ਇਹ ਵੀ ਖ਼ੂਬ ਰਹੀ

ਡਾ: ਹਰਸ਼ਿੰਦਰ ਕੌਰ, ਐਮ ਡੀ,

ਇਹ ਗੱਲ ਮੇਰੇ ਵਿਆਹ ਤੋਂ ਪਹਿਲਾਂ ਦੀ ਹੈ, ਪਰ ਹੈ ਬੜੀ ਹੈਰਾਨੀਜਨਕ! ਇਹ ਕਿਉਂਕਿ ਹਕੀਕਤ ਵਿਚ ਵਾਪਰ ਚੁੱਕੀ ਹੈ, ਇਸਲਈ ਇਸਨੂੰ ਨਕਾਰ ਦੇਣ ਦਾ ਸਵਾਲ ਹੀ ਨਹੀਂ ਉੱਠਦਾ। ਮੈਂ ਕੋਈ ਵਹਿਮ ਨਹੀਂ ਫੈਲਾਉਣਾ ਚਾਹੁੰਦੀ। ਗੱਲ ਕਿਵੇਂ ਵਾਪਰੀ, ਸਿਰਫ਼ ਸਮਝਣਾ ਚਾਹੁੰਦੀ ਹਾਂ ਕਿ ਕੋਈ ਮੇਰਾ ਇਹ ਲੇਖ ਪੜ੍ਹ ਕੇ ਜੇ ਮੈਨੂੰ ਸਮਝਾ ਸਕੇ ਤਾਂ ਚੰਗੀ ਗੱਲ ਹੈ।

ਮੇਰੇ ਪਤੀ ਡਾ.ਗੁਰਪਾਲ ਸਿੰਘ ਉਦੋਂ ਫਾਈਨਲ ਈਅਰ ਐਮ.ਬੀ. ਬੀ .ਐਸ. ਵਿਚ ਰੋਹਤਕ ਮੈਡੀਕਲ ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਉਹ ਹੋਸਟਲ ਵਿਚ ਰਿਹਾ ਕਰਦੇ ਸਨ। ਇਕ ਦਿਨ ਰਾਤ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁੱਝ ਕਮਰੇ ਛੱਡ ਕੇ ਚਾਰ ਪੰਜ ਮੁੰਡੇ ਰਾਤ ਨੂੰ ‘ ਰੂਹ ’ ਬੁਲਾ ਰਹੇ ਹਨ ਕਿ ਆਉਣ ਵਾਲੀ ਜ਼ਿੰਦਗੀ ਬਾਰੇ ਕੁੱਝ ਪੁੱਛ ਸਕਣ।

ਮੇਰੇ ਪਤੀ ਨੂੰ ਅਜਿਹੀਆਂ ਚੀਜ਼ਾਂ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਸੀ। ਇਸ ਗੱਲ ਨੂੰ ਝੂਠ ਸਾਬਤ ਕਰਨ ਦੇ ਚੱਕਰ ਵਿਚ ਉਨ੍ਹਾਂ ਵੀ ਬਾਕੀ ਦੋਸਤਾਂ ਨਾਲ ਸ਼ਾਮਲ ਹੋਣ ਦੀ ਗੱਲ ਕੀਤੀ। ਰਾਤ ਨੂੰ ਬਾਰਾਂ ਕੁ ਵਜੇ ਸਾਰੇ ਜਣੇ ਕਮਰੇ ਵਿਚ ਹੇਠਾਂ ਬਹਿ ਗਏ ਤੇ ਉਨ੍ਹਾਂ ਕਮਰੇ ਦੇ ਵਿਚਕਾਰ ਇਕ ਮੇਜ਼ ਧਰ ਦਿੱਤੀ ਜਿਸ ਉ¤ਤੇ ਇਕ ਪਾਸੇ ਏ, ਬੀ,ਸੀ, ਡੀ ਆਦਿ ਲਿਖ ਦਿੱਤੀ ਗਈ ਤੇ ਦੂਜੇ ਪਾਸੇ ਇਕ ਤੋਂ 10 ਤਕ ਗਿਣਤੀ ਲਿਖੀ ਗਈ। ਵਿਚਕਾਰ ਇਕ ਪੁੱਠੀ ਕੋਲੀ ਰਖ ਕੇ ਨਾਲ ਮੋਮਬਤੀ ਬਾਲ ਦਿੱਤੀ। ਸਾਰੇ ਕਮਰੇ ਵਿਚ ਘੁੱਪ ਹਨ੍ਹੇਰਾ ਸੀ ਕਿਉਂਕਿ ਬਿਜਲੀ ਬੰਦ ਕੀਤੀ ਹੋਈ ਸੀ। ਸਾਰੇ ਖਿੜਕੀ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਸਨ ਤੇ ਚੁਫੇਰੇ ਕਾਲੇ ਪਰਦੇ ਅਤੇ ਚਾਦਰਾਂ ਟੰਗ ਦਿੱਤੀਆਂ ਗਈਆਂ ਹੋਈਆਂ ਸਨ।

