ਦਿੱਲੀ ਗੁਰਦੁਆਰਾ ਕਮੇਟੀ ਵਿੱਚਲੇ ਦਲਬਦਲੂ ਪ੍ਰੇਸ਼ਾਨ?

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿਨ੍ਹਾਂ ਅਕਾਲੀ ਮੁੱਖੀਆਂ ਨੇ ਨਿਜ ਸੁਆਰਥ ਨੂੰ ਮੁੱਖ ਰਖਦਿਆਂ ਦਲ ਬਦਲੀ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਪਨਾਹ ਲਈ ਸੀ, ਅੱਜਕਲ ਉਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਗਈ ਹੋਈ ਦਸੀ ਜਾ ਰਹੀ ਹੈ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸਨਮਾਨ ਦਿੱਤੇ ਜਾਣ ਦਾ ਜੋ ਵਾਇਦਾ ਕਰ ਉਨ੍ਹਾਂ ਪਾਸੋਂ ਦਲ ਬਦਲੀ ਕਰਵਾਈ ਗਈ ਸੀ, ਨਾ ਤਾਂ ਉਹ ਵਾਇਦਾ ਪੂਰਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਹੀ ਦਿੱਤਾ ਜਾ ਰਿਹਾ ਹੈ।

ਇਸ ਕਾਲਮ ਦੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਉਸ ਵਿੱਚ ਸੰਨ੍ਹ ਲਾ, ਦਲ-ਬਦਲੀ ਕਰਵਾਏ ਜਾਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਤਾਂ ਇਨ੍ਹਾਂ ਹੀ ਕਾਲਮਾਂ ਵਿੱਚ ‘ਸ. ਪ੍ਰਕਾਸ਼ ਸਿੰਘ ਬਾਦਲ ਦਾ ਕੌੜਾ ਸੱਚ’ ਬਿਆਨ ਕਰ, ਚਿਤਾਵਨੀ ਦਿੰਦਿਆਂ ਦਸਿਆ ਗਿਆ ਸੀ ਕਿ ‘ਪੰਜਾਬ ਦੇ ਮੁੱਖ ਮੰਤ੍ਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਸਮਾਂ ਪਹਿਲਾਂ ਪਤ੍ਰਕਾਰਾਂ ਨਾਲ ਹੋਈ ਇੱਕ ਮੁਲਾਕਾਤ ਦੌਰਾਨ ਪਤ੍ਰਕਾਰਾਂ ਵਲੋਂ ਪੁਛੇ ਗਏ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਕਿਹਾ ਸੀ ਕਿ ਦਲ-ਬਦਲੂਆਂ ਦਾ ਨਾ ਤਾਂ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਕੋਈ ਸਿਧਾਂਤ। ਨਾ ਹੀ ਉਹ ਕਿਸੇ ਦੇ ਵਫਾਦਾਰ ਹੁੰਦੇ ਹਨ। ਉਨ੍ਹਾਂ ਦੀ ਵਫਾਦਾਰੀ ਕੇਵਲ ਮਾਤ੍ਰ ਆਪਣੇ ਸੁਆਰਥ ਦੀ ਪੂਰਤੀ ਤਕ ਹੀ ਸੀਮਤ ਰਹਿੰਦੀ ਹੈ। ਇਸੇ ਕਾਰਣ ਇਨ੍ਹਾਂ ਪੁਰ ਵਿਸ਼ਵਾਸ ਕਰਨਾ ਜਾਣਦਿਆਂ-ਬੁਝਦਿਆਂ  ਆਪਣੇ ਆਪਨੂੰ ਧੋਖਾ ਦੇਣ ਦੇ ਸਮਾਨ ਹੁੰਦਾ ਹੈ’। ਇਸਦੇ ਨਾਲ ਹੀ ਇਹ ਭੀ ਕਿਹਾ ਗਿਆ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਇਸ ਕਥਨ ਦੀ ਰੋਸ਼ਨੀ ਵਿੱਚ ਸਪਸ਼ਟ ਨਜ਼ਰ ਆਉਂਦਾ ਹੈ ਕਿ ਦਲ ਬਦਲਣ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਕੋਈ ਸਨਮਾਨ ਮਿਲਣ ਵਾਲਾ ਨਹੀਂ, ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਦਾ ਇਹ ਨੀਤੀ ਰਹੀ ਹੈ ਕਿ ਵਿਰੋਧੀ ਧਿਰ ਦੇ ਆਧਾਰ ਪੁਰ ਚੋਟ ਮਾਰਨ ਲਈ ਉਸ ਨਾਲ ਚਲ ਰਹੇ ਮੁੱਖੀਆਂ ਸਾਹਮਣੇ ਦਾਨਾ ਸੁਟੋ ਅਤੇ ਨਾਲ ਹੀ ਜਾਲ ਵਿਛਾ ਦਿਉ, ਜੋ ਫਸ ਜਾਣ, ਉਨ੍ਹਾਂ ਨੂੰ ਪੁਚਕਾਰ, ਪਹਿਲਾਂ ਘੁਟ ਕੇ ਗਲੇ ਲਾਉ, ਫਿਰ ਅਜਿਹੀ ਥਾਂ ਮਾਰੋ ਜਿਥੇ ਉਹ ਪਾਣੀ ਵੀ ਨਾ ਮੰਗ ਸਕਣ ਜਾਂ ਫਿਰ ‘ਮਰਾਸੀ’ ਬਣ ਉਨ੍ਹਾਂ ਦਾ ਗੁਣਗਾਨ ਕਰਦਿਆਂ ਰਹਿਣ ਤਕ ਹੀ ਸੀਮਤ ਹੋ ਕੇ ਰਹਿ ਜਾਣ। ਆਪਣੀ ਇਸ ਗਲ ਦੀ ਪੁਸ਼ਟੀ ਵਿੱਚ ਕੁਝ ਪ੍ਰਤੱਖ ਮਿਸਾਲਾਂ ਵੀ ਦਿੱਤੀਆਂ ਗਈਆਂ ਸਨ। ਪ੍ਰੰਤੂ ਉਸ ਸਮੇਂ ਦਲ-ਬਦਲੀ ਤੇ ਉਤਰੇ ਸਜਣ ਨਿਜੀ ਸੁਆਰਥ ਪੂਰਤੀ ਦੇ ਨਸ਼ੇ ਦਾ ਸ਼ਿਕਾਰ ਹੋ, ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਵਿਛਾਏ ਜਾਲ ਵਿੱਚ ਲਗਾਤਾਰ ਫਸਦੇ ਚਲੇ ਗਏ ਤੇ ਦਲ-ਬਦਲੀ ਕਰ, ਗਲੇ ਵਿੱਚ ਹਾਰ ਪਵਾ ਲੈਣ ਨੂੰ ਹੀ ਆਪਣਾ ਸਨਮਾਨ ਮੰਨ ਬੈਠੇ। ਦਸਿਆ ਗਿਆ ਹੈ ਕਿ ਬਾਦਲ ਅਕਾਲੀ ਦਲ ਵਿੱਚ ਅੱਜ ਉਨ੍ਹਾਂ ਦੀ ਕੋਈ ਪੁਛ-ਪ੍ਰਤੀਤ ਨਹੀਂ, ਕੋਈ ਨਹੀਂ ਪੁਛਦਾ ਕਿ ਉਹ ਕਿਥੇ ਹਨ ਅਤੇ ਕੀ ਕਰ ਰਹੇ ਹਨ? ਕੀ ਉਨ੍ਹਾਂ ਨੂੰ ਵੀ ਕੁਝ ਚਾਹੀਦਾ ਹੈ? ਮਤਲਬ ਇਹ ਕਿ ਉਨ੍ਹਾਂ ਦੀ ਹਾਲਤ ‘ਅਬ ਪਛਤਾਏ ਕਿਆ ਹੋਤ’ ਵਾਲੀ ਹੋ ਗਈ ਹੋਈ ਹੈ। ਜਿਸਦਾ ਇਥੇ ਵਿਸਥਾਰ ਨਾਲ ਜ਼ਿਕਰ ਕਰਨਾ ਉਨ੍ਹਾਂ ਦਾ ਅਪਮਾਨ ਕਰਨ ਦੇ ਤੁਲ ਹੋਵੇਗਾ।

