ਗੁਰਬਾਣੀ ਦੇ ਬੋਹਿਥ-ਸ਼ਹੀਦਾਂ ਦੇ ਸਿਰਤਾਜ

ਗੁਰੂ ਅਰਜਨ ਸਚੁ ਸਿਰਜਨਹਾਰ ਹਨ, ਸ਼ਬਦ ਦੀ ਸੱਚੀ ਟਕਸਾਲ ਹਨ। ਕੇਵਲ ਇੱਕ ਸਤਿ ਪੁਰਖ ਹੀ ਉਹਨਾਂ ਦਾ ਅਧਾਰ ਤੇ ਅਰਾਧ ਹੈ। ਸਤਿ ਦੀ ਬਾਣੀ-ਪ੍ਰਭ ਕੀ ਬਾਣੀ ਉਚਾਰਦੇ ਹਨ, ਜੋ ਕਰਤਾ ਪੁਰਖ ਨੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਕਢਵਾਈ। ਗੁਰਬਾਣੀ ਉਚਾਰਦੇ ਵੀ ਹਨ, ਚਾਰ ਪਤਾਸ਼ਾਹੀਆਂ ਦੀ ਪ੍ਰਾਪਤ ਬਾਣੀ ਦਾ ਸੰਕਲਨ ਕਰਦੇ ਹਨ, 30 ਭਗਤਾਂ, ਫਕੀਰਾਂ, ਆਤਮਦਰਸ਼ੀ ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਦੇ ਪਰਖਣਹਾਰ ਹਨ। ਗੁਰਬਾਣੀ ਦੀ ਸ਼ੁੱਧਤਾ ਤੇ ਪ੍ਰਮਾਣਿਕਤਾ ਬਰਕਰਾਰ ਰੱਖਣ ਲਈ ਸੰਪਾਦਨਾ ਕਰ (ਗੁਰੂ) ਗ੍ਰੰਥ ਸਾਹਿਬ ਦੇ ਪਹਿਲੇ ਸਰੂਪ ਦੀ ਸਿਰਜਨਾ ਕਰਦੇ ਹਨ ਅਤੇ ਪ੍ਰਕਾਸ਼ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ ਅਦਭੁੱਤ ਤੇ ਅਲੋਕਿਕ ਰਚਨਾ ਕਰਦੇ ਹਨ। ਸਤਿ ਧਰਮ ਦੀ ਅਜ਼ਾਦੀ ਦੀ ਰਾਖੀ ਕਰਦਿਆਂ ਆਪਣੇ ਪ੍ਰਾਣ ਨਿਛਾਵਰ ਕਰ ਸਿੱਖ ਧਰਮ ਦੇ ਪਹਿਲੇ ਸ਼ਹੀਦ ਸ਼ਿਰੋਮਣੀ ਦੀ ਉੱਚ ਤੇ ਨਿਵੇਕਲੀ ਪਦਵੀ ਤੇ ਬਿਰਾਜਮਾਨ ਹਨ।

ਬਹੁਤ ਉਪਮਾ ਥੋਰਿ ਕਹੀ
……
ਮਾਤਾ ਭਾਨੀ ਜੀ ਦੀ ਪਾਵਨ ਕੁੱਖ ਅਤੇ ਪਿਤਾ (ਗੁਰੂ) ਰਾਮਦਾਸ ਜੀ ਦੇ ਗ੍ਰਹਿ ਵਿਖੇ 15 ਅਪ੍ਰੈਲ ਸੰਨ 1563 ਵਿੱਚ ਗੋਬਿੰਦਪੁਰੀਸਮ ਗੋਇੰਦਵਾਲ ਵਿੱਚ ਪ੍ਰਕਾਸ਼ ਹੋਇਆ।

“ਗੁਰੂ ਅਰਜਨ ਘਰਿ ਗੁਰੂ ਰਾਮਦਾਸ ਭਗਤਿ ਉਤਰਿ ਆਇਉ॥”

ਨਾਨਾ ਗੁਰੂ ਅਮਰਦਾਸ ਜੀ ਦੀਆਂ ਸ਼ੁਭ ਅਸੀਸਾਂ ਅਤੇ ਪਿਤਾ (ਗੁਰੂ) ਰਾਮਦਾਸ ਜੀ ਦੀ ਅਗਵਾਈ ਵਿੱਚ ਸੇਵਾ ਤੇ ਸਿਮਰਨ ਦੇ ਮਾਹੌਲ ਵਿੱਚ ਪਰਵ੍ਰਿਸ਼ ਹੋਈ। ਤੀਸਰੇ ਪਾਤਿਸ਼ਾਹ ਦੇ ਦਰਬਾਰ ਵਿੱਚ ਦੂਰੋਂ ਨੇੜਿਓ ਆਉਣ ਵਾਲੀਆਂ ਹਜ਼ਾਰਾਂ ਆਤਮ ਅਭਿਲਾਸ਼ੀ ਸੰਗਤਾਂ ਨੂੰ ਸੇਵਾ ਸਿਮਰਨ ਦੀ ਘਾਲ-ਕਮਾਈ ਕਰਦੇ ਗੁਰੂ ਰਹਿਮਤ ਸਦਕਾ ਜਨਮ ਜਨਮ ਦੀ ਲੱਗੀ ਮੈਲ ਕਟ ਨਦਰੀ ਨਦਰਿ ਨਿਹਾਲ ਹੁੰਦੇ (ਗੁਰੂ) ਅਰਜਨ ਦੇਵ ਜੀ ਨੂੰ ਬਚਪਨ ਵਿੱਚ ਵੇਖਣ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਇਸੇ ਲਈ ਭੱਟ ਕਲਸਹਾਰ ਜੀ ਨੇ ਅੰਕਿਤ ਕੀਤਾ “ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ” ਮਾਤ ਭਾਨੀ ਜੀ ਜਿਵੇਂ ਸਿੱਖੀ ਦ੍ਰਿੜ ਕਰਵਾ ਰਹੇ ਸੀ ਗੁਰੂ ਪਦਵੀ ਪ੍ਰਾਪਤ ਹੋਣ ਉਪ੍ਰੰਤ ਉਚਾਰੇ ਇਸ ਸ਼ਬਦ ਤੋਂ ਦ੍ਰਿਸ਼ਟਮਾਨ ਹੁੰਦਾ ਹੈ। “ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸੁ” ਜੇ ਅੱਜ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਇਹ ਸ਼ਬਦ ਆਪਣੇ ਬੱਚੇ ਨੂੰ ਦ੍ਰਿੜ ਕਰਵਾ ਦੇਣ ਤਾਂ ਉਹਨਾਂ ਦੀ ਸੰਤਾਨ ਮਾਤਾ ਪਿਤਾ ਦੀ ਸਦਾ ਅਗਿਆਕਾਰ ਰਹੇ ਤੇ ਅਜੋਕੇ ਸਮਾਜ ਵਿੱਚ ਫੈਲ ਰਿਹਾ ਵਿਭਚਾਰ, ਭ੍ਰਿਸ਼ਟਾਚਾਰ, ਨਸ਼ੇ, ਹੜਦੁੰਗ ਤੇ ਅਪਰਾਧਕ ਬਿਰਤੀ ਵਿੱਚ ਸਮਾਜ ਗ੍ਰਸਿਆ ਨਾ ਜਾਵੇ।
(ਗੁਰੂ) ਅਰਜਨ ਦੇਵ ਜੀ ਨੂੰ ਗੁਰਤਾ ਪਦਵੀ ਦੀ ਬਖਸ਼ਿਸ਼ ਵੀ ਗੁਰੂ ਸੰਤਾਨ ਹੋਣ ਕਾਰਣ ਨਹੀਂ ਬਲਕਿ ਸੇਵਕ ਹੋਨ ਕਰਕੇ ਹੀ ਪ੍ਰਾਪਤ ਹੋਈ ਜਿਵੇ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋ ਮਰਿਯਾਦਾ ਸੀ। ਚੌਥੇ ਪਾਤਸ਼ਾਹ ਦੇ ਤਿੰਨ ਸੱਪੁਤਰ ਸਨ ਸਭ ਤੋਂ ਵੱਡੇ ਪ੍ਰਿਥੀ ਚੰਦ, ਦੂਸਰੇ ਮਹਾਂਦੇਵ ਅਤੇ ਸਭ ਤੋਂ ਛੋਟੇ ਗੁਰੂ ਅਰਜਨ।
ਪਹਿਲਾਂ ਵਾਂਗ ਹੀ ਗੁਰਤਾ ਦੀ ਪਦਵੀ ਹੁਕਮ, ਸਿਦਕ ਤੇ ਪ੍ਰੇਮਾਂ ਭਗਤੀ ਦੁਆਰਾ ਹੋਈ। ਗੁਰੂ ਰਾਮਦਾਸ ਜੀ ਦੀ ਆਗਿਆ ਅਨੁਸਾਰ ਲਾਹੌਰ ਵਿੱਚ ਇੱਕ ਪ੍ਰਵਾਰਿਕ ਸਮਾਗਮ ਵਿੱਚ ਜਾਨ ਦੀ ਆਗਿਆ ਹੋਈ, ਪਰ ਅੰਮ੍ਰਿਤਸਰ ਵਾਪਸੀ ਵੀ ਹੁਕਮ ਮਿਲਨ ਉਪਰੰਤ ਹੀ ਹੋਵੇਗੀ। ਗੁਰਤਾ ਗੱਦੀ ਦੀ ਲਾਲਸਾ, ਜਿੰਨ੍ਹਾਂ ਨੂੰ ਸੀ, ਉਹ ਅੱਖੋਂ ਉਹਲੇ ਨਾ ਜਾਕੇ ਗੁਰਤਾ ਗੱਦੀ ਤੇ ਆਪਣਾ ਦਾਵਾ ਰਖਨਾ  ਚਾਹੁੰਦੇ ਸੀ।( ਗੁਰੂ) ਅਰਜਨ ਜੀ ਦੀ ਅਵਸਥਾ ਮਾਨ ਮੋਹ ਅਰੁ ਲੋਭ ਵਿਕਾਰਾਂ ਤੋਂ ੳੇੁਚੇਰੀ ਸੀ। ਗੁਰੂ ਆਗਿਆ ਵਿੱਚ ਹੀ ਕਾਰ ਕਰਦੇ ਸਨ ਇਸ ਲਈ ਖੁਸ਼ੀ-ਖੁਸ਼ੀ ਲਾਹੌਰ ਚਲੇ ਗਏ। ਲਾਹੌਰ ਕਈ ਮਹੀਨੇ ਰਹਿਣਾ ਪਿਆ, ਗੁਰੂ ਚਰਣਾਂ, ਸੰਗਤਾਂ ਅਤੇ ਗੁਰ ਦਰਬਾਰ ਤੋਂ ਵਿਛੋੜਾ ਅਸਹਿ ਸੀ। ਉਨ੍ਹਾਂ ਦੀ ਬਿਹਬੱਲਤਾ, ਮਨ ਦੀ ਵੇਦਨਾ, ਪ੍ਰੇਮਾ ਭਗਤੀ ਦੀ ਕਸਕ ਉਹਨਾਂ ਸ਼ਬਦਾ ਦੁਆਰਾ ਸਪਸ਼ਟ ਹੁੰਦੀ ਹੈ ਜੋ ਗੁਰੂ ਪਾਤਸ਼ਾਹ ਨੂੰ ਭੇਜੇ ਗਏ ਇਸ ਅਵਸਥਾ ਦਾ ਜਿਕਰ ਸ਼ਬਦ ਹਜਾਰੇ ਦੇ ਆਰੰਭਕ ਚਾਰ ਸ਼ਬਦਾਂ ਵਿੱਚ ਹੈ

‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪੁ ਕਰੇ ਚਾਤ੍ਰਿਕ ਕੀ ਨਿਆਈ॥
…………
ਤੇਰਾ ਮੁਖੁ ਸੁਹਾਵਾ ਜੀਉ ਸਹਿਜ ਧੁਨਿ ਬਾਣੀ॥ ਚਿਰੁ ਹੋਆ ਦੇਖੇ ਸਾਰਿੰਗ ਪਾਣੀ
……
ਇਕ ਘੜੀ ਨਾ ਮਿਲਤੇ ਤਾ ਕਲਜੁਗੁ ਹੋਤਾ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ
…….
ਜਦ ਭਾਈ ਗੁਰਦਾਸ ਜੀ ਨੂੰ ਭੇਜ ਕੇ ਆਦਰ ਸਹਿਤ ਬੁਲਵਾ ਲੈਂਦੇ ਹਨ ਤਾਂ ਮਿਲਣ ਦੇ ਚਾਅ ਵਿੱਚ ਖੀਵੇ ਹੋ ਉਚਾਰਦੇ ਹਨ,
ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥

ਕਿਤੇ ਵੀ ਪਿਤਾ ਕਰ ਕੇ ਸੰਬੋਧਨ ਨਹੀਂ ਕੀਤਾ, ਨਾ ਹੀ ਪੁੱਤਰ ਦਾ ਰਿਸ਼ਤਾ ਜਤਾਇਆ ਸਤਿਗੁਰੁ ਦਾ ਅਟੱਲ ਵਿਸ਼ਵਾਸ ਪੁੱਤਰ ਦਾ ਨਹੀਂ, ਸੇਵਕੀ ਦਾ ਹੈ।‘ਸੇਵਕ ਕਉ ਸੇਵਾ ਬਨਿ ਆਈ, ਹੁਕਮਿ ਬੂਝ ਪਰਮੁ ਪਦ ਪਾਈ ਅਨੁਸਾਰ ਗੁਰੂ ਪਦਵੀ ਦੀ ਬਖਸਿਸ਼ ਪ੍ਰਾਪਤ ਹੋਈ।

‘ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ’

ਅਨੂਪ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ) ਤੇ ਰਾਮਦਾਸ ਸਰੋਵਰ ਦਾ ਕਾਰਜ ਜਿਹੜਾ ਚੌਥੇ ਪਤਾਸ਼ਾਹ ਨੇ ਆਰੰਭ ਕੀਤਾ ਸੀ ਸਭ ਤੋਂ ਪਹਿਲਾਂ ਸਰੋਵਰ ਪੱਕਾ ਕੀਤਾ, ਪ੍ਰਕਰਮਾ ਦਾ ਕਾਰਜ ਕਰਵਾਇਆ। ਸਰੋਵਰ ਵਿਚਕਾਰ ਹਰਿਮੰਦਰ ਸਾਹਿਬ ਦੀ ਸਿਰਜਨਾ ਕੀਤੀ ਜਿਸ ਦੀ ਨੀਂਹ ਮੁਸਲਿਮ ਫਕੀਰ ਸਾਂਈ ਮੀਆਂ ਮੀਰ ਜੀ ਤੋਂ ਰੱਖਵਾਈ। ਭਾਈ ਗੁਰਦਾਸ ਜੀ ਅਨੁਸਾਰ ‘ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ॥

ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਪੂਰਨ ਹੋਣ ਤੇ ਬੇਨਤੀ ਕੀਤੀ ਗਈ ਕਿ ਕਾਜ ਸਪੂੰਰਨਤਾ ਤੇ ਪਹਿਲਾ ਭੋਜ ਦਾ ਥਾਲ  ਕਿਸੇ ਬ੍ਰਾਹਮਣ ਨੂੰ ਭੇਜਿਆ ਜਾਵੇ? ਪ੍ਰੋਹਿਤਵਾਦ ਤੇ ਚੋਟ ਕਰਦਿਆਂ ਫਰਮਾਇਆ ਸਾਡਾ ਸਿਦਕੀ ਸਿੱਖ ਭਾਈ ਬੰਨੋ ਹੀ ਸਾਡਾ ਪ੍ਰੋਹਤ ਹੈ ਕੋਈ ਬ੍ਰਾਹਮਣ ਨਹੀਂ। ‘ਹਮਰਾ ਪ੍ਰੋਹਿਤ ਭਾਈ ਬੰਨੋ ਸਾਧ ਸੰਗਤ ਤੁਮ ਸਤਿ ਕਰ ਮੰਨੋ॥ ਐਸਾ ਹਰਿਮੰਦਰ ਸਾਜਿਆ ਜਿਥੇ ਹਰ ਕੋਈ ਬਿਨ੍ਹਾ ਕਿਸੇ ਮਜਹਬ, ਜਾਤ, ਰੂਪ ਰੰਗ ਤੇ ਨਸਲ ਦੇ ਵਿਤਕਰੇ, ਦਰਸ਼ਨ ਦੀਦਾਰ ਤੇ ਸਜਦਾ ਕਰ ਸਕਦਾ ਹੈ। ਸਰੋਵਰ ਵਿੱਚ ਇਸ਼ਨਾਨ ਦੀ ਖੁੱਲ, ਲੰਗਰ ਦੀ ਪੰਗਤ ਵਿੱਚ ਪਰਸ਼ਾਦਿ ਛਕਣ ਦੀ ਸਾਂਝ ਅਤੇ ਹਰਿਮੰਦਰ ਵਿੱਚ ਅਰਦਾਸ ਬੇਨਤੀ ਦੀ ਅਜਾਦੀ, ਮਜਹਬਾਂ ਤੇ ਧਰਮ ਮਾਰਗਾਂ ਦੀ ਸਹਿਹੋਂਦ ਇਤਿਹਾਸ ਵਿੱਚ ਪਹਿਲੀ ਵੇਰ ਦ੍ਰਿਸ਼ਟੀ ਗੋਚਰ ਹੋਈ। ਇਸ ਦੇਸ਼ ਵਿੱਚ ਤਾਂ ਰਸੋਈ ਹਰ ਇੱਕ ਦੀ ਅਲੱਗ ਸੀ, ਖੂਹ ਦਾ ਪਾਣੀ ਵੀ ਸਾਂਝਾ ਨਹੀਂ ਸੀ, ਗੰਗਾ ਇਸ਼ਨਾਨ ਵੀ ਕੋਈ ਗੈਰ ਹਿੰਦੂ ਜਾਂ ਦਲਿਤ ਨਹੀਂ ਕਰ ਸਕਦਾ ਸੀ। ਮੰਦਰਾਂ ਵਿੱਚ ਕੋਈ ਮੁਸਲਮਾਨ ਨਹੀਂ ਸੀ ਜਾਂਦਾ ਸ਼ੂਦਰਾਂ ਦਾ ਦਾਖਲਾ ਬੰਦ ਸੀ, ਮਸਜਿਦਾਂ ਵਿੱਚ ਕੋਈ ਹਿੰਦੂ ਨਹੀਂ ਸੀ ਜਾ ਸਕਦਾ। ਐਸੇ ਸਮੇਂ ਲੰਗਰ, ਪੰਗਤ, ਸਰੋਵਰ ਤੇ ਦਰਸ਼ਨ ਇਸ਼ਨਾਨ ਦੀ ਏਕਤਾ ਧਰਮ ਦੀ ਦੁਨੀਆਂ ਵਿੱਚ ਇਨਕਲਾਬ ਹੀ ਕਿਹਾ ਜਾ ਸਕਦਾ ਹੈ।

‘ਸੰਤਹੁ ਰਾਮਦਾਸ ਸਰੋਵਰੁ ਨੀਕਾ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀਅ ਕਾ॥ ਐਸਾ ਪਰਮਾਤਮਾਂ ਦਾ ਘਰ ਬਣਿਆਂ ਜਿਸ ਵਿੱਚ ਹਰ ਕਿਸੇ ਨੂੰ ਆਉਣ ਜਾਣ ਦੀ ਪੂਰੀ ਖੁੱਲ੍ਹ ਸੀ।

‘ਜਿਸ ਦਰ ਆਵਤ ਜਾਤ ਤੇ ਹਟਕੇ ਨਾਹੀਂ ਕੋਇ॥
ਸੋ ਦਰ ਕੈਸਾ ਛੋਡੀਈਏ ਜੋ ਦਰ ਐਸਾ ਹੋਇ॥
‘ਹਰਿ ਮੰਦਰ ਹਰਿ ਜੂ ਸਾਜਿਆ ਸੰਤ ਭਗਤ ਗੁਣਿ ਗਾਵਹਿ ਰਾਮ॥’

ਸਿੱਖ ਧਰਮ ਦੇ ਕੌਮੀ ਸੰਗਠਨ ਲਈ ਸ੍ਰੀ ਦਰਬਾਰ ਸਾਹਿਬ ਦੀ ਸਿਰਜਣਾ ਨਾਲ ਅਜਿਹੇ ਕੇਂਦਰ (ਮਰਕਜ਼) ਦੀ ਬਖ਼ਸ਼ਿਸ਼ ਹੋਈ ਕਿ ‘ਅਹਿਲੇ ਮਰਕਜ਼’ ਬਣ ਕੌਮੀ ਸਰੂਪ ਪ੍ਰਾਪਤ ਹੋਇਆ। ਡਾ: ਇਕਬਾਲ ਨੇ ਇਸ ਖਿਆਲ ਨੂੰ ਇਉਂ ਬਿਆਨ ਕੀਤਾ ਹੈ ‘ਕੋਮੋ ਕੇ ਲੀਏ ਮਰਕਜ਼ ਹੈ ਆਬੋ ਹਯਾਤ’ ਤੇ ਫਿਰ ਕਿਹਾ ਕੋਮੋ ਕੇ ਲਿਏ  ਮੌਤ ਹੈ ਮਰਕਜ ਸੇ ਜੁਦਾਈ।

ਗੁਰੂ ਰਾਮਦਾਸ ਜੀ ਦਾ ਵੀ ਬਚਨ ਹੈ, ‘ਪੇਡ ਮੁਡਾਊ ਕਟੀਐ ਸਭ ਡਾਲ ਸੁਕੰਦੇ’ ਅਥਵਾ ਜੇ ਦਰੱਖਤ ਨੂੰ ਮੁਢੋਂ ਵੱਡ ਦਿੱਤਾ ਜਾਵੇ ਤਾਂ ਕੋਈ ਡਾਲੀ ਹਰੀ ਨਹੀਂ ਰਹਿੰਦੀ ਸਭ ਸੁੱਕ ਜਾਣਗੀਆਂ।

ਹਰ ਧਰਮ ਅਸਥਾਨ ਮੰਦਰ ਮਸਜਦ ਵਿੱਚ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ ਪਰ ਸ੍ਰੀ ਦਰਬਾਰ ਸਾਹਿਬ ਦੀ ਵਿਸ਼ੇਸ਼ਤਾ ਹੈ ਕਿ  ਪੌੜੀਆਂ ਉਤਰ ਕੇ ਦਰਸ਼ਨ ਸੰਭਵ ਹਨ। ਇਹ ਪ੍ਰਤੀਕ ਹੈ ਹਊਮੈ ਤਿਆਗ, ਹਲੀਮੀ ਤੇ ਨਿਮਰਤਾ ਨਾਲ ਮਨ ਨੀਵਾਂ ਰੱਖ ਕੇ ਹੀ ਰੱਬ ਦੀ ਦਰਗਾਹ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਸ੍ਰੀ ਦਰਬਾਰ ਸਾਹਿਬ ਵਿੱਚ ਚਾਰ ਦਿਸ਼ਾਵਾਂ ਦਾ ਝਗੜਾ ਮੁਕਾਉਂਦੇ ਹਰਿਮੰਦਰ ਦੇ ਚਾਰੇ ਦਰਵਾਜੇ ਚਾਰੇ ਦਿਸ਼ਾਵਾਂ ਦੇ ਵਿਚਕਾਰ ਹਨ ਕੋਈ ਵੀ ਇੱਕ ਦਿਸ਼ਾ ਵਿੱਚ ਨਹੀਂ। ਹਿੰਦੂ ਹਰੀ ਕਾ ਵਾਸ ਦੱਖਣ ਦਿਸ਼ਾ ਵਿੱਚ ਮੰਨਦਾ ਹੈ ਅਤੇ ਮੁਸਲਮਾਨ ਅਲਾਹ ਦਾ ਘਰ ਮਗਰਬ (ਪੱਛਮ) ਵਿੱਚ ਮੰਨਦਾ ਹੈ ਪਰ ਗੁਰੂ ਸਾਹਿਬ ਕਣ-ਕਣ ਅਤੇ ਹਰ ਦਿਸ਼ਾ ਵਿੱਚ ਪ੍ਰਭੂ ਦਾ ਨਿਵਾਸ ਮੰਨਦੇ ਹਨ। ਸ੍ਰੀ ਦਰਬਾਰ ਸਾਹਿਬ ਵਿੱਚ ਜੀਵਨ ਹੈ, ਏਸੇ ਲਈ ਇਥੇ ਮੌਤ ਦੀ ਅਰਦਾਸ ਨਹੀਂ ਹੁੰਦੀ ਅਤੇ ਨਾ ਹੀ ਸਰੀਰ ਦਰਬਾਰ ਸਾਹਿਬ ਲਿਜਾਇਆ ਜਾਂਦਾ। ਚਿਤਰ ਵੀ ਜੀਵੰਤ ਹਨ ਪੰਛੀਆਂ ਦੀਆਂ ਅਜਾਦ ਉਡਾਰੀਆਂ ਚਿੱਤਰਤ ਹਨ ਸ਼ਿਕਾਰ ਨਹੀਂ।