ਉਨ੍ਹਾਂ ਸਾਰੇ ਡਾਕਟਰ ਮੁੰਡਿਆਂ ਵਿਚ ਇਕ ਡਾਕਟਰ ਪੰਡਤ ਸੀ ਜਿਸ ਦਾ ਪਿਓ ਰੂਹਾਂ ਬੁਲਾਇਆ ਕਰਦਾ ਸੀ। ਉਸੇ ਤੋਂ ਜਾਚ ਸਿਖ ਕੇ ਉਹ ਮੁੰਡਾ ਇਹ ਮੰਤਰ ਪੜ੍ਹਨ ਲੱਗਿਆ ਸੀ। ਉਸਨੇ ਸਾਰਿਆਂ ਨੂੰ ਬਿਲਕੁਲ ਸ਼ਾਂਤ ਰਹਿਣ ਲਈ ਕਹਿ ਕੇ ਮੰਤਰ ਪੜ੍ਹਨੇ ਸ਼ੁਰੂ ਕੀਤੇ।

ਮੰਤਰ ਪੜ੍ਹਨ ਤੋਂ ਪਹਿਲਾਂ ਹੀ ਉਸਨੇ ਸਾਰਿਆਂ ਨੂੰ ਆਪਣੀ ਇਕ ਇਕ ਉਗੰਲ ਪੁੱਠੀ ਪਈ ਕੋਲੀ ਉੱਤੇ ਧਰਵਾ ਦਿੱਤੀ ਤੇ ਸਮਝਾਇਆ ਕਿ ਕੋਈ ਡਰ ਕੇ ਚੀਕੇ ਨਾ। ਜਦੋਂ ਰੂਹ ਆ ਗਈ ਤਾਂ ਮੋਮਬੱਤੀ ਦੀ ਲੋਅ ਹਿੱਲੇਗੀ ਤੇ ਫੇਰ ਵਾਰੀ ਵਾਰੀ ਅਸੀਂ ਸਾਰੇ ਸਵਾਲ ਪੁੱਛ ਸਕਾਂਗੇ, ਉਹ ਵੀ ਤਾਂ ਜੇ ਚੰਗੀ ਰੂਹ ਆਈ।

ਉਸਨੇ ਇਹ ਵੀ ਖ਼ਬਰਦਾਰ ਕੀਤਾ ਕਿ ਕਈ ਵਾਰ ਕੋਈ ਮਾੜੀ ਰੂਹ ਆ ਜਾਏ ਤਾਂ ਉਹ ਕੰਮ ਖ਼ਰਾਬ ਵੀ ਕਰ ਸਕਦੀ ਹੈ। ਮੇਰੇ ਪਤੀ ਦਿਲ ਹੀ ਦਿਲ ਅੰਦਰ ਹੱਸਣ ਕਿ ਅੱਜ ਸਾਰਿਆਂ ਦਾ ਭਾਂਡਾ ਭੰਨ ਕੇ ਹੀ ਉੱਠਾਂਗਾ।

ਉਹ ਮੁੰਡਾ ਮੰਤਰ ਪੜ੍ਹਨ ਲੱਗ ਪਿਆ। ਜਿਉਂ ਜਿਉਂ ਉਹ ਮੰਤਰ ਪੜ੍ਹੀ ਗਿਆ, ਸਾਰਿਆਂ ਦੇ ਦਿਲ ਦੀ ਧੜਕਨ ਤੇਜ਼ ਹੁੰਦੀ ਰਹੀ। ਕਾਫ਼ੀ ਚਿਰ ਬਹਿ ਬਹਿ ਕੇ ਸਾਰਿਆਂ ਨੂੰ ਸੁਸਤੀ ਆਉਣ ਲੱਗ ਪਈ। ਏਨੇ ਨੂੰ ਇਕਦਮ ਮੋਮਬੱਤੀ ਦੀ ਲਾਟ ਹਿੱਲੀ।

ਸਾਰੇ ਇਕ ਦੂਜੇ ਵਲ ਸਾਹ ਰੋਕ ਕੇ ਵੇਖਣ ਲੱਗ ਪਏ ਕਿ ਕਿਸਨੇ ਫੂਕ ਮਾਰੀ?  ਸਭ ਬਹੁਤ ਹੌਲੀ ਹੌਲੀ ਸਾਹ ਲੈ ਰਹੇ ਸਨ। ਕਿਸੇ ਨੇ ਵੀ ਫੂਕ ਨਹੀਂ ਸੀ ਮਾਰੀ। ਉਹ ਲਾਟ ਕਾਫ਼ੀ ਜ਼ੋਰ ਜ਼ੋਰ ਦੀ ਹਿੱਲਣ ਲੱਗੀ ਤਾਂ ਉਹ ਪੰਡਤ ਮੁੰਡਾ ਪੁੱਛਣ ਲੱਗਿਆ, ‘‘ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓਗੇ?’’

