ਕੀ ਤੁਹਾਡੇ ਬੱਚੇ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ?

ਡਾ: ਹਰਸ਼ਿੰਦਰ ਕੌਰ, ਐਮ ਡੀ,

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਅੰਨ੍ਹਾਪਨ ਉਸਨੂੰ ਕਹਿੰਦੇ ਹਨ ਜਦੋਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਵਧੀਆ ਅੱਖ ਵਿਚ ਨਜ਼ਰ 3/60 ਤੋਂ ਘੱਟ ਹੋਵੇ ਜਾਂ ਨਜ਼ਰ ਦਾ ਪਸਾਰ ਦਸ ਡਿਗਰੀ ਤੋਂ ਘੱਟ ਹੋਵੇ।

ਪੂਰੀ ਕੋਸ਼ਿਸ਼ ਕਰ ਕੇ ਠੀਕ ਕਰਨ ਦੇ ਬਾਅਦ ਵੀ ਜੇ ਵਧੀਆ ਅੱਖ ਵਿਚ ਨਜ਼ਰ 6/18 ਤੋਂ ਘੱਟ ਹੋਵੇ ਜਾਂ ਨਜ਼ਰ ਦਾ ਘੇਰਾ 20 ਡਿਗਰੀ ਤੋਂ ਘੱਟ ਹੋਵੇ ਤਾਂ ਇਸਨੂੰ ਘੱਟ ਨਜ਼ਰ ਗਿਣਿਆ ਜਾਂਦਾ ਹੈ।

ਨਜ਼ਰ ਘੱਟ ਹੋਣ ਜਾਂ ਬਿਲਕੁਲ ਨਾ ਹੋਣ ਦੇ ਕਾਰਣ ਵੀ ਬਥੇਰੇ ਹਨ। ਕੈਂਸਰ (ਰੈਟੀਨੋਬਲਾਸਟੋਮਾ) ਤੋਂ ਲੈ ਕੇ ਵਿਟਾਮਿਨ ਏ ਦੀ ਕਮੀ, ਰਿਫਰੈਕਸ਼ਨ ਵਿਚਲਾ ਨੁਕਸ, ਵਕਤ ਤੋਂ ਪਹਿਲਾਂ ਜੰਮਣ ਵਾਲੇ ਬੱਚੇ ਨੂੰ ਵੱਧ ਦਿੱਤੀ ਗਈ ਆਕਸੀਜਨ (ਰੈਟੀਨੋਪੈਥੀ ਔਫ ਪਰੀਮੈਚਿਓਰਿਟੀ), ਚਿੱਟਾ ਮੋਤੀਆ, ਟੀਰ, ਦਿਮਾਗ਼ ਦੀ ਪਰਤ ਦੀ ਕਮਜ਼ੋਰੀ (ਕੌਰਟੀਕਲ ਵਿਜ਼ੁਅਲ ਬਲਾਈਂਡਨੈਸ) ਆਦਿ, ਕੁੱਝ ਵੀ ਹੋ ਸਕਦਾ ਹੈ।

ਜੇ ਬੱਚੇ ਨੂੰ ਜੰਮਣ ਸਮੇਂ ਬਿਲਕੁਲ ਹੀ ਨਜ਼ਰ ਨਾ ਆ ਰਿਹਾ ਹੋਵੇ ਜਾਂ ਜੰਮਣ ਤੋਂ ਕੁੱਝ ਸਮੇਂ ਬਾਅਦ ਹੀ ਦਿਸਣਾ ਬੰਦ ਹੋ ਜਾਵੇ ਤਾਂ ਉਸਦੀ ਦਿਮਾਗ਼ੀ ਬਣਤਰ ਅਤੇ ਮਾਨਸਿਕਤਾ ਦੂਜਿਆਂ ਨਾਲੋਂ ਵੱਖ ਹੋ ਜਾਂਦੀ ਹੈ। ਮਨੋਵਿਗਿਆਨੀਆਂ ਅਨੁਸਾਰ ਅਜਿਹੇ ਬੱਚੇ ਨੇ ਜੇ ਬਾਕੀਆਂ ਵਿਚ ਰਚਨਾ ਹੈ ਤਾਂ ਇਸ ਲਈ ਉਸਨੂੰ ਵੱਖਰੀ ਕਿਸਮ ਦੀ ਸਹਾਇਤਾ ਜਿਸ ਵਿਚ ਮਾਨਸਿਕ, ਸਮਾਜਿਕ ਤੇ ਵਿਦਿਅਕ ਸ਼ਾਮਲ ਹਨ, ਦੀ ਲੋੜ ਪੈਂਦੀ ਹੈ। ਜਾਣ ਪਛਾਣ ਵਿਚ ਦੇਰੀ ਤੇ ਚੁਫੇਰੇ ਦੀ ਜਾਣਕਾਰੀ ਪੂਰੀ ਨਾ ਹੋਣ ਸਦਕਾ ਬਹੁਤੇ ਬੱਚੇ ਬਾਕੀਆਂ ਨਾਲ ਛੇਤੀ ਰਚ ਮਿਚ ਨਹੀਂ ਸਕਦੇ ਅਤੇ ਮਾਪਿਆਂ ਪ੍ਰਤੀ ਵੀ ਓਨੀ ਖਿੱਚ ਨਹੀਂ ਵਿਖਾ ਸਕਦੇ, ਖ਼ਾਸ ਕਰ ਕੇ ਮਾਪੇ ਉਨ੍ਹਾਂ ਨਾਲ ਜ਼ਿਆਦਾ ਵਕਤ ਬਿਤਾ ਕੇ ਚੰਗੀ ਤਰ੍ਹਾਂ ਸਾਂਝ ਨਹੀਂ ਗੰਢਦੇ।