(ਗੁਰੂ) ਗ੍ਰੰਥ ਸਾਹਿਬ ਦਾ ਸਰੂਪ ਸਿਰਜਣਾ ਵਿਸ਼ਵ ਵਿੱਚ ਹਰ ਪ੍ਰਚਲਿਤ ਧਰਮ ਦਾ ਆਪੋ ਆਪਣਾ ਧਰਮ ਗ੍ਰੰਥ ਹੈ। ਸਨਾਤਨ ਧਰਮ, ਬੁੱਧ, ਜੈਨ, ਇਸਲਾਮ ਅਤੇ ਈਸਾਈਆਂ ਦੇ ਧਰਮ ਗ੍ਰੰਥ ਹਨ ਪਰ ਉਹਨਾਂ ਵਿੱਚ ਕਿਸੇ ਹੋਰ ਧਰਮ ਦੇ ਪੈਰੋਕਾਰਾਂ ਦਾ ਕੋਈ ਕਲਾਮ ਨਹੀਂ। ਪੰਚਮ ਪਾਤਸ਼ਾਹ ਨੇ ਜਦੋਂ ਗੁਰਬਾਣੀ ਦਾ ਸੰਕਲਨ ਕਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨ ਦਾ ਕਾਰਜ ਆਰੰਭ ਕੀਤਾ ਤਾਂ ਉਹਨਾਂ ਪਾਸ ਚਾਰ ਗੁਰੂ ਸਾਹਿਬਾਨ ਦੀ ਬਾਣੀ ਮੌਜੂਦ ਸੀ। ਪੰਚਮ ਪਾਤਸ਼ਾਹ ਦੀ ਆਪਣੀ ਰਚਨਾ ਤੋਂ ਇਲਾਵਾ ਦੇਸ਼ ਭਰ ਵਿੱਚੋਂ ਭਗਤਾਂ ਅਤੇ ਮੁਸਲਮਾਨ ਫਕੀਰਾਂ ਦੇ ਕਲਾਮ ਵੀ ਆਪ ਪਾਸ ਪੁੱਜੇ। ਬਹੁਤ ਸਾਰੇ ਭਗਤ ਤੇ ਫਕੀਰ ਆਏ ਪਰ ਪਾਤਸ਼ਾਹ ਨੇ ਅਨੇਕਾਂ ਦੀ ਰਚਨਾ ਨੂੰ ਪ੍ਰਵਾਨ ਨਹੀਂ ਕੀਤਾ। ਜਿਨ੍ਹਾਂ ਨੇ ਬ੍ਰਹਮ ਨੂੰ ਬੁੱਧੀ ਅਥਵਾ ਅਕਲ ਦਾ ਜਾਂ ਮੰਤਕ ਦਾ ਫਲਸਫਾ ਸਮਝ ਕਾਵਿ ਰਚਨਾ ਕੀਤੀ ਪਰ ਨਾ ਬ੍ਰਹਮ ਨੂੰ ਅੰਤਰ ਆਤਮੇਂ ਮਹਿਸੂਸ ਕੀਤਾ ਅਤੇ ਨਾ ਹੀ ਬ੍ਰਹਮ ਵਿੱਚ ਲਿਵਲੀਨਤਾ ਦੀ ਅਵਸਥਾ ਪ੍ਰਾਪਤ ਸਨ। ਪੰਚਮ ਪਾਤਸ਼ਾਹ ਨੇ ਸੱਚ ਦੀ ਕਸਵਟੀ ਤੇ ਇੰਨ੍ਹਾਂ ਨੂੰ ਪਰਖਿਆ ‘ਮਨ ਸੱਚ ਕਸਵਟੀ ਲਾਈਐ ਤੁਲੀਏ ਪੂਰੇ ਤੋਲ’। ਕੇਵਲ ਉਹਨਾਂ ਦਾ ਕਲਾਮ ਹੀ ਪ੍ਰਵਾਨ ਚੜ੍ਹਿਆ ਜੋ ਅੰਤਰ ਆਤਮਾ ਦੀ ਇਕਮਿਕਤਾ ਦੀ ਰਸਲੀਨ ਅਵਸਥਾ ਵਿੱਚ ਵਿਚਰ ਆਨੰਦ ਰੂਪ ਹੋ ਗਏ ਪਰ ਸਮਾਜਿਕ ਜੀਵਨ ਨਹੀਂ ਤਿਆਗਿਆ। ਰਿਸ਼ਤੇ ਨਾਤੇ ਤੇ ਮਨੁੱਖੀ ਸਮਾਜ ‘ਹਰਿ ਕੇ ਕੀਏ’ ਹਨ। ‘ਇਹ ਬਿਖ ਸੰਸਾਰ ਜੋ ਤੁਮ ਦੇਖਤੇ ਇਹ ਹਰ ਕਾ ਰੂਪ ਹੈ ਹਰਿ ਰੂਪ ਨਦਰਿ ਆਇਆ’॥ ‘ਆਪ ਸਤ ਕੀਆ ਸਭ ਸਤ’ ਪਰਮਾਤਮਾ ਨੇ ਹੀ ਇਸ ਸੰਸਾਰ ਦੀ ਰਚਨਾ ਕੀਤੀ ਹੈ ਇਸ ਲਈ ਸਿੱਖੀ ਦਾ ਮਾਰਗ ¡ਇਕ ਪਰਮ ਸਤ ਦੀ ਅਰਾਧਨਾ, ਕੂੜ ਦੀ ਪਾਲ ਨੂੰ ਤੋੜ ਪ੍ਰਭੂ ਦੇ ਹੁਕਮ ਰਜ਼ਾ ਵਿੱਚ ਚਲਣਾ ਹੀ ਸਚ ਦਾ ਮਾਰਗ ਦਰਸਾਇਆ। ਸੱਚੇ ਮਾਰਗ ਤੇ ਆਪ ਚਲੇ ਤੇ ਮਨੁੱਖੀ ਸਮਾਜ ਦੀ ਅਗਵਾਈ ਕੀਤੀ।

‘ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥’

ਜਿਨ੍ਹਾਂ ਭਗਤਾਂ ਫਕੀਰਾਂ ਦੀ ਬਾਣੀ ਜਾਂ ਕਲਾਮ ਸਿਰੇ ਚੜ੍ਹਿਆ ਲਗਭਗ ਇਹ ਸਾਰੇ ਹੀ ਮੰਨੂ ਦੇ ਜਾਤ ਪਾਤ ਅਨੁਸਾਰ ਨਿਮਨ ਜਾਤਾਂ ਵਿੱਚੋਂ ਸਨ ਜਿੰਨ੍ਹਾਂ ਨੂੰ ਵੇਦ ਬਾਣੀ ਸੁਨਣ ਦੀ ਇਜ਼ਾਜਤ ਨਹੀਂ ਸੀ ਅਤੇ ਪੜ੍ਹਨ ਸੁਨਣ ਲਈ ਸਖਤ ਸਜਾਵਾਂ ਦਾ ਵਿਧਾਨ ਸੀ। ਬਾਬਾ ਫਰੀਦ (ਮੁਸਲਮਾਨ), ਕਬੀਰ (ਜੁਲਾਹਾ) ਸੈਣ (ਨਾਈ) ਨਾਮਦੇਵ (ਛੀਂਬਾ) ਰਵਿਦਾਸ (ਚਮਾਰ) ਸਧਨਾ (ਕਸਾਈ) ਧੰਨਾ (ਜੱਟ)  ਪਰ ਗੁਰੂ ਸਾਹਿਬ ਨੇ ਇਨ੍ਹਾਂ ਸਾਰੇ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਲ ਕਰ ਮੰਨੂ ਦੀ ਜਾਤ ਪਾਤ ਨੂੰ ਮੂਲੋਂ ਹੀ ਖਾਰਿਜ ਕਰ ਦਿਤਾ।