ਯੂਕੇ ਨੇ ਘੇਰਿਆ : ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ (ਯੂਕੇ) ਨੇ ਉੱਤਰਾਖੰਡ ਦੇ ਮੁੱਦੇ ਤੋਂ ਹਟ, ਫਿਰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੂੰ ਘੇਰਦਿਆਂ ਸਵਾਲ ਉਠਾਇਆ ਹੈ ਕਿ ਗੁਰਦੁਆਰਾ ਚੋਣਾਂ ਦੌਰਾਨ ਉਨ੍ਹਾਂ ਉਸ ਸਮੇਂ ਦੇ ਸੱਤਾਧਾਰੀਆਂ ਪੁਰ ਦੋਸ਼ ਲਾਇਆ ਸੀ ਕਿ ਉਨ੍ਹਾਂ ਬਾਲਾ ਸਾਹਿਬ ਹਸਪਤਾਲ ਬੀ ਐਲ ਕਪੂਰ ਗਰੁਪ ਦੇ ਹੱਥ ਵੇਚ ਦਿੱਤਾ ਹੈ। ਇਹ ਦੋਸ਼ ਲਾਂਦਿਆਂ ਉਨ੍ਹਾਂ ਦਿੱਲੀ ਦੇ ਸਿੱਖਾਂ ਨਾਲ ਵਾਇਦਾ ਕੀਤਾ ਸੀ ਕਿ ਜੇ ਉਹ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਹੁੰਦੇ ਹਨ ਤਾਂ ਉਹ ਬੀ ਐਲ ਕਪੂਰ ਗਰਪੁ ਨਾਲ ਕੀਤੇ ਗਏ ਸਮਝੌਤੇ ਨੂੰ ਰੱਦ ਕਰ, ਹਸਪਤਾਲ ਅਤੇ ਉਸਦੀ ਜ਼ਮੀਨ, ਜੋ ਪੰਥ ਦੀ ਅਮਾਨਤ ਹਨ, ਪੰਥ ਨੂੰ ਵਾਪਸ ਕਰਵਾਣਗੇ, ਪ੍ਰੰਤੂ ਗੁਰਦੁਆਰਾ ਕਮੇਟੀ ਦੀ ਸੱਤਾ ਸੰਭਾਲਿਆਂ ਪੰਜ ਮਹੀਨਿਆਂ ਦਾ ਸਮਾਂ ਬੀਤ ਜਾਣ ਤੇ ਵੀ, ਉਨ੍ਹਾਂ ਸੰਗਤਾਂ ਨਾਲ ਕੀਤਾ ਵਾਇਦਾ ਪੂਰਾ ਨਹੀਂ ਕੀਤਾ ਅਤੇ ਨਾ ਹੀ ਹਸਪਤਾਲ ਦੀ ਜ਼ਮੀਨ ਵੇਚੇ ਜਾਣ ਦੇ ਦਸਤਾਵੇਜ਼ ਸਾਰਵਜਨਿਕ ਕੀਤੇ ਹਨ। ਸ. ਜਸਜੀਤ ਸਿੰਘ ਯੂਕੇ ਨੇ ਪੁਛਿਆ ਕਿ ਕੀ ਗੁਰਦੁਆਰਾ ਚੋਣਾਂ ਸਮੇਂ ਬਾਦਲ ਅਕਾਲੀ ਦਲ ਵਲੋਂ ਸਿੱਖਾਂ ਦਾ ਵਿਸ਼ਵਾਸ ਜਿਤਣ ਲਈ ਜੋ ਇਹ ਨਾਰਾ ਦਿੱਤਾ ਗਿਆ ਸੀ ਕਿ ‘ਜੋ ਕਹਾਂਗੇ ਉਹ ਕਰਾਂਗੇ’, ਕੇਵਲ ਹਵਾਈ ਸੀ ਅਤੇ ਹੋਰ ਵਾਇਦਿਆਂ ਪੁਰ ਅਧਾਰਤ ਜੋ ਚੋਣ ਐਲਾਨ-ਨਾਮਾ (ਮੈਨੀਫੈਸਟੋ) ਜਾਰੀ ਕੀਤਾ ਗਿਆ ਸੀ, ਕੀ ਉਹ ਮਾਤ੍ਰ ਕਾਗਜ਼ੀ ਦਸਤਾਵੇਜ਼ ਸੀ?