ਕੋਈ ਨਾ ਬੋਲਿਆ। ਮੋਮਬੱਤੀ ਦੀ ਲਾਟ ਸ਼ਾਂਤ ਸਿੱਧੀ ਹੋ ਗਈ। ਉਸਨੇ ਫਿਰ ਆਪਣਾ ਸਵਾਲ ਦੋਹਰਾਇਆ ਤਾਂ ਪਹਿਲਾਂ ਪਾਸਿਆਂ ਤੋਂ ਕਾਲੇ ਪਰਦੇ ਹਿੱਲੇ ਤੇ ਮੋਮਬੱਤੀ ਦੀ ਲਾਟ ਫੇਰ ਹਿੱਲੀ।

ਸਾਰੇ ਹੈਰਾਨ ਸਨ ਕਿ ਦਰਵਾਜ਼ੇ ਖਿੜਕੀਆਂ ਬੰਦ ਸਨ, ਕੋਈ ਹਵਾ ਵੀ ਨਹੀਂ ਸੀ ਚੱਲ ਰਹੀ, ਫੇਰ ਪਰਦੇ ਕਿਵੇਂ ਹਿੱਲੇ? ਉਸ ਮੁੰਡੇ ਨੇ ਸਾਰਿਆਂ ਨੂੰ ਕੌਲੀ ਉੱਤੇ ਚੰਗੀ ਤਰ੍ਹਾਂ ਘੁੱਟ ਕੇ ਉਗੰਲ ਰੱਖਣ ਨੂੰ ਕਿਹਾ। ਸਾਰੇ ਪੂਰਾ ਜ਼ੋਰ ਲਾ ਕੇ ਕੌਲੀ ਨੂੰ ਉਗੰਲਾਂ ਨਾਲ ਦੱਬ ਕੇ ਸਹਿਮ ਕੇ ਬਹਿ ਗਏ।

ਪਹਿਲਾਂ ਮੰਤਰ ਪੜ੍ਹਨ ਵਾਲੇ ਮੁੰਡੇ ਨੇ ਉਸ ‘ ਰੂਹ ’ ਤੋਂ ਮੁਆਫ਼ੀ ਮੰਗੀ ਕਿ ਬੇਵਕਤ ਤੰਗ ਕੀਤਾ ਹੈ। ਫੇਰ ਦੁਬਾਰਾ ਸਵਾਲ ਦੁਹਰਾਇਆ ਕਿ ਜੇ ਸਵਾਲਾਂ ਦਾ ਜਵਾਬ ਦੇਣਾ ਹੈ ਤਾਂ ‘ Y ’ (ਵਾਈ) ਉੱਤੇ ਲੈ ਚੱਲੋ ਨਹੀਂ ਤਾਂ ‘ N ’ (ਐਨ) ਅੱਖਰ ਉੱਤੇ।

ਪੂਰੇ ਜ਼ੋਰ ਨਾਲ ਚੁਫ਼ੇਰਿਓਂ ਦੱਬੀ ਕੌਲੀ ਹੌਲੀ ਹੌਲੀ ਖਿਸਕਣ ਲੱਗੀ ਤੇ ਵਾਈ ਅੱਖਰ ਉੱਤੇ ਜਾ ਕੇ ਖਲੋ ਗਈ, ਜਿਵੇਂ ਉਹ ਰੂਹ ਅੰਗਰੇਜ਼ੀ ਜ਼ਬਾਨ ਤੋਂ ਪੂਰੀ ਤਰ੍ਹਾਂ ਵਾਕਫ਼ ਹੋਵੇ।

ਮੇਰੇ ਪਤੀ ਦਿਲ ਹੀ ਦਿਲ ਵਿਚ ਮੁਸਕੁਰਾਉਣ ਲੱਗੇ ਕਿ ਇਹ ਪੱਕਾ ਪਾਖੰਡ ਕਰ ਰਿਹਾ ਹੈ। ਆਪੇ ਕੌਲੀ ਧੱਕ ਰਿਹਾ ਹੈ। ਸਾਰੇ ਇਕ ਦੂਜੇ ਨੂੰ ਪੁੱਛਣ ਲੱਗੇ ਕਿ ਕੌਣ ਕੌਲੀ ਨੂੰ ਧੱਕ ਰਿਹਾ ਹੈ?  ਉਸ ਪੰਡਤ ਮੁੰਡੇ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਤੇ ਫੇਰ ਆਪ ਉਸ ‘ ਰੂਹ ’ ਤੋਂ ਸਵਾਲ ਪੁੱਛਿਆ, ‘‘ ਮੈਂ ਡਾਕਟਰ ਬਣਨ ਤੋਂ ਬਾਅਦ ਫੌਜ ਵਿਚ ਜਾਣਾ ਚਾਹੁੰਦਾ ਹਾਂ। ਕੀ ਮੇਰਾ ਇਹ ਸੁਫ਼ਨਾ ਪੂਰਾ ਹੋਵੇਗਾ? ਕੌਲੀ ਹੌਲੀ ਹੌਲੀ ਸਰਕੀ ਤਾਂ ਸਾਰਿਆਂ ਨੇ ਉਸਨੂੰ ਹੋਰ ਜ਼ੋਰ ਦੀ ਚੁਫੇਰਿਓਂ ਦੱਬਣ ਦੀ ਕੋਸ਼ਿਸ਼ ਕੀਤੀ ਪਰ ਉਹ ਸਰਕਦੀ ਗਈ ਤੇ ਵਾਈ (Y) ਅੱਖਰ ਉੱਤੇ ਟਿਕ ਗਈ। ਉਸਨੇ ਇਸ ਦਾ ਮਤਲਬ ਹਾਂ (Yes)  ਸਮਝਾਇਆ। ਅਜੀਬ ਗੱਲ ਇਹ ਹੈ, ਭਾਵੇਂ ਸਬੱਬ ਸਮਝ ਲਵੋ ਕਿ ਉਹ ਡਾਕਟਰ ਇਸ ਵੇਲੇ ਫੌਜ ਵਿਚ ਬਹੁਤ ਉੱਚੇ ਅਹੁਦੇ ਉੱਤੇ ਤੈਨਾਤ ਹੈ।

