ਹੋਮ ਸਾਇੰਸ ਪੜ੍ਹਾ ਦੇ ਬਾਬਲਾ – - -

ਸੁਖਜੀਤ ਕੌਰ, ਹੋਮ ਸਾਇੰਸ ਕਾਲਜ, ਪੀ ਏ ਯੂ, ਲੁਧਿਆਣਾ

ਕੋਈ ਸਮਾਂ ਸੀ ਜਦੋਂ ਆਮ ਲੋਕਾਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਜਾਗਰਤ ਕਰਨ ਲਈ ਉਚੇਚੇ ਉਪਰਾਲੇ ਕੀਤੇ ਜਾਂਦੇ ਸਨ, ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ, ਲੋਕਾਂ ਵਿੱਚ ਪੜ੍ਹਾਈ ਦੀ ਮਹੱਤਤਾ ਦੀ ਸੋਚ ਬਣਦੀ ਗਈ। ਅੱਜ ਗਰੀਬ ਤੋਂ ਗਰੀਬ ਮਾਂ ਬਾਪ ਵੀ ਇਹ ਚਾਹੁੰਦਾ ਹੈ ਕਿ ਉਸ ਦੀ ਔਲਾਦ ਅੱਛੀ ਸਿੱਖਿਆ ਹਾਸਲ ਕਰਕੇ ਆਪਣੇ ਪੈਰਾਂ ਤੇ ਖੜ੍ਹੀ ਹੋਵੇ। ਜਿੱਥੋਂ ਤੱਕ ਲੜਕੀਆਂ ਦੀ ਪੜਾਈ ਦਾ ਸੰਬੰਧ ਹੈ, ਉਹ ਪਰਿਵਾਰ ਜੋ ਕਦੇ ਕੁੜੀਆਂ ਨੂੰ ਘਰੋਂ ਬਾਹਰ ਕੱਢਣਾ ਪਸੰਦ ਨਹੀਂ ਸਨ ਕਰਦੇ, ਅੱਜ ਇਹ ਸੋਚ ਰੱਖਦੇ ਹਨ ਕਿ ਲੜਕੀਆਂ ਨੂੰ ਏਥੋਂ ਤੱਕ ਪੜ੍ਹਾਇਆ ਲਿਖਾਇਆ ਜਾਵੇ ਤਾਂ ਜੋ ਉਸ ਲਈ ਯੋਗ ਵਰ ਲੱਭਣ ਵਿੱਚ ਕੋਈ ਸਮੱਸਿਆ ਨਾਂ ਆਵੇ ਤੇ ਨਾਲ ਹੀ ਸਹੁਰੇ ਪਰਿਵਾਰ ਵਿੱਚ ਬੱਚੀ ਨੂੰ ਆਦਰ ਸਤਿਕਾਰ ਮਿਲੇ। ਇਹ ਹੀ ਨਹੀਂ ਅੱਜ ਬਹੁਤੇ ਮਾਂ ਬਾਪ ਇਸ ਸਚਾਈ ਨੂੰ ਵੀ ਸਵੀਕਾਰਦੇ ਹਨ ਕਿ ਲੜਕੀ ਦਾ ਅਸਲੀ ਗਹਿਣਾ ਤਾਂ ਪੜ੍ਹਾਈ ਹੀ ਹੈ।