ਆਪਣੇ ਆਪ ਨੂੰ ਕਿਸੇ ਉਤੇ ਆਸ਼ਰਿਤ ਮੰਨਦੇ ਹੋਏ ‘ਵਿਚਾਰਾ’ ਸ਼ਬਦ ਤੋਂ ਚਿੜ੍ਹ ਕੇ ਕਈ ਬੱਚੇ ਢਹਿੰਦੀ ਕਲਾ ਵਿਚ ਜਾ ਸਕਦੇ ਹਨ ਤੇ ਕਈ ਅੰਦਰੂਨੀ ਹਿੰਮਤ ਸਦਕਾ ਬਹੁਤ ਅਗਾਂਹ ਲੰਘਣ ਦੀ ਕੋਸ਼ਿਸ਼ ਵਿਚ ਜੁਟ ਜਾਂਦੇ ਹਨ। ਇਹ ਸਭ ਮਾਨਸਿਕ ਹੱਲਾਸ਼ੇਰੀ ਸਦਕਾ ਹੀ ਸੰਭਵ ਹੋ ਸਕਦਾ ਹੈ।

ਮਾਂ ਲਈ ਜਿਹੜੇ ਲੱਛਣ ਆਪਣੇ ਨਿੱਕੇ ਬੱਚੇ ਦੇ ਅੰਨ੍ਹੇਪਨ ਜਾਂ ਘਟ ਨਜ਼ਰ ਲੱਭਣ ਵਿਚ ਸਹਾਈ ਹੋ ਸਕਦੇ ਹਨ, ਉਨ੍ਹਾਂ ਨੂੰ ਉਮਰ ਦੇ ਹਿਸਾਬ ਨਾਲ ਵੰਡ ਲੈਣ ਨਾਲ ਸੌਖਿਆਈ ਹੋ ਸਕਦੀ ਹੈ। ਜੇ ਬੱਚਾ ਅੱਗੇ ਦੱਸੀ ਉਮਰ ਦੇ ਹਿਸਾਬ ਨਾਲ ਉਹ ਕੁੱਝ ਨਾ ਕਰਦਾ ਹੋਵੇ ਤਾਂ ਸਮਝੋ ਉਸਦੀ ਨਜ਼ਰ ਵਿਚ ਨੁਕਸ ਹੈ।

ਜੇ ਜੰਮਣ ਤੋਂ ਤਿੰਨ ਮਹੀਨੇ ਦੀ ਬੱਚਾ ਉੱਕਾ ਹੀ ਨਾ ਮੁਸਕੁਰਾਏ, ਦੁੱਧ ਚੁੰਘਣ ਲੱਗਿਆਂ ਜਾਂ ਪਿਆਰ ਨਾਲ ਚੁੱਕ ਕੇ ਬੁਲਾਉਣ ਉੱਤੇ ਅੱਖਾਂ ਵਿਚ ਅੱਖਾਂ ਪਾ ਕੇ ਨਾ ਵੇਖੇ ਤੇ ਅੱਖਾਂ ਸਾਹਮਣੇ ਲਟਕਾਏ ਖਿਡੌਣੇ ਦੇ ਨਾਲ ਨਾਲ ਅੱਖਾਂ ਨਾ ਘੁਮਾਏ ਤਾਂ ਸਮਝੋ ਕਿ ਡਾਕਟਰ ਕੋਲ ਝੱਟਪਟ ਲਿਜਾ ਕੇ ਨਜ਼ਰ ਟੈਸਟ ਕਰਵਾਉਣ ਦੀ ਲੋੜ ਹੈ।