ਫੇਰ ਇਕ ਹੋਰ ਮੁੰਡੇ ਨੇ ਆਪਣੇ ਆਉਣ ਵਾਲੇ ਫਾਈਨਲ ਇਮਤਿਹਾਨ ਦੇ ਨੰਬਰ ਪੁੱਛੇ ਤਾਂ ਕੌਲੀ ਫੇਰ ਸਰਕੀ ਤੇ ਪਹਿਲਾਂ 9 ਅੰਕ ਉ¤ਤੇ ਖੜ੍ਹੀ ਹੋਈ, ਫੇਰ 8 ਉੱਤੇ ਤੇ ਫੇਰ 6 ਉੱਤੇ। ਉਸ ਦਿਨ ਤੋਂ ਚਾਰ ਮਹੀਨੇ ਬਾਅਦ ਉਸ ਡਾਕਟਰ ਦੇ ਵਾਕਈ ਇਮਤਿਹਾਨ ਵਿਚ 986 ਨੰਬਰ ਹੀ ਆਏ।

ਤੀਜੇ ਮੁੰਡੇ ਨੇ ਖ਼ੌਰੇ ਕੀ ਸੋਚ ਕੇ ਆਪਣੀ ਮੌਤ ਬਾਰੇ ਪੁੱਛਿਆ ਤਾਂ ਉਹ ਕੌਲੀ ਜ਼ੋਰ ਦੀ ਝਟਕਾ ਦੇ ਕੇ ਹਿੱਲੀ ਤੇ ਪਹਿਲਾਂ  H (ਐਚ) ਅੱਖਰ ਉੱਤੇ ਖੜੀ ਹੋਈ, ਫੇਰ A (ਏ), ਉੱਤੇ, ਫੇਰ  (ਐਨ) ਤੇ ਫੇਰ  G  (ਜੀ) ਤੇ ਫੇਰ I N G(ਆਈ ਐਨ ਜੀ) ਯਾਨੀ ਹੈਗਿੰਗ। ਸਭ ਸਕਤੇ ਵਿਚ ਆ ਗਏ ਪਰ ਅਜੀਬ ਗੱਲ ਇਹ ਹੋਈ ਜਾਂ ਇਸ ਨੂੰ ਵੀ ਭਾਵੇਂ ਸਬੱਬ ਹੀ ਮੰਨ ਲਵੋ ਕਿ ਇਸ ਘਟਨਾ ਤੋਂ ਅੱਠ ਮਹੀਨੇ ਬਾਅਦ ਉਸ ਮੁੰਡੇ ਨੇ ਪੱਖੇ ਨਾਲ ਰੱਸਾ ਲਟਕਾ ਕੇ ਆਤਮਹੱਤਿਆ ਕਰ ਲਈ।

ਚੌਥੇ ਮੁੰਡੇ ਨੇ ਆਪਣੇ ਵਤਨੋਂ ਪਾਰ ਵੱਸਣ ਬਾਰੇ ਪੁੱਛਿਆ ਤਾਂ ਕੌਲੀ ਫੇਰ ਸਰਕ ਕੇ ਪਹਿਲਾਂ Y (ਵਾਈ) ਉੱਤੇ ਟਿੱਕੀ ਫੇਰ N (ਐਨ) ਉੱਤੇ।

ਕਿਸੇ ਨੂੰ ਇਸਦੀ ਸਮਝ ਨਹੀਂ ਆਈ। ਜੇ ਅੱਜ ਦੇ ਦਿਨ ਨਾਲ ਜੋੜੀਏ ਤਾਂ ਉਹ ਡਾਕਟਰ ਕਈ ਸਾਲ ਇੰਗਲੈਂਡ ਵਿਚ ਕੰਮ ਕਰ ਕੇ ਹੁਣ ਦਿੱਲੀ ਵਿਖੇ ਇਕ ਵੱਡੇ ਹਸਪਤਾਲ ਵਿਚ ਸੀਨੀਅਰ ਡਾਕਟਰ ਵਜੋਂ ਕੰਮ ਕਰ ਰਿਹਾ ਹੈ।