ਹੁਣ ਸੁਆਲ ਇਹ ਉੱਠਦਾ ਹੈ ਕਿ ਲੜਕੀਆਂ ਨੂੰ ਕਿਹੋ ਜਿਹੀ ਪੜ੍ਹਾਈ ਕਰਵਾਈ ਜਾਵੇ। ਬੇਸ਼ੱਕ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਦੇ ਬਰਾਬਰ ਦੀ ਪੜ੍ਹਾਈ ਹਾਸਲ ਕਰਨ ਦੇ ਸਮਰੱਥ ਰਹੀਆਂ ਹਨ ਅਤੇ ਕਰ ਵੀ ਰਹੀਆਂ ਹਨ। ਪਰ ਪੜ੍ਹਾਈ ਦੀ ਚੋਣ ਕਰਨ ਵੇਲੇ, ਪੜ੍ਹਾਈ ਤੇ ਆਉਣ ਵਾਲਾ ਖਰਚਾ, ਸਮਾਂ, ਮਿਹਨਤ ਅਤੇ ਉਸ ਦੇ ਨਾਲ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੀਆਂ ਨੌਕਰੀਆਂ ਦੀ ਪੂਰੇ ਵਿਸਥਾਰ ਨਾਲ ਪੜਚੋਲ ਕਰਨੀ ਬਹੁਤ ਜ਼ਰੂਰੀ ਹੈ।

ਸਾਡੀ ਸਾਰਿਆਂ ਦੀ ਇਹੋ ਹੀ ਖਿੱਚ ਹੁੰਦੀ ਹੈ ਕਿ ਸਾਡੇ ਬੱਚੇ ਨੂੰ ਪੜ੍ਹਨ ਤੋਂ ਬਾਦ ਇੱਕ ਚੰਗੀ ਸਰਕਾਰੀ ਨੌਕਰੀ ਮਿਲ ਜਾਵੇ ਨਾਂ ਤਾਂ ਕੋਈ ਅੱਛੀ ਗੈਰ ਸਰਕਾਰੀ ਅਦਾਰੇ ਵਿੱਚ ਨੌਕਰੀ ਮਿਲ ਜਾਵੇ। ਪਰ ਅਸੀਂ ਇਸ ਤੱਥ ਤੋਂ ਅਨਜਾਣ ਨਹੀਂ ਕਿ ਮੁੰਡੇ ਹੋਣ ਜਾਂ ਕੁੜੀਆਂ ਅੱਜ ਦੇ ਸਮੇਂ ਵਿੱਚ ਇੱਕ ਅੱਛੀ ਨੌਕਰੀ ਪਾਉਣਾ ਏਨਾ ਅਸਾਨ ਨਹੀਂ । ਹੋ ਸਕਦਾ ਹੈ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਤੁਹਾਡੇ ਬੱਚੇ ਨੂੰ ਕਿਸੇ ਸਵੈ ਰੁਜ਼ਗਾਰ ਅਪਣਾਉਣਾ ਪਵੇ।

ਗ੍ਰਹਿ ਵਿਗਿਆਨ ਕਾਲਜ, ਬੀ ਐਸ ਸੀ ਹੋਮ  ਸਾਇੰਸ,  ਬੀ ਐਸ ਸੀ  ਫੈਸ਼ਨ ਡਿਜਾਇਨਿੰਗ ਅਤੇ  ਬੀ ਐਸ ਸੀ ਨੁਟਰੀਸ਼ਨ ਐਡ ਡਾਇਟੈਟਿਕਸ ਦੇ  ਸਾਲਾ ਡਿਗਰੀ ਪਰਗਰਾਮ ਚਲਾ ਰਿਹਾ ਹੈ। ਇਸ ਲੇਖਣੀ ਰਾਹੀ ਹੋਮ ਸਾਇੰਸ ਦੀ ਪੜ੍ਹਾਈ ਦੀ ਵਿਲੱਖਣਤਾ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹਾਂ। ਉਹ ਲੋਕ ਜੋ ਇਹ ਸਮਝਦੇ ਹਨ ਕਿ ਹੋਮ ਸਾਇੰਸ ਦੀ ਸਿੱਖਿਆ ਕੇਵਲ ਖਾਨਾਦਾਰੀ, ਕੱਪੜੇ ਸਿਉਣ-ਪਰੋਣ ਅਤੇ ਘਰ ਸਜਾਉਣ ਤੱਕ ਹੀ ਸੀਮਤ ਹੈ, ਉਨ੍ਹਾਂ ਦੇ ਇਸ ਭੁਲੇਖੇ ਨੂੰ ਦੂਰ ਕਰਨ ਲਈ ਹੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਹੋਮ ਸਾਇੰਸ ਦੀ ਸਿੱਖਿਆ, ਲੜਕੀਆਂ ਨੂੰ ਸੁਚੱਜੇ ਢੰਗ ਨਾਲ ਘਰ ਚਲਾਉਣ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀਆਂ ਨੂੰ ਸੂਝ ਬੂਝ ਨਾਲ ਨਿਭਾਉਣਾ ਸਿਖਾਉਂਦੀ ਹੈ। ਜਿਸ ਦੀ ਅੱਜ ਦੇ ਜ਼ਮਾਨੇ / ਸਮੇਂ ਵਿੱਚ ਬਹੁਤ ਹੀ ਲੋੜ ਹੈ ਜਦੋਂ ਸਾਡੇ ਜਵਾਨ ਬੱਚੇ ਵਿਹਲੇ ਰਹਿਣ ਅਤੇ ਨਸ਼ਿਆਂ ਦੇ ਰੁਝਾਨ ਵਿੱਚ ਪੈ ਗਏ ਹਨ। ਦੂਜੇ ਪਾਸੇ ਸਾਡੇ ਬਜ਼ੁਰਗਾਂ ਦੀ ਵੀ ਪਰਿਵਾਰਾਂ ਵਿੱਚ ਵਧੀਆ ਸੰਭਾਲ ਨਹੀਂ ਹੋ ਰਹੀ। ਗ੍ਰਹਿ ਵਿਗਿਆਨ ਦੀ ਸਿੱਖਿਆ ਲੜਕੀਆਂ ਨੂੰ ਉਨ੍ਹਾਂ ਦੀਆਂ ਪਰਿਵਾਰ ਅਤੇ ਸਮਾਜ ਪ੍ਰਤੀ ਜਿੰਮੇਵਾਰੀਆਂ ਦੇ ਸੰਬੰਧ ਵਿੱਚ ਜਾਗਰੂਕ ਕਰਦੀ ਹੈ ਅਤੇ ਨਾਲ ਹੀ ਹੇਠ ਲਿਖੇ ਵਿਸ਼ਿਆਂ ਤੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਦੀ ਹੈ ਤਾਂ ਜੋ ਉਹ ਆਰਥਿਕ ਪੱਖੋਂ ਆਤਕ ਨਿਰਭਰ ਹੋ ਸਕਣ।

ਭੋਜਨ ਅਤੇ ਪੋਸ਼ਣ ਸੰਬੰਧੀ ਜਾਣਕਾਰੀ: ਭੋਜਨ ਹਰ ਜੀਅ ਦੀ ਪਹਿਲੀ ਜ਼ਰੂਰਤ ਹੈ, ਪਰ ਸਿਹਤਮੰਦ ਜੀਵਨ ਲਈ ਆਪਣੇ ਸੋਮਿਆਂ ਦੇ ਆਧਾਰ ਤੇ ਹਰ ਜੀਅ ਨੂੰ ਸੰਤੁਲਤ ਖੁਰਾਕ ਅਤਿ ਲੋਂੜੀਂਦੀ ਹੈ। ਪਰਿਵਾਰ ਦੇ ਵੱਖ ਵੱਖ ਉਮਰ ਦੇ ਜੀਆਂ ਤੇ ਵੱਖ ਵੱਖ ਸਰੀਰਕ ਕੰਮਾਂ ਦੇ ਆਧਾਰ ਤੇ ਹਰ ਜੀਅ ਨੂੰ ਕਿਹੋ ਜਿਹੀ ਖੁਰਾਕ ਦੇਣੀ ਚਾਹੀਦੀ ਹੈ, ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਰ ਇੱਕ ਭੋਜਨ ਪਦਾਰਥ ਦੀ ਪੋਸ਼ਟਿਕ ਮਹੱਤਤਾ ਅਤੇ ਹਰ ਇੱਕ ਤੱਤ ਦੀ ਮਹੱਤਤਾ ਅਤੇ ਉਸਦੀ ਲੋਂੜੀਂਦੀ ਮਾਤਰਾ ਬਾਰੇ ਪੂਰਾ ਬਿਆਨ ਦਿੱਤਾ ਜਾਂਦਾ ਹੈ। ਜਿਸ ਨਾਲ ਇੱਕ ਸੁਆਣੀ ਆਪਣੇ ਪੂਰੇ ਪਰਿਵਾਰ ਨੂੰ ਪੌਸ਼ਟਿਕ ਤੇ ਸੰਤੁਲਿਤ ਖੁਰਾਕ ਦੇ ਕੇ ਸਿਹਤਮੰਦ ਬਣਾ ਸਕਦੀ ਹੈ।