ਵਿਧਾਨ ਸਭਾ ਚੋਣਾਂ ਬਨਾਮ ਅਕਾਲੀ : ਜਿਵੇਂ ਕਿ ਪਿਛਲੇ ਦਿਨੀਂ ਦਸਿਆ ਗਿਆ ਸੀ ਕਿ ਨੇੜ ਭਵਿੱਖ ਵਿੱਚ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰਖ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਪਣੀ-ਆਪਣੀ ਉਮੀਦਵਾਰੀ ਨੂੰ ਪਕਿਆਂ ਕਰਨ ਲਈ ਦਲ ਦੇ ਕਈ ਮੁੱਖੀਆਂ ਨੇ ਗੋਟੀਆਂ ਬਿਠਾਣੀਆਂ ਸ਼ੁਰੂ ਕਰ ਦਿੱਤੀਆਂ ਹਨ। ਰਾਜੌਰੀ ਗਾਰਡਨ ਹਲਕੇ, ਜਿਥੋਂ ਪਿਛਲੀ ਵਾਰ ਜ. ਅਵਤਾਰ ਸਿੰਘ ਹਿਤ ਨੇ ਚੋਣ ਲੜੀ ਸੀ, ਤੋਂ ਸ. ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੀ ਡਿੰਪਲ ਚੱਡਾ ਆਹਮੋ-ਸਾਹਮਣੇ ਆ ਗਏ ਹਨ, ਉਨ੍ਹਾਂ ਦੇ ਆਹਮੋ-ਸਾਹਮਣੇ ਆ ਜਾਣ ਨਾਲ ਇਉਂ ਜਾਪਦਾ ਹੈ, ਜਿਵੇਂ ਇਸ ਹਲਕੇ ਤੋਂ ਜ. ਅਵਤਾਰ ਸਿੰਘ ਹਿਤ ਨੇ ਆਪਣਾ ਦਾਅਵਾ ਛੱਡ ਦਿੱਤਾ ਹੈ। ਜਦਕਿ ਇਸ ਸਬੰਧ ਵਿੱਚ ਜਦੋਂ ਜ. ਹਿਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਉਹ ਇਸ ਵਾਰ ਵੀ ਇਥੋਂ (ਰਾਜੌਰੀ ਗਾਰਡਨ) ਤੋਂ ਹੀ ਵਿਧਾਨ ਸਭਾ ਦੀ ਚੋਣ ਲੜਨਗੇ। ਉਧਰ ਮੰਨਿਆ ਜਾਂਦਾ ਹੈ ਕਿ ਸ. ਰਵਿੰਦਰ ਸਿੰਘ ਖੁਰਾਨਾ ਅਤੇ ਸ. ਜਤਿੰਦਰ ਸਿੰਘ ਸ਼ੰਟੀ ਵੀ ਆਪਣੇ ਪੁਰਾਣੇ ਹਲਕਿਆਂ, ਤਰਤੀਬਵਾਰ ਆਦਰਸ਼ ਨਗਰ ਅਤੇ ਸ਼ਾਹਦਰਾ ਤੋਂ ਚੋਣ ਲੜਨ ਲਈ ਤਿਆਰ ਹਨ। ਜੇ ਜ. ਅਵਤਾਰ ਸਿੰਘ ਹਿਤ ਰਾਜੌਰੀ ਗਾਰਡਨ ਹਲਕੇ ਤੋਂ ਹੀ ਚੋਣ ਲੜਦੇ ਹਨ ਤਾਂ ਫਿਰ ਕੀ ਸ. ਮਨਜਿੰਦਰ ਸਿੰਘ ਸਿਰਸਾ ਆਪਣੇ ਪਹਿਲੇ ਹਲਕੇ ਜੰਗ ਪੁਰਾ ਹਲਕੇ ਤੋਂ ਹੀ ਚੋਣ ਲੜਨਾ ਚਾਹੁਣਗੇ ਜਾਂ ਕਿਸੇ ਹੋਰ ਹਲਕੇ ਤੋਂ ਆਪਣਾ ਦਾਅਵਾ ਪੇਸ਼ ਕਰਨਗੇ? ਦਸਿਆ ਜਾਂਦਾ ਹੈ ਇਨ੍ਹਾਂ ਤੋਂ ਬਿਨਾਂ ਕੁਝ ਹੋਰ ਪ੍ਰਦੇਸ਼ ਅਕਾਲੀ ਮੁੱਖੀ ਵੀ ਹਨ ਜੋ ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਣ ਲਈ ਅਕਾਲੀ ਹਾਈ ਕਮਾਨ ਸਾਹਮਣੇ ਆਪੋ-ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ, ਇਨ੍ਹਾਂ ਵਿੱਚ ਜ. ਮਨਜੀਤ ਸਿੰਘ ਜੀਕੇ, ਸ. ਗੁਰਲਾਡ ਸਿੰਘ, ਬਖਸ਼ੀ ਮਨਦੀਪ ਕੌਰ, ਜ. ਕੁਲਦੀਪ ਸਿੰਘ ਭੋਗਲ, ਸ. ਗੁਰਮੀਤ ਸਿੰਘ ਸ਼ੰਟੀ, ਜ. ਉਂਕਾਰ ਸਿੰਘ ਥਾਪਰ ਆਦਿ ਦੇ ਨਾਂ ਇਸ ਚਰਚਾ ਵਿੱਚ ਸੁਣੇ ਜਾ ਰਹੇ ਹਨ।
ਸ਼੍ਰੀ ਡਿੰਪਲ ਚੱਡਾ ਦੀ ਨੀਤੀ : ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਹਾਲਾਂਕਿ ਦਿੱਲੀ ਵਿੱਚ ਸਰਗਰਮ ਹਨ ਅਤੇ ਦਲ ਦੇ ਕੋਟੇ ਤੋਂ ਹੀ ਨਿਗਮ ਪਾਰਸ਼ਦ ਬਣਨ ਵਿੱਚ ਸਫਲ ਹੋਏ ਹਨ। ਪ੍ਰੰਤੂ ਅਰੰਭ ਤੋਂ ਹੀ ਉਨ੍ਹਾਂ ਦੀ ਜੋ ਕਾਰਜਸ਼ੈਲੀ ਵੇਖਣ ਵਿੱਚ ਆ ਰਹੀ ਹੈ, ਉਸ ਤੋਂ ਇਉਂ ਜਾਪਦਾ ਹੈ, ਜਿਵੇਂ ਉਹ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਤੋਂ ਦੂਰੀ ਬਣਾ ਕੇ ਚਲਣਾ ਚਾਹੁੰਦੇ ਹਨ। ਉਨ੍ਹਾਂ ਵਲੋਂ ਆਯੋਜਤ ਪ੍ਰੋਗਰਾਮਾਂ ਵਿੱਚ ਕਦੀ-ਕਦਾਈਂ ਹੀ ਦਲ ਦੇ ਪ੍ਰਦੇਸ਼ ਮੁਖੀਆਂ ਦੇ ਚੇਹਰੇ ਵੇਖਣ ਨੂੰ ਮਿਲਦੇ ਹਨ। ਇਥੋਂ ਤਕ ਕਿ ਉਨ੍ਹਾਂ ਵਲੋਂ ਜਾਰੀ ਇਸ਼ਤਿਹਾਰਾਂ ਵਿੱਚੋਂ ਵੀ ਪ੍ਰਦੇਸ਼ ਮੁਖੀਆਂ ਦੇ ਫੋਟੋ ਤਾਂ ਦੂਰ, ਉਨ੍ਹਾਂ ਦਾ ਨਾਂ ਤਕ ਵੀ ਗਾਇਬ ਹੁੰਦੇ ਹਨ। ਸ਼ਾਇਦ ਉਹ ਇਹ ਮੰਨ ਕੇ ਚਲ ਰਹੇ ਹਨ ਕਿ ਦਲ ਦੇ ਪ੍ਰਦੇਸ਼ ਮੁੱਖੀਆਂ ਦੀ ‘ਛੱਬੀ’ ਉਨ੍ਹਾਂ ਦੇ ਰਾਜਸੀ ਹਿਤ ਲਈ ‘ਸ਼ੁਭ’ ਨਹੀਂ। ਇਸੇ ਕਾਰਣ ਉਹ ਉਨ੍ਹਾਂ ਦੀ ‘ਛੱਬੀ’ ਦਾ ਪ੍ਰਛਾਵਾਂ ਆਪਣੇ ਪੁਰ ਪੈਣ ਦੇਣਾ ਨਹੀਂ ਚਾਹੁੰਦੇ।