ਪੰਜਵੇਂ ਮੁੰਡੇ ਨੇ ਆਪਣੇ ਪਿਤਾ ਦੀ ਸਿਹਤ ਬਾਰੇ ਪੁੱਛਿਆ ਕਿਉਂਕਿ ਉਹ ਕਾਫ਼ੀ ਬੀਮਾਰ ਰਹਿੰਦੇ ਸਨ ਕਿ ਕਦੋਂ ਠੀਕ ਹੋਣਗੇ? ਮੋਮਬੱਤੀ ਜ਼ੋਰ ਦੀ ਫ਼ਰਕੀ ਤੇ ਕੌਲੀ ਵੀ ਤੇਜ਼ੀ ਨਾਲ ਸਰਕ ਕੇ ਪਹਿਲਾਂ D (ਡੀ) ਅੱਖਰ ਵਲ ਗਈ, ਫੇਰ E (ਈ) ਵੱਲ, ਫੇਰ A (ਏ) ਵੱਲ ਤੇ ਫੇਰ ਵਾਪਸ D (ਡੀ) ਵੱਲ। ਯਾਨੀ DEAD (ਡੈੱਡ) । ਇਸਦੀ ਵੀ ਉਸ ਸਮੇਂ ਕਿਸੇ ਨੂੰ ਕੁੱਝ ਸਮਝ ਨਹੀਂ ਆਈ ਕਿ ਕੀ ਮਤਲਬ ਹੋਇਆ। ਸਵੇਰੇ ਹੀ ਸਭ ਨੂੰ ਪਤਾ ਲੱਗਿਆ ਕਿ ਉਸੇ ਰਾਤ ਉਸਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।

ਹੁਣ ਗੁਰਪਾਲ ਦੀ ਵਾਰੀ ਸੀ। ਇਸ ਸਾਰੇ ਕੰਮ ਉੱਤੇ ਉੱਕਾ ਹੀ ਬੇਯਕੀਨੀ ਰੱਖਦੇ ਹੋਏ ਉਸਨੇ ਮਜ਼ਾਕ ਤਹਿਤ ਪੁੱਛਿਆ ਕਿ ਮੇਰੀ ਵਹੁਟੀ ਕਿਹੜੇ ਸ਼ਹਿਰ ਤੋਂ ਹੋਵੇਗੀ ਤੇ ਉਸਦਾ ਨਾਂ ਕੀ ਹੋਵੇਗਾ?

ਕੌਲੀ ਹੌਲੀ ਹੌਲੀ ਸਰਕ ਕੇ ਪਹਿਲਾਂ P (ਪੀ) ਉੱਤੇ ਜਾ ਕੇ ਖਲੋ ਗਈ, ਫੇਰ A (ਏ) ਉੱਤੇ ਤੇ ਫੇਰ T (ਟੀ) ਉੱਤੇ ਯਾਨੀ PAT (ਪਟ)। ਇਸਤੋਂ ਬਾਅਦ ਉਹ ਫੇਰ ਨਾਂ ਦੱਸਣ ਵਲ ਤੁਰੀ ਤੇ ਪਹਿਲਾਂ H (ਐਚ), ਫੇਰ A (ਏ) ਫੇਰ R (ਆਰ) ਤੇ S (ਐਸ) ਉੱਤੇ ਜਾ ਕੇ ਖਲੋ ਗਈ ਤੇ ਉਸਤੋਂ ਬਾਅਦ ਅਚਾਨਕ ਮੋਮਬੱਤੀ ਬੁੱਝ ਗਈ ਤੇ ਘੁੱਪ ਹਨ੍ਹੇਰਾ ਛਾ ਗਿਆ। ਉਸ ਪੰਡਤ ਨੇ ਉਸਤੋਂ ਬਾਅਦ ਫੇਰ ਕੋਈ ਮੰਤਰ ਪੜ੍ਹ ਕੇ ਇਹ ਸਭ ਕੁੱਝ ਬੰਦ ਕਰ ਦਿੱਤਾ ਕਿ ਸਾਰੇ ਆਪੋ ਆਪਣੇ ਹੋਸਟਲ ਦੇ ਕਮਰਿਆਂ ਵਿਚ ਚਲੇ ਜਾਣ।

ਗੁਰਪਾਲ ਨੇ ਇਹ ਸਭ ਝੂਠ ਸਾਬਤ ਕਰਨ ਲਈ ਇਹ ਦੋ ਸ਼ਬਦ ਨੋਟ ਕਰ ਕੇ ਰਖ ਲਏ। ਜਦੋਂ ਇਸ ਗੱਲ ਤੋਂ ਸਾਢੇ ਚਾਰ ਸਾਲ ਬਾਅਦ ਸਾਡੇ ਵਿਆਹ ਦੀ ਗੱਲ ਚੱਲੀ ਤਾਂ ਮੇਰੇ ਪਤੀ ਦੇ ਚੇਤੇ ਵਿਚੋਂ ਇਹ ਗੱਲ  ਵਿਸਰ ਚੁੱਕੀ ਸੀ। ਸਾਡੀ ਜਦੋਂ ਮੰਗਣੀ ਹੋ ਗਈ ਤਾਂ ਇਕ ਵਾਰ ਰੋਹਤਕ ਵਿਚ ਮੈਂ ਆਪਣੇ ਮਾਪਿਆਂ ਨਾਲ ਉਸਨੂੰ ਮਿਲਣ ਗਈ। ਮੈਂ ਵੈਸੇ ਹੀ ਉਸਦੇ ਕਮਰੇ ਦੇ ਕਾਨਸ ਉੱਤੇ ਪਏ ਨਾਵਲ ਨੂੰ ਫਰੋਲਣ ਲੱਗ ਪਈ ਤਾਂ ਇਕ ਕਾਗਜ਼ ਵਿੱਚੋਂ ਡਿੱਗ ਪਿਆ।