ਅੰਮ੍ਰਿਤਸਰ ਵਿੱਚ ਸ੍ਰੀ ਰਾਮਸਰ ਸਰੋਵਰ ਦੇ ਕੰਢੇ ਰਮਣੀਕ ਅਤੇ ਇਕਾਂਤ ਵਾਲੇ ਸਥਾਨ ਦੀ ਚੋਣ ਕੀਤੀ ਜਿਥੇ ਬੈਠ ਕੇ ਪੰਚਮ ਪਾਤਸ਼ਾਹ ਦੀ ਅਗਵਾਈ ਵਿੱਚ (ਗੁਰੂ) ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਤਿਆਰ ਕੀਤਾ। ਆਦਿ ਗ੍ਰੰਥ ਨੂੰ ਮੁੱਖ ਤੌਰ ਤੇ ਚਾਰ ਹਿੱਸਿਆ ਵਿੱਚ ਵੰਡਿਆ ਗਿਆ। ਪਹਿਲਾਂ ਪ੍ਰਸਤਾਵਨਾ, ਫਿਰ ਬਾਣੀ ਰਾਗਾਂ ਵਿੱਚ, ਰਾਗਾਂ ਤੋਂ ਬਾਹਰ, ਸਲੋਕ ਸਹਿਸਕ੍ਰਿਤੀ, ਗਾਥਾ, ਚਉਬਲੇ, ਸਵੱਈਏ ਅਤੇ ਸਲੋਕ ਵਾਰਾਂ ਤੋਂ ਵਧੀਕ।ਅਖੀਰ ਵਿਚ ਅਤੇ ਮੁੰਦਾਵਨੀ ਅੰਕਿਤ ਕੀਤੀ ਗਈ। ਮੁੰਦਾਵਨੀ ਦਾ ਅਰਥ ਹੁੰਦਾ ਹੈ ਮੁੰਦ ਦੇਣਾ ਅਥਵਾ ਸੰਪੂਰਨ ਕਰਨਾ। ਅੰਗਰੇਜੀ ਵਿੱਚ ਇਸ ਨੂੰ EPILOGUE(ਐਪੀਲਾਗ) ਕਹਿੰਦੇ ਹਨ। ਕਿਸੇ ਮਸ਼ਹੂਰ ਵਿਦਵਾਨ, ਬਾਦਸ਼ਾਹ ਜਾਂ ਜਰਨੈਲ ਆਦਿ ਬਾਰੇ ਉਸਦੇ ਪੂਰੇ ਹੋਣ ਉਪਰੰਤ ਉਸਦੇ ਜੀਵਨ ਦਾ ਮੰਤਵ, ਕਾਰਜ ਅਤੇ ਪ੍ਰਾਪਤੀ ਦਾ ਜਿਕਰ EPILOGUE ਅੰਗਰੇਜੀ ਕਾਵਿ ਦੀਆਂ ਕੁਝ ਪੰਕਤੀਆਂ ਵਿੱਚ ਜ਼ਿਕਰ ਹੁੰਦਾ ਹੈ। (ਗੁਰੂ) ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਵੀ ਪੰਚਮ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਮੁੰਦਾਵਨੀ ਵਿੱਚ ਉਲੇਖ ਕੀਤਾ ਕਿ ਇਸ ਰਾਹੀਂ ਆਤਮਕ ਭੋਜਨ ਦਾ ਇੱਕ ਥਾਲ ਪਰੋਸਿਆ ਹੈ ਜਿਸ ਵਿੱਚ ਸਤਿ, ਸੰਤੋਖ ਅਤੇ ਗਿਆਨ ਦਾ ਭੋਜਨ ਹੈ ਜੋ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਅੰਮ੍ਰਿਤ ਵਿੱਚ ਤਿਆਰ ਕੀਤਾ ਗਿਆ ਹੈ। ਇਹ ਐਲਾਨ ਕੀਤਾ ਕਿ ਗੁਰਬਾਣੀ ਦਾ ਇਹ ਭੋਜਨ ਜੋ ਖਾਵੇ ਅਤੇ ਭੁੰਚੇਗਾ (ਹਜ਼ਮ) ਉਸ ਪ੍ਰਾਣੀ ਦਾ ਉਧਾਰ ਨਿਸਚੇ ਹੀ ਹੋਵੇਗਾ। ਇਸ ਭੋਜਨ ਨੂੰ ਨਿੱਤ ਨਿੱਤ ਭੁੰਚਨ ਦਾ ਆਦੇਸ਼ ਵੀ ਦਿੱਤਾ।
ਮੁੰਦਾਵਨੀ ਮਹੱਲਾ 5 ਦੇ ਸ਼ਬਦ ਹਨ :-

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
…………………
ਇਸ ਉਪਰੰਤ ਪ੍ਰਭੂ ਦੇ ਸ਼ੁਕਰਾਨੇ ਦਾ ਸ਼ਬਦ ਅੰਕਿਤ ਕੀਤਾ ਕਿ ਜਿਹੜੀ ਪ੍ਰਭ ਕੀ ਬਾਣੀ ਦਾ (ਗੁਰੂ) ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋਇਆ ਹੈ ਇਹ ਸਭ ਤੇਰੀ ਕਿਰਪਾ ਹੈ।
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ
…………………॥
ਆਦਿ ਗ੍ਰੰਥ ਸਾਹਿਬ ਦਾ ਸਰੂਪ ਸੰਨ 1604 ਈ. ਵਿੱਚ ਤਿਆਰ ਹੋਇਆ। ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੀਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ ਗੁਰੂ ਅਰਜਨ ਦੇਵ ਜੀ ਚਵਰ ਕਰਦੇ ਪੁੱਜੇ ਅਤੇ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਪਹਿਲੀ ਸੰਮਤ 1661, 30 ਅਗਸਤ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਬਾਬਾ ਬੁੱਢਾ ਜੀ, ਜਿੰਨ੍ਹਾ ਦਾ ਇਹ ਸੁਭਾਗ ਸੀ ਕਿ ਉਸ ਵੇਲੇ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਸਨ ਤੇ ਸਿੱਖੀ ਜੀਵਨ ਦੀ ਸਾਕਾਰ ਮੂਰਤ ਸਨ, ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗਰੰਥੀ ਨਿਯੁਕਤ ਹੋਏ।

