“ਲਾਲ ਸਿੰਘ ਦਸੂਹਾ” ਦੀ ਕਥਾ ਦਾ ਸੁਹਜ-ਸ਼ਾਸ਼ਤਰ

ਡਾ. ਚੰਦਰ ਮੋਹਨ,ਲੈਕਚਰਾਰ

ਪੰਜਾਬੀ ਕਹਾਣੀ ਦੇ ਰਚਣਈ ਇਤਿਹਾਸ ਵਿੱਚ ਲਾਲ ਸਿੰਘ ਦਾ ਨਾਉਂ ਨਵੀਂ ਪੀਹੜੀ ਦੇ ਕਥਾਕਾਰਾਂ ਵਿੱਚ ਗਿਣਿਆਂ ਜਾਂਦਾ ਹੈ । ਨਵੀਂ ਪੀਹੜੀ ਤੋਂ ਮੁਰਾਦ ਉਸ ਪੀਹੜੀ ਤੋਂ ਹੈ ਜਿਸਦੀ ਆਮਦ ਨਾਲ ਕਹਾਣੀ ਦੀ ਵਿਧਾ,ਵਿਸ਼ੈ-ਵਸਤੂ ਤੇ ਸ਼ੈਲੀ ਪੱਖੋਂ ਕੁਝ ਨਵਾਂ ਸਿਰਜਿਆ ਜਾਣ ਲੱਗ ਪਵੇ ਅਤੇ ਜਿਸ ਸਦਕਾ ਕਹਾਣੀ ਦੇ ਸੁਹਜ-ਸ਼ਾਸ਼ਤਰੀ ਸੰਦਰਭਾਂ ਵਿੱਚ ਤਬਦੀਲੀ ਵਿਆਪ ਜਾਵੇ । ਇਹ ਗੱਲ ਨਵੀਂ ਰਚੀ ਜਾ ਰਹੀ ਪੰਜਾਬੀ ਕਹਾਣੀ ਉਤੇ ਲਾਗੂ ਹੁੰਦੀ ਹੈ , ਕਿਉਂਜੁ , ਨਵੇਂ ਪੰਜਾਬੀ ਕਥਾਕਾਰਾਂ ਨੇ ਕਹਾਣੀ ਰਚਣ ਲਈ ਵਿਸ਼ੈ-ਵਸਤੂ ਦੀ ਚੋਣ ਪੱਖੋਂ ਜਿਹੜੀ ਤਬਦੀਲੀ ਲਿਆਂਦੀ ਹੈ ਉਸ ਤੋਂ ਪੰਜਾਬੀ ਕਹਾਣੀ ਦੇ ਸੁਹਜ-ਸ਼ਾਸ਼ਤਰੀ ਸੰਦਰਭਾਂ ਵਿੱਚ ਵੀ ਤਬਦੀਲੀ ਵਾਪਰ ਜਾਣ ਦੇ ਸੰਕੇਤ ਮਿਲਦੇ ਹਨ ।
ਹੱਥਲੇ ਨਿਬੰਧ ਵਿੱਚ ਅਜਿਹੇ ਸੰਕੇਤ ਦੀ ਪਛਾਣ , ਲਾਲ ਸਿੰਘ ਦੀ ਕਥਾ ਦੇ ਸੁਹਜ-ਸ਼ਾਸ਼ਤਰ ਨੂੰ ਉਸਾਰ ਕੇ ਕੀਤੀ ਗਈ ਹੈ । ਇੱਥੇ ਇਹ ਕਹਿਣਾ ਵੀ ਮੁਨਾਸਬ ਹੋਵੇਗਾ ਕਿ ਕਥਾ ਦੇ ਸੁਹਜ-ਸ਼ਾਸ਼ਤਰ ਦਾ ਨੇੜਲਾ ਸੰਬੰਧ ਜਿੱਥੇ ਕਹਾਣੀ ਦੇ ਸ਼ਿਲਪ-ਵਿਧਾਨ ਨਾਲ ਹੁੰਦਾ ਹੈ ਉੱਥੇ ਸ਼ਿਲਪ ਵਿਧਾਨ ਵਿੱਚੋਂ ਉਘੜਦੀ ਕਥਾਕਾਰ ਦੀ ਵਿਚਾਰਧਾਰਕ ਪਹੁੰਚ ਦਾ ਮੁੱਦਾ ਵੀ ਇਸੇ ਵਿੱਚ ਸ਼ਾਮਿਲ ਹੈ । ,
ਲਾਲ ਸਿੰਘ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉੱਤੇ ਵਿਚਾਰਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ । ਉਸ ਦੀ ਕਹਾਣੀ ਦੀ ਬਣਤਰ ਨੂੰ ਸਮਝਣਾ ਉਨ੍ਹਾਂ ਸਥਿਤੀਆਂ ਨੂੰ ਵੀ ਸਮਝਣਾ ਹੈ ਜਿਨ੍ਹਾਂ ਕਾਰਨ ਇਹ ਪੈਦਾ ਹੁੰਦੀ ਹੈ । ਲਾਲ ਸਿੰਘ ਐਸਾ ਕਹਾਣੀਕਾਰ ਹੈ ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ –ਸ਼ਾਸ਼ਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ-ਸ਼ਾਸ਼ਤਰ ਘੜਦਾ ਹੈ ਅਤੇ ਇਸ ਰਾਹੀਂ ਸਮਾਜਕ ਪਰਿਸਥਿਤੀਆਂ ਨੂੰ ਸਮਝਣ ਦਾ ਪ੍ਰਯਾਸ ਕਰਦਾ ਹੈ । ਇਸ ਲਈ ਉਸਦੀ ਕਹਾਣੀ ਦੀ ਬਣਤਰ ਗਣਿਤ ਦੇ ਸਵਾਲ ਦੀ ਬਣਤਰ ਵਰਗੀ ਹੈ । ਅਜਿਹੀ ਬਣਤਰ ਜਿੱਥੇ ਲਾਲ ਸਿੰਘ ਦੀ ਕਹਾਣੀ ਦੀ ਨਿਵੇਕਲੀ ਪਛਾਣ ਬਣਦੀ ਹੈ ਉਥੇ ਇਹ ਪੰਜਾਬੀ ਕਥਾ ਦੇ ਸੁਹਜ-ਸ਼ਾਸ਼ਤਰੀ ਖੇਤਰ ਵਿਚ ਨਿਵੇਕਲੇਪਨ ਦਾ ਸੰਕੇਤ ਵੀ ਬਣੀ ਹੈ ।ਇਸ ਵਿਚਾਰ ਨੂੰ ਸਪਸ਼ਟ ਕਰਨ ਲਈ ਉਸ ਦੀਆਂ ਦੋ ਕਹਾਣੀਆਂ ਦਾ ਅਧਿਐਨ-ਵਿਸ਼ਲੇਸ਼ਣ ਪ੍ਰਸਤੁਤ ਕੀਤਾ ਜਾਂਦਾ ਹੈ ।
ਪਹਿਲਾਂ ‘ਧੁੱਪ-ਛਾਂ’ ਕਹਾਣੀ ਦੀ ਬਣਤਰ ਲੈਂਦੇ ਹਾਂ । ਇਸ ਕਹਾਣੀ ਦੇ ਅੰਤ ਵਿੱਚ “ਮੈਂ” ਪਾਤਰ ਪੰਜ ਪਾਤਰਾਂ ਦੀ ‘ਬੱਝੀ ਗੰਢ ’ ਵੇਖਦਾ ਹੈ । ਪੰਜ ਪਾਤਰ ਹਨ :’ਮੈਂ ’ ਪਾਤਰ ਦੀ ਪਤਨੀ ਹਰਜੀਤ,ਉਸ ਦੀ ਮਾਲਕ-ਮਕਾਨ ਲੱਛਮੀ, ਉਸਦਾ ਪੁੱਤਰ ਪਿੰਕੀ , ਉਸਦਾ ਬਾਪੂ ਈਸ਼ਰ ਸਿੰਘ ਵਾਲੀਆ ਅਤੇ ਉਸਦਾ ਚਾਚਾ ਹੁਸਨ ਲਾਲ । ਇਨ੍ਹਾਂ ਪੰਜਾਂ ਪਾਤਰਾਂ ਦੀ ‘ਬੱਝੀ ਗੰਢ ’ ਨੂੰ ਕਹਾਣੀਕਾਰ ਨੇ ‘ਮੈਂ ’ ਪਾਤਰ ਦੀਆਂ ਅੱਖਾਂ ਸਾਹਮਣੇ ਸਾਕਾਰ ਕਰਵਾਇਆ ਹੈ । ‘ ਮੈਂ ’ ਪਾਤਰ ਦੇ ਪੁੱਤਰ ਦਾ ਬਾਹਰੋਂ ਦੌੜ ਕੇ ਘਰ ਆਉਣਾ , ਉਸਦਾ ਆਪਣੀ ਆਂਟੀ ਅਰਥਾਤ ਲੱਛਮੀ ਦੀਆਂ ਲੱਤਾਂ ਨੂੰ ਚਿੰਮੜ ਜਾਣਾ ਅਤੇ ਉਸ ਕੋਲੋਂ ਆਪਣੀ ਮਾਂ ਅਤੇ ਆਂਟੀ ਦੇ ਚਿਹਰਿਆਂ ਦੀ ਪਛਾਣ ਨਾ ਕਰ ਸਕਣ ਦਾ ਦ੍ਰਿਸ਼-ਚਿਤਰਣ ਹੈ । ਇਸ ਦ੍ਰਿਸ਼-ਚਿਤਰਨ ਵਿਚਲਾ ਨਜ਼ਾਰਾ ਵੇਖ ਕੇ ‘ ਮੈਂ ’ ਪਾਤਰ ਆਪਣੀ ਮਾਨਸਿਕ ਚਿੰਤਾ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਸਨੂੰ ਜਾਪਦਾ ਹੈ ਜਿਵੇਂ ਉਸਦੀ ਪਤਨੀ ‘ਹਰਜੀਤ ’ ਦੇ ਮੋਢੇ ਉਤੇ ਟਿਕਿਆ ਉਸਦੀ ਮਕਾਨ ਮਾਲਕਣ ਲੱਛਮੀ ਦਾ ਇਕ ਹੱਥ (ਦੇਸ਼ ਭਗਤੀ ਦੀ ਪਰੰਪਰਾ ) ਉਸਦੇ ਬਾਪੂ ਈਸ਼ਰ ਸਿੰਘ ਵਾਲੀਆ ਦਾ ਹੋਵੇ ਅਤੇ ਉਸਦੇ ਪੁੱਤਰ ਪਿੰਕੀ ਦੁਆਲੇ ਵਗਲ੍ਹਿਆ ਦੂਜਾ ਹੱਥ (ਮਾਰਕਸੀ ਦਰਸ਼ਨ ਪਰੰਪਰਾ ) ਉਸਦੇ ਚਾਚੇ ਹੁਸਨ ਲਾਲ ਦਾ ਹੋਵੇ । ਇਨ੍ਹਾਂ ਹੱਥਾਂ ਦੇ ਦ੍ਰਿਸ਼ ਚਿਤਰਨ ਰਾਹੀਂ ‘ ਮੈਂ ’ ਪਾਤਰ ਨੂੰ ਉਸਦੇ ਆਪੇ ਅਤੇ ਆਪਣੇ ਵਿਰਸੇ ਦੀ ਪਛਾਣ ਹੁੰਦੀ ਹੈ  । ਇਹ ਪਛਾਣ ਹੀ ਉਸਨੂੰ ਦਹਿਸ਼ਤਗਰਦੀ ਦੇ ਮਾਹੌਲ ਵਿੱਚ ਦਹਿਸ਼ਤਗਰਦਾਂ ਕੋਲੋਂ ਮਿਲੇ ‘ਧਮਕੀ ਪੱਤਰ ’ ਤੋਂ ਜਿੱਥੇ ਡਰਨੋਂ ਬਚਾਉਂਦੀ ਹੈ ਉੱਥੇ ਉਸਨੂੰ ਮਾਨਸਿਕ ਤੌਰ ਉੱਤੇ ਅਜਿਹੇ ਮਾਹੌਲ ਵਿਰੁੱਧ ਲੜਨਾ ਵੀ ਸਿਖਾਉਂਦੀ ਹੈ । ਕਹਾਣੀ ਦੇ ਆਦਿ ਤੋਂ ਅੰਤ ਤਕ ਦਹਿਸ਼ਤਗਰਦਾਂ ਦਾ ‘ਧਮਕੀ ਪੱਤਰ’ ਇਸ ਕਹਾਣੀ ਦੀ ਵਿਧੀ ਵਜੋਂ ਕਾਰਜ ਕਰਦਾ ਹੈ । ਕਿਉਂ ਜੁ, ਇਸੇ ‘ਧਮਕੀ ਪੱਤਰ ’ ਦੇ ਆਧਾਰ ਉੱਤੇ ਸਮੁੱਚੀ ਕਹਾਣੀ ਦੀ ਬਣਤਰ ਨੂੰ ਉਸਾਰਿਆ ਗਿਆ ਹੈ । ‘ਧਮਕੀ ਪੱਤਰ’ ਰਾਹੀਂ “ਮੈਂ ” ਪਾਤਰ ਜਿਸ ਪਿੰਡ ਨਾਲ ਆਪਣਾ ਜਨਮ-ਜਾਤ ਸੰਬੰਧ ਜੋੜਦਾ ਹੈ ਉਹ ਪਿੰਡ ਉਸਨੂੰ ਦੋ ਭਰਾਵਾਂ ਦੀ ਜਾਗੀਰ ਜਾਪਦੀ ਹੈ । ਦੋਵੇਂ ਢਾਈ-ਢਾਈ ਸੌ ਏਕੜ ਪੈਲੀ ਦੇ ਮਾਲਕ ਹਨ ।