ਤਿੰਨ ਮਹੀਨੇ ਤੋਂ ਛੇ ਮਹੀਨੇ ਦਾ ਬੱਚਾ ਜੇ ਸਾਹਮਣੇ ਪਏ ਖਿਡੌਣੇ ਵੱਲ ਨਾ ਉਲਰੇ ਤੇ ਆਪਣੇ ਹੱਥਾਂ ਵੱਲ ਝਾਕ ਕੇ ਉਨ੍ਹਾਂ ਨਾਲ ਨਾ ਖੇਡੇ ਜਾਂ ਹੱਥ ਵਿਚ ਫੜਾਈ ਚੀਜ਼ ਵੱਲ ਉੱਕਾ ਹੀ ਨਾ ਝਾਕੇ ਤਾਂ ਵੀ ਆਸਾਰ ਠੀਕ ਨਹੀਂ।

ਛੇ ਤੋਂ ਨੌਂ ਮਹੀਨੇ ਦਾ ਬੱਚਾ ਨਿੱਕੀਆਂ ਚੀਜ਼ਾਂ ਠੀਕ ਚੁੱਕ ਹੀ ਨਾ ਸਕੇ ਜਾਂ ਉੱਕਾ ਹੀ ਫੜਨ ਲਈ ਹੱਥ ਅੱਗੇ ਨਾ ਕਰੇ ਅਤੇ ਦੋ ਬੰਦਿਆਂ ਵਿਚ ਫ਼ਰਕ ਨਾ ਕਰ ਸਕੇ ਤਾਂ ਵੀ ਨਜ਼ਰ ਘੱਟ ਜਾਂ ਨਾ ਹੋਣ ਬਾਰੇ ਤੁਰੰਤ ਸੋਚਣਾ ਚਾਹੀਦਾ ਹੈ।

ਨੌਂ ਤੋਂ ਬਾਰਾਂ ਮਹੀਨੇ ਦਾ ਬੱਚਾ ਤੁਰਦਾ ਜਾਂ ਰਿੜ੍ਹਦਾ ਹੋਇਆ ਸਾਹਮਣੇ ਮੇਜ਼, ਕੁਰਸੀ ਜਾਂ ਕੰਧ ਵਿਚ ਜਾ ਵੱਜੇ ਤੇ ਕੋਈ ਵੀ ਖਿਡੌਣਾ ਅੱਖਾਂ ਦੇ ਬਹੁਤ ਨੇੜੇ ਲਿਆ ਕੇ ਵੇਖਣ ਦੀ ਕੋਸ਼ਿਸ਼ ਕਰੇ, ਜਦੋਂ ਖੁਆਇਆ ਜਾਏ ਤਾਂ ਚਮਚ ਜਾਂ ਕੌਲੀ ਨੂੰ ਫੜ੍ਹਨ ਦੀ ਕੋਸ਼ਿਸ਼ ਨਾ ਕਰੇ, ਟਾ ਟਾ ਨਾ ਕਰੇ ਜਾਂ ਵੇਖ ਕੇ ਮੁਸਕੁਰਾਹਟ ਨਾ ਬਿਖੇਰੇ ਜਾਂ ਓਪਰਾਪਨ ਉੱਕਾ ਹੀ ਨਾ ਕਰ ਰਿਹਾ ਹੋਵੇ ਤਾਂ ਵੀ ਨਿਗਾਹ ਘਟ ਜਾਂ ਨਾ ਹੋਣ ਦੇ ਆਸਾਰ ਹਨ।

ਇਕ ਤੋਂ ਦੋ ਸਾਲ ਦਾ ਬੱਚਾ ਨਾ ਤਾਂ ਖੇਡੇ ਤੇ ਨਾ ਹੀ ਕਿਤਾਬਾਂ ਫਰੋਲੇ ਜਾਂ ਤੁਰਨਾ ਸ਼ੁਰੂ ਹੀ ਨਾ ਕਰੇ ਅਤੇ ਜੇ ਤੁਰੇ ਤਾਂ ਨਵੇਂ ਪਾਸੇ ਵੱਲ ਤੁਰਨ ਤੋਂ ਘਬਰਾਏ ਜਾਂ ਹਥ ਅਗਾਂਹ ਕਰੇ, ਬੈਠਾ ਹੀ ਰਹਿਣਾ ਪਸੰਦ ਕਰੇ ਤੇ ਖਿਡੌਣੇ ਜਾਂ ਕੋਈ ਹੋਰ ਚੀਜ਼ ਕਿਸੇ ਤੋਂ ਫੜੇ ਹੀ ਨਾ, ਤਾਂ ਯਕੀਨਨ ਬੱਚੇ ਦੀ ਨਜ਼ਰ ਟੈਸਟ ਕਰਵਾਉਣ ਦੀ ਲੋੜ ਹੈ।

