ਗੁਜਰਾਤ ਦੇ ਪੰਜਾਬੀ ਕਿਸਾਨਾਂ ਦਾ ਉਜਾੜਾ ਬੰਦ ਕਰਾਵੇ ਜਾਂ ਭਾਜਪਾ ਦਾ ਸਾਥ ਛੱਡੇ ਬਾਦਲ

ਗੁਰਦਾਸਪੁਰ – ਪ੍ਰਦੇਸ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਗਲਤ ਨੀਤੀਆਂ ਲਾਗੂ ਕਰਨ ਕਾਰਨ ਬਾਦਲ ਸਰਕਾਰ ਚੌ ਤਰਫ਼ੋਂ ਘਿਰਿਆ ਗਿਆ ਹੈ। ਸਰਕਾਰ ਵਿਰੁੱਧ ਵੱਡੇ ਪੈਮਾਨੇ ’ਤੇ ਪਨਪ ਰਹੇ ਲੋਕਾਂ ਦਾ ਰੋਹ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦੇਸ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੇ ਹਮਲਾਵਰਾਨਾ ਰੁਖ ਕਾਰਨ ਸ: ਬਾਦਲ ਇਸ ਕਦਰ ਘਬਰਾਹਟ ਵਿੱਚ ਹਨ ਕਿ ਉਹਨਾਂ ਨੂੰ ਇਹ ਵੀ ਪਤਾ ਨਹੀਂ ਚਲ ਰਿਹਾ ਕਿ ਉਹ ਕੀ ਕਹਿ ਰਹੇ ਹਨ।

ਸ: ਫ਼ਤਿਹ ਬਾਜਵਾ ਨੇ ਕਿਹਾ ਕਿ ‘‘ਜਿਸ ਰੋਗ ਨਾਲ ਬੱਕਰੀ ਮੋਈ ਉਹੀ ਰੋਗ ਪਠੋਰੇ ਨੂੰ’’ ਜਾਂ ‘‘ਜਿਹੋ ਜਿਹੇ ਕੋ ਕੋ ਤਿਹੇ ਬੱਚੇ’’ ਤਾਂ ਆਮ ਸੁਣੀਦਾ ਸੀ ਪਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਬਾਦਲ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਸੁਖਬੀਰ ਦੀ ਹੀ ਬੋਲੀ ਬੋਲ ਕੇ ਉਲਟੀ ਗੰਗਾ ਵਹਾਉਦਿਆਂ ਉਕਤ ਕਹਾਵਤਾਂ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ।

ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਚਿੱਟੇ ਦਿਨ ਗਪੌੜ ਸੰਖ ਵਜਾਉਣ ਦੀ ਆਦਤ ਤਾਂ ਸੁਖਬੀਰ ਦੀ ਸੀ ਪਰ ਹੁਣ ਸ: ਬਾਦਲ ਨੇ ਵੀ ਇਸ ਨੂੰ ਗ੍ਰਹਿਣ ਕਰ ਲਿਆ ਹੈ। ਸਾਲ ਤਕ ਪੰਜਾਬ ਨੂੰ ਬਿਜਲੀ ਪੱਖੋਂ ਸਰਪਲੱਸ ਸੂਬਾ ਬਣਾਉਣ ਅਤੇ ਵਿਕਾਸ ਸੰਬੰਧੀ ਕਰੋੜਾਂ ਦੀਆਂ ਝੂਠੀਆਂ ਫੜਾਂ ਸੁਖਬੀਰ ਤੋਂ ਇਲਾਵਾ ਹੁਣ ਸ: ਬਾਦਲ ਨੇ ਵੀ ਮਾਰਨੀਆਂ ਸ਼ੁਰੂ ਕਰ ਦਿੱਤਿਆਂ ਹਨ। ਉਹਨਾਂ ਕਿਹਾ ਕਿ ਸ: ਬਾਦਲ ਵੱਲੋਂ ਆਟਾ ਦਲ ਸਕੀਮ ਦਾ ਘੇਰਾ ਵਧਾ ਕੇ 30 ਲੱਖ ਲੋਕਾਂ ਤਕ ਲੈ ਜਾਣ ਸੰਬੰਧੀ ਬਿਆਨ ਦਾ ਸਵਾਗਤ ਯੋਗ ਹੈ ਪਰ ਲੋਕ ਜਾਣ ਦੇ ਹਨ ਕਿ ਸ: ਬਾਦਲ ਦਾ ਉਕਤ ਬਿਆਨ ਤੇ ਸਕੀਮ ਕੇਂਦਰ ਦੀ ਖੁਰਾਕ ਸੁਰੱਖਿਆ ਕਾਨੂੰਨ ਦਾ ਹੀ ਹਿੱਸਾ ਹੈ ਜਿਸ ਕਾਰਨ ਨੂੰ ਉਸਨੂੰ ਹੁਣ ਆਟਾ ਦਾਲ ਸਕੀਮ ਦੇ ਨਾਮ ਨਾਲ ਲੋਕਾਂ ਨੂੰ ਗੁਮਰਾਹ ਕਰਨ ਦੀ ਇਜਾਜਤ ਕਾਗਰਸ ਨਹੀਂ ਦੇਵੇਗੀ ।