ਇਹੋ ਹੀ ਨਹੀਂ, ਜੇਕਰ ਪਰਿਵਾਰ ਦੇ ਕਿਸੇ ਜੀਅ ਨੂੰ ਕੋਈ ਬਿਮਾਰੀ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਪੋਸ਼ਟਿਕ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਅਨੀਮਿਆਂ, ਬੱਚਿਆਂ ਦਾ ਸੋਕੜਾ, ਅੰਧਰਾਤਾ ਆਦਿ ਵਿੱਚ ਕਿਹੋ ਜਿਹੀ ਖੁਰਾਕ ਦੇਣੀ ਲੋਂੜੀਂਦੀ ਹੈ, ਇਸ ਸੰਬੰਧੀ ਹੋਮ ਸਾਇਸ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਅਸੀਂ ਤਾਂ ਇਹ ਵੀ ਕਹਾਂਗੇ ਕਿ ਹੋਮ ਸਾਇੰਸ ਦੀ ਸਿੱਖਿਆ ਲੜਕੀਆਂ ਨੂੰ ਕੇਵਲ ਸੁਘੜ ਗ੍ਰਹਿਣੀ ਹੀ ਨਹੀਂ ਬਣਾਉਣੀ ਸਗੋਂ ਵੱਖ ਵੱਖ ਬਿਮਾਰੀਆਂ ਦਾ ਖੁਰਾਕੀ ਇਲਾਜ ਸਿਖਾ ਕੇ ਪਰਿਵਾਰ ਦੀ ਡਾਕਟਰ ਵੀ ਬਣਾਉਂਦੀ ਹੈ।

ਇਸ ਤੋਂ ਛੁੱਟ, ਵੱਖ ਵੱਖ ਭੋਜਣ ਪਕਾਉਣ ਦੇ ਤਰੀਕਿਆਂ ਦੀ ਲਈ ਜਾਣਕਾਰੀ ਦਿੱਤੀ ਜਾਂਦੀ ਹੈ। ਜਿਨ੍ਹਾਂ ਨਾਲ ਭੋਜਨ ਪਦਾਰਥਾਂ ਦੇ ਪੂਰੇ ਪੋਸ਼ਟਿਕ ਤੱਤਾਂ ਨੂੰ ਹਾਸਲ ਕੀਤਾ ਜਾਂਦਾ ਹੈ। ਨਹੀਂ ਤਾਂ ਆਮ ਲੋਕ ਇਨ੍ਹਾਂ ਤੱਤਾਂ ਨੂੰ ਵਿਅਰਥ ਹੀ ਗੁਆ ਦਿੰਦੇ ਹਨ ਅਤੇ ਨਾਲ ਹੀ ਲੜਕੀਆਂ ਨੂੰ ਵੱਖ ਵੱਖ ਪਕਵਾਨ, ਅਚਾਰ, ਚਟਣੀਆਂ, ਮੁਰੱਬੇ, ਜੈਮ, ਸ਼ਰਬਤ-ਸ਼ੁਕੈਸ਼, ਪਾਪੜ ਵੜ੍ਹੀਆਂ, ਮਿਠਆਈਆਂ, ਕੇਕ, ਬਿਸਕੁਟ ਅਤੇ ਨਵੇਂ ਪਕਵਾਨ ਜਿਵੇਂ ਪੀਜ਼ਾ, ਨੂਡਲਸ਼, ਮਨਚੂਰੀਅਨ, ਬਰਗਰ, ਟਿੱਕੀਆਂ ਆਦਿ ਕੁਸ਼ਲਤਾ ਪ੍ਰਦਾਨ ਕੀਤੀ ਜਾਂਦੀ ਹੈ।