ਇਸੇ ਹੀ ਤਰ੍ਹਾਂ ਜੇ ਦੋ ਤੋਂ ਛੇ ਸਾਲ ਦਾ ਬੱਚਾ ਨਿੱਕੀਆਂ ਮੋਟੀਆਂ ਚੀਜ਼ਾਂ ਨਾਲ ਹੀ ਅੜ ਕੇ ਡਿਗਦਾ ਰਹੇ, ਅਲੱਗ ਅਲੱਗ ਰੰਗ ਨਾ ਪਛਾਣੇ, ਹਰ ਕੰਮ ਕਰਨ ਲੱਗਿਆਂ ਅੱਖਾਂ ਬਿਲਕੁਲ ਨਾਲ ਜੋੜ ਲਵੇ, ਦੂਰ ਪਈਆਂ ਚੀਜ਼ਾਂ ਜਾਂ ਖੜਾ ਬੰਦਾ ਦਿਸੇ ਹੀ ਨਾ, ਬੱਚਾ ਲਗਾਤਾਰ ਸਿਰਦਰਦ, ਚੱਕਰ, ਉਲਟੀ, ਦਿਲ ਕੱਚਾ, ਅੱਖਾਂ ਵਿਚ ਖ਼ੁਰਕ, ਧੁੰਧਲਾ ਦਿਸਣਾ, ਆਦਿ ਬਾਰੇ ਗੱਲ ਕਰੇ ਅਤੇ ਦੂਰੋਂ ਸੁੱਟੀ ਬੌਲ ਨਾ ਤਾਂ ਫੜ ਸਕੇ, ਨਾ ਉਸਨੂੰ ਕਿਸੇ ਹੋਰ ਵੱਲ ਸੁੱਟ ਸਕੇ, ਨਾ ਠੱਪੇ ਪੁਆ ਸਕੇ, ਤਾਂ ਇਹ ਸਾਰੇ ਲੱਛਣ ਘਟ ਨਜ਼ਰ ਜਾਂ ਉੱਕਾ ਹੀ ਨਾ ਦਿਸਣ ਵੱਲ ਇਸ਼ਾਰਾ ਕਰਦੇ ਹਨ।

ਅਜਿਹਾ ਸਭ ਹੋ ਰਿਹਾ ਹੋਵੇ ਤਾਂ ਬੱਚੇ ਦੀ ਨਜ਼ਰ ਨੂੰ ਹਲੂਣਾ ਦੇਣ ਲਈ ਵੱਖੋ ਵੱਖਰੀ ਉਮਰ ਵਿਚ ਕੁੱਝ ਨੁਕਤੇ ਸੁਝਾਏ ਗਏ ਹਨ।
ਉਮਰ ਦੇ ਪਹਿਲੇ ਸਾਲ ਵਿਚ :-

1.    ਬੱਚੇ ਦੀ ਸੁਣਨ ਸ਼ਕਤੀ ਦੀ ਵਰਤੋਂ ਕਰ ਕੇ ਗੂੜ੍ਹੇ ਰੰਗਾਂ ਦਾ ਅਵਾਜ਼ ਕਰਦਾ ਖਿਡੌਣਾ ਉਸਦੇ ਨੇੜੇ ਰੱਖੋ ਤਾਂ ਜੋ ਬੱਚਾ ਬਦੋਬਦੀ ਉੱਧਰ ਵੇਖੇ।

2.    ਅੱਖਾਂ ਨੂੰ ਕੰਮ ਕਰਨ ਲਾਉਣ ਲਈ ਕਮਰੇ ਨੂੰ ਬਹੁਤ ਗੂੜ੍ਹੇ ਤੇ ਬਹੁਤ ਹਲਕੇ ਰੰਗ ਦੇ ਮਿਸ਼ਰਨ ਵਾਲੇ ਪਰਦੇ, ਚਾਦਰਾਂ ਤੇ ਖਿਡੌਣਿਆਂ ਨਾਲ ਸਜਾਉਣ ਦੀ ਲੋੜ ਹੈ।