ਦੋਵੇਂ-ਵੱਡਾ ਜੈ  ਸਿੰਘ ਤੇ ਛੋਟਾ ਗੁਰਨਾਮ ਸਿੰਘ ਆਪਣੇ ਨਾਵਾਂ ਪਿੱਛੇ ‘ਸੰਘਾ ’ ਅਤੇ ‘ਸਿੰਘਪੁਰੀ ’ ਲਾਉਂਦੇ ਹਨ  । ਦੋਵੇਂ ਭਰਾ ਖੇਤੀਬਾੜੀ ਨਾਲ ਸੰਬੰਧਤ ਹਨ । ਵੱਡੇ ਦੇ ਇੱਕੋ ਇਕ ਜਸਵਿੰਦਰ ਸਿੰਘ ਨਾਂ ਦਾ ਪੁੱਤਰ ਹੈ । ਜਦਕਿ ਛੋਟੇ ਭਰਾ ਦੇ ਚਾਰ ਪੁੱਤਰ ਹਨ । ਜੈ ਸਿੰਘ ਅਤੇ ਉਸਦਾ ਪੁੱਤਰ ‘ਮੈਂ ’ ਪਾਤਰ ਵਾਂਗ ਹੀ ਪੰਜਾਬ ਦੇ ਮਾੜੇ ਮਾਹੌਲ ਕਾਰਨ ‘ਧਮਕੀ ਪੱਤਰ’ ਮਿਲਣ ਕਰਕੇ ਸ਼ਹਿਰ ਜਾ ਵਸਦੇ ਹਨ । ਕਹਾਣੀ ਪੜ੍ਹਦਿਆਂ ਲਗਦੈ……ਕਹਾਣੀਕਾਰ ਦੂਸਰੀ ਧਿਰ ਬਣਕੇ ਵਿਚਰਿਆ ਹੈ । ਪਹਿਲੀ ਧਿਰ ,ਜੈ ਸਿੰਘ ਵਰਗੇ ਜ਼ਿਮੀਦਾਰਾਂ ਦੀ ਹੈ । ਦੋਵੇਂ ਧਿਰਾਂ ਦਹਿਸ਼ਤਗਰਦਾਂ ਦੇ ਧਮਕੀ ਪੱਤਰਾਂ ਦੇ ਡਰੋਂ ਪਿੰਡ ਛੱਡ ਕੇ ਸ਼ਹਿਰ ਵਸਣ ਲਈ ਮਜਬੂਰ ਹਨ । ਪਹਿਲੀ ਧਿਰ ਤਾਂ ਸ਼ਹਿਰ ਜਾ ਕੇ ਵਸ ਸਕਦੀ ਹੈ ਪਰ ਦੂਜੀ ਧਿਰ ਨਹੀਂ । ਇਸ ਪ੍ਰਸੰਗ ਦੀ ਸਪਸ਼ਟਤਾ ਲਈ ਕਹਾਣੀ ਦੀਆਂ ਇਹ ਸਤਰਾਂ ਧਿਆਨ ਦੇਣ ਯੋਗ ਹਨ : “ਪਹਿਲੇ ਵਹਿਮ” (ਧਮਕੀ ਪੱਤਰ ) ਤੋਂ ਡਰਿਆ ਜੈ ਸਿੰਘ ਪਿੰਡ ਛੱਡ ਆਇਆ , ਮੇਰੇ ਵਾਂਗ । ਪਰ ਨਹੀਂ । ਉਹਦੀ ਗੱਲ ਹੋਰ ਸੀ । ਉਹਦਾ ਸਰਦਾ ਸੀ , ਕਈ ਪਾਸਿਉਂ । ਮੈਂ , ਨਿਰਾ-ਪੁਰਾ ਤਨਖ਼ਾਹ ‘ਤੇ ਨਿਰਭਰ । ਪਿੰਡ ਹੱਟੀ ਸੀ । ਚਾਰ ਪੈਸੇ ਰਲਦੇ ਸਨ । ਹੁਣ ਉਹ ਵੀ ਜਾਂਦੇ ਲੱਗੇ । ਤੇ ਤਨਖਾਹ…..ਨਿਰੀ ਤਨਖਾਹ ਆਸਰੇ ਕਿੱਡਾ ਕੁ ਮਕਾਨ ਲਿਆ ਜਾ ਸਕਦਾ ਸੀ , ਕਰਾਏ ‘ਤੇ ……।“
ਲਾਲ ਸਿੰਘ ਦੀ ਕਥਾ-ਦ੍ਰਿਸ਼ਟੀ ਅਨੁਸਾਰ ਪੰਜਾਬ ਅੰਦਰ ਦਹਿਸ਼ਤਗਰਦੀ ਦਾ ਪ੍ਰਭਾਵ ਸਮਾਜ ਦੇ ਸਭਨਾ ਵਰਗਾਂ ਦੇ ਲੋਕਾਂ ਉਪਰ ਪਿਆ ।ਪਰ ਜ਼ਿਆਦਾ ਮਾਰੂ ਪ੍ਰਭਾਵ ਉਸ ਵਰਗ ਉਤੇ ਪਿਆ ਜਿਹੜਾ ਹੱਥੀਂ ਕਾਰ ਕਰਦਾ ਸੀ ਜਾਂ ਕੋਈ ਸਰਕਾਰੀ ਨੌਕਰੀ ਨਾਲ ਸੰਬੰਧਤ ਸੀ । ਐਸ਼-ਆਰਾਮ ਕਰਨ ਵਾਲਾ ਵਰਗ ਦਹਿਸ਼ਤਗਰਦਾਂ ਕੋਲੋਂ ਮਿਲੇ ਧਮਕੀ ਪੱਤਰ ਦਾ ਇਲਾਜ ‘ਪੁਲਿਸ ਉੱਚ ਮੁਖੀ ’ ਜਾਂ ‘ਗੁਰੀਲਾ-ਫੋਰਸ ਦ ਅਹੁਦੇਦਾਰ ’, ਜਿਹੜਾ ਕਿ ਦੂਰੋਂ ਨੇੜਿਓਂ ਉਸਦੀ ਆਪਣੀ ਹੀ ਰਿਸ਼ਤੇਦਾਰੀ ਵਿਚੋਂ ਹੋ ਸਕਦਾ ਸੀ , ਰਾਹੀਂ ਕਰ ਲੈਂਦਾ ਹੈ । ਪਰ ਹੱਥੀਂ ਕੰਮ ਕਰਨ ਵਾਲਾ ਵਰਗ ਅਜਿਹੇ ਕੰਮ ਵਿਚ ਓਪਰਾ ਓਪਰਾ , ਸਾਰੇ ਰਿਸ਼ਤਿਆਂ ਤੋਂ ਬੇ-ਪਛਾਣ ਬਣਿਆ ਰਹਿੰਦਾ ਹੈ । ਇਸ ਪ੍ਰਸੰਗ ਨੂੰ ਹੋਰ ਸਪਸ਼ਟ ਕਰਦੀਆਂ ਹਨ ਕਹਾਣੀ ਦੀਆਂ ਇਹ ਸਤਰਾਂ “ ਮੈਨੂੰ ਲੱਗਾ , ਮੈਂ ਵੀ ਇੱਕ ਪਿੰਜਰ ਹਾਂ ,ਬੇਪਛਾਣ ਪਿੰਜਰ । ਡਰ-ਫ਼ਿਕਰ ਦੇ ਮਲਬੇ ਹੇਠ ਦੱਬਿਆ । ਉਲ੍ਹਾਮੇਂ-ਮਿਹਣਿਆਂ ਦੀ ਨਸ਼ਤਰ ਦਾ ਵਿੰਨ੍ਹਿਆ । …….ਮੈਨੂੰ ਕਿਸੇ ਨੇ ਵੀ ਮੁਆਫ਼ ਨਹੀਂ ਸੀ ਕੀਤਾ – ਨਾ ਬਾਪੂ ਨੇ , ਨਾ ਮੁੰਡਿਆਂ ਨੇ ,ਨਾ ਬਨਵੈਤਾਂ ਨੇ , ਨਾ ਮੇਰੇ ਸਕੂਲ ਦੇ ਟੀਚਰਾਂ ਨੇ ।“ ਇਨ੍ਹਾਂ ਸਤਰਾਂ ਵਿਚਲਾ ‘ਮੈਂ ’ ਪਾਤਰ ਅਸਲ ਵਿੱਚ ਸੱਚੇ-ਸੁੱਚੇ ਸਾਧਾਰਨ ਪੰਜਾਬੀ ਵਿਅਕਤੀ ਅਤੇ ਪੰਜਾਬ ਦੇ ਰੂਪ ਵਜੋਂ ਪੇਸ਼ ਹੋਇਆ ਹੈ । ਲਾਲ ਸਿੰਘ ਦੀ ਕਹਾਣੀ ਦੀ ਵਿਲੱਖਣਤਾ ਇਹੀ ਹੈ ਕਿ ਉਹ ‘ਮੈਂ ਪਾਤਰ ’ਨੂੰ ਆਪਣੀ ਕਹਾਣੀ ਵਿੱਚ ਕੇਂਦਰੀ  ਸਥਾਨ ਦਿੰਦਾ ਹੈ । ਇਹੀ ਕੇਂਦਰੀ ਸਥਾਨ ਜਿੱਥੇ ਉਸ ਦੀ ਕਥਾ ਦੇ ਸੁਹਜ-ਸ਼ਾਸ਼ਤਰ ਦੀ ਪਛਾਣ ਬਣਦਾ ਹੈ ਉਥੇ ਇਸ ਰਾਹੀਂ ਉਹ ਆਪਣੀ ਤਤਕਾਲਕ ਰਾਜਨੀਤਕ ਅਤੇ ਇਤਿਹਾਸਕ ਚੇਤਨਾ ਦਾ ਚਿੰਤਨੀ ਪ੍ਰਮਾਣ ਦੇ ਕੇ ਆਪਣੀ ਕਥਾ ਦੇ ਵਿਚਾਰਧਾਰਕ ਸੂਤਰਾਂ ਦਾ ਨਿਰਮਾਣ ਵੀ ਕਰਦਾ ਹੈ । ਅਜਿਹੇ ਪ੍ਰਮਾਣ ਤੋਂ ਪਤਾ ਲਗਦਾ ਹੈ ਕਿ ਕਹਾਣੀ ਲਿਖਣ ਲੱਗਿਆਂ ਲਾਲ ਸਿੰਘ ਦੀ ਹਮਦਰਦੀ ਦੱਬੇ-ਕੁਚਲੇ-ਲਿਤਾੜੇ-ਦਲਿਤ ਵਰਗ ਨਾਲ ਰਹਿੰਦੀ ਹੈ । ਇਸੇ ਲਈ ਉਹ ਇਸ ਵਰਗ ਦੀਆਂ ਗ਼ਮੀਆਂ,ਖੁਸ਼ੀਆਂ,ਸੋਚਾਂ , ਜੀਵਨ ਦੇ ਰੰਗਾਂ ਤੇ ਢੰਗਾਂ ਆਦਿ ਨੂੰ ਸਫ਼ਲਤਾ ਨਾਲ ਪੇਸ਼ ਕਰ ਜਾਂਦਾ ਹੈ । ਜਦੋਂ ਉਹ ‘ਮੈ ’ ਪਾਤਰ ਦੇ ਰੂਪ ਪੇਸ਼ ਹੋ ਕੇ ਆਪਣੇ ਆਪ ਨੂੰ ਜੈ ਸਿੰਘ ਵਰਗੇ ਉੱਚ ਵਰਗੀ ਬੰਦਿਆਂ ਨਾਲ ਜੋੜਦਾ ਹੈ ,ਤਾਂ ਵੀ ਉਸਦੀ ਦ੍ਰਿਸ਼ਟੀ ਵਿਚੋਂ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਹਰ ਹੀਲੇ-ਵਸੀਲੇ ਦੇ ਬਾਵਜੂਦ ਦਲਿਤ ਵਰਗ ਉਚ-ਵਰਗ ਕੋਲੋਂ ਮਦਦ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿੰਦਾ ਹੈ । ਉਸਨੂੰ ਉਸ ਵਰਗ ਕੋਲੋਂ ਉਹ ‘ਭਾਈਬੰਦੀ ’ ਪ੍ਰਾਪਤ ਨਹੀਂ ਹੁੰਦੀ ਜਿਹੜੀ ਕਦੇ ਇਕ ਆਵਾਜ਼ ਮਾਰਨ ਉੱਤੇ ਦਸ ਵਾਰ ਜਾਣ ਅਤੇ ਇਕ ਕੰਮ ਕਰਨ ਬਦਲੇ ਚਾਰ ਕੰਮ ਸੰਵਾਰਨ ਵਾਲੀ ਦਿਲੀ ਇੱਛਾ ਪੈਦਾ ਕਰਦੀ ਹੈ । ਦਹਿਸ਼ਤਗਰਦੀ ਦੇ ਦਿਨਾਂ ਵਿਚ ਅਜਿਹੀ ‘ਭਾਈਬੰਦੀ ’ ਤੇ ‘ਮਿੱਤਰਚਾਰਾ ’ ਤਾਂ ਕੀ ,ਖੂਨ ਦੇ ਰਿਸ਼ਤੇ ਵੀ ਬੇਪਛਾਣ ਹੋ ਗਏ । ਲਾਲ ਸਿੰਘ ਨੇ ਇਨ੍ਹਾ ਬੇਪਛਾਣ ਰਿਸ਼ਤਿਆਂ ਨੂੰ ਮਨੋਵਿਗਿਆਨਕ ਤਰੀਕੇ ਦੁਆਰਾ ਪਛਾਣ ਕੇ ਇੰਝ ਰੂਪਮਾਨ ਕੀਤਾ ਹੈ “ ਮੈਂ ਹੁਸਨ ਲਾਲ ਚਾਚੇ ਨੂੰ ਕਿੱਦਾਂ ਦੱਸਦਾ ਕਿ ਧਮਕੀ –ਪੱਤਰ ਤੋਂ ਡਰਦਾ ਮੈਂ ਉਸੇ ਬਾਪ ਨੂੰ ਮੌਤ ਦੇ ਮੂੰਹ ‘ਚ ਕੱਲਾ ਛੱਡ ਆਇਆ ਹਾਂ ……। ਉਹ ਜਿਹੜਾ ਮੇਰਾ ਬਾਪੂ ਸੀ ਤੇ ਮਾਂ ਵੀ ……। “ ਇੰਝ, ਬੇਰੁਜ਼ਗਾਰੀ , ਵਿੱਦਿਆ ਤੰਤਰ ਦੇ ਮਾੜੇ ਹਾਲਾਤ ਅਤੇ ਜੇਲ੍ਹਾਂ ਦੀਆਂ ਕੈਦਾਂ ਦੇ ਧੱਕੇ-ਧੋੜੇ ਖਾਂਦੇ ਨੌਜਵਾਨਾਂ ਦੀ ਜੀਵਨ-ਸਥਿਤੀ ਵੱਲ ਸੰਕੇਤ ਕਰਦੀ ‘ਧੁੱਪ-ਛਾਂ ’ ਕਹਾਣੀ ਪੰਜਾਬ ਸਮੱਸਿਆ ਦੇ ਦਹਿਸ਼ਤਗਰਦੀ ਵਾਲੇ ਦੌਰ ਨੂੰ ਪੰਜਾਬ ਵਿਚਲੇ ਸਾਕਾ ਨੀਲਾ ਤਾਰਾ ,ਸਿੱਖ ਕਤਲੇਆਮ , ਕਾਲੀ ਗਰਜ , ਚਿੱਟੀ ਗਰਜ , ਦੰਗੇ-ਫਸਾਦਾਂ ਆਦਿ ਦੇ ਪ੍ਰਸੰਗ ਵਿਚ ਉਭਾਰਦੀ ਹੈ । ਲਾਲ ਸਿੰਘ ਇਨ੍ਹਾਂ ਪ੍ਰਸੰਗਾਂ ਨੂੰ ਉਭਾਰਦੇ ਸਮੇਂ ਮਨੁੱਖ ਮਾਤਰ ਦੇ ਇਤਿਹਾਸ ਵਿਚ ਕਾਰਜ ਕਰ ਚੁੱਕੀ ਜਾਂ ਕਾਰਜ ਕਰ ਰਹੀ ਸ਼ਰਮ-ਧਰਮ ਦੀ ਸਹੀ ਤੇ ਸੰਤੁਲਤ ਸੋਝੀ ਤੋਂ ਕੰਮ ਲੈਂਦਾ ਹੈ  । ਇਸੇ ਲਈ ਉਹ ਮਾਨਵਵਾਦੀ ਕਦਰਾਂ ਦੇ ਲੜ ਲੱਗਿਆ ਜਾਪਦਾ ਏ ।
ਲਾਲ ਸਿੰਘ ਦੀ ਕਹਾਣੀ ਦੀ ਬਣਤਰ ਗਣਿਤ ਦੇ ਸਵਾਲ ਵਰਗੀ ਹੋਣ ਦਾ ਪ੍ਰਸੰਗ ਨੂੰ ਸਪਸ਼ਟ ਕਰਨ ਲਈ ਦੂਜੀ ਵਿਚਾਰੀ ਜਾਣ ਵਾਲੀ ਕਹਾਣੀ ਹੈ ‘ਨਾਈਟ ਸਰਵਿਸ ’ ।ਇਸ ਕਹਾਣੀ ਦੀ ਭਾਸ਼ਾ-ਸ਼ੈਲੀ ਪੰਜਾਬੀ ਲੋਕ ਗੀਤਾਂ ਵਰਗੀ ਰਵਾਨੀ ਅਤੇ ਲੈਅ ਵਾਲੀ ਹੈ । ਅਜਿਹੀ ਰਵਾਨੀ ਅਤੇ ਲੈਅ ਲਾਲ ਸਿੰਘ ਦੀ ਸਮੁੱਚੀ ਕਥਾ ਦਾ ਉਘੜਵਾਂ ਸੁਹਜ-ਸ਼ਾਸ਼ਤਰੀ ਪੱਖ ਹੈ । ਕਹਾਣੀ ਪੜ੍ਹਨ ਉਪਰੰਤ ਪੈਦਾ ਹੋਣ ਵਾਲੀ ਲੈਅ, ਰਵਾਨੀ ਅਤੇ ਸੰਗੀਤਕ ਧੁਨ ਜਿੱਥੇ ‘ਬਣਮਾਨਸ ਤੋਂ ਮਨੁੱਖ ਦਾ , ਪੱਥਰ ਯੁਗ ਤੋਂ ਐਟਮੀ ਯੁਗ ਦਾ , ਮੁੱਢਲੇ ਸਾਮਾਵਾਦ ਤੋਂ ਸਮਾਜਵਾਦ ਦਾ , ਪਤਾਲ ਤੋਂ ਪੁਲਾੜ ਦਾ ’ ਪਤਾ ਦਿੰਦੀ ਹੈ । ਉਥੇ ਇਹ ਵਰਤਮਾਨ ਯੁੱਗ ਵਿੱਚ ਅਖੌਤੀ ਬੁੱਧੀਜੀਵੀ ਵਰਗ (ਮੱਧ ਵਰਗ ) ਉਪਰ ਵਿਅੰਗ ਵੀ ਕਸਦੀ ਹੈ । ਕਹਾਣੀ ਵਿੱਚ ਪੇਸ਼ ਹੋਇਆ ਮੁੱਖ ਪਾਤਰ ਇਤਿਹਾਸ ਦਾ ਪ੍ਰੋਫੈਸਰ ਹੈ । ਉਸਦਾ ਕੰਮ ਸਮਾਜਕ ਵਿਕਾਸ ਦੀ ਚਾਲ ਦਾ ਅਧਿਐਨ ਕਰਨ ਹੈ । ਲਾਲ ਸਿੰਘ ਦੀ ਸੋਚ ਵਿਚ ਇਹ ਗੱਲ ਟਿਕੀ ਹੋਈ ਹੈ ਕਿ ਭਾਵੇਂ ਸਾਰੇ ਦਾ ਸਾਰਾ ਨਾ ਸਹੀ ਪਰ ਮੱਧਵਰਗ ਦਾ ਕੁਝ ਅਜਿਹਾ ਭਾਗ ਜ਼ਰੂਰ ਹੈ ਜਿਹੜਾ ਰਹਿੰਦਾ ਤਾਂ ਬੁਰਜੂਆ ਵਰਗ(ਵੀਹ ਨੰਬਰ ) ਨਾਲ ਹੈ ਪਰ ਗੱਲਾਂ ਕਿਰਤੀ ਵਰਗ(ਅਠਾਰਾਂ ਨੰਬਰ ) ਦੀਆਂ ਕਰਦਾ ਹੈ । ਇੰਝ ,ਕਥਾ ਵਿੱਚ ਅਠਾਰਾਂ , ਉਨੀ ਤੇ ਵੀਹ ਨੰਬਰ ਬੱਸ ਸੀਟਾਂ ਦੀ ਮੁਹਾਰਨੀ ਕ੍ਰਮਵਾਰ ਕਿਰਤੀ , ਮੱਧ ਵਰਗ ਤੇ ਬੁਰਜੂਆ ਵਰਗ ਦੀ ਪਛਾਣ ਕਰਨ ਲਈ ਕੀਤੀ ਗਈ ਹੈ । ਲਾਲ ਸਿੰਘ ਦੀ ਕਥਾ-ਦ੍ਰਿਸ਼ਟੀ ਵਿੱਚ ਅਠਾਰਾਂ ਸਾਵਧਾਨ , ਉੱਨੀ ਜਾਗਦੇ ਅਤੇ ਵੀਹ ਸੁੱਤੇ ਪਏ ਲੋਕ ਜਾਪਦੇ ਹਨ । ਉਸਦੀ ਦ੍ਰਿਸ਼ਟੀ ਦਾ ਇਹ ਪਹਿਲੂ ਉਸਨੂੰ ਪ੍ਰਗਤੀਵਾਦੀ ਯਥਾਰਥਵਾਦੀ ਕਹਾਣੀਕਾਰ ਵੱਜੋਂ ਉਭਾਰਦਾ ਹੈ ।
ਲਾਲ ਸਿੰਘ ਦੀ ਕਥਾ ਦਾ ਸੁਹਜ-ਸੰਕਲਪ ਜਿੱਥੇ ਵਰਤਮਾਨ ਸਮਾਜਕ ਯਥਾਰਥ ਦੀ ਪ੍ਰਤੀਤੀ ਕਰਵਾਉਂਦਾ ਹੈ ਉੱਥੇ ਸਾਹਿਤਕ ਕਲਾ ਨੂੰ ਨਿਸਚਤ ਦ੍ਰਿਸ਼ਟੀਕੋਣ ਦੇ ਪ੍ਰੁਬੰਧ ਵਜੋਂ ਉਸਾਰਨ ਦਾ ਸਮਰਥਨ ਵੀ ਕਰਦਾ ਹੈ । ਇੰਝ , ਲਾਲ ਸਿੰਘ ਦੀ ਕਹਾਣੀ ਕਲਾ ਸਮਾਜਕ ਅਤੇ ਸਾਹਿਤਕ ਮੁੱਲਾਂ ਦਾ ਤਾਲਮੇਲੀ ਰਿਸ਼ਤਾ ਸਥਾਪਤ ਕਰਦੀ ਹੈ ਅਤੇ ‘ਕਲਾ ਸਮਾਜ ਲਈ ਹੈ ’ ਦੇ ਨਾਅਰੇ ਨੂੰ ਜ਼ੋਰਦਾਰ ਰੂਪ ਵਿੱਚ ਉਘੜਦਾ ਕਰਦੀ ਹੈ । ਇਸ ਵਿਚਾਰ ਦੀ ਪੁਸ਼ਟੀ ਲਈ ਲਾਲ ਸਿੰਘ ਦੀ ਬਹੁ-ਚਰਚਿਤ ਕਹਾਣੀ ‘ਬਲੌਰ ’ ਅਤੇ ਘੱਟ ਚਰਚਿਤ ਕਹਾਣੀ ‘ਖੰਭ ’ ਨੂੰ ਵਿਚਾਰ ਅਧੀਨ ਲਿਆ ਗਿਆ ਹੈ ।
