ਬਾਦਲਾਂ ਵੱਲੋਂ ਕੌਮੀ ਖੁਰਾਕ ਸੁਰੱਖਿਆ ਪ੍ਰੋਗਰਾਮ ਦਾ ਵਿਰੋਧ ਕਰਨਾ ਦਿਮਾਗੀ ਬੌਖਲਾਹਟ ਅਤੇ ਘਬਰਾਹਟ ਦੀ ਨਿਸ਼ਾਨੀ

ਕਾਦੀਆਂ – ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਉਹਨਾਂ ਵਲ਼ੋਂ ਕੌਮੀ ਖੁਰਾਕ ਸੁਰੱਖਿਆ ਪ੍ਰੋਗਰਾਮ ਪ੍ਰਤੀ  ਕੀਤੀਆਂ ਜਾ ਰਹੀਆਂ ਆਲੋਚਨਾਤਮਿਕ ਟਿੱਪਣੀਆਂ ਨੂੰ ਉਹਨਾਂ ਦੀ ਦਿਮਾਗੀ ਬੌਖਲਾਹਟ ਅਤੇ ਘਬਰਾਹਟ ਦੀ ਨਿਸ਼ਾਨੀ ਕਰਾਰ ਦਿੱਤਾ।

ਕਾਦੀਆਂ ਵਿਖੇ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਅਤੇ ਲਗਾਤਾਰ ਗਤੀਸ਼ੀਲਤਾ ਪਾਰਟੀ ਵਰਕਰਾਂ ਅੰਦਰ ਨਵੀਂ ਰੂਹ ਫੂਕ ਰਹੀ ਹੈ ਤੇ ਸਿਆਸੀ ਖੜੋਤ ਨੂੰ ਤੋੜ ਦਿਆਂ ਪਾਰਟੀ ਰਾਜ ਅੰਦਰ ਹਰ ਪਾਸੇ ਪੈਰ ਪਸਾਰ ਰਹੀ ਹੈ। ਉਹਨਾਂ ਦੱਸਿਆ ਕਿ ਕਾਂਗਰਸ ਆਪਣੇ ਪਸਾਰ , ਨਿਖਾਰ ਅਤੇ ਲੋਕ ਹਿਤੂ ਟੀਚੇ ਦੀ ਪ੍ਰਾਪਤੀ ਲਈ ਅਜਿਹੀ ਰਣਨੀਤੀ ਅਪਣਾ ਰਹੀ ਹੈ ਜਿਸ ਨਾਲ ਰਾਜ ਦੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਜਾ ਸਕੇ।

ਉਹਨਾਂ ਦੋਸ਼ ਲਾਉਂਦਿਆਂ ਕਿਹਾ ਕਿ  ਬਾਦਲ ਸਰਕਾਰ ਆਯੋਗ ਤੇ ਨੀਰਸ ਬਣ ਚੁੱਕੀ ਹੈ ਤੇ ਇਸ ਤੋਂ ਕਿਸੇ ਤਰਾਂ ਦੀ ਲੋਕ ਪੱਖੀ ਨਵੀਂ ਪਿਰਤ ਦੀ ਉਮੀਦ ਨਹੀਂ ਕੀਤਾ ਜਾ ਸਕਦੀ। ਉਹਨਾਂ ਕਿਹਾ ਕਿ ਲੋਕਾਂ ਨੂੰ ਲੁੱਟਣ ਤੇ ਕੁੱਟਣ ਤੋਂ ਬਾਅਦ ਬਾਦਲਾਂ ਦਾ ਰਾਜ ਦੇ ਵਿਕਾਸ ਅਤੇ ਸਰਕਾਰੀ ਵਿਭਾਗਾਂ ਪ੍ਰਤੀ ਕੋਈ ਦਿਲਚਸਪੀ ਨਹੀਂ ਰਹੀ ਹੈ।  ਰਾਜ ਸਰਕਾਰ ਦੇ ਹੁਕਮਾਂ ਤੇ ਅਮਲਾਂ ਵਿੱਚ ਵੱਡਾ ਵਰਕ ਹੋਣ ਕਾਰਨ ਅੱਜ ਸੂਬਾ ਹਰ ਪੱਖੋਂ ਪਛੜ ਦਾ ਜਾ ਰਿਹਾ ਹੈ। ਸਰਕਾਰ ਵੱਲੋਂ ਸ਼ਹਿਰਾਂ ਦੇ ਪੜਾਅ ਵਾਰ ਵਿਕਾਸ ਲਈ ਕੀਤੇ ਜਾਂਦੇ ਐਲਾਨ ਅਤੇ ਦਾਅਵੇ ਫੋਕੇ ਦੇ ਫੋਕੇ ਹੀ ਰਹੇ ਹਨ।  ਰਾਈਟ ਟੂ ਸਰਵਿਸ ਐਕਟ ਆਦਿ ਸਰਕਾਰ ਦੀ ਪ੍ਰਸ਼ਾਸਕੀ ਸੁਧਾਰਾਂ ਦੀ ਮਸ਼ਕ ਕਾਗਜ਼ੀ ਕਾਰਵਾਈ ਤੋਂ ਅੱਗੇ ਨਹੀਂ ਤੁਰੀ ਤੇ ਲੋਕ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਕਾਰਨ ਅੱਜ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਗਰੀਬਾਂ ਪ੍ਰਤੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਨਾ ਕੋਈ ਠੋਸ ਨੀਤੀ ਹੈ ਤੇ ਨਾ ਹੀ ਸਿਆਸੀ ਇੱਛਾ ਸ਼ਕਤੀ ਹੈ।