3.    ਵੱਡੇ ਵੱਡੇ ਰੰਗਦਾਰ ਜਾਂ ਕਾਲੇ ਚਿੱਟੇ ਟੈਡੀ ਜਾਂ ਹੋਰ ਖਿਡੌਣੇ ਬੱਚੇ ਦੀ ਪਹੁੰਚ ਤੋਂ ਕੁੱਝ ਦੂਰ ਰੱਖੇ ਜਾਣ ਤਾਂ ਇਹ ਵੀ ਨਜ਼ਰ ਨੂੰ ਹਲੂਣ ਦਿੰਦੇ ਹਨ।

4.    ਜ਼ਿਆਦਾਤਰ ਕਾਲਾ ਚਿੱਟਾ ਜਾਂ ਲਾਲ ਤੇ ਚਿੱਟੇ ਰੰਗ ਦੀਆਂ ਨਾਲੋ ਨਾਲ ਧਾਰੀਆਂ ਠੀਕ ਰਹਿੰਦੀਆਂ ਹਨ।

5.    ਕਮਰੇ ਵਿਚ ਜ਼ਿਆਦਾ ਰੌਸ਼ਨੀ ਦੀ ਲੋੜ ਹੈ, ਰਾਤ ਨੂੰ ਵੀ 25 ਵਾਟ ਦਾ ਬਲਬ ਜਗਦਾ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਾ ਜੇ ਰਾਤ ਨੂੰ ਜਾਗੇ ਤਾਂ ਇਹ ਰੌਸ਼ਨੀ ਉਸਦੀ ਨਿਗ੍ਹਾ ਨੂੰ ਹਲੂਣਦੀ ਰਹੇ।

6.    ਬੱਚੇ ਦਾ ਪਾਲਣਾ ਕਮਰੇ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਬਦਲਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਸਨੂੰ ਕਮਰੇ ਦੇ ਅਲੱਗ ਅਲੱਗ ਹਿੱਸੇ ਦਿਸਣ ਤੇ ਇੱਕੋ ਕੰਧ ਹੀ ਨਾ ਦਿਸਦੀ ਰਹੇ।

7.    ਜਦੋਂ ਵੀ ਕਮਰੇ ਅੰਦਰ ਵੜੋ ਤਾਂ ਬੱਚੇ ਨੂੰ ਬੁਲਾਓ ਤਾਂ ਜੋ ਬੱਚੇ ਨੂੰ ਪਤਾ ਲੱਗੇ ਕਿ ਤੁਸੀਂ ਕਮਰੇ ਅੰਦਰ ਆ ਗਏ ਹੋ। ਇਸੇ ਹੀ ਤਰ੍ਹਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਕਹੋ ਕਿ ਪਹਿਲਾਂ ਬੱਚੇ ਨੂੰ ਬੁਲਾ ਕੇ ਫੇਰ ਹੀ ਉਸਨੂੰ ਚੁੱਕਣ ਦੀ ਕੋਸ਼ਿਸ਼ ਕਰਨ, ਨਹੀਂ ਤਾਂ ਇਕਦਮ ਚੁੱਕੇ ਜਾਣ ਉੱਤੇ ਬੱਚਾ ਅੱਖਾਂ ਬੰਦ ਕਰ ਕੇ ਘਬਰਾ ਕੇ ਜਾਂ ਰੋ ਕੇ ਦੂਰ ਹੋਣ ਦੀ ਕੋਸ਼ਿਸ਼ ਕਰੇਗਾ।

8.    ਆਪਣੇ ਆਪ ਨੂੰ ਬੱਚੇ ਦੀਆਂ ਅੱਖਾਂ ਦੇ ਸਾਹਮਣੇ ਰੱਖੋ। ਜਦੋਂ ਬੱਚਾ ਨਿਗਾਹ ਟਿਕਾਏ, ਹੌਲੀ ਹੌਲੀ ਮੂੰਹ ਇਕ ਪਾਸੇ, ਫੇਰ ਦੂਜੇ ਪਾਸੇ ਟੇਢਾ ਕਰੋ ਤਾਂ ਜੋ ਬੱਚਾ ਤੁਹਾਡੇ ਸਿਰ ਦੇ ਪਾਸੇ ਅੱਖਾਂ ਘੁਮਾਏ। ਇਸ ਨਾਲ ਬੱਚੇ ਵਿਚ ‘ਆਈ ਟਰੈਕਿੰਗ ਮੂਵਮੈਂਟ ਸਕਿਲ’ ਬਣ ਜਾਂਦੀ ਹੈ।