‘ਬਲੌਰ ’ ਕਹਾਣੀ ਵਿਚਲਾ ਬਹਾਦਰ ਨਾਮੀ ਮੁੱਖ ਪਾਤਰ ਪ੍ਰਗਤੀਵਾਦੀ ਮੰਨੇ ਗਏ ਪੰਜਾਬੀ ਕਹਾਣੀਕਾਰ ਸੁਜਾਨ ਸਿੰਘ ਦੀ ਬਹੁ-ਚਰਚਿਤ ਕਹਾਣੀ ‘ਕੁਲਫੀ ’ ਵਿਚੋਂ ਲਿਆ ਗਿਆ ਹੈ । ਕਹਿਣ ਦਾ ਭਾਵ ਇਹ ਹੈ ਕਿ ਲਾਲ ਸਿੰਘ ਨੇ ਸੁਜਾਨ ਸਿੰਘ ਦੀ ਕਹਾਣੀ ਵਿਚੋਂ ਪਾਤਰ ਲੈ ਕੇ ‘ਬਲੌਰ ’ ਨਾਮੀਂ ਮੌਲਿਕ ਕਹਾਣੀ ਦੀ ਰਚਨਾ ਕੀਤੀ , ਜਿਹੜੀ ਇਹ ਗੱਲ ਸਾਬਤ ਕਰਦੀ ਹੈ ਕਿ ਲਾਲ ਸਿੰਘ ਵੀ ਸੁਜਾਨ ਸਿੰਘ ਵਾਂਗ ਵਿਚਾਰਧਾਰਕ ਤੌਰ ਉਤੇ ਪ੍ਰਤੀਬੱਧ ਲੇਖਕ ਹੈ । ਇਸ ਪਾਤਰ ਦੀ ਨਕਸ਼-ਨਿਗਾਰੀ ਐਸੇ ਕਲਾਤਮਕ ਸੁਹਜ ਦੁਆਰਾ ਕੀਤੀ ਗਈ ਹੈ ਕਿ ਸਮਾਜਕ ਜੀਵਾਂ ਵਾਂਗ ਸਾਹਿਤਕ ਪਾਤਰ ਵੀ ਅਮਰਤਾ ਦਾ ਦਰਜਾ ਪ੍ਰਾਪਤ ਕਰਨ ਦੀ ਸੰਭਾਵਨਾ ਨਾਲ ਓਤਪੋਤ ਹਨ । ਇਸ ਪਾਤਰ ਦੀ ਚਰਿੱਤਰ ਨਿਰਮਾਣਕਾਰੀ ਸਾਬਤ ਕਰਦੀ ਹੈ ਕਿ ਕਹਾਣੀ ਦੀ ਵਿਧਾ ਨੂੰ ਹਰ ਸਮੇਂ ਨਿਖਾਰਨ ਤੇ ਸ਼ਿੰਗਾਰਨ ਦੀ ਜ਼ਰੂਰਤ ਰਹਿੰਦੀ ਹੈ। ਸ਼ਾਇਦ ਅਜਿਹੇ ਵਿਚਾਰਾਂ ਨੂੰ ਸ਼ਪਸ਼ਟ ਕਰਨ ਲਈ ਲਾਲ ਸਿੰਘ ਨੇ ਸੁਜਾਨ ਸਿੰਘ ਦੀ “ਕੁਲਫ਼ੀ” ਕਹਾਣੀ ਵਿਚਲੇ ਬਹਾਦਰ ਨਾਮੀ ਪਾਤਰ ਨੂੰ ਲੈ ਕੇ “ਬਲੌਰ ” ਨਾਮੀ ਕਹਾਣੀ ਦੀ ਸਿਰਜਣਾ ਕੀਤੀ ਹੈ । ਅਜਿਹੀ ਸਿਰਜਣਾ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਨਵਾਂ ਵਿਧਾਮੂਲਕ ਪ੍ਰਯੋਗ ਹੈ । ਇਹ ਪ੍ਰਯੋਗ ਜਿੱਥੇ ਪੰਜਾਬੀ ਕਹਾਣੀ ਦੇ ਸੁਹਜ-ਸ਼ਾਸ਼ਤਰੀ ਦਾ ਨਵੇਕਲਾ ਸੰਦਰਭ ਬਣਦਾ ਹੈ ਉੱਥੇ ਇਸ ਕਹਾਣੀ ਦੇ ਰਚਨਾਕਾਰ ਨੂੰ ਵੀ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਪ੍ਰਯੋਗਕ ਕਹਾਣੀਕਾਰ ਬਣਾਉਂਦਾ ਹੈ । ਵੱਖਰੀ ਹੀ ਕਿਸਮ ਦੇ ਰਚਨਾ-ਵਿਧਾਨ ਨੂੰ ਲੈ ਕੇ ਹਾਜ਼ਰ ਹੋਈ ਇਹ ਕਹਾਣੀ ਸਾਹਿਤਕਾਰਾਂ ਤੇ ਉਹਨਾਂ ਦੀ ਸਾਹਿਤਕਾਰੀ ਦੇ ਮਕਸਦ ਦੀ ਨਿਸ਼ਾਨਦੇਹੀ ਲੇਖਕਾਂ ਦੇ ਜੀਵਨ ਅਤੇ ਉਹਨਾਂ ਦੀ ਸਿਰਜਣਾ ਦੇ ਹਮਸਫ਼ਰ ਪੈੱਡੇ ਵਜੋਂ ਕਰਦੀ ਹੈ ।ਇਸ ਕਹਾਣੀ ਦੀ ਸੁਹਜ-ਸਿਰਜਣਾ ਇਸ ਵਿਚਾਰ ਵਿਚ ਨਿਹਿਤ ਹੈ ਕਿ ਲੇਖਕਾਂ ਦੇ ਸਿਰਜੇ ਗਲਪੀ ਪਾਤਰ ਉਹਨਾਂ ਕੋਲ ਆਣ ਹੁੱਝਾਂ ਮਾਰਨ ਤੇ ਲੇਖਕ ਬੇਝਿਜਕ ਹੋ ਕੇ ਆਪਦੇ ਸਿਰਜੇ ਪਾਤਰਾਂ ਵਰਗੇ ਪਾਠਕਾਂ ਜਾਂ ਵਿਅਕਤੀਆਂ ਦੇ ਘਰੀਂ ਜਾ ਕੇ ਉਨ੍ਹਾਂ ਦੀਆਂ ਮੁਸੀਬਤਾਂ ਦੇ ਹੱਲ ਲਈ ਯਥਾ-ਸੰਭਵ ਹੰਭਲੇ ਮਾਰਨ ਦੀ ਪੂਰੀ ਤੌਫੀਕ ਰੱਖਣ । ਇਸੇ ਤਰ੍ਹਾਂ ‘ਖੰਭ ’ ਨਾਮੀ ਕਹਾਣੀ ਵਿੱਚ ਹੌਲਦਾਰ ਹਰਬੰਸ ਸਿੰਘ ਦਾ ਪਤਨੀ ਦੇ ਮਰਨ ਉਪਰੰਤ ਉਸਦੇ ਜੀਵਨ ਵਿੱਚੋ ਖੰਭ ਲਗਾ ਕੇ ਉੱਡ ਚੁੱਕੀ ਖੁਸ਼ੀ ਨੂੰ ਮਾਨਵੀ ਰਿਸ਼ਤਿਆਂ ਅਤੇ ਆਰਥਿਕਤਾ ਦੇ ਸੰਦਰਭ ਵਿੱਚ ਉਘੜਦਾ ਕਰਕੇ ਲਾਲ ਸਿੰਘ ਨੇ ਆਧੁਨਿਕ ਸਾਹਿਤਕਾਰੀ ਨੂੰ ਦਿਮਾਗੀ-ਅਯਾਸ਼ੀ ਦਾ ਸਾਧਨ ਮੰਨਣ ਵਾਲੇ ਲੇਖਕਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਉਹ ਆਪਣੀ ਸਿਰਜਣਾ ਰਾਹੀਂ ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਪ੍ਰਬੰਧ ਵੱਲੋਂ ਦਿੱਤੀ ਪੀੜ ਵਿਚ ਨਪੀੜੇ ਸਮਾਜਕ ਵਰਗ ਦੇ ਸੱਚ ਨੂੰ ਉਭਾਰਨ ।
ਲਾਲ ਸਿੰਘ ਨੇ ਆਪਣੀ ਕਹਾਣੀ ਵਿਚ ਜਾਤ ਆਧਾਰਤ ਦਲਿਤ ਵਰਗ ਦੀ ਦੁਖਾਂਤਕ ਸਥਿਤੀ, ਤਥਾ-ਕਥਿਤ ਜਾਤ –ਅਧਾਰਤ ਦਲਿਤ ਕਲਾ-ਚਿੰਤਨ ਤੇ ਸਿਰਜਕ ਵਾਂਗ ਨਹੀਂ ਸਗੋਂ ਜਾਤੀ ਤੇ ਜਮਾਤੀ ਸਮਾਜ ਦੇ ਰਿਸ਼ਤੇ ਨੂੰ ਸਮਝਣ ਵਾਲੇ ਮਾਰਕਸੀ ਕਲਾ-ਸਿਰਜਕ ਵਾਂਗ ਪੇਸ਼ ਕੀਤਾ ਹੈ । ਇਸ ਵਿਚਾਰ ਨੂੰ ਸਪਸ਼ਟ ਕਰਨ ਲਈ ਤਿੰਨ ਕਹਾਣੀਆਂ ਦਾ ਅਧਿਐਨ –ਵਿਸ਼ਲੇਸ਼ਣ ਦਿਲਚਸਪ ਹੋਵੇਗਾ । ਪਹਿਲਾਂ ਅਸੀਂ ਲਾਲ ਸਿੰਘ ਦੀ ਬਹੁ-ਚਰਚਿਤ ਕਹਾਣੀ ‘ਅੱਧੇ ਅਧੂਰੇ ’ ਨੂੰ ਲੈਦੇਂ ਹਾਂ। ਇਸ ਲੰਮੀ ਕਹਾਣੀ ਦੀ ਕੇਂਦਰੀ ਬਿਰਤਾਂਤ ਤੰਦ ਇਸੇ ਕਹਾਣੀ ਦੇ ਅੰਦਰ ਹੈ ਜੋ ਸਮੁੱਚੀ ਕਹਾਣੀ ਦਾ ਫੈਲਾਉ ਵੀ ਬਣੀ ਹੈ । ਉਹ ਹੈ :” ਕੁਰਸੀ ਜਿਵੇਂ ਉਸਦੀ ਇਕੋ ਇਕ ਸ਼ਰਨਗਾਹ ਹੋਵੇ । ਇਸ ਤੋਂ ਬਿਨਾਂ ਉਹ ਜਿਵੇਂ ਅੱਧਾ-ਅਧੂਰਾ ਹੋਵੇ । ਰਾਮਪਾਲ ਦੀ ਬਜਾਏ ਨਿਰਾ ਈ ਰਾਮੂ । ਦੀਪੂ ਦੀ ਹੋਂਦ ਨਾਲੋਂ ਵੀ ਇਕ ਪੈਰ ਪਿਛਾਂਹ ।  ” ਕਹਾਣੀ ਵਿੱਚ ਸਕੂਲ ਮੁਖੀ ਰਾਮਪਾਲ ਦੀ ਸੁਰਤੀ ਵਿਚ ਜਾਤ-ਬਰਾਦਰੀ ਦੇ ਨੀਵੇਂਪਨ ਦੀ ਘੁੰਮਦੀ ਫਿਰਕੀ ਰਾਹੀਂ ਦਲਿਤ ਵਰਗ ਦੀ ਯਥਾਰਥਕ ਸਥਿਤੀ ਪੇਸ਼ ਹੋਈ ਹੈ । ਲਾਲ ਸਿੰਘ ਦੀ ਇਸ ਵਰਗ-ਫਿਰਕੀ ਰਾਹੀਂ ਦਲਿਤ ਵਰਗ ਦੀ ਯਥਾਰਥਕ ਸਥਿਤੀ ਪੇਸ਼ ਹੋਈ ਹੈ । ਲਾਲ ਸਿੰਘ ਨੇ ਇਸ ਵਰਗ ਦੇ ਸਥਿਤੀਮੁਖ ਪੱਖਾਂ ਦੀ ਪੇਸ਼ਕਾਰੀ ਲਈ ਇਕ ਦਲਿਤ ਵਿਦਿਆਰਥੀ ਦੀਪੂ ਨਾਲ ਵਾਪਰੀ ਘਟਨਾ ਨੂੰ ਆਧਾਰ ਬਣਾਇਆ ਹੈ । ਦੀਪੂ ਕਹਾਣੀ ਵਿਚ ਤਰਖਾਣ ਜਾਤੀ ਨਾਲ ਸੰਬੰਧਤ ਬਾਲ-ਪਾਤਰ ਹੈ । ਦੀਪੂ ਦਾ ਪਿਤਾ ਭਾਈ ਸੇਵਾ ਸੂੰਹ ਹੈ ਜਿਹੜਾ ਸਕੂਲ ਪੀ.ਟੀ.ਆਈ. ਸਰੂਪ ਸਿੰਘ ਗਿੱਲ ਦੇ ਨਿੱਜੀ ਗੁਰਦੁਆਰੇ ਵਿਚ ਭਾਈ ਹੈ । ਰਾਮਪਾਲ ਦੀ ਮਾਂ ਪ੍ਰਸਿੰਨੀ ਵੀ ਗੁਰਦੁਆਰੇ ਵਿੱਚ ਕੰਮ ਕਰਦੀ ਰਹੀ ਹੈ ਤੇ ਕੰਮ ਕਰਨ ਬਦਲੇ ਗੁਰਦੁਆਰੇ ਵਿਚ ਚੜ੍ਹੇ ਚੜ੍ਹਾਵੇ ਵਿਚੋਂ ਆਟਾ, ਦਾਲ ,ਲੀੜਾ ਆਦਿ ਲੈ ਜਾਂਦੀ ਰਹੀ ਹੈ ਜਿਸ ਨਾਲ ਉਹ ਆਪਦੇ ਤੇ ਆਪਣੇ ਪਰਿਵਾਰ ਦਾ ਢਿੱਡ ਭਰਦੀ ਹੈ ਤੇ ਤਨ ਢੱਕਦੀ ਹੈ । ‘ਭਾਈਆ ਕਾ ’ ਦੀਪੂ ਸੱਤਵੀਂ ਵਿੱਚ ਪੜ੍ਹਦਾ ਬੜਾ ਹੁਸ਼ਿਆਰ ਵਿਦਿਆਰਥੀ ਹੈ । ਉਸਦੀ ਨਿੱਕਰ ਗੁਆਚਣ ‘ਤੇ ਉਸਨੂੰ ‘ਛੀਂਟ ਦੀ ਕੱਛੀ ’ ਪਾ ਕੇ ਸਕੂਲ ਜਾਣਾ ਪੈਂਦਾ ਹੈ । ਇਕ ਦਿਨ ਉਹ ਆਪਦੇ ਛੋਟੇ ਜਿਹੇ ਘਰ ਵਿਚੋਂ ਨਿੱਕਰ ਲੱਭਣ ਬਦਲੇ ਲੇਟ ਹੋ ਜਾਂਦਾ ਹੈ । ਲੇਟ ਹੋਣ ਦੀ ਸੂਰਤ ਵਿਚ ਉਸਨੂੰ ਸਕੂਲ ਪੀ.ਟੀ.ਆਈ. ਗਿੱਲ ਦੇ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ ਹੈ । ਦੀਪੂ ਦੀ ਸਮਾਜਕ-ਆਰਥਿਕ ਸਥਿਤੀ ਇਕ ਬੰਨੇ ਹੈ ਅਤੇ ਸਕੂਲ ਦੇ ਮੁਖੀ ਰਾਮਪਾਲ ਦੀ ਮਨੋ-ਸਥਿਤੀ ਦੂਜੇ ਬੰਨੇ । ਦੋਵੇਂ ਸਥਿਤੀਆਂ ਕਹਾਣੀ ਵਿਚ ਸੁਹਜ ਪੈਦਾ ਕਰਦੀਆਂ ਹਨ। ਲਗਦੈ , ਲਾਲ ਸਿੰਘ ਦੀ ਸੁਹਜ-ਸ਼ਾਸ਼ਤਰੀ ਦ੍ਰਿਸ਼ਟੀ ਦਾ ਮੰਤਵ ਨਾ ਕੇਵਲ ਸਮਾਜਕ-ਆਰਥਿਕ ਸਥਿਤੀਆਂ ਨੂੰ ਦਰਸਾਉਣ ਨਾਲ ਹੈ , ਸਗੋਂ ਉਸ ਤੋਂ ਵੀ ਕਿਤੇ ਵੱਧ ਮਨੋ-ਸਮਾਜਕ  ਸਥਿਤੀਆਂ ਨੂੰ ਉਘਾੜਨ ਦੇ ਨਾਲ ਹੈ । ਇਸੇ ਕਹਾਣੀ ਵਿਚ ਉਸਨੇ ਰਾਮਪਾਲ ਅੰਦਰਲੀ ਤਰਲੋ-ਮੱਛੀ ਹੁੰਦੀ ਸਵੈ-ਮਾਨ ਦੀ ਹਲਚਲ ਨੂੰ ਗਲਪੀ ਜ਼ੁਬਾਨ ਦਿੱਤੀ ਹੈ । ਪਰ ਸਥਿਤੀਆਂ ਐਸੀਆਂ ਹਨ ਕਿ ਉਹ ਦੀਪੂ ਵਾਂਗ ਬਗਾਬਤ ਕਰਕੇ ਸਕੂਲੋਂ ਘਰ ਵੱਲ ਭੱਜ ਨਹੀਂ ਸਕਦਾ ਬਲਕਿ ਤਲਖ ਸਥਿਤੀਆਂ ਤੇ ਠੋਸ ਹਕੀਕਤਾਂ ਕਾਰਨ ਚੁੱਪ-ਚਾਪ ‘ਡਰਨੇ ’ ਵਾਂਗ ਬਣਿਆ ਰਹਿੰਦਾ ਹੈ  । ਭਾਵੇਂ ਕਿ ਉਸਨੂੰ ਸਕੂਲ ਮੁਖੀ ਦੀ ਗੱਦੇਦਾਰ ਕੁਰਸੀ ਵਿਚੋਂ ਤਿੱਖਿਆਂ ਸੂਲਾਂ ਚੁਭਣ ਦਾ ਅਹਿਸਾਸ ਹੁੰਦਾ ਹੈ , ਦੀਪੂ ਨਾਲ ਹਮਦਰਦੀ ਹੁੰਦੀ ਹੈ ਪਰ ਫਿਰ ਵੀ ਉਸਨੂੰ ਕੁਰਸੀ ਦੀ ਤਾਕਤ ਦੇ ਹੁੰਦਿਆਂ ਸੁੰਦਿਆਂ ਆਪਣਾ ਆਪਾ ‘ਅੱਧਾ-ਅਧੂਰਾ , ਖਾਲੀ –ਖਾਲੀ ’ ਜਾਪਦਾ ਹੈ । ਉਹ ਚਾਹੁੰਦਾ ਹੋਇਆ ਵੀ ਸਕੂਲ ਪੀ.ਟੀ.ਆਈ. ਨੂੰ ਸਜ਼ਾ ਨਹੀਂ ਦੁਆ ਸਕਦਾ ਯਾਨੀ ਕਿ ਗਿੱਲ ਦਾ ਹਊਆ ਸਕੂਲ ਵਿਚੋਂ ਭਜਾ ਨਹੀਂ ਸਕਦਾ । ਆਪਣੀ ਹੀ ਜਾਤ ਦੇ ਦਰਜਾ ਚਾਰ ਕਰਮਚਾਰੀ ‘ਸਾਧੂ ’ ਲਈ ਵੀ ‘ਆਪਣਾ ਬੰਦਾ ’ ਸਾਬਤ ਨਹੀਂ ਹੋ ਸਕਦਾ । ਭਲਾ ਕਿਉਂ ? ਕਿਉਂਕਿ ਰਾਮਪਾਲ ਆਪਦੇ ਅਹੁਦੇ ਅਤੇ ਆਪਣੀ ਸਮਾਜਕ-ਆਰਥਿਕ ਸਥਿਤੀ ਦੇ ਦਵੰਦ-ਚੱਕਰ ਵਿਚ ਪੂਰੀ ਤਰ੍ਹਾਂ ਫਸਿਆ ਹੋਇਆ ਹੈ । ਇਸ ਵਿਚੋਂ ਨਿਕਲਣ ਲਈ ਜੇ ਉਹ ਆਪਣੇ ਅਹੁਦੇ ਦੀ ਵਰਤੋਂ ਸਖਤੀ ਨਾਲ ਕਰਦਾ ਹੈ , ਤਾਂ ਉਸਦਾ ਹਸ਼ਰ ਪਹਿਲਾਂ ਰਹਿ ਚੁੱਕੇ ਸਕੂਲ ਮੁਖੀ ਗਰੇਵਾਲ ਵਰਗਾ ਹੋਣ ਦਾ ਡਰ ਉਸਨੂੰ ਖਾ ਜਾਂਦਾ ਹੈ । ਜੇ ਉਹ ਸਖਤੀ ਨਹੀਂ ਕਰਦਾ ਤਾਂ ਉਸਨੂੰ ਜਾਪਦਾ ਏ ਕਿ ਉਸਦਾ ਹਸ਼ਰ ਦੀਪੂ ਨਾਲੋਂ ਵੀ ਭੈੜਾ ਹੈ । ਇਸ ਦਵੰਦ-ਚੱਕਰ ਵਿੱਚ ਫਸੇ ਰਾਮਪਾਲ ਨੂੰ ਆਪਣੀ ਬੇ-ਵਸੀ ਦੇ ਸਿਵਾਇ ਕੁਝ ਵੀ ਦਿਖਾਈ ਨਹੀਂ ਦਿੰਦਾ । ਇਸੇ ਲਈ ਉਹ ‘ਬਣੀ ਤਣੀ ਰਾਜ ਵਿਵਸਥਾ ’ ਨਾਲ ਪੰਗਾ ਲੈਣ ਤੋਂ ਗੁਰੇਜ਼ ਕਰਦਾ ਹੈ , ‘ਜਾਤ-ਬਰਾਬਰੀ ਦੀ ਟੁੱਟੀ-ਖੁੱਸੀ ਕੁਨਬੇਦਾਰੀ ਤੋਂ ਡਰਿਆ ‘ਆਪਣਾ ਜੀਵਨ ਭੋਗਦਾ ਹੈ ।
ਇਸ ਕਹਾਣੀ ਵਿਚ ਲਾਲ ਸਿੰਘ ਨੇ ਸੁਹਜਾਤਮਕ ਹੈਰਾਨੀ ਇਹ ਪੈਦਾ ਕੀਤੀ ਹੈ ਕਿ ਰਾਮਪਾਲ ਆਪਣੇ ਅਹੁਦੇ ਕਾਰਨ ਖੁਸ਼ਗਵਾਰ ਜੀਵਨ ਭੋਗਦਾ ਹੋਇਆ “ਆਪਣੇ ਕਮਰੇ ਦੀ ਵਲਗਣ ‘ਚ  ਘਿਰਿਆ ਕਦੀ ਦੀਪੂ ਦੇ ਨੇੜੇ ਹੋ ਖਲੋਂਦਾ , ਕਦੀ ਆਪਣੇ ਆਪ ਦੇ । ਕਦੀ ਗਿੱਲ ਪੀ.ਟੀ.ਆਈ. ‘ਤੇ ਖਿਝਣ-ਖਪਣ ਲਗਦਾ , ਕਦੀ ਸਕੂਲ ਚੌਕੀਦਾਰ ‘ਤੇ । “ ਦੀਪੂ ਨੇੜੇ ਖਲੋਣ ਕਰਕੇ ਹੀ ਦੀਪੂ ਦੇ ਡੁਸਕਣੇ ਬੋਲਾਂ ‘ਚੋਂ ਨਿਕਲੀ ਅੱਧੀ-ਅਧੂਰੀ ਅਰਦਾਸ ਮੁੜ-ਮੁੜ ਉਸਦੇ ਕੰਨਾਂ ‘ਚ ਘੁਸਰ-ਮੁਸਰ ਕਰਦੀ ਹੈ । ਦੀਪੂ ਦੇ ਅੰਗਾਂ-ਪੈਰਾਂ ਨੂੰ ਛਿੜਿਆ ਕਾਂਬਾ ਉਸਨੂੰ ਆਪਣੇ ਵੱਲ ਨੂੰ ਸਰਕ ਗਿਆ ਜਾਪਦਾ ਹੈ , ਉਸਨੂੰ ਮਹਿਸੂਸ ਹੁੰਦਾ ਹੈ ਕਿ ਮੁੱਖ-ਅਧਿਆਪਕੀ ਕਮਰੇ ਵਲ੍ਹ ਨੂੰ ਤੁਰਦੀਆਂ ਉਸਦੀਆਂ ਲੱਤਾਂ ਵੀ ਦੀਪੂ ਦੀਆਂ ਲੱਤਾਂ ਵਾਂਗ ਨੰਗੀਆਂ ਹਨ । ਪੈਰੀਂ ਪਾਈ ਜੁੱਤੀ , ਥਾਂ ਪੁਰ ਥਾਂ ਟੁੱਟੀ ਪਈ ਹੈ । ਗਲ ਪਈ ਕਮੀਜ਼ ਦਾ ਅਗਲਾ ਪਾਸਾ ਗੋਹੇ –ਪਿਸ਼ਾਬ ਦੇ ਛਿੱਟਿਆਂ ਨਾਲ ਲਿਬੜਿਆ ਪਿਐ । ……..