ਸਰਕਾਰ ਆਮ ਲੋਕਾਂ ਦੀ ਜੇਬ ਵਿੱਚ ਪਿਆ ਆਖਰੀ ਰੁਪਇਆ ਵੀ ਕੱਢਣ ਦੀ ਤਾਕ ਵਿੱਚ

ਅੰਮ੍ਰਿਤਸਰ – ਲੋਕ ਸੰਪਰਕ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਧੂੜ ’ਚ ਟੱਟੂ ਭਜਾਉਣ ਦੀ ਆਦਤ ਹੈ ਤੇ ਕਾਂਗਰਸ ਨੂੰ ਸ: ਪ੍ਰਤਾਪ ਸਿੰਘ ਬਾਜਵਾ ਦੀ ਲੀਡਰਸ਼ਿਪ ਸੰਬੰਧੀ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਉਪ ਪ੍ਰਧਾਨ ਤੇ ਮਾਝੇ ਦੇ ਇੰਚਾਰਜ ਸ੍ਰੀ ਓ ਪੀ ਸੋਨੀ, ਜਨਰਲ ਸਕੱਤਰ ਸ: ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਹਰਪ੍ਰਤਾਪ ਸਿੰਘ ਅਜਨਾਲ , ਸਾਬਕਾ ਵਿਧਾਇਕ ਸ: ਜਸਬੀਰ ਸਿੰਘ ਡਿੰਪਾ ਅਤੇ ਕਾਂਗਰਸ ਦੇ ਸਕੱਤਰ ਗੁਰਜੀਤ ਸਿੰਘ ਔਜਲਾ ਜੋ ਕਿ ਬਾਬਾ ਬਕਾਲਾ ਵਿਖੇ ਰਖੜ ਪੁੰਨਿਆ ਦੇ ਮੇਲੇ ਮੌਕੇ ਕਾਂਗਰਸ ਦੀ ਵਿਸ਼ਾਲ ਕਾਨਫਰੰਸ ਦੀ ਤਿਆਰੀ ਦੀ ਜਾਇਜ਼ਾ ਲੈਣ ਆਏ ਸਨ ਨੇ ਕੀਤਾ।

ਕਾਂਗਰਸ ਆਗੂਆਂ ਨੇ ਸ: ਬਾਜਵਾ ਖ਼ਿਲਾਫ਼ ਬਿਆਨ ਬਾਜੀ ਕਰਨ ’ਤੇ ਮਜੀਠੀਆ ਨੂੰ ਆੜੇ ਹੱਥੀਂ ਲੈਂਦਿਆਂ ਉਸ ਨੂੰ ਔਕਾਤ ਵਿੱਚ ਰਹਿਣ ਅਤੇ ਆਪਣੀ ਹੱਦ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਮਜੀਠੀਆ ਨੂੰ ਬਾਪੂ ਸ: ਪ੍ਰਕਾਸ਼ ਸਿੰਘ ਬਾਦਲ ਦੀ ਉਹ ਨਸੀਹਤ ਨਹੀਂ ਭੁੱਲਣੀ ਚਾਹੀਦੀ ਜੋ ਉਹਨਾਂ ਜਲੰਧਰ ਵਿਖੇ ਪਰਵਾਸੀ ਸੰਮੇਲਨ ਮੌਕੇ ਉਹਨਾਂ ਨੂੰ ’ਕਾਕਾ ਜੀ ਤੁਹਾਨੂੰ ਬਿਨਾ ਕੁਰਬਾਨੀ ਤੇ ਮਿਹਨਤ ਕੀਤਿਆਂ ਸਤਾ ਥਾਲ਼ੀ ਵਿੱਚ ਪਰੋਸ ਕੇ ਮਿਲੀ ਹੈ ਜੇ ਜੇਲ੍ਹ ਕੱਟੀ ਹੁੰਦੀ ਤਾਂ ਜਾਣੇ’’ ਕਹਿ ਕੇ ਦਿੱਤੀ ਸੀ।

ਉਹਨਾਂ ਕਿਹਾ ਕਿ ਮਜੀਠੀਆ ਦਸੇ ਕਿ ਉਸ ਨੇ ਜਾਂ ਉਸ ਦੇ ਪਰਿਵਾਰ ਨੇ ਪੰਜਾਬ ਤਾਂ ਦੂਰ ਮਾਝਾ ਜਾਂ ਅੰਮ੍ਰਿਤਸਰ ਲਈ ਵੀ ਕੁੱਝ ਕੀਤਾ ਹੋਵੇ। ਸਿਵਾਏ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਟੋਡੀ ਬਣੇ ਰਹਿਣ ਤੋਂ।