…ਅਤੇ ਅੰਤ ਵਿੱਚ : ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪ੍ਰਿੰਸੀਪਲਾਂ, ਗੁਰਦੁਆਰਿਆਂ ਦੇ ਮੁੱਖ ਗ੍ਰੰਥੀਆਂ ਅਤੇ ਕਮੇਟੀ ਦੇ ਸਟਾਫ ਦੇ ਹੋਰ ਮੈਂਬਰਾਂ ਦੇ ਜਿਸ ਤਰ੍ਹਾਂ ਤਬਾਦਲੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਲੈ ਕੇ ਹੈਰਾਨੀ ਅਤੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਇਹ ਹੈਰਾਨੀ ਅਤੇ ਰੋਸ ਕਮੇਟੀ ਦੇ ਮੁੱਖੀਆਂ ਦੇ ਤਬਾਦਲੇ ਕਰਨ ਦੇ ਅਧਿਕਾਰ ਨੂੰ ਲੈ ਕੇ ਨਹੀਂ, ਸਗੋਂ ਇਸ ਗਲ ਨੂੰ ਲੈ ਕੇ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਤਬਾਦਲੇ ਕਰਦਿਆਂ ਨਾ ਤਾਂ ਸਬੰਧਤ ਅਹੁਦੇਦਾਰ ਦੇ ‘ਸਟੇਟਸ’ ਦਾ ਅਤੇ ਨਾ ਹੀ ਉਸਦੀ ਯੋਗਤਾ ਦਾ ਹੀ ਧਿਆਨ ਰਖਿਆ ਜਾ ਰਿਹਾ ਹੈ, ਜਿਸ ਨਾਲ ਅਜਿਹੇ ਅਹੁਦੇਦਾਰ ਤਾਂ ਸਨਮਾਨ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਨੂੰ ਆਪਣੇ ‘ਸਟੇਟਸ’ ਅਤੇ ਯੋਗਤਾ ਤੋਂ ਕਿਤੇ ਵਧ ਮਿਲ ਰਿਹਾ ਹੈ ਅਤੇ ਉਹ ਆਪਣੇ ਆਪਨੂੰ ਅਪਮਾਨਤ ਮੰਨ ਰਹੇ ਹਨ, ਜਿਨ੍ਹਾਂ ਨੂੰ ਆਪਣੇ ‘ਸਟੇਟਸ’ ਅਤੇ ਯੋਗਤਾ ਤੋਂ ਨੀਵੀਂ ਥਾਂ ਜਾਂ ਅਹੁਦੇ ਤੇ ਬਦਲਿਆ ਗਿਆ ਹੈ ਜਾਂ ਬਦਲਿਆ ਜਾ ਰਿਹਾ ਹੈ। ਇਹ ਸਥਿਤੀ ਹੈਰਾਨੀ ਹੀ ਨਹੀਂ, ਸਗੋਂ ਨਿਰਾਸ਼ਾ ਪੈਦਾ ਕਰਨ ਵਾਲੀ ਵੀ ਮੰਨੀ ਜਾਇਗੀ, ਜੋ ਕਿਸੇ ਵੀ ਸੰਸਥਾ ਦੇ ਹਿਤ ਵਿੱਚ ਨਹੀਂ ਹੋ ਸਕਦੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>