ਮਾਨਵ ਵਿਕਾਸ ਸੰਬੰਧੀ ਜਾਣਕਾਰੀ: ਮਾਨਵ ਵਿਕਾਸ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ। ਇਸ ਵਿੱਚ ਮਨੁੱਖੀ ਜੀਵਨ ਦੀ ਸ਼ੁਰੂਆਤ ਤੋਂ ਭਾਵ ਗਰਭ ਅਵਸਥਾ ਤੋਂ ਲੈ ਕੇ ਬਾਲਗ ਅਵਸਥਾ ਤੱਕ ਦੇ ਸਰੀਰਕ, ਮਾਨਸਿਕ, ਭਾਵਮਾਤਮਿਕ ਅਤੇ ਸਮਾਜਿਕ ਵਿਕਾਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਗਰਭ ਅਵਸਥਾ ਦੌਰਾਨ ਮਾਂ ਦੀ ਸਿਹਤ ਅਤੇ ਉਸ ਦੀਆਂ ਆਦਤਾਂ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀਆਂ ਹਨ ਸੋ ਇਕ ਗਰਭਵਤੀ ਮਾਂ ਨੂੰ ਇਸ ਹਾਲਤ ਵਿੱਚ ਕਿਹੋ ਜਿਹਾ ਭੋਜਨ, ਕਸਰਤ, ਪਹਿਰਾਵਾ, ਵਿਟਾਮਿਨ ਆਦਿ ਬਾਰੇ ਗਿਆਨ ਦਿੱਤ ਜਾਂਦਾ ਹੈ ਤਾਂ ਜੋ ਇਨਸਾਨ / ਬੱਚੇ ਦੀ ਸ਼ੁਰੂਆਤ ਵਧੀਆ ਸਿਹਤ ਨਾਲ ਹੋ ਸਕੇ। ਬੱਚਿਆਂ ਦੀ ਖੁਰਾਕ, ਟੀਕਾਕਰਣ ਆਦਤਾਂ ਦਾ ਨਿਰਮਾਣ ਅਤੇ ਸਮਾਜਿਕ ਵਰਤਾਰੇ ਆਦਿ ਪੱਖਾਂ ਤੇ ਡੂੰਘੀ ਪੜ੍ਹਾਈ ਕਰਵਾਈ ਜਾਂਦੀ ਹੈ। ਮਾਨਸਿਕ ਜਾਂ ਸਰੀਰਕ ਪੱਖੋਂ ਊਣੇ ਬੱਚੇ ਸਮਾਜਿਕ ਕੁਰੀਤੀਆਂ ਦੇ ਸ਼ਿਕਾਰ ਜਾਂ ਮਾੜੀ ਸੰਗਤ ਚ ਪਏ ਬੱਚਿਆਂ ਨੂੰ ਠੀਕ ਲੀਹ ਤੇ ਲਿਆਉਣ ਅਤੇ ਹਰ ਪੱਖੋਂ ਉਨ੍ਹਾਂ ਦੀ ਸੰਭਾਲ ਕਰਨੀ ਵੀ ਸਿਖਾਈ ਜਾਂਦੀ ਹੈ।

ਇਸ ਤੋਂ ਇਲਾਵਾ ਬਾਲਵਾੜੀ, ਨਰਸਰੀ ਸਕੂਲ ਅਤੇ ਕਰੈਚ ਅਤੇ ਬਜ਼ੁਰਗ ਘਰ ਆਦਿ ਖੋਲਣ ਅਤੇ ਚਲਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।

