ਚੰਡੀਗੜ੍ਹ-ਫਰੀਦਕੋਟ ਦੇ ਸਾਬਕਾ ਮਹਾਰਾਜਾ ਦੀਆਂ ਧੀਆਂ ਨੂੰ ਲੰਬੇ ਸਮੇਂ ਤੋਂ ਚਲੇ ਆ ਰਹੇ ਕਾਨੂੰਨੀ ਸੰਘਰਸ਼ ਤੋਂ ਬਾਅਦ ਆਪਣੇ ਪਿਤਾ ਦੀ ਸੰਪਤੀ ਦੀ ਮਾਲਕੀ ਦਾ ਹੱਕ ਪ੍ਰਾਪਤ ਹੋਇਆ। ਹੁਣ ਉਹ 20,000 ਕਰੋੜ ਤੌਂ ਵੱਧ ਦੀ ਸੰਪਤੀ ਦੀਆਂ ਵਾਰਿਸ ਹੋਣਗੀਆਂ। 23 ਸਾਲ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦਿੱਤਾ।
ਅਦਾਲਤ ਨੇ ਜਿਸ ਸੰਪਤੀ ਦਾ ਮਹਾਰਾਜਾ ਦੀਆਂ ਧੀਆਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ, ਉਸ ਵਿੱਚ ਹਿਮਾਚਲ ਪ੍ਰਦੇਸ਼,ਹਰਿਆਣਾ, ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ਦੀਆਂ ਕਈ ਪਰੋਪਰਟੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਇੱਕ ਸਾਢੇ ਤਿੰਨ ਸੌ ਸਾਲ ਪੁਰਾਣਾ ਕਿਲ੍ਹਾ, 200 ਏਕੜ ਵਿੱਚ ਫੈਲੀ ਇੱਕ ਹਵਾਈ ਪੱਟੀ, ਸੋਨਾ ਜਵਾਹਰਾਤ ਅਤੇ ਕਈ ਵਿੰਟੇਜ਼ ਕਾਰਾਂ ਸ਼ਾਮਿਲ ਹਨ। ਹੁਣ ਇਹ ਸਾਰੀ ਸੰਪਤੀ ਮਹਾਰਾਜਾ ਦੀਆਂ ਦੋਵਾਂ ਧੀਆਂ ਦੇ ਨਾਂ ਤੇ ਹੋ ਜਾਵੇਗੀ।
ਮੁੱਖ ਜੱਜ ਰਜਨੀਸ਼ ਕੁਮਾਰ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵੱਡੀ ਲੜਕੀ ਅੰਮ੍ਰਿਤ ਕੌਰ ਦੇ ਪੱਖ ਵਿੱਚ ਇਹ ਫੈਸਲਾ ਸੁਣਾਇਆ ਹੈ।ਮਹਿਲ ਦੇ ਕੁਝ ਨੌਕਰਾਂ ਨੇ ਕੁਝ ਹੋਰ ਲੋਕਾਂ ਅਤੇ ਵਕੀਲਾਂ ਦੀ ਮੱਦਦ ਨਾਲ 1 ਜੂਨ 1982 ਵਿੱਚ ਮਹਾਰਜਾ ਦੀ ਪਤਨੀ ਅਤੇ ਬਾਕੀ ਪ੍ਰੀਵਾਰ ਤੋਂ ਚੋਰੀ ਛੁੱਪੇ ਇੱਕ ਵਸੀਅਤ ਤਿਆਰ ਕਰਵਾਈ ਅਤੇ ਇਸ ਵਸੀਅਤ ਨੂੰ ਮਹਾਰਾਜਾ ਦੀ ਮੌਤ ਦੇ 8 ਮਹੀਨਿਆਂ ਬਾਅਦ ਲਾਗੂ ਕੀਤਾ ਗਿਆ। ਮਹਾਰਾਜਾ ਦੇ ਵਕੀਲਾਂ ਅਤੇ ਨੌਕਰਾਂ ਨੇ ਮਿਲਕੇ ਇੱਕ ਟਰੱਸਟ ਬਣਾਇਆ ਅਤੇ ਆਪ ਉਸ ਦੇ ਟਰੱਸਟੀ ਬਣ ਗਏ।
ਅੰਮ੍ਰਿਤ ਕੌਰ ਨੂੰ ਇਸ ਕਰਕੇ ਸੰਪਤੀ ਦੇ ਹੱਕ ਤੋਂ ਵਾਂਜਿਆ ਕਰ ਦਿੱਤਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਪਿਤਾ ਦੀ ਇੱਛਾ ਦੇ ਖਿਲਾਫ਼ ਵਿਆਹ ਕਰਵਾਇਆ ਸੀ। ਦੀਪਿੰਦਰ ਕੌਰ ਲਈ ਸਿਰਫ਼ 1200 ਰੁਪੈ ਪ੍ਰਤੀ ਮਹੀਨਾ ਅਤੇ ਮਹੀਪਿੰਦਰ ਕੌਰ ਲਈ 1000 ਰੁਪੈ ਪ੍ਰਤੀ ਮਹੀਨਾ ਤਨਖਾਹ ਨਿਯੁਕਤ ਕੀਤੀ ਗਈ। ਅੰਮ੍ਰਿਤ ਕੌਰ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 10 ਵਿੱਚ ਰਹਿੰਦੀ ਹੈ। ਦੀਪਿੰਦਰ ਕੌਰ ਕੋਲਕੱਤਾ ਵਿੱਚ ਰਹਿ ਰਹੀ ਹੈ ਅਤੇ ਮਹੀਪਿੰਦਰ ਕੌਰ ਦੀ ਪਿੱਛਲੇ ਸਾਲ ਸਿ਼ਮਲਾ ਵਿੱਚ ਮੌਤ ਹੋ ਚੁੱਕੀ ਹੈ। ਜਿਸ ਸਮੇਂ ਫਰਜ਼ੀ ਵਸੀਅਤ ਬਣਵਾਈ ਗਈ ਉਸ ਸਮੇਂ ਮਹਾਰਾਜਾ ਆਪਣੇ ਇਕਲੌਤੇ ਪੁੱਤਰ ਹਰਮੁਹਿੰਦਰ ਸਿੰਘ ਬਰਾੜ ਦੀ ਮੌਤ ਦੇ ਸਦਮੇ ਵਿੱਚ ਸਨ।