ਉਹ ਕਾਗਜ਼ ਵੇਖ ਕੇ ਗੁਰਪਾਲ ਇਕਦਮ ਤ੍ਰਭਕਿਆ ਤੇ ਬੋਲਿਆ, ‘‘ ਇਹ ਕਿਵੇਂ ਹੋ ਸਕਦਾ ਹੈ? ’’ ਮੈਨੂੰ ਕੁੱਝ ਸਮਝ ਨਾ ਆਈ। ਉਸਨੇ ਉਹ ਕਾਗਜ਼ ਮੈਨੂੰ ਵਿਖਾਇਆ। ਉਸ ਉੱਤੇ ਸਾਢੇ ਚਾਰ ਸਾਲ ਪਹਿਲਾਂ ਦੀ ਤਰੀਕ ਪਾਈ ਹੋਈ ਸੀ ਤੇ ਛੇ ਜਣਿਆਂ ਦੇ ਦਸਖਤ ਹੇਠ ਲਿਖਿਆ ਸੀ ਕਿ ਵਹੁਟੀ ਕਿਸੇ ਪੀ ਏ ਟੀ ਨਾਂ ਦੇ ਸ਼ਹਿਰ ਵਿੱਚੋਂ ਹੋਵੇਗੀ ਤੇ ਉਸਦਾ ਨਾਂ ਐਚ ਏ ਆਰ ਐਸ ਤੋਂ ਸ਼ੁਰੂ ਹੋਵੇਗਾ। ਕਮਾਲ ਸੀ ਕਿ ਮੈਂ ਪਟਿਆਲੇ ਤੋਂ ਸੀ ਤੇ ਨਾਂ ਹਰਸ਼ਿੰਦਰ ਸੀ।

ਗੁਰਪਾਲ ਹੈਰਾਨ ਪਰੇਸ਼ਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ?  ਉਸਨੇ ਮੈਨੂੰ ਇਹ ਸਾਰੀ ਗੱਲ ਸੁਣਾਈ।  ਮੈਂ ਵੀ ਉਸ ਦਿਨ ਤੋਂ ਪਹਿਲਾਂ ਕਦੇ ਅਜਿਹਾ ਸੁਣਿਆ ਨਹੀਂ ਸੀ। ਮੈਨੂੰ ਬੇਯਕੀਨੀ ਨਾਲ ਸਿਰ ਮਾਰਦੇ ਵੇਖ ਕੇ ਉਹ ਮੈਨੂੰ ਹਸਪਤਾਲ ਵਿਚ ਉਸ  ਡਾਕਟਰ ਮੁੰਡੇ ਨੂੰ ਮਿਲਾਉਣ ਲੈ ਗਿਆ ਜਿਸ ਦੇ 986 ਨੰਬਰ ਆਏ ਸਨ। ਉਸ ਡਾਕਟਰ ਨੇ ਵੀ ਸਾਰਾ ਕੁੱਝ ਉਂਜ ਦਾ ਉਂਜ ਹੀ ਮੈਨੂੰ ਸੁਣਾਇਆ।

ਉਸ ਫੌਜ ਵਿਚ ਬਹੁਤ ਉੱਚ ਅਧਿਕਾਰੀ ਲੱਗ ਚੁੱਕੇ ਡਾਕਟਰ ਪੰਡਤ ਨੂੰ ਵੀ ਮਿਲਣ ਦਾ ਮੌਕਾ ਇਕ ਵਾਰ ਮੈਨੂੰ ਮਿਲਿਆ ਤੇ ਉਸਨੇ ਮੇਰੀ ਬੇਯਕੀਨੀ ਨੂੰ ਵੇਖਦੇ ਹੋਏ ਮੈਨੂੰ ਵੀ ਰੂਹਾਂ ਨਾਲ ਮਿਲਵਾਉਣ ਦਾ ਵਾਅਦਾ ਕੀਤਾ ਪਰ ਮੈਂ ਹੀ ਨਾ ਕਰ ਦਿੱਤੀ ਕਿ ਮੈਂ ਭਵਿੱਖ ਵਲ ਨਹੀਂ ਝਾਕਣਾ ਕਿਉਂਕਿ ਮੈਂ ਤਾਂ ਅੱਜ ਨੂੰ ਰਜ ਕੇ ਜੀਉਣਾ ਚਾਹੁੰਦੀ ਹਾਂ। ਮੇਰਾ ਮੰਨਣਾ ਹੈ ਕਿ ਕਲ ਨੂੰ ਉਡੀਕਦੇ ਆਪਣੇ ਅੱਜ ਨੂੰ ਨਾ ਖ਼ਤਮ ਕਰ ਲਈਏ। ਮੰਜ਼ਿਲ ਤਕ ਪਹੁੰਚ ਕੇ ਤਾਂ ਮਜ਼ਾ ਕੁੱਝ ਪਲਾਂ ਦਾ ਹੀ ਹੁੰਦਾ ਹੈ। ਅਸਲੀ ਸੁਆਦ ਤਾਂ ਮੰਜ਼ਿਲ ਤਕ ਜਾਣ ਦੇ ਰਸਤੇ ਵਿਚ ਹੁੰਦਾ ਹੈ ਜਿਹੜਾ ਸਦੀਵੀ ਯਾਦ ਬਣ ਜਾਂਦਾ ਹੈ।