ਉਹਨਾਂ ਕਿਹਾ ਕਿ ਸ: ਬਾਦਲ ਦੀ ਸੋੜੀ ਰਾਜਨੀਤੀ ਕਾਰਨ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਇਸ ਕਦਰ ਘਿਓ ਖਿਚੜੀ ਹੋਚੁਕਾ ਹੈ ਕਿ ਮੋਦੀ ਵਲੋਂ ਗੁਜਰਾਤ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਉਜਾੜੇ ਜਾ ਰਹੇ 50 ਪੰਜਾਬੀ ਕਿਸਾਨਾਂ ਦੇ ਮਾਮਲੇ ਪ੍ਰਤੀ ਅਨਜਾਣਤਾ ਦਾ ਪ੍ਰਗਟਾਵਾ ਕਰਨਾ ਇਸ ਦੀ ਤਾਜ਼ਾ ਮਿਸਾਲ ਹੈ।  ਉਹਨਾਂ ਕਿਹਾ ਕਿ ਗੁਜਰਾਤ ਦੇ ਕਿਸਾਨਾਂ ਨੇ ਸ: ਬਾਦਲ ਨੂੰ ਮਿਲ ਕੇ ਪਹਿਲਾਂ ਹੀ ਮੋਦੀ ਵੱਲੋਂ ਪੰਜਾਬੀ ਕਿਸਾਨਾਂ ਨੂੰ ਉਜਾੜਨ ਸੰਬੰਧੀ ਦੱਸਿਆ ਸੀ।  ਪਰ ਸ; ਬਾਦਲ ਨੇ ਪੰਜਾਬੀ ਕਿਸਾਨਾਂ ਦਾ ਸਾਥ ਦੇਣ ਦੀ ਥਾਂ ਮੋਦੀ ਦਾ ਹੀ ਪੱਖ ਪੂਰਿਆ। ਉਹਨਾਂ ਕਿਹਾ ਕਿ ਬਾਦਲ ਨੂੰ ਚਾਹੀਦਾ ਨਹੀਂ ਕਿ ਉਹ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਬਚਾਅ ਲਈ ਝੂਠ ਬੋਲੇ। ਉਹਨਾਂ ਕਿਹਾ ਕਿ ਮੋਦੀ ਜਦ ਕਿ ਹੁਣ ਐਨਡੀਏ ਵੱਲੋਂ ਪ੍ਰਧਾਨ ਮੰਤਰੀ ਲਈ ਉਮੀਦਵਾਰ ਹੈ ਤੇ ਅਕਾਲੀ ਦਲ ਐਨਡੀਏ ਦਾ ਸਾਥੀ ਹੈ ਅਜਿਹੇ ਵਿੱਚ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਉਜਾੜੇ ਤੋਂ ਬਚਾਉਣ ਲਈ ਬਤੌਰ ਪੰਜਾਬ ਦੇ ਮੁੱਖ ਮੰਤਰੀ ਅਤੇ ਐਨਡੀਏ ਭਾਈਵਾਲ ਮੋਦੀ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਠੋਸ ਕਦਮ ਚੁੱਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਨਾ ਹੋਣ ਤੇ ਬਾਦਲ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਦਾ ਸਾਥ ਛੱਡੇ। ਉਹਨਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਕੋਈ ਗੈਰ ਕਾਨੂੰਨੀ ਕਬਜ਼ਾ ਜਾਂ ਕੰਮ ਨਹੀਂ ਕੀਤਾ , ਉਹਨਾਂ ਨੂੰ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਗੁਜਰਾਤ ਦੇ ਕੱਛ ਇਲਾਕੇ ਵਿੱਚ ਵਸਾਇਆ ਤੇ ਕਿਸਾਨਾਂ ਨੇ ਜ਼ਮੀਨਾਂ ਦੀ ਬਕਾਇਦਾ ਕੀਮਤ ਚੁਕਾਈ ਹੈ। ਉਹਨਾਂ ਕਿਹਾ ਕਿ ਗੁਜਰਾਤ ਹਾਈ ਕੋਰਟ ਵੱਲੋਂ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਲਏ ਜਾਣ ਦੇ ਬਾਵਜੂਦ ਪੰਜਾਬੀ ਕਿਸਾਨਾਂ ਨੂੰ ਉਜਾੜਨ ਲਈ ਪੱਕੇ ਮਨ ਨਾਲ ਤੁਲੇ ਹੋਏ ਮੋਦੀ ਨੂੰ ਬਾਦਲਾਂ ਵੱਲੋਂ ਸਮਰਥਨ ਦੇਣਾ ਪੰਜਾਬੀਆਂ ਨਾਲ ਸ਼ਰੇਆਮ ਧੋਖਾ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਗੁਜਰਾਤ ਦੇ ਪੰਜਾਬੀ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ ਤੇ ਉਹਨਾਂ ਦੇ ਉਜਾੜੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਫ਼ਤਿਹ ਬਾਜਵਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਤਮਾਮ ਮੰਤਰੀ ਆਪਹੁਦਰੀਆਂ ਰਾਹੀਂ ਪੰਜਾਬ ਦੇ ਲੋਕਾਂ , ਉਦਯੋਗ ਅਤੇ ਵਪਾਰ ਆਦਿ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ । ਵਿਕਾਸ ਅਤੇ ਲੋਕ ਨੂੰ ਚੰਗਾ ਪ੍ਰਸ਼ਾਸਨ ਦੇ ਨਾਮ ਤੇ ਵੋਟਾਂ ਹਾਸਲ ਕਰ ਸਕਣ ਦੀ ਕੋਈ ਆਸ ਨਾ ਰਹੀ ਹੋਣ ’ਤੇ 25 ਸਾਲ ਤਕ ਰਾਜ ਕਰਨ ਦੀ ਖਵਾਇਸ਼ ਵਿੱਚ ਇਹ ਲੋਕ ਲੋਕਾਂ ਚੋਣਾਂ ਵਿੱਚ  ਵੋਟਾਂ ਦੀ ਖਰੀਦੋ ਫਰੋਖ਼ਤ ਲਈ ਪੈਸਾ ਇਕੱਠਾ ਕਰਨ ਵਿੱਚ ਜੁਟੇ ਹੋਏ ਹਨ । ਲੋਕਾਂ ’ਤੇ ਭਾਰੀ ਟੈਕਸਾਂ ਦਾ ਬੋਝ, ਨਵਾਂ ਚੰਡੀਗੜ੍ਹ ਵਸਾਉਣ ਦਾ ਫਰਾਡ ਕਰਨਾ, ਈਟੀਓਜ਼ ਨੂੰ 25 -25 ਲਖ ਇਕੱਠਾ ਕਰਨ ਦਾ ਟਾਰਗੈਟ ਦੇਣਾ , ਈ ਟ੍ਰਿਪ ਰਾਹੀਂ ਟਰਾਂਸਪੋਰਟ ਅਤੇ ਕਾਰੋਬਾਰੀਆਂ ਨੂੰ ਤਬਾਹ ਕਰਨਾ, ਗੈਰ ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਦੇ ਨਾਮ ’ਤੇ ਲੋਕਾਂ ਦੀ ਕੀਤੀ ਜਾ ਰਹੀ ਲੁਟ ਇਸੇ ਸਾਜ਼ਿਸ਼ ਦਾ ਹਿੱਸਾ ਹਨ।

ਉਹਨਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਕਾਰਨ ਲੋਕਾਂ ਦਾ ਰੋਸ ਇੱਕ ਦਿਨ ਲਾਵਾ ਬਣ ਕੇ ਫੁੱਟੇਗਾ ਤੇ ਬਾਦਲ ਸਮੇਤ ਇਸ ਦੇ ਸਾਰੇ ਅਹਿਲਕਾਰਾਂ ਦਾ ਲੋਕ ਗਦਾਫੀ ਤੇ ਸੱਦਾਮ ਹੁਸੈਨ ਵਾਲਾ ਹਸ਼ਰ ਕਰ ਦੇਣਗੇ।

ਉਹਨਾਂ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਥਾਂ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੁਲੀਸ ਦੀ ਮਿਲੀਭੁਗਤ ਨਾਲ ਪਿੰਡਾਂ ਵਿੱਚ ਦਹਿਸ਼ਤ ਅਤੇ ਤਣਾਓ ਪੂਰਨ ਮਾਹੌਲ ਸਿਰਜ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਇਸ ਮਕਸਦ ਲਈ ਸਰਕਾਰ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਅਫ਼ਵਾਹਾਂ ਫੈਲਾਈਆਂ ਜਾ  ਰਹੀਆਂ ਹਨ। ਉਹਨਾਂ ਕਿਹਾ ਕਿ ਕੁੱਝ ਅਪਰਾਧਿਕ ਤੇ ਸ਼ਰਾਰਤੀ ਅਨਸਰ ਲੋਕਾਂ ਵੱਲੋਂ ਫੜੇ ਵੀ ਜਾਂਦੇ ਹਨ ਪਰ ਪੁਲੀਸ ਉਹਨਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ।  ਇਸ ਮੌਕੇ ਉਹਨਾਂ ਨਾਲ ਬਲਵਿੰਦਰ ਸਿੰਘ ਲਾਡੀ , ਸਵਾਮੀ ਪਾਲ ਪ੍ਰਧਾਨ , ਸਾਹਿਬ ਸਿੰਘ ਮੰਡ, ਭੁਪਿੰਦਰਪਾਲ ਸਿੰਘ ਵਿਟੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>