ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਥਾਪਿਆ

ਚੰਡੀਗੜ੍ਹ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ, ਸੈਕਸ਼ਨ (87) ਅਤੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਸਲਿਆਂ ਦਾ ਸਰਲੀਕਰਨ ਕੀਤਾ ਗਿਆ।

ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਅੰਤ੍ਰਿੰਗ ਕਮੇਟੀ ਵੱਲੋਂ ਸ਼ੋਕ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੂੰ ਥਾਪਿਆ ਗਿਆ ਹੈ, ਜੋ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਸੇਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਨਿਭਾਉਣਗੇ। ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਪਦ-ਉੱਨਤ ਕਰਕੇ ਬਤੌਰ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਿਯੁਕਤ ਕੀਤਾ ਗਿਆ ਹੈ ਤੇ ਇਨ੍ਹਾਂ ਦੀ ਥਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ ਜੋ ਪਹਿਲਾਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਨ ਨੂੰ ਪਦ-ਉਨਤ ਕਰਕੇ ਐਡੀਸ਼ਨਲ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਅਹਿਮ ਫੈਸਲਾ ਕਰਦਿਆਂ ਸਵਰਗਵਾਸੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਬਾਬਾ ਪ੍ਰੀਤਮ ਸਿੰਘ ਕਾਰਸੇਵਾ ਸਿਰਸਾ ਵਾਲੇ ਤੇ ਪੰਥ ਪ੍ਰਸਿਧ ਢਾਡੀ ਗਿਆਨੀ ਕੁਲਵੰਤ ਸਿੰਘ ਬੀ.ਏ. ਦੀਆਂ ਤਸਵੀਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ-ਘਰ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੰਬਰ 1984 ’ਚ ਹੌਂਦ ਚਿੱਲੜ (ਹਰਿਆਣਾ) ਵਿਖੇ ਸਿੱਖ ਨਸ਼ਲਕੁਸੀ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਯਾਦਗਾਰ ਦੀ ਉਸਾਰੀ ਕੀਤੀ ਜਾਵੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ-ਘਰ ਨੂੰ ਨਵੀਨਤਮ ਦਿੱਖ ਦਿੱਤੀ ਜਾਵੇਗੀ ਤੇ ਇਸ ਵਿੱਚ ਲੱਗੀਆਂ ਇਤਿਹਾਸਕ ਤਸਵੀਰਾਂ ਦੀ ਕੈਪਸ਼ਨ ਨਵੇਂ ਸਿਰੇ ਤੋਂ ਪੰਜਾਬੀ, ਹਿੰਦੀ ਤੇ ਅੰਗਰੇਜੀ (ਤਿੰਨ ਭਾਸ਼ਾਵਾਂ) ਵਿੱਚ ਲਿਖੀ ਜਾਵੇਗੀ। ਇਤਿਹਾਸਕ ਤਸਵੀਰਾਂ ਦੇ ਫਰੇਮ ਨਵੀਨਤਮ ਕਿਸਮ ਦੇ ਬਣਵਾਏ ਜਾਣਗੇ। ਅਜਾਇਬ-ਘਰ ਦੀਆਂ ਪੌੜੀਆਂ ਨੂੰ ਵਡ ਅਕਾਰੀ ਕੀਤਾ ਜਾਵੇਗਾ ਤੇ ਇਸ ਦੇ ਤਿੰਨੇ ਹਾਲ ਏ.ਸੀ. ਕੀਤੇ ਜਾਣਗੇ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ’ਚ ਯੋਗ ਸਥਾਨ ਤੇ ਇਤਿਹਾਸਕ ਤੇ ਦੁਰਲੱਭ ਵਸਤੂਆਂ ਦੀ ਪੱਕੇ ਤੌਰ ਪ੍ਰਦਰਸ਼ਨੀ ਲਈ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ ਸਿੰਘ ਮਹਿਤਾ, ਸ.ਦਿਆਲ ਸਿੰਘ ਕੋਲਿਆਂਵਾਲੀ ਤੇ ਸ.ਗੁਰਬਚਨ ਸਿੰਘ ਕਰਮੂੰਵਾਲ ਅੰਤ੍ਰਿੰਗ ਮੈਂਬਰ ’ਤੇ ਅਧਾਰਤ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੇ ਕੋਆਰਡੀਨੇਟਰ ਸ.ਰੂਪ ਸਿੰਘ ਸਕੱਤਰ ਹੋਣਗੇ।

ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਰੰਗਦਾਰ ਲਾਈਟਾਂ ਲਗਾਈਆਂ ਜਾਣਗੀਆਂ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਗਾਈਡ ਭਰਤੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 1921 ’ਚ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਅਤੇ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਫੌਜੀ ਹਮਲੇ ਸਮੇਂ ਗੋਲੀਆਂ ਲੱਗਣ ਨਾਲ ਪਾਵਨ ਬੀੜਾਂ ਫੱਟੜ ਹੋ ਗਈਆਂ ਸਨ ਉਨ੍ਹਾਂ ਦੀ ਸਾਭ-ਸੰਭਾਲ ਲਈ ਬਣਾਈ ਗਈ ਕਮੇਟੀ ’ਤੇ ਮਾਹਰਾਂ ਦੀ ਪੁੱਜੀ ਰਾਏ ਨੂੰ ਸਵੀਕਾਰ ਕਰਦਿਆਂ ਪੁਰਾਤਤਵ ਵਿਭਾਗ ਦਿੱਲੀ ਦੇ ਸ. ਐਸ.ਪੀ. ਸਿੰਘ ਰਾਹੀਂ ਉਕਤ ਕਾਰਜ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੀਆਂ ਸੰਗਤਾਂ ਦੀ ਰਿਹਾਇਸ਼ ਲਈ 10 ਕਿਲੇ ਜਮੀਨ ਖਰੀਦ ਕਰਕੇ ਨਵੀ ਸਰਾਂ ਬਣਾਈ ਜਾਵੇਗੀ।

ਮੀਟਿੰਗ ਸਬੰਧੀ ਹੋਰ ਵੇਰਵੇ ਦੇਂਦਿਆਂ ਉਨ੍ਹਾਂ ਕਿਹਾ ਕਿ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ (ਤਰਨਤਾਰਨ) ਦੇ ਲੰਗਰ ਲਈ ਆਟਾ ਗੁੰਨਣ ਵਾਲੀ ਮਸ਼ੀਨ ਖਰੀਦ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਸਤਘਾਟ ਨੇੜੇ ਸੰਗਤਾਂ ਅਤੇ ਮ੍ਰਿਤਕ ਪ੍ਰਾਣੀਆਂ ਦੇ ਨਾਮ ਲਿਖਣ ਵਾਲੇ ਸਟਾਫ ਲਈ ਹਾਲ ਕਮਰਾ ਤਿਆਰ ਕੀਤੇ ਜਾਣ ਨੂੰ ਪ੍ਰਵਾਨਗੀ ਦਿਤੀ ਗਈ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ (ਲੁਧਿਆਣਾ) ਵਿਖੇ ਲੋੜ ਨੂੰ ਮੁੱਖ ਰੱਖਦਿਆਂ ਇੱਕ ਹੋਰ ਵੱਡਾ 300 ਕੇ.ਵੀ. ਸਾਊਂਡ ਪਰੂਫ ਜਨਰੇਟਰ ਖਰੀਦ ਕੀਤੇ ਜਾਣਾ ਪ੍ਰਵਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (ਧਮਧਾਨ ਸਾਹਿਬ, ਜਿਲਾ ਜੀਂਦ ਹਰਿਆਣਾ) ਦੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰਵਾਇਆ ਜਾਵੇਗਾ। ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਅੰਦਰ ਏ.ਸੀ. ਲਗਵਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਦੀ ਦਰਸ਼ਨੀ ਡਿਊੜੀ ਤੋਂ ਸਰੋਵਰ ਤੀਕ ਸੰਗਤਾਂ ਦੀ ਸੁਖ-ਸਹੂਲਤ ਲਈ ਫੈਬਰਿਕ ਛੱਤ ਲਗਵਾਉਣਾ ਪ੍ਰਵਾਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਚੇਅਰਮੈਨ ਖੋਜ਼ ਕੇਂਦਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਆਰੀ ਟੀਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਰਜ ਵਿੱਚ ਸਹਿਯੋਗ ਕਰਨ ਲਈ ਉਨ੍ਹਾਂ ਵੱਲੋਂ ਕੀਤੀ ਮੰਗ ਨੂੰ ਸਵੀਕਾਰ ਕਰਦਿਆਂ ਸ.ਵਰਿਆਮ ਸਿੰਘ ਸਾਬਕਾ ਸਕੱਤਰ/ਡਾਇਰੈਕਟਰ ਧਰਮ ਪ੍ਰਚਾਰ ਕਮੇਟੀ ਦੀਆਂ ਇੱਕ ਸਾਲ ਲਈ ਸੇਵਾਵਾਂ ਲਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟ੍ਰਸਟ ਅੰਮ੍ਰਿਤਸਰ ਦੇ ਕੈਂਸਰ ਯੂਨਿਟ ਵਿਖੇ ਕੈਂਸਰ ਪੀੜ੍ਹਤ ਮਰੀਜ਼ਾਂ ਦੇ ਬੇਹਤਰ ਇਲਾਜ ਲਈ ਵਿਦੇਸ਼ ਤੋਂ ਮੰਗਵਾਈ ਜਾ ਰਹੀ ਲੀਨੀਅਰ ਐਕਸੀਲੇਟਰ ਮਸ਼ੀਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟ੍ਰਸਟ ਨੂੰ 4 ਕਰੋੜ ਰੁਪਏ ਸਹਾਇਤਾ ਦਿੱਤੇ ਜਾਣ ਨੂੰ ਪ੍ਰਵਾਨ ਕੀਤਾ ਗਿਆ ਹੈ। ਚਿਠੀ ਸਿੰਘਪੁਰਾ ਅਨੰਤਨਾਗ ਕਸ਼ਮੀਰ ਦੇ ਖਾਲਸਾ ਇੰਗਲਿਸ਼ ਮੀਡੀਅਮ ਸਕੂਲ ਦੇ ਚੇਅਰਮੈਨ ਸ.ਰਜਿੰਦਰ ਸਿੰਘ ਵੱਲੋਂ ਕੀਤੀ ਮੰਗ ਦੇ ਅਧਾਰ ਤੇ ਸਕੂਲ ਦੀ ਲੋੜ ਮੁਤਾਬਕ ਕਮਰੇ ਬਨਵਾਉਣ, ਫਰਨੀਚਰ ਤੇ ਲਾਇਬ੍ਰੇਰੀ, ਸਾਇਸ ਰੂਮ ਲਈ ਲੋੜੀਦਾ ਸਮਾਨ ਖਰੀਦ ਕੇ ਦੇਣਾ ਪ੍ਰਵਾਨ ਕੀਤਾ ਗਿਆ ਹੈ।