ਮੈਂ ਇਹ ਆਪਣੀ ਜ਼ਿੰਦਗੀ ਵਿਚਲਾ ਸੱਚ ਕੋਈ ਵਹਿਮ ਭਰਮ ਫੈਲਾਉਣ ਲਈ ਨਹੀਂ ਲਿਖਿਆ ਬਲਕਿ ਇਕ ਅਜੀਬ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਇਹ ਜੋ ਵੀ ਕੁੱਝ ਹੋਇਆ ਕਿਵੇਂ ਹੋਇਆ ਤੇ ਇਸ ਪਿੱਛੇ ਅਸਲ ਸੱਚ ਕੀ ਹੈ, ਜੇ ਕੋਈ ਜਾਣਦਾ ਹੋਵੇ ਤਾਂ ਮੈਨੂੰ ਜ਼ਰੂਰ ਦੱਸੇ। ਹਾਲੇ ਤਕ ਤਾਂ ਕਈ ਐਸੇ ਕੁਦਰਤ ਦੇ ਰੰਗ ਤੇ ਗੁੱਝੀਆਂ ਬੁਝਾਰਤਾਂ ਹਨ ਜਿਨ੍ਹਾਂ ਬਾਰੇ ਇਨਸਾਨ ਕੋਈ ਥਹੁ ਪਤਾ ਨਹੀਂ ਲਾ ਸਕਿਆ ਤੇ ਇਨ੍ਹਾਂ ਹਨ੍ਹੇਰਿਆਂ ਵਿਚ ਹਥ ਪੈਰ ਮਾਰਦਿਆਂ ਬਹੁਤ ਕੁੱਝ ਮਨੁੱਖ ਈਜਾਦ ਵੀ ਕਰ ਚੁੱਕਿਆ ਹੈ।

ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਆਦਿ ਮਨੁੱਖ ਨੇ ਵੀ ਬਹੁਤ ਕਿਆਸ ਲਾਏ ਸਨ ਪਰ ਸਾਇੰਸ ਦੀ ਵਿਦਿਆਰਥਣ ਹੋਣ ਦੇ ਨਾਤੇ ਮੈਂ ਅਜਿਹੀਆਂ ਗ¤ਲਾਂ ਵਿਚ ਬਹੁਤਾ ਵਿਸ਼ਵਾਸ ਨਹੀਂ ਰਖਦੀ। ਫੇਰ ਵੀ ਮੇਰੀ ਜ਼ਿੰਦਗੀ ਵਿਚ ਅਜਿਹੀਆਂ ਤਿੰਨ ਚਾਰ ਘਟਨਾਵਾਂ ਹੋਰ ਵੀ ਵਾਪਰ ਚੁੱਕੀਆਂ ਹਨ ਜਿਨ੍ਹਾਂ ਬਾਰੇ ਮੈਂ ਕੁੱਝ ਨਹੀਂ ਸਮਝ ਸਕੀ।

ਮੇਰੇ ਆਪਣੇ ਸਕੇ ਜੀਜਾ ਜੀ ਨੇ, ਜੋ ਫੌਜ ਵਿਚ ਮੇਜਰ ਰਹੇ ਹਨ, ਵੀ ਤਿੰਨ ਚਾਰ ਵਾਰ ਨੰਬਰਾਂ ਦੀ ਗਿਣਤੀ ਕਰ ਕੇ ਪਤਾ ਨਹੀਂ ਕਿਵੇਂ ਕਿਆਸ ਲਾ ਕੇ ਮੇਰੇ ਵਿਆਹ ਤੋਂ ਛੇ ਸਾਲ ਪਹਿਲਾਂ ਹੀ ਇਹ ਦਸ ਦਿੱਤਾ ਸੀ ਕਿ ਮੇਰੀ ਮੰਗਣੀ 8-9-89 ਨੂੰ ਹੋਵੇਗੀ ਤੇ ਵਿਆਹ ਦੀ ਤਰੀਕ ਵੀ ਦਸ ਦਿੱਤੀ ਸੀ ਜੋ ਅਸਲ ਵਿਚ ਵਾਪਰੀ ਤੇ ਸਾਡੇ ਸਾਰੇ ਟ¤ਬਰ ਲਈ ਬੜੀ ਹੈਰਾਨੀਜਨਕ ਗ¤ਲ ਸਾਬਤ ਹੋਈ।
ਏਸੇ ਹੀ ਤਰ੍ਹਾਂ ਜਦੋਂ ਮੈਂ ਹਾਲੇ ਡਾਕਟਰ ਬਣੀ ਵੀ ਨਹੀਂ ਸੀ ਤਾਂ ਉਨ੍ਹਾਂ ਇੰਜ ਹੀ ਅਜੀਬ ਤਰ੍ਹਾਂ ਦਾ ਹਿਸਾਬ ਲਾ ਕੇ ਇਕ ਵਾਰ ਸਾਰਿਆਂ ਵਿਚ ਐਲਾਨ ਕੀਤਾ ਕਿ ਹਰਸ਼ ਅੱਗੇ ਜਾ ਕੇ ਕਿਤਾਬਾਂ ਲਿਖਣ ਵਾਲੀ ਹੈ ਤੇ ਉਸੇ ਪਛਾਣ ਸਦਕਾ ਇਹ ਵਿਦੇਸ਼ਾਂ ਵਿਚ ਲੈਕਚਰ ਵੀ ਦੇਣ ਜਾਵੇਗੀ।