ਪਰਿਵਾਰਿਕ ਸ੍ਰੋਤਾਂ ਸੰਬੰਧੀ ਜਾਣਕਾਰੀ: ਸ੍ਰੋਤ ਜਿਨ੍ਹਾਂ ਨੂੰ ਆਮ ਤੌਰ ਤੇ ਵਸੀਲੇ ਵੀ ਕਿਹਾ ਜਾਂਦਾ ਹੈ। ਘਰ ਪ੍ਰਬੰਧ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਹਰ ਪਰਿਵਾਰ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਵਸੀਲੇ ਹੁੰਦੇ ਹਨ। ਮਨੁੱਖੀ ਅਤੇ ਗੈਰ ਮਨੁੱਖੀ ਜਿਵੇਂ ਕਿ ਸਰੀਰਕ ਸ਼ਕਤੀ, ਮਾਨਸਿਕ ਸ਼ਕਤੀ, ਤਰਕ ਆਦਿ ਮਨੁੱਖੀ ਵਸੀਲੇ ਹਨ ਜਦੋਂ ਕਿ ਸਮਾਂ, ਪੈਸਾ ਅਤੇ ਇਸ ਤੋਂ ਉਪਲਬਧ ਚੀਜ਼ਾਂ ਗੈਰ ਮਨੁੱਖੀ ਸੋਮੇ ਹਨ। ਇਨ੍ਹਾਂ ਦੀ ਯੋਗ ਅਤੇ ਵਾਜਿਬ ਵਰਤੋਂ ਕਰਕੇ ਪਰਿਵਾਰਿਕ ਸੁੱਖ ਅਤੇ ਸਾਂਤੀ ਨੂੰ ਪ੍ਰਾਪਤ ਕਰਨ ਸੰਬੰਧੀ ਗਿਆਨ ਦੀ ਵਿਵਸਥਾ ਹੈ।

ਇਸ ਤੋਂ ਇਲਾਵਾ ਘਰ ਅਤੇ ਘਰ ਦੇ ਸਮਾਨ ਦੀ ਸਾਂਭ ਸੰਭਾਲ, ਸਜਾਵਟ, ਪ੍ਰਾਹੁਣਚਾਰੀ ਆਦਿ ਪੂਰੀ ਤਰ੍ਹਾਂ ਸਿਖਾਈ ਜਾਂਦੀ ਹੈ। ਇੱਕ ਵਘੀਆ ਖਰੀਦਦਾਰ ਬਣਨਾ ਅਤੇ ਮਿਲਾਵਟਾਂ ਤੋਂ ਬਚਣ ਦੇ ਵੀ ਨੁਕਤੇ ਪੜ੍ਹਾਏ ਜਾਂਦੇ ਹਨ। ਇਸਦੇ ਨਾਲ ਹੀ ਕਈ ਤਰ੍ਹਾਂ ਦੇ ਹੁਨਰਾਂ ਜਿਵੇਂ ਸਜਾਵਟੀ ਸਮਾਨ ਤਿਆਰ ਕਰਣਾ, ਘਰ ਦੀ ਅੰਦਰੂਨੀ ਸਜਾਵਟ ਆਦਿ ਦਾ ਵਿਕਾਸ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਆਧਾਰ ਤੇ ਉਹ ਕੋਈ ਉਦਯੋਗ ਵੀ ਸ਼ੁਰੂ ਕਰ ਸਕਦੇ ਹਨ।

ਵਸਤਰਾਂ ਸੰਬੰਧੀ ਜਾਣਕਾਰੀ: ਕੱਪੜੇ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਵਿੱਚ ਇੱਕ ਹਨ। ਇਸ ਵਿਸ਼ੇ ਵਿੱਚ ਕੱਪੜਿਆਂ ਦੀ ਬਣਤਰ, ਚੋਣ ਖਰੀਦਾਰੀ, ਸਿਉਣ, ਪਰੋਣ, ਕਢਾਈ, ਉਣਾਈ, ਰੰਗਾਈ ਆਦਿ ਰਾਹੀਂ ਪੂਰਾ ਗਿਆਨ ਦਿੱਤਾ ਜਾਂਦਾ ਹੈ। ਅੱਜ ਕੱਲ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸ਼ਨ ਡਿਜ਼ਾਇੰਨਿੰਗ ਵਿੱਚ ਵੀ ਮੁਹਾਰਤ ਦਿੱਤੀ ਜਾਂਦੀ ਹੈ।