ਉਹਨਾਂ ਕਿਹਾ ਕਿ ਸ: ਬਾਜਵਾ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਤੇ ਉਹਨਾਂ ਵੱਲੋਂ ਪਾਰਟੀ ਕਮਾਨ ਸੰਭਾਲਦਿਆਂ ਗੱਠਜੋੜ ਸਰਕਾਰ ਦੀਆਂ ਨਾ ਕਾਮੀਆਂ ਤੇ ਲੋਟ ਖਸੁੱਟ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਚਲਾਈ ਜਾ ਰਹੀ ਜਨ ਸੰਪਰਕ ਮੁਹਿੰਮ ਨੂੰ ਆਸ ਤੋਂ ਵਧ ਮਿਲ ਰਹੇ ਹੁੰਗਾਰੇ ਦੀਆਂ ਖੁਫ਼ੀਆ ਰਿਪੋਰਟਾਂ ਦੇਖ ਅਕਾਲੀ ਲੀਡਰਸ਼ਿਪ ਵਿੱਚ ਘਬਰਾਹਟ ਪਾਈ ਜਾ ਰਹੀ ਹੈ।

ਉਹਨਾਂ ਇਹ ਵੀ ਕਿਹਾ ਕਿ ਅਸਲ ਵਿੱਚ ਬਾਜਵਾ ਪਰਿਵਾਰ ਪ੍ਰਤੀ ਲੋਕਾਂ ਦਾ ਵਿਸ਼ਵਾਸ ਤੇ ਪਿਆਰ ਦੇਖ ਕੇ ਮਜੀਠੀਆ ਬੌਖਲਾ ਗਿਆ ਹੈ। ਉਹਨਾਂ ਕਿਹਾ ਕਿ ਸ: ਬਾਜਵਾ ਨੇ ਜੋ ਆਪਣੇ ਹਲਕੇ ਲਈ ਕੀਤਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਉਹਨਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ ਜਿਸ ਸਦਕਾ ਅੱਜ ਲੋਕ ਦਿਲਾਂ ’ਤੇ ਉਹ ਰਾਜ ਕਰ ਰਿਹਾ ਹੈ।  ਉਹਨਾਂ ਮਜੀਠੀਆ ਨੂੰ ਕਿਹਾ ਕਿ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹਾਸਲ ਕਰਨ ਲਈ ਲੋਕਾਂ ਦਾ ਹੋਣਾ ਪੈਦਾ ਹੈ ਨਾ ਕਿ ਰੇਤਾ ਬਜਰੀ ਟਰਾਂਸਪੋਰਟ ਤੇ ਕੇਬਲ ਨੈ¤ਟਵਰਕ ਆਦਿ ’ਤੇ ਕਬਜ਼ੇ ਜਮਾਏ ਜਾਂਦੇ ਹਨ।

ਅਥਾਹ ਟੈਕਸਾਂ, ਬਿਜਲੀ ਮਹਿੰਗੀ ਕਰਨ , ਕਾਲੋਨੀਆਂ ਰੈਗੂਲਰ ਕਰਨ , ਈ ਟਰਿਪ ਆਦਿ ’ਤੇ ਟਿੱਪਣੀ ਕਰਦਿਆਂ ਕਾਂਗਰਸ ਆਗੂਆਂ ਨੇ ਕਿਹਾ ਕਿ ਸਰਕਾਰ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਉਹਨਾਂ ਦੀ ਜੇਬ ਵਿੱਚ ਪਿਆ ਆਖਰੀ ਰੁਪਇਆ ਵੀ ਕੱਢਣ ਦੀ ਤਾਕ ਵਿੱਚ ਹੈ। ਉਹਨਾਂ ਕਿਹਾ ਕਿ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਗਈ ਹੈ , ਇੰਨਸਾਫ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ  ਦੇਣ ਦੇ ਦਾਅਵੇ ਕਰਨ ਵਾਲੇ ਆਪ ਤਾਂ ਏ ਸੀ ਕਮਰਿਆਂ ਵਿੱਚ ਆਰਾਮ ਨਾਲ ਸੌ ਜਾਂਦੇ ਹਨ ਤੇ ਲੋਕ ਸਾਰੀ ਸਾਰੀ ਰਾਤ ਜਾਨ ਮਾਲ ਦੀ ਰਾਖੀ ਲਈ ਠੀਕਰੀ ਪਹਿਰੇ ਲਗਾਉਣ ਲਈ ਮਜਬੂਰ ਹਨ।

ਉਹਨਾਂ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾਉਣ ਵਾਲੇ ਅਕਾਲੀਆਂ ਨੂੰ ਫੜਾਂ ਮਾਰਨੀਆਂ ਬੰਦ ਕਰਨ ਅਤੇ ਅਧਿਆਪਕਾਂ, ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਅਤੇ ਬੁਢਾਪਾ ਤੇ ਵਿਧਵਾ ਪੈਨਸ਼ਨਾਂ, ਸ਼ਗਨ ਸਕੀਮਾਂ ਦੀ ਅਦਾਇਗੀ ਸਮੇਂ ਸਿਰ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>