9.    ਜਿਹੜਾ ਖਿਡੌਣਾ ਬੱਚੇ ਨੂੰ ਪਸੰਦ ਹੋਵੇ ਉਸਨੂੰ ਫੜਨ ਲਈ ਬੱਚੇ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਲੋੜ ਹੈ।

10.    ਟਿਮਟਿਮਾਉਂਦੀਆਂ ਰੰਗਦਾਰ ਲਾਈਟਾਂ ਜਾਂ ਲਿਸ਼ਕਦੇ ਰੰਗਦਾਰ ਕਾਗਜ਼ ਬੱਚੇ ਦੀਆਂ ਅੱਖਾਂ ਸਾਹਮਣੇ  ਰੱਖਣ ਨਾਲ ਵੀ ਫ਼ਾਇਦਾ ਹੁੰਦਾ ਹੈ।

ਉਮਰ ਦੇ ਦੂਜੇ ਸਾਲ ਵਿਚ

1.    ਬਲੌਕ ਜਾਂ ਚੌਕੋਰ ਖੇਡਣ ਲਈ ਦਿਓ ਤਾਂ ਜੋ ਬੱਚਾ ਉਨ੍ਹਾਂ ਨੂੰ ਇਕ ਦੂਜੇ ਉੱਤੇ ਟਿਕਾਉਣ ਲਈ ਨਜ਼ਰ ਦੀ ਵਰਤੋਂ ਕਰੇ।

2.    ਲਗਾਤਾਰ ਪਹਿਲੇ ਸਾਲ ਵਾਂਗ ਨਜ਼ਰ ਨੂੰ ਹਲੂਣਾ ਦਿੰਦੇ ਰਹਿਣ ਲਈ ਗੂੜ੍ਹੇ ਫਿੱਕੇ ਨਾਲੋ ਨਾਲ ਖਿਡੌਣੇ, ਟਿਮਟਿਮਾਉਂਦੇ ਕਾਗਜ਼ ਤੇ ਲਾਈਟਾਂ ਦੇ ਨਾਲ ਗੂੜ੍ਹੇ ਫਿੱਕੇ ਕਪੜਿਆਂ ਦਾ ਮਿਸ਼ਰਨ ਵਿਖਾਉਂਦੇ ਰਹਿਣਾ ਚਾਹੀਦਾ ਹੈ।

3.    ਇਸ ਉਮਰ ਦੇ ਬੱਚੇ ਨੂੰ ਅਜਿਹੇ ਖਿਡੌਣੇ ਦੇਣ ਦੀ ਲੋੜ ਹੈ ਜਿਸ ਨੂੰ ਹੱਥ ਲਾਉਂਦਿਆਂ ਹੀ ਲਾਈਟ ਜਗ ਜਾਏ ਜਾਂ ਹੱਥ ਲਾਉਣ ਨਾਲ ਖਿਡੌਣਾ ਘੁੰਮੇ।

4.    ਰਿੜ੍ਹਨ ਵਾਲਾ ਬੌਲ ਦੇਣ ਨਾਲ ਬੱਚੇ ਨੂੰ ਇਹ ਸੁਣੇਹਾ ਪਹੁੰਚਦਾ ਹੈ ਕਿ ਬੌਲ ਧੱਕਣ ਨਾਲ ਰੁੜ੍ਹਦਾ ਹੈ ਅਤੇ ਜਿਉਂ ਜਿਉਂ ਦੂਰ ਜਾਂਦਾ ਹੈ ਉਹ ਛੋਟਾ ਦਿਸਣ ਲੱਗ ਪੈਂਦਾ ਹੈ।

5.    ਬੱਚੇ ਨਾਲ ਤਾਸ਼ ਖੇਡੋ ਤਾਂ ਜੋ ਬੱਚਾ ਇੱਕੋ ਜਿਹੇ ਰੰਗ ਵਾਲੇ ਤੇ ਬਣਤਰ ਵਾਲੇ ਪੱਤੇ ਇੱਕਠੇ ਲਾਏ ਜਿਵੇਂ ਹੁਕਮ ਜਾਂ ਪਾਨ ਅਤੇ ਵਧਦੀ ਜਾਂ ਘਟਦੀ ਗਿਣਤੀ ਵਿਚ ਵੀ ਲਾਉਣ ਦੀ ਕੋਸ਼ਿਸ਼ ਕਰੇ।