ਉਹਨਾਂ ਬਾਦਲ ਸਰਕਾਰ ’ਤੇ ਗਰੀਬਾਂ ਅਤੇ ਆਮ ਆਦਮੀ ਨਾਲ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰਾਂ ਰਾਹੀਂ ਪੰਜਾਬ ਦੇ ਹਰ ਵਰਗ, ਜਾਤ, ਧਰਮ ਅਤੇ ਇਲਾਕੇ ਦੇ ਲੋਕਾਂ ਨੂੰ  ਇੱਕ ਵਧੀਆ,  ਪਾਰਦਰਸ਼ੀ, ਜਵਾਬਦੇਹ, ਭ੍ਰਿਸ਼ਟਾਚਾਰ ਰਹਿਤ ਤੇ ਵਿਕਾਸਮਈ ਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਉਲਟ ਬਾਦਲ ਪਰਿਵਾਰ ਦਾ ਕੁੱਝ ਵੱਡੇ ਵਪਾਰਕ ਘਰਾਣਿਆਂ ਅਤੇ ਮਾਫੀਆ ਗਰੁੱਪਾਂ ਦੇ ਏਜੰਟ ਵੱਜੋ ਵਿਚਰਨ ਨਾਲ ਅੱਜ ਆਮ ਲੋਕ ਗੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ।

ਉਹਨਾਂ ਕਿਹਾ ਕਿ ਸਿਆਸੀ ਦਖਲ ਅੰਦਾਜ਼ੀ ਅਤੇ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲੈਣ ਨਾਲ ਸਿੱਖਿਆ ਖੇਤਰ ਵਿੱਚ ਨਿਘਾਰ ਸਿਖਰਾਂ ਉੱਤੇ ਪਹੁੰਚ ਗਈ ਹੈ। ਜਿਸ ਨਾਲ ਗਰੀਬ ਬਚਿਆਂ ਦਾ ਸਭ ਤੋਂ ਵਧ ਨੁਕਸਾਨ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਸਿੱਖਿਆ ’ਚ ਸੁਧਾਰ ਲਿਆਉਣ ਲਈ ਸਰਕਾਰ ਵੱਲੋਂ ਪਹਿਲੇ ਦੋ ਸਾਲਾਂ ਨੂੰ ਸਿੱਖਿਆ ਸਾਲ ਵੱਲੋਂ ਮਨਾਉਣ ਦਾ ਕੀਤੇ ਗਏ ਐਲਾਨ ਅਤੇ ਰੋਜ਼ਾਨਾ ਮਾਰੀਆਂ ਗਈਆਂ ਡੀਂਗਾਂ ਦੀ ਫੂਕ ਤਾਂ ਦਸਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ 20 ਫੀਸਦੀ ਸ਼ਰਮਨਾਕ ਪਾਸ ਨਤੀਜਿਆਂ ਨੇ ਹੀ ਕੱਢ ਦਿੱਤੀ ਹੈ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਰਾਜ ਦਾ ਸਿੱਖਿਆ ਵਿਭਾਗ ਆਪਣੀ ਹੋਂਦ ਨਾਕਾਰਾਤਮਕ ਮੁੱਦਿਆਂ ਰਾਹੀਂ ਦਰਜ ਕਰਾਉਣ ’ਚ ਮੋਹਰੀ ਰਿਹਾ। ਸਿੱਖਿਆ ਵਿਭਾਗ ਆਏ ਦਿਨ ਵਿਵਾਦਾਂ ਵਿੱਚ ਘਿਰਿਆ ਰਿਹਾ,ਤੇ ਸਿੱਖਿਆ ਸੁਧਾਰ ਦੀ ਥਾਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ  ਸਾਇੰਸ ਕਿੱਟਾਂ ਅਤੇ ਕਿਤਾਬ ਘੋਟਾਲਿਆ ਵਿੱਚ ਹੱਥ ਦੀ ਸਫ਼ਾਈ ਹੀ ਜਨਤਾ ਨੂੰ ਦੇਖਣ ਨੂੰ ਮਿਲੀ। ਇਸ ਦੌਰਾਨ ਅਧਿਆਪਕ ਵਰਗ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ ’ ਤੇ ਉੱਤਰੇ ਤੇ ਸਰਕਾਰੀ ਮਸ਼ੀਨਰੀ ਤੇ ਪੁਲੀਸ ਜ਼ਿਆਦਤੀਆਂ ਦੇ ਸ਼ਿਕਾਰ ਹੋਏ।

ਉਹਨਾਂ ਵਰਕਰਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਨੂੰ ਕਰਾਰੀ ਹਾਰ ਦੇਣ ਲਈ ਹੁਣ ਤੋਂ ਹੀ ਤਿਆਰੀ ’ਚ ਜੁਟ ਜਾਣ ਦਾ ਸਦਾ ਦਿੱਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>