ਮਨੁੱਖ ਨੂੰ ਜੀਵਨ ਦੀ ਸੱਚੀ ਸੁਚੀ ਅਗਵਾਈ ਵਾਸਤੇ ਗੁਰੂ ਦੀ ਲੋੜ ਹਰ ਸਮੇਂ ਅਤੇ ਹਰ ਸਥਾਨ ਤੇ ਹੈ ਪਰ ਸਰੀਰ ਕਰ ਕੇ ਗੁਰੂ ਹਰ ਸਮੇਂ ਹਰ ਸਥਾਨ ਤੇ ਉਪਲਬਧ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਹਰ ਸਮੇਂ ਹਰ ਸਥਾਨ ਤੇ ਜਾਹਿਰਾ ਜਹੂਰ ਤੇ ਹਾਜ਼ਰ ਨਾਜ਼ਰ ਹੈ ਤੇ ਸਦੈਵ ਅਗਵਾਈ  ਪ੍ਰਾਪਤ ਕੀਤੀ ਜਾ ਸਕਦੀ ਹੈ। ਐਸਾ ਮਹਾਨ ਪਰਉਪਕਾਰ ਪੰਚਮ ਪਾਤਸ਼ਾਹ ਨੇ ਕੀਤਾ ਅਤੇ ਸੰਸਾਰ ਦਾ ਭਵਸਾਗਰ ਪਾਰ ਕਰਨ ਲਈ ਗੁਰਬਾਣੀ ਦਾ ਜਹਾਜ ਤਿਆਰ ਕੀਤਾ।
ਗੁਰੂ ਜੀਵਨ ਦਾ ਸਿਖਰ-ਸ਼ਹਾਦਤ
………………
ਪੰਚਮ ਪਾਤਸ਼ਾਹ ਦੇ ਜੀਵਨ ਦਾ ਸਿਖਰ ਸ਼ਹਾਦਤ ਹੈ ਜਿਸ ਦਾ ਵਰਨਣ ਭਾਈ ਸੰਤੋਖ ਸਿੰਘ ਜੀ ਗੁਰ ਪ੍ਰਤਾਪ ਸੂਰਜ ਵਿੱਚ ਤਿੰਨ ਸਿਰਲੇਖਾਂ ਹੇਠ ਕਰਦੇ ਹਨ। ‘ਤਪਤ ਲੋਹ, ਤਪਤ ਬਾਰੂ ਅਤੇ ਤਪਤ ਨੀਰ’। ਕਈ ਵੇਰ ਮਨ ਵਿੱਚ ਸੁਆਲ ਉਠਦਾ ਹੈ ਕਿ ਐਸੀ ਸੁਖ ਸਹਿਜ ਦੀ ਮਿੱਠੀ ਅਤੇ ਆਨੰਦਮਈ ਬਾਣੀ ਉਚਾਰਣ ਵਾਲੇ ਸ਼ਾਤੀ ਦੇ ਪੁੰਜ ਤੇ ਮਿੱਠ ਬੋਲੜੇ ਸਤਿਗੁਰੂ ਨੂੰ
ਸਖ਼ਤ ਤਪਸ਼ ਦਾ ਟਾਕਰਾ ਕਿਉਂ ਕਰਨਾ ਪਿਆ। ਗੁਰੂ ਪਾਤਿਸ਼ਾਹ ਸੰਸਾਰ ਨੂੰ ਅੱਗ ਦਾ ਸਾਗਰ ਦੱਸਦੇ ਹਨ ਆਪ ਤਾਂ ਸ਼ਾਂਤੀ ਦੇ ਪੁੰਜ ਹਨ, ਠੰਡ ਦਾ ਘਰ ਹਨ (ਗੁਰ ਦਾਤਾ ਗੁਰ ਹਿਵੈ ਘਰੁ……), ਮਿਠਬੋਲੜੇ ਹਨ ਪਰ ਉਹਨਾਂ ਨੇ ਇਸ ਜਗਤ ਜਲੰਦੇ ਦੀ ਸਮੂਚੀ ਤਪਸ਼
“ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ
……………॥
ਆਪ ਸਹਿਣ ਕੀਤੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਚਿਆ ਹੈ ਜਿਸ ਵਿੱਚ ਸਭ ਤੋਂ ਵੱਧ ਬਾਣੀ (2216 ਸ਼ਬਦ) ਪੰਚਮ ਪਾਤਸ਼ਾਹ ਦੇ ਉਚਾਰੇ ਹਨ ਅਤੇ ਅਗਨ ਸਾਗਰ ਸੰਸਾਰ ਤੋਂ ਪਾਰ ਉਤਰਨ ਦਾ ਮਾਰਗ ਇਸ ਵਿਚ ਨਿਸ਼ਚਿਤ ਕੀਤਾ ਹੈ। ਗੁਰਬਾਣੀ ਕੇਵਲ ਖਿਆਲੀ ਫਲਸਫਾ ਨਹੀਂ ਉਨਤੀਆਂ ਯੁਕਤੀਆਂ ਜਾਂ ਸਿੱਧੀ ਪ੍ਰਾਪਤ ਕਰਨ ਲਈ ਕੋਈ ਜੰਤਰ, ਮੰਤਰ, ਤੰਤਰ ਨਹੀਂ। ਇਹ ਹੁਕਮ ਨੂੰ ਸਮਝਣਾ, ਬੂਝਣਾ ਤੇ ਹੁਕਮ ਰਜਾ ਅਨੁਸਾਰ ਜੀਵਨ ਢਾਲਣਾ ਹੈ। ਪਰਮ ਪਦ ਦੀ ਪ੍ਰਾਪਤੀ ਹੁਕਮ ਪ੍ਰਵਾਨ ਕਰਨ ਨਾਲ ਹੋ ਸਕਦੀ ਹੈ। ਗੁਰਬਾਣੀ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਸ਼ਬਦ ਪਹਿਲਾਂ ਗੁਰੂ ਸਾਹਿਬ ਤੇ ਫਿਰ ਸਿੱਖਾਂ ਨੇ ਕਮਾ ਕੇ ਇਤਿਹਾਸ ਸਿਰਜਿਆ ਹੈ। ਗੁਰਬਾਣੀ ਦੇ ਅੱਖਰ ਅੱਖਰ ਦੀ ਘਾਲ ਕਮਾਈ ਸਰਬ ਵਿਆਪਕਤਾ, ਸਾਰਥਿਕਤਾ ਤੇ ਗੁਰਬਾਣੀ ਦੇ ਸੱਚ ਨੂੰ ਉਜਾਗਰ ਕਰਨ ਹਿੱਤ ਪੰਚਮ ਪਾਤਸ਼ਾਹ ਸ਼ਹੀਦੀ ਮਾਰਗ ਤੇ ਆਪ ਚੱਲੇ।

ਇਤਿਹਾਸ ਗਵਾਹ ਹੈ ਕਿ ਹਕੂਮਤ ਕਿਸੇ ਵੀ ਧਰਮ ਦੀ ਜਥੇਬੰਦਕ ਸ਼ਕਤੀ ਨੂੰ ਵਿਸ਼ੇਸ਼ ਕਰ ਕੇ ਜਿਹੜਾ ਧਰਮ ਹਾਕਮਾਂ ਦੇ ਆਕੀਦੇ ਤੋਂ ਅੱਡ ਹੋਵੇ ਉਸਨੂੰ ਰਾਜ ਲਈ ਖਤਰਨਾਕ ਸਮਝਦੀ ਹੈ। ਜਰਮਨੀ ਦੇ ਸਰ ਕੈਸਰ ਵਿਲਿਅਮ ਨੇ ਇਸ ਸੱਚ ਨੂੰ ਸਵੀਕਾਰਦਿਆਂ ਹੋਇਆ ਲਿਖਿਆ “Everyreligiousmovementisinfactpolitical; (ਹਰ ਧਾਰਮਿਕ ਲਹਿਰ ਅਸਲ ਵਿੱਚ ਰਾਜਸੀ ਹੁੰਦੀ ਹੈ)। ਕਿਉਂਕਿ ਇੱਕ ਆਦਰਸ਼ ਹੇਠ ਜੁੜੀ ਲੋਕ ਸ਼ਕਤੀ ਹੀ ਇਨਕਲਾਬ ਜਾਂ ਰਾਜ ਪਲਟਾ ਲਿਆਉਣ ਦੇ ਸਮਰਥ ਹੋ ਜਾਂਦੀ ਹੈ।