6.    ਬੱਚੇ ਨੂੰ ਨੇੜੇ ਦੇ ਦਿਸ ਰਹੇ ਖਿਡੌਣੇ ਜਾਂ ਕੋਈ ਹੋਰ ਖਿੱਚ ਪਾਉਣ ਵਾਲੀ ਚੀਜ਼ ਨੂੰ ਹੱਥ ਲਗਾਉਣ ਲਈ ਪ੍ਰੋਤਸਾਹਿਤ ਕਰੋ ਤੇ ਖਾਣ ਵਾਲੀ ਚੀਜ਼ ਨੂੰ ਆਪੇ ਫੜ ਕੇ ਮੂੰਹ ਅੰਦਰ ਪਾਉਣ ਲਈ ਵੀ ਕਹੋ। ਬੱਚੇ ਨੂੰ ਚੁਫੇਰੇ ਘੁੰਮ ਕੇ ਦਿਸ ਰਹੀਆਂ ਚੀਜ਼ਾਂ ਵੱਲ ਜਾਣ ਤੇ ਫੜਨ ਲਈ ਕਹਿਣਾ ਚਾਹੀਦਾ ਹੈ। ਫੜਨ ਤੋਂ ਬਾਅਦ ਘੋਖ ਕੇ ਉਸ ਬਾਰੇ ਆਪਣੇ ਵਿਚਾਰ ਵੀ ਦੱਸਣ ਲਈ ਕਹਿਣਾ ਚਾਹੀਦਾ ਹੈ।

7.    ਜਿਹੜੀ ਚੀਜ਼ ਬੱਚਾ ਫੜੇ ਜਾਂ ਖੇਡੇ, ਉਸਦਾ ਨਾਂ ਦਸ ਕੇ ਉਸ ਬਾਰੇ ਮਜ਼ੇਦਾਰ ਗੱਲਾਂ ਜਾਂ ਨਾਲ ਕਹਾਣੀ ਜੋੜ ਕੇ ਦੱਸੋ। ਇਸ ਨਾਲ ਬੱਚੇ ਦਾ ਬਹੁਪੱਖੀ ਵਿਕਾਸ ਹੋ ਜਾਂਦਾ ਹੈ। ਨਜ਼ਰ ਵੀ ਹਲੂਣੀ ਗਈ, ਅਵਾਜ਼ ਨਾਲ ਸੰਬੰਧ ਜੁੜਿਆ ਤੇ ਕਹਾਣੀ ਸੁਣਨ ਨਾਲ ਬੋਲੀ ਦਾ ਵਿਕਾਸ ਵੀ ਹੋ ਗਿਆ।

ਧਿਆਨ ਦੇਣ ਯੋਗ ਗੱਲਾਂ

1.    ਜਿਵੇਂ ਜਿਵੇਂ ਵਕਤ ਤੋਂ ਪਹਿਲਾਂ ਯਾਨੀ ਸਤਮਾਹੇ ਜੰਮੇਂ ਬੱਚਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਤਕਨੀਕੀ ਤਰੱਕੀ ਸਦਕਾ ਜ਼ਿਆਦਾ ਤੋਂ ਜ਼ਿਆਦਾ ਬੱਚੇ ਬਚ ਰਹੇ ਹਨ, ਓਵੇਂ ਹੀ ਬੱਚਿਆਂ ਵਿਚ ਕੌਰਟੀਕਲ ਬਲਾਈਂਡਨੈਸ ਸਦਕਾ ਅੰਨ੍ਹੇ ਹੋਣਾ ਜਾਂ ਅੱਖ ਦੀ ਅੰਦਰਲੀ ਪਰਤ ਦਾ ਉਤਰ ਜਾਣਾ (R.O.P.) ਜੋ ਵਧ ਆਕਸੀਜਨ ਸਦਕਾ ਹੋ ਰਿਹਾ ਹੈ, ਵਿਚ ਵੀ ਵਾਧਾ ਦਿਸ ਰਿਹਾ ਹੈ।

2.    ਦੁੱਧ ਪਿਆਉਂਦੀ ਮਾਂ ਲਈ ਜ਼ਰੂਰੀ ਹੈ ਕਿ ਜੇ ਉਸਨੇ ਆਪਣੇ ਬੱਚੇ ਦੀ ਨਜ਼ਰ ਬਚਾਉਣੀ ਹੈ ਤਾਂ ਵੇਲੇ ਸਿਰ ਧਿਆਨ ਦੇਵੇ ਅਤੇ ਆਪਣੇ ਬੱਚੇ ਦੀਆਂ ਅੱਖਾਂ ਦੇ ਡੇਲੇ ਦਾ ਬੇਮਤਲਬ ਘੁੰਮਦੇ ਰਹਿਣਾ ਤੇ ਮਾਂ ਵੱਲ ਵੇਖ ਕੇ ਉੱਕਾ ਹੀ ਨਾ ਮੁਸਕੁਰਾਉਣਾ ਵਰਗੇ ਲੱਛਣ ਵੇਖ ਕੇ ਝੱਟ ਸਿਆਣੇ ਡਾਕਟਰ ਕੋਲ ਲੈ ਕੇ ਜਾਏ।

