ.ਏ. ਨਸੀਬ ਸਿੰਘ ਨੂੰ ਧੱਕੇ ਮਾਰੇ, ਕੁੱਟਿਆ ਅਤੇ ਦੋਸ਼ ਸੀ ਕਿ ਅਕਾਲੀਆਂ ਨੇ ਉਸਦੇ ਗੋਲੀ ਮਾਰ ਕੇ ਜ਼ਖਮੀ ਵੀ ਕਰ ਦਿੱਤਾ ਸੀ।

2) ਪੱਟੀ ‘ਚ 9 ਮਈ ਨੂੰ ਜਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਕਾਗਜ਼ ਭਰਨ ਤੋਂ ਬਾਦ ਅਕਾਲੀ ਵਰਕਰਾਂ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਸੁਖਰਾਜ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

3) ਰਾਮਪੁਰਾ ਫੂਲ ਲਾਗੇ ਪੈਂਦੇ ਪਿੰਡ ਆਦਮਪੁਰਾ ਵਿਖੇ ਕਾਂਗਰਸ ਅਤੇ ਸਾਥੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਚੋਣ ਰੈਲੀ ‘ਤੇ 15-16 ਅਕਾਲੀਆਂ ਨੇ ਅਸਲੇ ਦਾ ਸਹਾਰਾ ਲੈਂਦਿਆਂ ਅੰਨੇਵਾਹ ਫਾਇਰਿੰਗ ਕਰ ਦਿੱਤੀ। ਜਿਸ ਵਿੱਚ ਪੀ.ਪੀ.ਪੀ. ਦੇ ਜੱਸਾ ਸਿਧਾਣਾ ਦੀ ਮੌਤ ਹੋ ਗਈ ਸੀ ਤੇ ਭਾਈਰੂਪਾ ਤੋਂ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਰਾਜਵਿੰਦਰ ਸਿੰਘ ਤੇ ਹੋਰ ਜ਼ਖਮੀ ਹੋ ਗਏ ਸਨ। ਇਕੱਲੇ ਜੱਸਾ ਸਿਧਾਣਾ ਦੇ ਸਰੀਰ ‘ਤੇ ਹੀ 105 ਗੋਲੀਆਂ ਦੇ ਨਿਸ਼ਾਨ ਸਨ।

4) ਲੋਪੋਕੇ (ਅੰਮ੍ਰਿਤਸਰ) ਕਸਬੇ ਦੇ ਪਿੰਡ ਚੱਕ ਮਿਸ਼ਰੀ ਖਾਂ ‘ਚ ਅਕਾਲੀ ਤੇ ਕਾਂਗਰਸੀ ਵਰਕਰਾਂ ਵਿਚਕਾਰ ਰਫਲਾਂ, ਪਿਸਤੌਲਾਂ ਅਤੇ ਦਾਤਰਾਂ ਨਾਲ ਹੋਈ ‘ਜੰਗ’ ‘ਚ ਅਕਾਲੀ ਵਰਕਰ ਬਲਕਾਰ ਸਿੰਘ ਅਤੇ ਕਾਂਗਰਸੀ ਗੁਰਜਿੰਦਰ ਸਿੰਘ ਪ੍ਰਲੋਕ ਸਿਧਾਰ ਗਏ ਸਨ।

ਆਓ ਹੁਣ 19 ਮਈ ਨੂੰ ਜਿਲ੍ਹਾ ਪ੍ਰੀਸ਼ਦ ਵੋਟਾਂ ਮੌਕੇ ਹੋਏ ਬਿਹਾਰੀਕਰਨ ਦੇ ਦਰਸ਼ਨ ਵੀ ਕਰੋ ਕਿ

1) ਮੋਗਾ ਦੇ ਪਿੰਡ ਇੰਦਰਗੜ੍ਹ ਬੂਥ ਨੰ: 155 ‘ਚ 15-20 ਅਣਪਛਾਤੇ ਬੰਦਿਆਂ ਨੇ ਚੋਣ ਅਮਲੇ ਨਾਲ ਬਦਤਮੀਜੀ ਕੀਤੀ। ਇਸ ਸਮੇਂ ਅਕਾਲੀ ਅਤੇ ਕਾਂਗਰਸੀ ਵਰਕਰਾਂ ‘ਚ ਜੁਤ-ਪਤਾਣ ਵੀ ਹੋਇਆ। ਦੁਬਾਰਾ ਵੋਟਾਂ ਪਈਆਂ।