ਇਤਿਹਾਸ ਵਿੱਚ ਜਦੋਂ ਵੀ ਮਨੁੱਖੀ ਸਮਾਜ ਦਾ ਕੋਈ ਹਿੱਸਾ ਆਪਣਾ ਗੌਰਵ ਅਤੇ ਅਜਾਦੀ ਗੁਆ ਲੈਂਦਾ ਹੈ ਤਾਂ ਰੱਬੀ ਗਿਆਨ ਦੇ ਵਿਸਮਾਦ ਵਿੱਚ ਖੀਵੀ ਹੋਈ ਕੋਈ ਹਸਤੀ ਸ਼ਹਾਦਤ ਦੇ ਕੇ ਇਤਿਹਾਸ ਦਾ ਰੁਖ ਮੋੜਦੀ ਹੈ ਤੇ ਅਜਿਹੀ ਸ਼ਹਾਦਤ ਦੇ ਫਲਸਰੂਪ ਹੀ ਇਨਕਾਬੀ ਲਹਿਰ ਉਭਰਦੀ ਹੈ। ਪੰਚਮ ਪਾਤਸ਼ਾਹ ਦੀ ਸ਼ਹਾਦਤ ਕੇਵਲ ਪ੍ਰਿਥੀ ਚੰਦ ਜਾਂ ਚੰਦੂ ਦੀ ਈਰਖਾ ਨਾਲ ਅਤੇ ਤੁਅੱਸਬੀ ਸ਼ੇਖ਼ ਅਹਿਮਦ ਸਰਹੰਦੀ ਦੀਆਂ ਸਾਜਸ਼ਾਂ ਨਾਲ ਹੀ ਨਹੀਂ ਹੋਈ ਬਲਕਿ ਇਹ ਸਾਰੇ ਛੋਟੇ ਕਾਰਨ ਤਾਂ ਹੋ ਸਕਦੇ ਹਨ ਪਰ ਅਸਲ ਕਾਰਨ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਤੁਅੱਸਬੀ ਮਜ਼ਹਬੀ ਪਾਲਸੀ ਸੀ ਜਿਸ ਨਾਲ ਗੁਰੂ ਪਾਤਸ਼ਾਹ ਦਾ ਮੁਢੋਂ ਹੀ ਵਿਰੋਧ ਸੀ। ਗੁਰੂ ਜੀ ਰਾਜ ਦੇ ਧਰਮ ਵਿੱਚ ਦਖਲ ਵਿਰੁੱਧ ਅਤੇ ਪਰਜਾ ਦੇ ਧਰਮ ਦਾ ਦਮਨ ਨੂੰ ਰੱਬੀ ਸਿਧਾਤ ਤੇ ਇਨਸਾਫ ਦਾ ਘੋਰ ਉਲੰਘਣ ਸਮਝਦੇ ਹਨ ਇਸੇ ਲਈ ਪੰਚਮ ਪਾਤਸ਼ਾਹ ਅਪਣੀ ਸ਼ਹਾਦਤ ਰਾਹੀਂ ਇਸ ਵਿੱਚ ਦਖਲ ਦੇ ਕੇ ਜਾਲਮ ਤੇ ਜੁਲਮ ਨੂੰ ਰੋਕਦੇ ਰੱਬੀ ਜੋਤ ਦਾ ਪ੍ਰਕਾਸ਼ ਕਰਦੇ ਹਨ।

ਸਮੇਂ ਦੇ ਬਾਦਸ਼ਾਹ ਨੇ ਆਪਣੀ ਸਵੈਜੀਵਨੀ “ਤੁਜਕਿ ਜਹਾਂਗੀਰੀ,” ਵਿੱਚ ਇਹ ਇਕਬਾਲ ਕੀਤਾ ਕਿ ਬਿਆਸ ਦਰਿਆ ਦੇ ਕੰਢੇ ਤੇ ਗੋਇੰਦਵਾਲ ਅਰਜਨ ਨਾਮ ਦਾ ਇੱਕ ਹਿੰਦੂ ਰਹਿੰਦਾ ਹੈ ਜੋ ਧਾਰਮਿਕ ਗੁਰੂ ਅਥਵਾ ਮੁਰਸ਼ਦ ਕਹਾਉਂਦਾ ਹੈ। ਉਸਦੀ ਖਿਆਤੀ (ਮਸ਼ਹੂਰੀ) ਵੱਧ ਰਹੀ ਹੈ ਅਤੇ ਹਰ ਦਿਸ਼ਾਵਾਂ ਤੋਂ ਲੋਕਾਂ ਦੀ ਭੀੜ ਉਹਨਾਂ ਪਾਸ ਜੁੜ ਰਹੀ ਸੀ। ਬਹੁਤ ਗਿਣਤੀ ਵਿੱਚ ਸਧਾਰਨ ਹਿੰਦੂ ਤੇ ਕੁਝ ਮੂਰਖ ਮੁਸਲਮਾਨ ਵੀ ਉਸਨੂੰ ਸੱਚਾ ਮੁਰਸ਼ਦ ਤਸਲੀਮ ਕਰ ਰਹੇ ਹਨ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਕੰਮ ਚੱਲ ਰਿਹਾ ਸੀ। ਮੈਂ ਕਾਫੀ ਲੰਬੇ ਸਮੇਂ ਤੋਂ ‘ਦੁਕਾਨੇ ਬਾਤਿਲ’ (ਝੂਠ ਦੀ ਇਸ ਦੁਕਾਨ) ਨੂੰ ਬੰਦ ਕਰਵਾ ਜਾਂ ਉਸਨੂੰ ਇਸਲਾਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਇਓ ਸਿੱਖ ਧਰਮ ਦੇ ਜਥੇਬੰਦਕ ਪਰਚਾਰ ਨਾਲ ਲੋਕਾਂ ਵਿੱਚ ਆ ਰਹੀ ਜਾਗਰਤੀ, ਜੁਰਅਤ ਤੇ ਸਾਹਸ ਨੂੰ ਮੁਗਲ ਰਾਜ ਲਈ ਖਤਰਾ ਸਮਝਦਿਆਂ ਹੋਇਆਂ ਬਾਦਸ਼ਾਹ ਜਹਾਂਗੀਰ ਨੇ ਮੁਰਤਜਾ ਖਾਨ ਨੂੰ ਸ਼ਾਹੀ ਹੁਕਮ ਜਾਰੀ ਕੀਤਾ ਕਿ ਗੁਰੂ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਮਾਲ ਅਸਬਾਬ ਜਬਤ ਕੀਤਾ ਜਾਵੇ। ਮੁਰਤਜਾ ਖਾਨ ਨੇ ਗੁਰੂ ਪਾਤਸ਼ਾਹ ਨੂੰ ਚੰਦੂ ਲਾਲ ਦੇ ਸਪੁਰਦ ਕੀਤਾ ਜਿਸ ਚੰਦੂ ਦੇ ਹੰਕਾਰ ਅਤੇ ਗੁਰੂ ਘਰ ਦੀ ਨਿੰਦਾ ਕਾਰਨ ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਉਸਦੀ ਦੀ ਧੀ ਦਾ ਰਿਸ਼ਤਾ ਸਾਹਿਬਜਾਦੇ ਨਾਲ ਪ੍ਰਵਾਨ ਨਹੀਂ ਸੀ ਕੀਤਾ ਜਿਸ ਕਰ ਕੇ ਚੰਦੂ ਨੇ ਆਪਣੀ ਦੁਸ਼ਮਣੀ ਕੱਢਣ ਲਈ ਇਸ ਮੌਕੇ ਨੂੰ ਵਰਤਿਆ। ਹਕੂਮਤ ਦੀਆਂ ਸ਼ਰਤਾਂ ਸਨ ਕਿ ਗੁਰੂ ਜੀ ਇਸਲਾਮ ਮਜਹਬ ਕਬੂਲ ਕਰ ਲੈਣ ਜਾਂ ਗੁਰਬਾਣੀ ਵਿੱਚ ਹਜਰਤ ਮੁਹੰਮਦ ਸਾਹਿਬ ਦੀ ਤਾਰੀਫ ਵਿੱਚ ਸ਼ਬਦ ਸ਼ਾਮਲ ਕਰਨ।
ਗੁਰੂ ਪਾਤਸ਼ਾਹ ਦਾ ਸਪੱਸ਼ਟ ਜਵਾਬ ਸੀ ਕਿ ਧਰਮ ਅਖਿਤਿਆਰ ਕਰਨਾ ਤੇ ਪਾਲਣਾ ਨਿੱਜੀ ਮਾਨਤਾ ਅਤੇ ਆਸਥਾ ਹੈ ਰਾਜ ਦਾ ਇਸ ਨਾਲ ਕੋਈ ਸਰੋਕਾਰ ਨਹੀਂ। ਦੂਸਰਾ ਕਿ ਗੁਰਬਾਣੀ ਪ੍ਰਭ ਕੀ ਬਾਣੀ ਹੈ, ਮੇਰੇ ਆਪਣੇ ਬੋਲ ਨਹੀਂ ਹਨ ਇਸ ਅੰਮ੍ਰਿਤ ਵਿੱਚ ਖੁਸ਼ਾਮਦ ਦੀ ਕਾਂਜੀ (ਜਹਿਰ) ਨਹੀਂ ਰਲਾਈ ਜਾ ਸਕਦੀ।     ਮੰਗੋਲ ਕਨੂੰਨ (ਯਾਸਾ ਤੇ ਸਿਆਸਤ ਅਨੁਸਾਰ) ਸ਼ਾਤੀ ਦੇ ਪੁੰਜ ਗੁਰੂ ਅਰਜਨ ਜੀ ਦੀ ਸ਼ਹੀਦੀ ਤੱਤੀ ਤਵੀ ਤੇ ਬਿਠਾ, ਤੱਤੀ ਰੇਤ ਪਾ, ਤੱਤੇ ਪਾਣੀ ਵਿੱਚ ਉਬਾਲ ਦਾਨਵੀ ਕਸ਼ਟ ਦਿੱਤੇ ਗਏ ਪਰ ਗੁਰੂ ਅਰਜਨ ਜੀ