ਸਾਡੇ ਸਾਰੇ ਟੱਬਰ ਲਈ ਇਹ ਇਕ ਚੁਟਕਲੇ ਵਾਂਗ ਸੀ ਤੇ ਸਾਰੇ ਜਣੇ ਰੱਜ ਕੇ ਹੱਸੇ ਸੀ ਤੇ ਮੇਰਾ ਤਾਂ ਮਜ਼ਾਕ ਹੀ ਬਣ ਗਿਆ ਸੀ ਕਿ ਹਰਸ਼ ਤੇ ਲਿਖਣਾ? ਇਹ ਤਾਂ ਕਦੇ ਇਕ ਅੱਖਰ ਨਹੀਂ ਲਿਖਦੀ ਤੇ ਲੈਕਚਰ ਦੀ ਕੀ ਗੱਲ ਕਰਦੇ ਹੋ, ਇਸਦੇ ਕਾਲਜ ਤੋਂ ਤਾਂ ਇਸਦੀ ਸ਼ਿਕਾਇਤ ਪਹੁੰਚਦੀ ਹੈ ਕਿ ਇਸਦੇ ਮੂੰਹ ਵਿਚ ਜ਼ਬਾਨ ਵੀ ਨਹੀਂ, ਇਸਨੂੰ ਬੋਲਣਾ ਸਿਖਾਓ!

ਮੇਰੇ ਮੇਜਰ ਵੀਰ ਜੀ ਨੇ ਉਸ ਸਮੇਂ ਵੀ ਇਕ ਚੈਲੇਂਜ ਦੀ ਤੌਰ ਉ¤ਤੇ ਕਬੂਲ ਕੀਤਾ ਸੀ ਕਿ ਜੇ ਹਰਸ਼ ਵਤਨੋਂ ਪਾਰ ਇੰਜ ਨਾ ਗਈ ਜਿਵੇਂ ਪਟਿਆਲਿਓਂ ਰਾਜਪੁਰੇ ਜਾਈਦੈ ਤਾਂ ਮੇਰਾ ਨਾਂ ਵਟਾ ਲਇਓ।

ਅੱਜ ਹੁਣ ਜਦੋਂ ਵੀ ਮੈਂ ਚੰਡੀਗੜ੍ਹ ਉਨ੍ਹਾਂ ਨੂੰ ਮਿਲਣ ਜਾਂਦੀ ਹਾਂ ਤਾਂ ਉਹ ਇਹ ਗ¤ਲ ਹਮੇਸ਼ਾ ਦੁਹਰਾਉਂਦੇ ਹਨ! ਪਤਾ ਨਹੀਂ ਕਿਹੜੇ ਨੰਬਰਾਂ ਤੇ ਕਿਹੜੀ ਗਿਣਤੀ ਨਾਲ ਉਨ੍ਹਾਂ ਇਹ ਲੱਭਿਆ ਪਰ ਇਹ ਦੋਵੇਂ ਗੱਲਾਂ ਤੋਂ ਇਲਾਵਾ ਵੀ ਕਾਫੀ ਕੁੱਝ ਹੋਰ ਉਨ੍ਹਾਂ ਜੋ ਬਾਕੀ ਭੈਣ ਭਰਾਵਾਂ ਲਈ ਦੱਸਿਆ, ਸਭ ਸਹੀ ਸਾਬਤ ਹੋਇਆ।

ਇੱਥੋਂ ਤਕ ਕਿ ਮੇਰੇ ਵਿਆਹ ਤੋਂ ਪਹਿਲਾਂ ਦੱਸੀ ਮੇਰੇ ਬੱਚਿਆਂ ਦੀ ਜਨਮ ਤਰੀਕ ਵੀ ਸਹੀ ਸਾਬਤ ਹੋਈ ਹੈ।

ਖ਼ੈਰ! ਇਹ ਗੱਲਾਂ ਤਾਂ ਰਬ ਜਾਣੇ ਕਿਵੇਂ ਵਾਪਰਦੀਆਂ ਹਨ ਪਰ ਆਪਾਂ ਤਾਂ ਸਾਰੇ ਰਲ ਕੇ ਆਪਣੇ ਅਜ ਨੂੰ ਹੀ ਸਵਾਰਨ ਵਲ ਧਿਆਨ ਦੇਈਏ! ਕਲ ਦਾ ਕੀ ਪਤਾ ਕਿੰਨੇ ਸਾਡੇ ਆਪਣੇ ਸਾਡੇ ਨਾਲ ਹੋਣ ਜਾਂ ਨਾ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>