ਇਕੱਤਰਤਾ ਸਮੇਂ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ ਸਿੰਘ ਮਹਿਤਾ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਸੁਰਜੀਤ ਸਿੰਘ ਗੜ੍ਹੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ.ਕਰਨੈਲ ਸਿੰਘ ਪੰਜੋਲੀ, ਸ.ਮੋਹਣ ਸਿੰਘ ਬੰਗੀ ਤੇ ਸ.ਭਜਨ ਸਿੰਘ ਸ਼ੇਰਗਿੱਲ ਅੰਤ੍ਰਿੰਗ ਮੈਂਬਰਾਂ ਤੋ ਇਲਾਵਾ ਸਕੱਤਰ ਸ.ਤਰਲੋਚਨ ਸਿੰਘ, ਸ.ਰੂਪ ਸਿੰਘ ਤੇ ਸ.ਦਲਮੇਘ ਸਿੰਘ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਬਲਵਿੰਦਰ ਸਿੰਘ ਜੌੜਾ ਤੇ ਸ.ਅਵਤਾਰ ਸਿੰਘ ਵਧੀਕ ਸਕੱਤਰ, ਸ.ਪਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਕੇਵਲ ਸਿੰਘ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਪਰਮਦੀਪ ਸਿੰਘ, ਸ.ਸੁਖਬੀਰ ਸਿੰਘ ਤੇ ਸ.ਬਿਅੰਤ ਸਿੰਘ ਅਨੰਦਪੁਰੀ,  ਸੁਪਰਵਾਈਜਰ ਸ.ਗੁਰਨਾਮ ਸਿੰਘ, ਸ.ਗੁਰਚਰਨ ਸਿੰਘ ਕੋਹਾਲਾ ਤੇ ਸ.ਹਰਜਿੰਦਰ ਸਿੰਘ, ਸ.ਮੁਖਤਾਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਨਾਢਾ ਸਾਹਿਬ (ਪੰਚਕੂਲਾ), ਸ.ਪਰਮਜੀਤ ਸਿੰਘ ਕਲਰਕ, ਸ.ਜਸਵੀਰ ਸਿੰਘ ਕੰਪਿਊਟਰ ਉਪਰੇਟਰ, ਸ.ਜਤਿੰਦਰ ਸਿੰਘ ਫੋਟੋ ਗ੍ਰਾਫਰ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>