ਗਿੱਲ ਪੀ.ਟੀ.ਆਈ ਦਾ ਵਤੀਰਾ ਅਸਲ ਵਿੱਚ ਸਰਕਾਰੀ , ਗੈਰ-ਸਰਕਾਰੀ ਸਕੂਲਾਂ ਦੇ ਪ੍ਰਬੰਧਕੀ ਢਾਂਚੇ ਉਪਰ ਵਿਅੰਗ ਹੈ , ਤਨਜ਼ ਹੈ । ਲਾਲ ਸਿੰਘ ਤਨਜ਼ ਦਾ ਕਥਾਕਾਰ ਹੈ । ‘ਤਨਜ਼ ’ ਲਾਲ ਸਿੰਘ ਦੀ ਕਥਾ ਦਾ  ਸੁਹਜ਼-ਸ਼ਾਸ਼ਤਰੀ ਸੰਦਰਭ ਹੈ । ਇਹ ਸੰਦਰਭ ਉਦੋਂ ਨਿਵੇਕਲਾ ਬਣ ਜਾਂਦਾ ਹੈ ਜਦੋਂ ਕਹਾਣੀ ਵਿਚ ‘ਅਵਾਕ ’ ਸਥਿਤੀ ਪੈਦਾ ਹੁੰਦੀ ਹੈ । ਲਾਲ ਸਿੰਘ ਦੀ ਕਹਾਣੀ ਨੂੰ ਪੜ੍ਹਦਿਆਂ ਪਤਾ ਲਗਦਾ ਹੈ ਕਿ ਚਲਦੇ ਬਿਰਤਾਂਤਕ ਪ੍ਰਵਾਹ ਵਿਚ ਅਵਾਕ ਸਥਿਤੀ ਸਿਰਜਣ ਦੀ ਜੁਗਤ ਵਰਤ ਕੇ ਉਹ ਐਸਾ ਸੁਹਜ ਵੀ ਪੈਦਾ ਕਰਦਾ ਹੈ ਜਿਸ ਨਾਲ ਲੁਕਿਆ ਵਸਤੂ-ਜਗਤ ਵੀ ਯਥਾਰਥਵਾਨ ਹੋ ਜਾਂਦਾ ਹੈ ।
ਦਲਿਤ ਵਰਗ ਦੀ ਪੇਸ਼ਕਾਰੀ ਨਾਲ ਸੰਬੰਧਤ ਪ੍ਰਸੰਗਾਂ ਨੂੰ ਸਪਸ਼ਟ ਕਰਨ ਲਈ ਦੂਸਰੀ ਕਹਾਣੀ ‘ਜ਼ਜ਼ੀਰੇ ’ ਦਾ ਅਧਿਐਨ ਕਰਨਾਂ ਯੋਗ ਹੋਵੇਗਾ । ‘ਜ਼ਜ਼ੀਰੇ ’ ਕਹਾਣੀ ਦੀਆਂ ਅਗਾਂਹ ਲਿਖਤ ਸਤਰਾਂ ਹੀ ਇਸ ਕਹਾਣੀ ਦੀਆਂ ਗਲਪੀ ਪਰਤਾਂ ਬਣਦੀਆਂ ਹਨ : “ ਸਾਡੇ ਮੁਲਕ ਦੀ ਕੁੱਲ ਧਰਤੀ ਵੱਖ-ਵੱਖ ਸੂਬਿਆਂ ‘ਚ ਨਹੀਂ , ਵੱਖ-ਵੱਖ ਟਾਪੂਆਂ ‘ਚ ਵੰਡ ਕੇ ਊ ਰੱਖੀ ਆ-ਧਰਮਾਂ,ਮਜ਼੍ਹਬਾਂ , ਰੰਗਾਂ , ਨਸਲਾਂ, ਜਾਤਾਂ-ਗੋਤਾਂ ਦੇ ਹਜ਼ਾਰ , ਹਜ਼ਾਰ –ਹਾ, ਟਾਪੂਆਂ ਜਜ਼ੀਰਿਆਂ ਨੇ । ” ਲਾਲ ਸਿੰਘ ਦੀ ਵਿਚਾਰਧਾਰਕ ਸੋਚ ਪੰਜਾਬ ਅੰਦਰ ਉੱਠੀ ਜਾਤ-ਬਰਾਦਰੀ ਦੇ ਜਜ਼ੀਰਿਆਂ ਨੂੰ ਢਾਹੁਣ ਦਾ ਸੁਝਾਉ ਇੰਝ ਦਿੰਦੀ ਹੈ : “ ਸਾਡੇ ਦੁਆਲੇ , ਖਾਸ ਕਰ ਕੰਮੀਂ ਲੋਕਾਂ ਦੁਆਲੇ ਕੱਸ ਹੋਈ ਜਾਤ-ਜਕੜ ਨਾ ਤਾਂ ਕਿਸੇ ਭੜੂਏ ਨੇ ਟੁੱਟਣ ਦੇਣੀ ਆ , ਨਾ ਈ ਢਿੱਲੀ ਪੈਣ ਦੇਣੀ ਆਂ । ਏਦ੍ਹੇ ਆਸਰੇ ਈ ਤਾਂ ਉਪਰਲਿਆਂ ਦਾ ਫੁਲਕਾ-ਮੰਡਾ ਚਲਦਾ ……..। ਜਿੰਨਾ ਚਿਰ ਅਸੀਂ , ਜਾਤ-ਵੰਡ –ਹੇਜ ਮੁੱਢੋਂ ਸੁੱਢੋਂ ਭਸਮ ਕਰਕੇ ,ਵਰਗ-ਵੰਡ-ਸੂਝ ਅੰਦਰ ਤਬਦੀਲ ਨਹੀਂ ਕਰਦੇ ,ਓਨਾ ਚਿਰ ਅਸੀਂ ਐਉਂ ਈ ਬੁੱਧੂ ਬਣੇ ਰਹਿਣਾ । “ ਇਸ ਪ੍ਰਸੰਗ ਅਧੀਨ ਹੀ ਕਹਾਣੀ ਵਿੱਚ ਮਾਈ ਅੱਤੋ ਦੇ ਇਹ ਬੋਲ ਵੀ ਵਿਚਾਰੇ ਜਾ ਸਕਦੇ ਹਨ ਕਿ “ ਆਪਣੀਉਂ ਜਾਤ-ਬਰਾਦਰੀ ਦਾ ਉਹ ਵੀ । “ ਕਹਾਣੀ ਦਾ ਸੁਹਜ ਤਿੰਨ ਪਾਤਰਾਂ-ਮਾਈ ਅੱਤੋ, ਕਰਮਾ ਤੇ ਜਗੀਰਾ ਦੇ ਕਿਰਦਾਰ ਸਿਰਜਣ ਵਿੱਚ ਛੁਪਿਆ ਹੈ । ਕਰਮੇਂ ਨੂੰ ਜਾਤੀ-ਪਾਤੀ ਸੰਸਥਾ ਦੇ ਖਾਤਮੇ ਦੇ ਪ੍ਰਤੀਕ ਰੂਪ ਵਜੋਂ ਵਰਤਿਆ ਗਿਆ ਹੈ ਅਤੇ ਅੱਤੋ ਤੇ ਜਗੀਰੇ ਨੂੰ ਮੁੜ ਜਾਤ-ਪਾਤੀ ਵਿਤਕਰੇ ਉਛਾਲਣ ਵਾਲੇ ਪਾਤਰਾਂ ਦੇ ਰੂਪ ਵਿਚ । ਕਹਾਣੀ ਦੀ ਸੁਹਜ-ਸਿਰਜਣ ਜੁਗਤ ਪਤਾ ਦਿੰਦੀ ਹੈ ਕਿ ਲਾਲ ਸਿੰਘ ਦੀ ਦ੍ਰਿਸ਼ਟੀ ਪੰਜਾਬ ਅੰਦਰਲੇ ਜਾਤ-ਪਾਤੀ ਉਛਾਲ ਨੂੰ ਇੱਕ ਵੱਖਰੀ ਕਿਸਮ ਦੀ ਗੁਲਾਮੀ ਦੇ ਰੂਪ ਵਜੋਂ ਪ੍ਰਵਾਨ ਕਰਦੀ ਹੈ । ਇਹ ਗੁਲਾਮੀ ਜਾਤ-ਆਧਾਰਤ ਦਲਿਤ ਵਿਅਕਤੀ ਲਈ ਪੰਡਤਾਂ-ਪੁਰੋਹਤਾਂ, ਜੱਟਾਂ-ਜ਼ਿਮੀਦਾਰਾਂ ਤੋਂ ਵੱਖਰੀ ਕਿਸਮ ਦਾ ਸਰੂਪ ਲੈ ਕੇ ਪੰਜਾਬ ਅੰਦਰ ਕਾਰਜ ਕਰ ਰਹੀ ਹੈ । ਇਸਦੀ ਕਾਰਜ-ਵਿਧੀ ਨੂੰ ਪਿੰਡਾਂ ਤੇ ਕਿੱਤਾਕਾਰ ਕੰਮਾਂ ਜਿਵੇਂ ਡੰਗਰ ਚੁੱਕਣ, ਗੋਹਾ-ਕੂੜਾ , ਪੱਠਾ-ਦੱਬਾ , ਲਾਵੀ-ਝੋਕੀ , ਵਗਾਰਾਂ ਆਦਿ ਵਿਚੋਂ ਅਤੇ ਸ਼ਹਿਰਾਂ ਦੇ ਕਿੱਤਾਗਤ ਕੰਮਾਂ ਜਿਵੇਂ ਦਿਹਾੜੀ-ਦੱਪਾ,ਹੱਠੀ-ਭੱਠੀ , ਰੇੜ੍ਹੀ-ਰਿਕਸ਼ਾ, ਮੋਟਰ-ਗੱਡੀ, ਮਾਸਟਰੀ-ਹੈਡਮਾਸਟਰੀ , ਕਲਰਕੀ-ਅਫ਼ਸਰੀ ਵਿਚੋਂ ਪਛਾਣਿਆ ਜਾ ਸਕਦਾ ਹੈ ।
ਲਾਲ ਸਿੰਘ ਨੇ ਦਲਿਤ ਵਰਗ ਦੀ ਜੀਵਨ ਸਥਿਤੀ ਦੀ ਪਛਾਣ –“ ਇਸ ਵਰਗ ਦੇ ਲੋਕ ਆਪਣੇ ਜੱਦੀ-ਪੁਸ਼ਤੀ ਘਰਾਂ ਵੱਲ ਮੂੰਹ ਨਹੀਂ ਕਰਦੇ , ਸ਼ਹਿਰ ਜਾ ਕੇ ਉਹਨਾਂ ਦੇ ਪਿਤਾ-ਪੁਰਖਿਆਂ ਦੀ ਹਾਲਤ ਲਾਗੀਆਂ ਨਾਲੋਂ ਵੀ ਮਾੜੀ ਹੁੰਦੀ ਹੈ “ –ਵਜੋਂ ਵੀ ਕੀਤੀ ਹੈ । ਗਾਂਧੀਵਾਦੀ ਬਨਾਮ ਅੰਬੇਡਕਰਵਾਦੀ ਵਿਚਾਰਧਾਰਾਵਾਂ ਦੇਸ਼ ਅੰਦਰ ਵੱਖ ਵੱਖ ਜਾਤਾਂ-ਕੁਜਾਤਾਂ ਦੀ ਵੰਡ –ਟੁੱਕ ਨੂੰ ਰੋਕ ਨਹੀਂ ਸਕੀਆਂ । ਸਗੋਂ ਦਲਿਤ ਵਰਗ ਦੀ ਸੋਚ ਦੇ ਖੰਭ ਖਿਲਰਦੇ ਹੀ ਚਲੇ ਗਏ । ਮਾਈ ਅੱਤੋ ਨੂੰ ਕਰਮੇ ਦੇ ਕਹੇ ਇਹ ਬੋਲ ਇਸ ਵਿਚਾਰ ਦੀ ਗਵਾਹੀ ਭਰਦੇ ਹਨ –“ ਸਾਡੇ  ਮੁਲਕ ਦੀ ਕੁੱਲ ਸਿਆਸਤ , ਉੱਪਰਲੀ ਜਾਂ ਹੇਠਲੀ , ਨਾ ਤਾਂ ਸਾਡੇ ਲੋਕਾਂ ਦੀ ਮੁੱਢਲੀ ਜਾਤ-ਬਣਤਕ ਨੂੰ ਤੋੜਨਾ ਚਾਹੁੰਦੀ ਆ  , ਤੇ ਨਾ ਈ ਲੋਕ ਜਾਤ-ਕੁਜਾਤ ਦੀ ਗੰਦੀ-ਮੰਦੀ ਚਾਟ ਚੱਟਣੋਂ ਬਾਜ਼ ਆਉਂਦੇ ਆ । ਆਖਣ ਨੂੰ ਜੋ ਮਰਜ਼ੀ ਆਖੀ ਜਾਈਏ …….। ਕਦੀ ਅਸੀਂ ਗਰਾਂਟਾਂ ਵਜ਼ੀਫਿਆਂ ਦ ਚੂਸਣੇ ਮੂੰਹ ‘ਚ ਪਾਈ , ਕਬੂਤਰ ਵਾਂਗੂ ਅੱਖਾਂ ਮੀਟੀ ਰੱਖਦੇ ਆਂ, ਕਦੀ ਨੌਕਰੀਆਂ-ਤਰੱਕੀਆਂ ,ਰੀਜ਼ਰਵ ਸੀਟਾਂ ਦੇ ।