‘ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥…… ਹੀ ਅਲਾਪਦੇ ਰਹੇ।
ਹੁਕਮ ਮੰਨਣ ਦੀ ਜਾਚ ਇਉਂ ਦੱਸੀ

‘ਮੀਤੁ ਕਰੈ ਸੋਈ ਹਮ ਮਾਨਾ॥ ਮੀਤ ਕੇ ਕਰਤਬ ਕੁਸਲ ਸਮਾਨਾ॥
………
ਗੁਰੂ ਪਾਤਸ਼ਾਹ ਦੀ ਅਵਸਥਾ ਵੈਰ ਵਿਰੋਧ ਮਾਨ ਮੋਹ ਤੋਂ ਉਚੇਰੀ ਸੀ ਜਿਸ ਦਾ ਵਰਨਣ ਇਨ੍ਹਾਂ ਸ਼ਬਦਾਂ ਦੁਆਰਾ ਕੀਤਾ
‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
ਪ੍ਰਮਾਤਮਾ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ, ਉਲਾਹਮਾ ਨਹੀਂ ਦਿੱਤਾ
‘ਉਲਾਹਣੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀੳ॥
…………
ਅੱਗ ਨਾਲ ਛਾਲੇ ਛਾਲੇ ਹੋਏ ਸਰੀਰ ਨੂੰ ਹੋਰ ਦੁੱਖ ਪਹੁੰਚਾਉਣ ਲਈ ਰਾਵੀ ਦੇ ਠੰਡੇ ਜਲ ਵਿੱਚ ਪਾ ਦਿੱਤਾ ਗਿਆ ਜਿਥੇ ਉਨ੍ਹਾਂ ਦੀ ਸ਼ਹੀਦੀ ਦੀ ਯਾਦ ਵਿੱਚ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਹੈ।
ਲਗਭਗ ਵੀਹ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦੀ ਗੁਰਪੁਰਬ ਸਮੇਂ ਭੇਜੇ ਜਾਣ ਵਾਲੇ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਬਾਉਲੀ ਸਾਹਿਬ ਦੇ ਵੀ ਦਰਸ਼ਨ ਹੋਏ। ਦਰਿਆ ਆਪਣੀ ਚਾਲ ਵਟਾ ਲੈਂਦੇ ਹਨ ਇਸ ਤਰਾਂ ਰਾਵੀ ਵੀ ਹੁਣ ਕੁਝ ਦੂਰੀ ਤੇ ਵਗਦੀ ਹੈ ਪਰ ਬਾਉਲੀ ਸਾਹਿਬ ਦੇ ਪਉੜ ਉਤਰਨ ਸਮੇਂ ਮੈਂ ਇੱਕ ਦੀਵਾਰ ਤੇ ਆਤਮ ਪ੍ਰਕਾਸ਼ ਵਾਲੇ ਕਿਸੇ ਗੁਰਸਿੱਖ ਨੇ ਇਸ ਅਦੁਤੀ ਸ਼ਹੀਦੀ ਦੀ ਮਹਾਨਤਾ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਰਾਹੀਂ ਅੰਕਿਤ ਕੀਤੀ ‘ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥’

ਸ਼ਹੀਦ ਦਾ ਖੂਨ ਧਰਮ ਦਾ ਬੀਜ ਹੁੰਦਾ ਹੈ (THEBLOODOFMARTYRSISTHESEEDOFTHECHURCH) ਕੁਰਕੁਸ਼ੇਤਰ ਦੇ ਮੈਦਾਨ ਵਿੱਚ ਹਥਿਆਰ ਸੁੱਟ ਨਿਰਾਸ਼ ਹੋਏ ਅਰਜਨ ਨੂੰ ਆਪਣੇ ਹੱਕਾਂ ਲਈ ਹਥਿਆਰ ਚੁੱਕਣ ਅਤੇ ਯੁੱਧ ਕਰਨ ਲਈ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦੇ ਤਿਆਰ ਕੀਤਾ ਗੁਰੂ ਅਰਜਨ ਦੇਵ ਜੀ ਦੀ ਪਵਿਤਰ ਸ਼ਹੀਦੀ ਨੇ ਹਜਾਰਾਂ ਤੇ ਲੱਖਾਂ ਸ਼ਹੀਦ ਪੈਦਾ ਕਰ ਦਿੱਤੇ। ਨੋਵੈਂ ਪਾਤਸ਼ਾਹ ਦਾ ਸ਼ਹੀਦੀ ਸਾਕਾ, ਚਮਕੌਰ ਦੀ ਗੜੀ, ਸਰਹੰਦ ਦੀ ਦੀਵਾਰ, ਬੰਦ ਬੰਦ ਕਟਵਾਉਣਾ ਰੰਬੀਆਂ ਨਾਲ ਖੋਪਰ ਲੁਹਾਉਣਾ ਚਰਖੜੀਆਂ ਤੇ ਚਾੜ੍ਹ ਦੇਣਾ ਇਤਿਆਦੀ ਜੁਲਮ ਦੀ ਇੰਤਹਾ ਕਰ ਦਿਤੀ ਗਈ ਪਰ ਕਿਸੇ ਸਿੱਖ ਦਾ ਗੁਰੂ ਤੇ ਨਿਸ਼ਚਾ ਅਤੇ ਸਿੱਖੀ ਸਿਦਕ ਡੁਲਾ ਨਹੀਂ ਸਕੀ। ਅਰਦਾਸ ਵਿੱਚ ਅਸੀਂ ਰੋਜ ਜੁੜ ਕੇ ਇਨ੍ਹਾਂ ਸਿਦਕਵਾਨ ਸ਼ਹੀਦਾਂ ਨੂੰ ਸਜਦਾ ਕਰਦੇ ਵਾਹਿਗੁਰੂ ਵਹਿਗੁਰੂ ਉਚਾਰਦੇ ਹਾਂ ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ…… ਧਰਮ ਨਹੀਂ ਹਾਰਿਆਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਵਾਹਿਗੁਰੂ’।

ਗੁਰੂ ਅਰਜਨ ਦੇਵ ਜੀ ਨੇ ਧਰਮ ਦੀ ਅਜਾਦੀ, ਗੁਰਬਾਣੀ ਦੀ ਸ਼ੁਧਤਾ ਤੇ ਪ੍ਰਮਾਣਿਕਤਾ ਤੇ ਸੰਗਤ ਦੀ ਸ੍ਰੇਸ਼ਟਤਾ ਕਾਇਮ ਕਰਨ ਲਈ ਲਾਸਾਨੀ ਸ਼ਹਾਦਤ ਦਿੱਤੀ ਇਸੇ ਲਈ ਸਿੱਖ ਬੜੇ ਅਦਬ ਤੇ ਮਾਣ ਨਾਲ ਸ਼ਹੀਦਾਂ ਦੇ ਸਿਰਤਾਜ ਆਖਦੇ ਹਨ ‘ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥

ਸਾਬਕਾ ਚੀਫ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਮੰਤਰੀ ਪੰਜਾਬ,

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>