2) ਫਾਜਿ਼ਲਕਾ ਦੇ ਪਿੰਡ ਓਝਾਂਵਾਲੀ ਦੇ ਬੂਥ 33-34 ‘ਚ ਅਕਾਲੀ ਦਲ ਨਾਲ ਸੰਬੰਧਤ ਲੋਕਾਂ ਨੇ ਧੱਕੇਸ਼ਾਹੀ ਨਾਲ ਬੈਲਟ ਪੇਪਰ ਖੋਹ ਕੇ ਪਾੜ ਦਿੱਤੇ। ਇਸ ਸਮੇਂ ਹੋਈ ਝੜਪ ‘ਚ ਆਜ਼ਾਦ ਉਮੀਦਵਾਰ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ ਸੀ।

3) ਸਾਦਿਕ ਨੇੜੇ ਪਿੰਡ ਗੋਲੇਵਾਲਾ ਦੀ ਮਲੂਕਾ ਪੱਤੀ ਦੇ ਬੂਥ ‘ਤੇ ਹਥਿਆਰਬੰਦ ਅਕਾਲੀਆਂ ਨੇ ਕਬਜ਼ਾ ਕਰਕੇ ਬੈਲਟ ਬਕਸੇ ਖੋਹ ਲਏ। ਬਾਦ ‘ਚ ਬਕਸੇ ਖੇਤਾਂ ‘ਚੋਂ ਟੁੱਟੇ ਹੋਏ ਮਿਲੇ। ਵੋਟਾਂ ਖੇਤਾਂ ‘ਚ ਖਿੱਲਰੀਆਂ ਪਈਆਂ ਸਨ। ਦੋਬਾਰਾ ਵੋਟਾਂ ਪਈਆਂ।

4) ਰੂਪਨਗਰ ਦੇ ਪਿੰਡ ਗੰਧੋ ‘ਚ ਸਾਬਕਾ ਕਾਂਗਰਸੀ ਵਿਧਾਇਕ ਭਾਗ ਸਿੰਘ ਉੱਪਰ ਅਕਾਲੀ ਵਰਕਰਾਂ ਵੱਲੋਂ ਜਾਨਲੇਵਾ ਹਮਲੇ ਦਾ ਦੋਸ਼।

5) ਤਰਨਤਾਰਨ ਦੇ ਪਿੰਡ ਕਲਸ ‘ਚ ਅਕਾਲੀਆਂ ਵੱਲੋਂ ਇੱਕ ਨੌਜ਼ਵਾਨ ਦੇ ਨਾਲ ਨਾਲ 70 ਸਾਲਾ ਬਜ਼ੁਰਗ ਔਰਤ ਦੀ ਲੱਤ ਭੰਨ੍ਹੀ।

6) ਬਠਿੰਡਾ ਦੇ ਦੋ ਪਿੰਡਾਂ ਮੈਨੂੰਆਣਾ ਤੇ ਤਿਉਣਾ ‘ਚ ਵਿੱਚ ਵੀ ਅਕਾਲੀਆਂ ਅਤੇ ਪੀ.ਪੀ.ਪੀ. ਆਗੂ ‘ਤੇ ਬੂਥ ਲੁੱਟਣ ਦੀਆਂ ਕੋਸ਼ਿਸਾਂ ਦਾ ਦੋਸ਼। ਪੁਲਸ ਵੱਲੋਂ ਲਾਠੀਚਾਰਜ।