……ਅਗਲੇ ਬਿੱਲੀ ਵਾਂਗ ਸ਼ਹਿ ਲਾਈ ਬੈਠੇ , ਜਦ ਜੀਅ ਕਰਦਾ ,ਸਾਡੇ ਖੰਭ ਖਲੇਰ ਕੇ ਪਾਸੇ ਹੁੰਦੇ ……..।“ ਦਲਿਤ ਵਰਗ ‘ਹਾਸ਼ੀਏ ’ ਕਹਾਣੀ ਵਿਚਲੇ ਬਾਵਾ ਰਾਮ ਵਾਂਗ ਆਪਣੇ ਧੀਰੂ ਵਰਗੇ ਪੁੱਤਰਾਂ ਨੂੰ ਮਸਾਣ-ਭੂਮੀ ਤਕ ਵਿਦਾ ਕਰਕੇ ਮੁੜ ‘ਹੱਥ ਰੇੜ੍ਹੀ ’ ਨੂੰ ਆਪਣਾ ਪੁੱਤਰ ਬਣਾ ਲੈਂਦੇ ਹੈ  । ਇਸੇ ਤਰ੍ਹਾਂ ‘ਪੈਰਾਂ ਭਾਰ –ਹੱਥਾਂ ਭਾਰ ’ ਕਹਾਣੀ ਵਿਚ ਵੀ ਰੇੜ੍ਹੀ ਨੂੰ ਮਾਨਵੀ ਜ਼ਿੰਦਗੀ ਦੇ ਪ੍ਰਤੀਕ ਵਜੋਂ ਸਿਰਜ ਕੇ ਕਹਾਣੀਕਾਰ ਦੱਸ ਰਿਹਾ ਹੈ ਕਿ ਦਲਿਤ-ਚੇਤਨਾ ਧੁਖਦੀ ਹਿੱਕ ਵਿਚੋਂ ਹੀ ਪੈਦਾ ਹੁੰਦੀ ਹੋ ਸਕਦੀ ਹੈ । ਅਤੇ ਇਹੀ ਚੇਤਨਾ ਦਲਿਤ ਵਰਗ ਨੂੰ ਲਾਚਾਰੀ ਅਤੇ ਹੀਣਤਾ ਦੇ ਭਾਵਾਂ ਤੋਂ ਬਚਾ ਸਕਦੀ ਹੈ ।
ਲਾਲ ਸਿੰਘ ਨੇ ਮਨੁੱਖੀ ਭਾਵਾਂ ਤੇ ਭਾਵਨਾਵਾਂ ਦੀ ਵਰਗਗਤ ਪਹੁੰਚ ਨੂੰ ਕਥਾ-ਵਿਧੀ ਵਜੋਂ ਵੀ ਵਰਤਿਆ ਹੇ , ਜਿਵੇਂ ‘ਛਿੰਝ ’ ਕਹਾਣੀ ਵਿਚ । ਇਸ ਕਹਾਣੀ ਵਿਚ ਵਿਅਕਤੀ ਦੀ ਲਾਲਸਾ ਭਾਵਨਾ ਨੂੰ ਗਲਪ ਰੂਪ ਵਿਚ ਉਸਾਰ ਕੇ ਐਸਾ ਕਥਾ-ਸੁਹਜ ਪੈਦਾ ਕੀਤਾ ਹੈ ਜਿਸ ਦਾ ਮਕਸਦ ਪੰਜਾਬ ਅੰਦਰਲੀ ਉਠੀ ਦਹਿਸ਼ਤਗਰਦੀ ਦੀ ਲਹਿਰ ਦੇ ਕੁਹਜ ਨੂੰ ਨੰਗਿਆਂ ਕਰਨਾ ਬਣਦਾ ਹੈ । ਕਹਾਣੀ ਵਿਚ ਚੌਧਰ ਤੇ ਪੈਸੇ ਦੀ ਲਾਲਸਾ ਨੇ ਇਸਦੇ ਮੁੱਖ ਪਾਤਰ ‘ ਬਾਪੂ ਜੀ ‘ ਨੂੰ ਦਹਿਸ਼ਤਗਰਦਾਂ ਯਾਨੀ ਕਿ ‘ਸਿੰਘਾਂ’ ਨਾਲ ਜੋੜ ਦਿੱਤਾ । ਥਾਂ ਥਾਂ ਸਰਦਾਰੀਆਂ ਤੇ ਪੈਰ ਪੈਰ ਲੀਡਰੀਆਂ ਵਿਚ ਆਪਣੀ ਪਿਤਾ-ਪੁਰਖੀ ਸ਼ੁਹਰਤ ਨੂੰ ਹੋਰ ਉੱਚੀ ਚੁੱਕਣ ਲਈ ‘ਬਾਪੂ ਜੀ ’ ਨੇ ਲਾਲਸਾ ਨੂੰ ਤ੍ਰਿਪਤ ਕਰਨ ਦਾ ਇਕ ਅਮਾਨਵੀ ਰਸਤਾ ਲੱਭ ਲਿਆ । ਕਹਾਣੀ ਵਿੱਚ ‘ਛਿੰਝ ’ ਨਾਮੀਂ ਸੱਭਿਆਚਾਰਕ ਚਿਹਨ ਨੂੰ ਪੰਜਾਬ ਅੰਦਰਲੇ ਦਹਿਸ਼ਤਗਰਦੀ ਦੇ ਮਾਹੌਲ ਨੂੰ ਸਾਕਾਰ ਕਰਨ ਲਈ ਵਰਤਿਆ ਹੈ । ਇਸ ਛਿੰਝ ਦੇ ਚਾਰ ਪਹਿਲਵਾਨ ਹਨ : ਬਾਪੂ ਜੀ, ਜੱਸੂ ਲੀਡਰ , ਬਾਜਵਾ ਤੇ ਚਰਨਾ । ਛਿੰਝ ਵਿੱਚ ਘੁਲਣ ਵਾਲੀ ਪਹਿਲੀ ਜੋੜੀ ਹੈ ਜੱਸੂ ਲੀਡਰ ਦੀ ਆਰਥਿਕ ਸਥਿਤੀ ਅਤੇ ਬਾਪੂ ਜੀ ਦੀ ਆਪਣੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ‘ਲਾਲਸਾ ’। ਜੱਸੂ ਲੀਡਰ ਦੀ ਜੱਦੀ-ਪੁਸ਼ਤੀ ਸਰਦਾਰੀ ਨੂੰ ਅੰਗਰੇਜ਼ਾਂ ਦੇ ਵੇਲੇ ਨਾਲ ਜੋੜਿਆ ਗਿਆ ਹੈ। ਉਸਦੇ ਬਾਬੇ ਦਾਦੇ ਅੰਗਰੇਜ਼ਾਂ ਵੱਲੋਂ ਦਿੱਤੀ ਜਾਗੀਰ ਦੇ ਮਾਲਕ ਹਨ । ਜਾਗੀਰ ਮਿਲਣ ਦਾ ਕਾਰਨ ਉਹਨਾਂ ਦੀ ‘ਕਿਸੇ ਧੀ ਭੈਣ ’ ਨੂੰ ਰਜਵਾੜੇ ਦੇ ਹੱਥ ਵੇਚ ਦੇਣ ਦਾ ਦੱਸਿਆ ਗਿਆ ਹੈ । ਕਹਾਣੀ ਵਿਚ ਇਕ ਪਾਸੇ ਤਾਂ ਜਗੀਰਦਾਰ ਜ਼ਿਮੀਦਾਰ ‘ਜੱਸੂ ਲੀਡਰ ’ ਹੈ ਅਤੇ ਦੂਸਰੇ ਪਾਸੇ ‘ਬਾਪੂ ਜੀ ’ ਦੀ ਸੋਚ । ਇਸ ਸੋਚ ਅਧੀਨ ਉਹ ਆਪਣਾ ਮੁਕਾਬਲਾ ਜੱਸੂ ਲੀਡਰ ਨਾਲ ਕਰਕੇ ਇਸ ਨਤੀਜੇ ਉਤੇ ਪੁੱਜਦਾ ਏ ਕਿ ਜੱਸੂ ਲੀਡਰ ਦਾ ਕੱਦ ਉਸ ਨਾਲੋਂ ਬਹੁਤ ਨੀਵਾਂ ਹੈ । ਸੋਚ ਦੀ ਕਾਰਜ-ਗਤੀ ਕਹਾਣੀ ਵਿਚ ਸੁਹਜ ਪੈਦਾ ਕਰਦੀ ਹੈ । ‘ਬਾਪੂ ਜੀ ‘ ਨੂੰ ਉਸਦੀ ਆਰਥਿਕ ਸਥਿਤੀ ਵੇਖ ਕੇ ਤੌਖਲਾ ਹੋ ਗਿਆ ਕਿ ਉਹ ਬਾਜਵੇ ਵਰਗਾ ਕਿਉਂ ਨਹੀਂ ਬਣ ਸਕਿਆ । ਇਸੇ ਤੌਖਲੇ ਕਰਕੇ ਹੀ ਉਹ ਪਿੰਡ ਦਾ ਸਰਪੰਚ ਬਣਦਾ ਹੈ ਪਰ ‘ਅਸੰਬਲੀ ’ ਤਕ ਪਹੁੰਚਣ ਦੇ ਸਾਰੇ ਰਸਤੇ ਉਸ ਲਈ ਬੰਦ ਪਏ ਹਨ । ਜਿਨ੍ਹਾਂ ਨੂੰ ਖੋਹਲਣ ਲਈ ਉਸਨੇ ਆਪਦੇ ਪੁੱਤਰ ਨੌਨਿਹਾਲ ਦੇ ‘ਵੱਡੇ ਜੋੜ ’ ਯਾਨੀ ਕਿ ਸਰਦਾਰ ਨੂੰ ਮਿਲਣ ਦੀਆਂ ਸੌ ਵਿਉਂਤਾ ਬਣਾਈਆਂ । ਇਨ੍ਹਾਂ ਵਿਉਂਤਾਂ ਵਿਚੋਂ ਹੀ ਕਹਾਣੀ ਦੀ ਤੀਸਰੀ ਘੁਲਣ ਵਾਲੀ ਪਹਿਲਵਾਨ ਜੋੜੀ ਚਰਨੇ ਅਤੇ ਬਾਪੂ ਜੀ ਸਾਹਵੇਂ ਆਉਂਦੀ ਹੈ ।