ਇੱਕ ਸੁਘੜ ਸੁਆਣੀ ਲਈ ਘਰ ਵਿੱਚ ਸਾਬਣ, ਸਰਫ, ਲੀਸਾਪੋਲ, ਵਿਮ ਬਣਾਉਣ, ਗਰਮ ਅਤੇ ਰੇਸ਼ਮੀ ਕੱਪੜੇ ਡਰਾਈਕਲੀਨ ਕਰਨ, ਵੱਖ ਵੱਖ ਕੱਪੜਿਆਂ ਦੀ ਧੁਲਾਈ ਅਤੇ ਸਾਂਭ ਸੰਭਾਲ ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੈ।

ਉੱਪਰ ਦਿੱਤਾ ਸਾਰਾ ਗਿਆਨ ਇੱਕ ਸਿਆਣੀ ਸੁਆਣੀ ਲਈ ਅਤਿਅੰਤ ਜ਼ਰੂਰੀ ਹੈ। ਜਿਸ ਨਾਲ ਉਹ ਆਪਣੇ ਵਸੀਲਿਆਂ ਮੁਤਾਬਕ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਕੇ ਪਰਿਵਾਰ ਨੂੰ ਖੁਸ਼ਹਾਲੀ ਦੇ ਸਕਦੀ ਹੈ। ਪਰ ਇਹ ਗਿਆਨ ਇੱਥੋਂ ਤੱਕ ਹੀ ਸੀਮਤ ਨਹੀਂ ਹੈ। ਸਗੋਂ ਇਸ ਵਿਗਿਆਨ ਦੀ ਉੱਚ ਸਿੱਖਿਆ ਪ੍ਰਾਪਤ ਕਰਕੇ ਕਈ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਮਿਲ ਸਕਦੇ ਹਨ। ਜਿਵੇਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਅਧਿਆਪਕ, ਪੇਂਡੂ ਵਿਕਾਸ ਵਿਭਾਗ ਵਿੱਚ ਮੁੱਖ ਸੇਵਿਕਾ, ਗ੍ਰਾਮ ਸੇਵਿਕਾ, ਵਿਕਾਸ ਅਫਸਰ ਆਦਿ। ਸ਼ੋਸ਼ਲ ਵੈਲਫੇਅਰ ਮਹਿਕਮੇ ਵਿੱਚ ਜਿਵੇਂ ਆਂਗਨਵਾੜੀ ਵਰਕਰ, ਪ੍ਰਾਜੈਕਟ ਅਫਸਰ ਆਦਿ। ਹਸਪਤਾਲਾਂ / ਹੈਲਥ ਸੈਂਟਰਾਂ ਵਿੱਚ ਡਾਈਟੀਸ਼ਅਨ ਅਤੇ ਕੌਸਲਰ ਦੀ ਨੌਕਰੀਆਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸਰਕਾਰੀ ਨੌਕਰੀਆਂ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਜੋ ਲੋਕ ਭਲਾਈ ਕੰਮਾਂ ਨਾਲ ਜੁੜੀਆਂ ਹਨ, ਵਿੱਚ ਗ੍ਰਹਿ ਵਿਗਿਆਨ ਦੇ ਵਿਦਿਆਰਥੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ। ਸੋ ਹੋਮ ਸਾਇੰਸ ਦੀ ਸਿੱਖਿਆ ਇਕ ਗਹਿਣਾ ਹੈ, ਜੋ ਹਰ ਲੜਕੀ ਅਪਣਾ ਕੇ ਅਪਨੀ ਸ਼ਾਨ ਵਧਾਉਣੀ  ਚਾਹੁੰਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>