3.    ਜਿਹੜੇ ਨੁਕਤੇ ਉੱਤੇ ਦੱਸੇ ਗਏ ਹਨ, ਉਨ੍ਹਾਂ ਮੁਤਾਬਕ ਬੱਚੇ ਦੀ ਨਜ਼ਰ ਨੂੰ ਹਲੂਣਾ ਜ਼ਰੂਰ ਦਿੰਦੇ ਰਹਿਣਾ ਚਾਹੀਦਾ ਹੈ। ਇਹ ਫ਼ਾਇਦੇਮੰਦ ਸਾਬਤ ਹੋਏ ਹਨ।

4.    ਹਰ ਬੱਚੇ ਦੀ ਪਹਿਲੇ ਮਹੀਨੇ ਦੇ ਅੰਦਰ ਅੰਦਰ ਤੇ ਫਿਰ ਤੀਜੇ ਮਹੀਨੇ ਅੱਖਾਂ ਜ਼ਰੂਰ ਟੈਸਟ ਕਰਵਾ ਲੈਣੀਆਂ ਚਾਹੀਦੀਆਂ ਹਨ।

5.    ਅਜਿਹੇ ਸਕੂਲ ਹੁਣ ਖੁੱਲ ਚੁੱਕੇ ਹੋਏ ਹਨ ਜਿੱਥੇ ਅੰਨ੍ਹੇ ਬੱਚੇ ਪੜ੍ਹਾਈ ਲਿਖਾਈ ਕਰ ਕੇ ਆਪਣੇ ਆਪ  ਜੋਗੇ ਹੋ ਸਕਦੇ ਹਨ।

6.    ਮੌਜੂਦਾ ਲੇਜ਼ਰ ਤਕਨੀਕ ਰਾਹੀਂ ਆਰ.ਓ.ਪੀ. ਨੁਕਸ ਤੇ ਰਿਫਰੈਕਟਿਵ ਨੁਕਸ ਸੌਖਿਆਂ ਹੀ ਠੀਕ ਕੀਤੇ  ਜਾ ਸਕਦੇ ਹਨ। ਸੋ ਵਧੀਆ ਅੱਖਾਂ ਦੇ ਸਪੈਸ਼ਲਿਸਟ ਕੋਲੋਂ ਇਹ ਵੇਲੇ ਸਿਰ ਠੀਕ ਕਰਵਾ ਲੈਣੇ ਚਾਹੀਦੇ ਹਨ।

ਜੇ ਫਿਰ ਵੀ ਕਿਸੇ ਮਾਂ ਦਾ ਬੱਚਾ ਵੇਖ ਨਹੀਂ ਸਕ ਰਿਹਾ ਤਾਂ ਦਿਲ ਛੱਡਣ ਦੀ ਲੋੜ ਨਹੀਂ। ਹੈਲਨ ਕੈਲਰ ਅੰਨ੍ਹੀ ਬੋਲੀ ਗੁੰਗੀ ਹੋਣ ਦੇ ਬਾਵਜੂਦ ਕਾਮਯਾਬ ਜ਼ਿੰਦਗੀ ਜੀਅ ਸਕੀ। ਇਸੇ ਹੀ ਤਰ੍ਹਾਂ ਅਣਗਿਣਤ ਹੋਰ ਮਿਸਾਲਾਂ ਭਰੀਆਂ ਪਈਆਂ ਹਨ ਜਿੱਥੇ ਅਪੰਗ ਹੋਣਾ ਬੱਚੇ ਨੂੰ ਕਿਸੇ ਚੋਟੀ ਨੂੰ ਸਰ ਕਰ ਲੈਣ ਵਿਚ ਅੜਚਨ ਨਹੀਂ ਪਾ ਸਕਿਆ।

ਇਸੇ ਲਈ ਹਿੰਮਤ ਰੱਖਣ ਦੀ ਲੋੜ ਹੈ ਤੇ ਇਹੀ ਹਿੰਮਤ ਬੱਚੇ ਅੰਦਰ ਲਗਾਤਾਰ ਭਰਦੇ ਰਹਿਣਾ ਚਾਹੀਦਾ ਹੈ।

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>