ਇਹ ਉਹ ਘਟਨਾਵਾਂ ਸਨ ਜਿਹੜੀਆਂ ਖਾਸ ਧਿਆਨ ਮੰਗਦੀਆਂ ਹਨ ਕਿ ਜੇ ਇਸ ਵਰਤਾਰੇ ਨੂੰ ਠੱਲ੍ਹ ਨਾ ਪਾਈ ਗਈ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਅਖੋਤੀ ਨੇਤਾ ਲੋਕ ਡਰਾ ਧਮਕਾ ਕੇ ਘਰਾਂ ‘ਚੋਂ ਹੀ ਵੋਟਾਂ ਪੁਆ ਕੇ ਲੈ ਜਾਇਆ ਕਰਨਗੇ। ਪਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਇਹਨਾਂ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਜਿੱਤ ਨੂੰ ‘ਲੋਕਤੰਤਰ ਦੀ ਜਿੱਤ’ ਕਿਹਾ ਜਾਣਾ ਵੀ ਲੋਕਤੰਤਰ ਦਾ ਮੌਜੂ ਬਨਾਉਣ ਵਾਂਗ ਪ੍ਰਤੀਤ ਹੁੰਦਾ ਹੈ।

3 ਜੁਲਾਈ ਨੂੰ ਪੈਣ ਵਾਲੀਆਂ ਵੋਟਾਂ ‘ਚ ਲੋਕਤੰਤਰ ਦੀ ‘ਫੇਰ’ ਕਿਹੋ ਜਿਹੀ ਜਿੱਤ ਹੋਵੇਗੀ, ਉਹ ਵੀ ਸਾਹਮਣੇ ਆ ਜਾਵੇਗੀ ਫਿਲਹਾਲ ਘਟੀਆ ਪੱਧਰ ਦੀ ਸ਼ਰਾਬ ਪੀ ਕੇ ਬਟਾਲਾ ਲਾਗੇ ਪਿੰਡ ਕਲੇਰ ਦੇ ਸਤਨਾਮ ਸਿੰਘ ਅਤੇ ਪਿੰਡ ਨੀਲ ਕਲਾਂ ਦੇ ਗੁਰਦੀਪ ਸਿੰਘ ਜਹਾਨੋਂ ਕੂਚ ਕਰ ਗਏ ਹਨ। ਇਹਨਾਂ ਚੋਣਾਂ ਕਾਰਨ ਜਿੱਥੇ ਸਿਆਸਤੀ ਲੋਕ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੇ ਓਥੇ ਲੋਕਾਂ ਦੀਆਂ ਜ਼ਮੀਰਾਂ ਦਾ ਸੌਦਾ ਕਰਨ ਲਈ ਲੀਡਰ ਲੋਕ ਕਿਸ ਹੱਦ ਤੱਕ ਜਾ ਸਕਦੇ ਹਨ? ਇਸਦੀ ਉਦਾਹਰਨ ਜਿਲ੍ਹਾ ਮੋਗਾ ‘ਚ ਦੇਖਣ ਨੂੰ ਮਿਲੀ ਕਿ ਕਿਵੇਂ ਇੱਕ ਦੂਜੇ ਨੂੰ ਆਪਣੇ ਵੈਰੀ ਸਮਝਣ ਵਾਲੇ ਅਕਾਲੀ ਕਾਂਗਰਸੀ ਸਰਪੰਚੀ ਹਥਿਆਉਣ ਲਈ ਕਲਿੰਗੜੀ ਪਾਈ ਨਜ਼ਰ ਆਏ। ਸਥਿਤੀ ਹਾਸੋਹੀਣੀ ਇਸ ਕਰਕੇ ਹੈ ਕਿ ਅਕਾਲੀ ਹਾਈਕਮਾਂਡ ਦੇ ਨਾਲ ਕਾਂਗਰਸ ਦੇ ਉਸ ਸਾਬਕਾ ਮੰਤਰੀ ਦੀ ਫੋਟੋ ਵੀ ਸੁਸ਼ੋਭਿਤ ਹੈ ਜੋ ਹੁਣ ਤੱਕ ਅਕਾਲੀਆਂ ਨੂੰ ‘ਟੁੱਟ-ਟੁੱਟ’ ਪੈਂਦਾ ਆ ਰਿਹਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਲੋਕ ਸਿਰਫ ਦਾਰੂ ਦੀਆਂ ਕੁਝ ਕੁ ਘੁੱਟਾਂ ਬਦਲੇ ਇਹ ਵੀ ਭੁੱਲ ਜਾਂਦੇ ਹਨ ਕਿ ਨੇਤਾ ਲੋਕ ਉਹਨਾਂ ਨੂੰ ਕੱਟੇ ਵੱਛਿਆਂ ਵਾਂਗ ਤਾਂ ਨਹੀਂ ਸਮਝ ਰਹੇ ਕਿ ਜਿਸਨੂੰ ਜੀਅ ਕੀਤਾ, ਰੱਸਾ ਫੜਾ ਦਿਓ? ਚੱਲੋ ਛੱਡੋ… ਇੱਕ ਚੁਟਕਲਾ ਸੁਣੋ…. ਇੱਕ ਵਾਰ ਬਿੱਲੀ ਤੋਂ ਤੰਗ ਆਏ ਚੁਹੇ ਨੂੰ ਵੀ ਪੰਚਾਇਤੀ ਚੋਣਾਂ ‘ਚ ਮੁਫਤ ਦੀ ਦਾਰੂ ਪੀਣ ਨੂੰ ਮਿਲ ਗਈ। ਉਮੀਦਵਾਰ ਵੀ ਬਿੱਲੀ ਤੋਂ ਡਾਹਢਾ ਤੰਗ ਸੀ। ਚੂਹੇ ਨੇ ਇੱਕ ਮਗਰੋਂ ਇੱਕ ਜਾਣੀਕਿ ਤਿੰਨ ਚਾਰ ਲੰਡੂ ਜਿਹੇ ਪੈੱਗ ਚਾੜ੍ਹ ਕੇ ਲਲਕਾਰਾ ਮਾਰ ਦਿੱਤਾ ਕਿ “ਬੁਰਰਰਾ…ਅੱਜ ਬਿੱਲੀ ਖਾਣੀ ਆ।” ਓਧਰੋਂ ਬਿੱਲੀ ਦੇ ਸਮਰਥਕ ਵੀ ਤਿਆਰ ਹੋ ਗਏ ਕਿ ਕਦੋਂ ਚੂਹਾ ਬਾਹਰ ਆਵੇ ਤੇ ਕਦੋਂ ਦੱਖੂਦਾਣਾ ਦੇਈਏ। ਉਮੀਦਵਾਰ ਦੇ ਘਰੋਂ ਨਿੱਕਲਦੇ ਚੂਹੇ ਦੀ ਅਕਾਲੀਆਂ ਕਾਂਗਰਸੀਆਂ ਵਾਲੀ ‘ਖੇਡ’ ਸ਼ੁਰੂ ਹੋ ਗਈ। ਇੱਕ ਬਿੱਲੀ ਸਮਰਥਕ ਨੇ ਵਿਚਾਰੇ ਸ਼ਰਾਬੀ ਚੂਹੇ ਵੋਟਰ ਦੀ ਪੂਛ ਪੱਟ ਦਿੱਤੀ। ਮਗਰੋਂ ‘ਵਾਜਾਂ ਮਾਰੀ ਜਾਵੇ, “ਓਏ ਆਵਦੀ ਪੂਛ ਤਾਂ ਲੈਜਾ।” ਚੂਹੇ ਦਾ ਨਸ਼ਾ ਉੱਤਰ ਗਿਆ ਸੀ ਤੇ ਬੋਲਿਆ, “ਤੂੰ ਈ ਰੱਖਲੈ..ਯਾਰ ਤਾਂ ਲੰਡੇ ਈ ਚੰਗੇ ਆ।”

ਹੁਣ ਜਦੋਂ ਵੀ ਪੰਜਾਬ ਦੀ ਹੋਣੀ ਬਾਰੇ ਸੋਚੀਦੈ ਤਾਂ ਇਹੀ ਚਿੰਤਾ ਘਰ ਕਰ ਜਾਂਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਾਦਲ ਸਾਬ੍ਹ ਵਾਲਾ ‘ਲੋਕਤੰਤਰ’ ਚਾਹੀਦੈ ਜਾਂ ਫਿਰ ਚੂਹੇ ਵਾਂਗੂੰ ਲੰਡੇ ਈ ਚੰਗੇ ਆ?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>