ਇਸ ਘੋਲ ਵਿੱਚ ਬਾਪੂ ਜੀ ਦੀ ਜਿੱਤ ਹੁੰਦੀ ਹੈ  ਕਿਉਂਜੁ ,ਬਾਪੂ ਜੀ ਨੇ ਚਰਨੇ ਦੀ ਕੱਲ-ਓ-ਕੱਲੀ ਕੁੜੀ ਨਾਲ ਨਿਹਾਲੇ ਦਾ ਰਿਸ਼ਤੇ ਪੱਕਾ ਕਰਕੇ ਚਰਨੇ ਦੀ ਫੋਰਸ ਦਾ ‘ਖ਼ਾਸ-ਉੱਲ-ਖ਼ਾਸ ਅਹੁਦਾ ’ ਸੰਭਾਲ ਲਿਆ । ਸਿੱਟੇ ਵਜੋਂ ,ਉਸਨੂੰ ‘ਜੱਸੂ-ਬਾਜਵੇ ’ ਵਰਗੇ ਸਾਰੇ ਲੀਡਰ ਬੌਨੇ-ਬੌਨੇ ਜਾਪਣ ਲੱਗ ਪਏ । ਬਾਪੂ ਜੀ ਨੂੰ ਵੱਧ ਦੌਲਤ ਇਕੱਠੀ ਕਰਨ ਦੀ ‘ਮ੍ਰਿਗ ਤ੍ਰਿਸ਼ਨਾ ‘ ਚੈਨ ਨਾਲ ਬਹਿਣ ਨਹੀਂ ਦਿੰਦੀ । ਜਦੋਂ ਬਾਪੂ ਜੀ ਦੀ ਪਤਨੀ ਨੂੰ ਉਸਦੀਂ ਮ੍ਰਿਜ ਤ੍ਰਿਸ਼ਣਾ ਦਾ ਪਤਾ ਲਗਦਾ ਹੈ ਤਾਂ ਕਹਾਣੀ ਵਿਚ ਇਕ ਹੋਰ ਪਾਤਰ ‘ਜਥੇਦਾਰ ਮੁਕੰਦੀ ’ ਦਾ ਪ੍ਰਵੇਸ਼ ਹੁੰਦਾ ਹੈ । ਇਹ ਪਾਤਰ ਆਪਣਾ ਨਾਤਾ ,ਜਿੱਥੇ ਪੰਜਾਬ ਦੇ ਦੁਆਬੇ ਇਲਾਕੇ ‘ਚ ਸਥਿਤ ‘ਟਾਹਲੀ ਸਾਬ੍ਹ’ ਗੁਰਦੁਆਰੇ ਦਾ ਇਤਿਹਾਸ ਜਾਗਰੂਕ ਮੱਧ ਸ਼੍ਰੇਣੀ ‘ਚੋਂ ਉਠੇ ਗੁਰੂ-ਨਾਇਕਾਂ ਨਾਲ ਜੋੜਦਾ ਹੈ ਉਥੇ ਉਹ ਪੰਜਾਬ ਦੇ ਇਤਿਹਾਸ ਦੀ ਪੌਣੀ ਸਦੀ ਦੀ ਬੀਰ-ਪਰੰਪਰਾ-ਬੱਬਰਾਂ,ਅਕਾਲੀਆਂ ,ਕਿਰਤੀ, ਕਿਸਾਨੀ ਆਦਿ ਵਿਚ ਸਿਰ-ਕੱਢ ਕਾਮੇ ਦੇ ਰੂਪ ਵਜੋਂ ਵੀ ਪੇਸ਼ ਹੁੰਦਾ ਹੈ । ਦੇਸ਼-ਵੰਡ ਤੋਂ ਬਾਅਦ ਬਣੀ ਆਜ਼ਾਦ ਭਾਰਤ ਦੀ ਕਾਂਗਰਸ ਸਰਕਾਰ ਨੇ ਉਸ ਨੂੰ ਕਈ ਕਿਸਮ ਦੇ ਲਾਲਚ ਦਿੱਤੇ ਪਰ ਉਸਨੇ ਆਪਣੇ ‘ਜੱਥੇਦਾਰ ’ ਸਰੂਪ ਵਾਲੀ ‘ਕਾਮਰੇਡੀ ’ ਨਹੀਂ ਛੱਡੀ । ਕਈਆਂ ਲੋਕਾਂ, ਖ਼ਾਸਕਰ, ‘ਬਾਪੂ ਜੀ ’ ਨੇ ਉਸਨੂੰ ‘ਸਿਰ ਫਿਰਿਆ ਨਾਸਤਕ ’ ਤੇ ਕਈਆਂ ਨੇ ਉਸਨੂੰ ‘ਧਰਮ-ਵਿਰੋਧੀ ਅਨਸਰ ’ ਕਹਿ ਕੇ ਪੁਕਾਰਨਾ ਸ਼ੁਰੂ ਕਰ ਦਿੱਤਾ । ਇਸ ਪਾਤਰ ਦੀ ਸਮਝ ਮੁਤਾਬਕ ਪੰਜਾਬ ਅੰਦਰ ਦਹਿਸ਼ਤਗਰਦੀ ਦੀ ਲਹਿਰ ‘ਬਓਤੇ ਈ ਓਝੜੇ ਰਾਹੇ ’ ਪਾਉਣ ਵਾਲੀ ਹੈ । ਜਦਕਿ ਕਹਾਣੀ ਦੇ ਮੁੱਖ ਪਾਤਰ ‘ਬਾਪੂ ਜੀ ’ ਦੀ ਸੋਚ ਅਨੁਸਾਰ ਪੰਜਾਬ ਅੰਦਰ ‘ਸਿੰਘ ’ ਸਿੱਖ ਕੌਮ ਦੀ ਆਨ-ਸ਼ਾਨ ਦੀ ਖ਼ਾਤਿਰ, ਜੱਟ-ਕੌਮ ਦੇ ਹੱਕਾਂ ਦੀ ਖਾਤਰ, ਪੰਜਾਬ ਨੂੰ ਬਾਣੀਆਂ ਕੌਮ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੀ ਖ਼ਾਤਰ , ‘ਉੱਪਰਲੀਆਂ ਬਜੀਰੀਆਂ ’ ‘ਚ ਬਰਾਬਰਤਾ ਦੇ ਹਿੱਸੇਦਾਰ ਬਣਨ ਦੀ ਖਾਤਰ ‘ਘੋਲ’ ਕਰ ਰਹੇ ਹਨ । ਇਸ ਘੋਲ ਵਿੱਚ ਅਨੇਕਾਂ ਸਿੰਘ ਸ਼ਹੀਦ ਹੋਏ । ਜੱਟ ਕੌਮ ਇਨ੍ਹਾਂ ਸਿੰਘਾਂ ਦੇ ਪਿੱਛੇ ਖੜ੍ਹੀ ਹੈ ।
ਲਾਲ ਸਿੰਘ ਦੀ ਕਲਾਤਮਕ ਸਮਰੱਥਾ ਨਾ ਕੇਵਲ ਸਥਿਤੀ ਸਿਰਜਣ ਤਕ ਮਹਿਦੂਦ ਹੈ ਬਲਕਿ ਸਥਿਤੀਆਂ ਅੰਦਰ ਪੈਦਾ ਹੋ ਰਹੀਆਂ ਨਵੀਆਂ ਸਥਿਤੀਆਂ ਦੀ ਤਹਿ ਤਕ ਵੀ ਪਹੁੰਚਦੀ ਹੈ । ਏਹੋ ਕਿਸੇ ਕਹਾਣੀਕਾਰ ਦੀ ਜੀਵਨ-ਅਨੁਭਵ ਨੂੰ ਪਕੜਨ ਵਾਲੀ ‘ਅਨੁਭਵ ਦੀ ਪ੍ਰਮਾਣਿਕਤਾ ’ ਹੈ ।ਬਾਪੂ ਜੀ ਨੂੰ ਆਪਣੇ ਪੁੱਤਰ ਨੌਨਿਹਾਲ ਨੂੰ ਅੱਤਵਾਦੀ ਘੋਲ ਵਿਚ ਸ਼ਾਮਿਲ ਹੋਏ ਨੂੰ ਦੇਖ ਕ ਦੋਵੇਂ ਤਰਫ਼ੋਂ ਨਫ਼ਾ ਨਜ਼ਰ ਆਉਂਦਾ ਹੈ । ਉਹ ਆਪਣੀ ਪਤਨੀ ਨੂੰ ਕਹਿੰਦਾ ਹੈ , “ ਓਏ ਭਾਗਵਾਨੇ , ਵੱਡੇ ਕੰਮਾਂ ਲਈ ਵੱਡੀਓ ਕੁਰਬਾਨੀ ਦੇਣੀ ਪੈਂਦੀ ਆ । ਤੂੰ ਬਓਤਾ ਹੇਰਵਾ ਨਾ ਕਰਿਆ ਕਰ ਮੁੰਡਿਆਂ ਦਆ  । …….ਤੈਨੂੰ ਪਤਆ , ਐਸਲੇ ਤੇਰੇ ਦੋਨਾਂ –ਦੋਨਾਂ ਹੱਥਾਂ ‘ਚ ਲੱਡੂ ਆ। ……ਕੱਲ ਨੂੰ ਜੇ ਨਿਹਾਲਾ ਝੰਡੀ ਜਿੱਤ ਕੇ ਆ  ਮੁੜਿਆ ਤਾਂ ਪੰਜਾਬ ਦੀ ਸਰਦਾਰੀ ਤੇਰੇ ਸਰਦਾਰ ਹੇਠਾਂ ਹਉ ਤੇ ਜੇ-ਜੇ ਕਿਧਰੇ ਸੱਚੇ-ਝੂਠੇ ਮੁਕਾਬਲੇ ‘ਚ ਮਾਰਿਆ ਗਿਆ ਤਾਂ ਭੋਏਂ ਤੇਰੀ ਤਿੰਨਾਂ ਦੀ ਥਾਂ ਦੋਂਹ ਹਿੱਸਿਆਂ ‘ਚ ਵੰਡ ਹਊ ……।“’ਬਾਪੂ ਜੀ ’ ਦੇ ਇਨ੍ਹਾਂ ਬੋਲਾਂ ਵਿਚੋਂ ਪੰਜਾਬ ਅੰਦਰਲੀ ਦਹਿਸ਼ਤਗਰਦੀ ਦੇ ਮਾਹੌਲ ਵਿਚ ਕਾਰਜ ਕਰਦੀ ਜੱਟ-ਮਾਨਸਿਕਤਾ ਦਾ ਪਤਾ ਲਗਦਾ ਹੈ । ਕਿਹਾ ਜਾ ਸਕਦਾ ਹੈ ਕਿ ਲਾਲ ਸਿੰਘ ਦੀ ਕਥਾ-ਵਿਧੀ ਕੇਵਲ ਸਮਾਜਕ ਯਥਾਰਥ ਨੂੰ ਚਿਤਰਨ ਤਕ ਹੀ ਸੀਮਤ ਨਹੀਂ ਰਹਿੰਦੀ ਸਗੋਂ ਮਨੋ-ਯਥਾਰਥ ਦੀ ਤਹਿ ਹੇਠ ਕਾਰਜ ਕਰਦੀਆਂ ਚੰਗੀਆਂ ਮੰਦੀਆਂ ਭਾਵਨਾਵਾਂ ‘ਚ ਖੰਜਰ ਵਾਂਗ ਖੁੱਭ ਕੇ ਵੀ ਪਾਤਰਾਂ ਦੇ ‘ਅੰਦਰਲੇ ਸੱਚ ’ ਨੂੰ ਕੱਢ ਕੇ ਪਾਠਕਾਂ ਸਾਹਵੇਂ ਸਾਕਾਰ ਕਰਦੀ ਹੈ । ਪੰਜਾਬ ਅੰਦਰ ਅਜਿਹੇ ‘ਅੰਦਰਲੇ ਸੱਚ ’ ਦੀ ਪਛਾਣ ਲਾਲ ਸਿੰਘ ਨੇ ‘ਲਹੂ-ਲਾਸ਼-ਗੋਲੀ ’ ਵੱਜੋਂ ਕੀਤੀ ਹੈ । ਜਿਵੇਂ ਉਸ ਦੋਰ ਵਿਚ ਇਹ ਤਿੰਨੋਂ ਸ਼ਬਦ ਜੱਟ ਦੀ ਫਸਲ ਹੋਣ ਤੇ ਪੰਜਾਬ ਉਸਦਾ ‘ਮੁਰੱਬਾ ’ ਹੋਵੇ ।
ਲਾਲ ਸਿੰਘ ਸ਼ਬਦ ਦੀ ਸੰਵੇਦਨਾ ਨੂੰ ਪਕੜਨ ਵਾਲਾ ਕਥਾਕਾਰ ਹੈ । ਇਸ ਸੰਵੇਦਨਾ ਸਹਾਰੇ ਹੀ ਉਹ ਸ਼ਬਦਾਂ ਦੇ ਅਰਥਾਂ ਦੀ ਤਹਿ ਤਕ ਲੱਥ ਕੇ ਜਿੱਥੇ ਆਪਣੇ ਅਨੁਭਵ ਦੀ ਪ੍ਰਮਾਣਿਕਤਾ ਦਾ ਸਬੂਤ ਦਿੰਦਾ ਹੈ ਉੱਥੇ ਉਹ ਇਨ੍ਹਾਂ ਸਹਾਰੇ ਹੀ ਸਮਾਜ ਦੀ ਇਤਿਹਾਸ-ਚੇਤਨਾ ਨੂੰ ਪੁਨਰ-ਸਿਰਜਤ ਵੀ ਕਰਦਾ ਹੈ । ਲਾਲ ਸਿੰਘ ਦੀ ਕਹਾਣੀ ਦਾ ਸੁਹਜ-ਸ਼ਾਸ਼ਤਰੀ ਆਧਾਰ ਵਿਸ਼ੇਸ਼ ਕਥਾ ਸ਼ਬਦ ਬਣਦੇ ਹਨ ਜਿਨ੍ਹਾਂ ਰਾਹੀਂ ਉਹ ਇਤਿਹਾਸ ਤੇ ਵਰਤਮਾਨ ਰਾਜਨੀਤਕ ਪਰਿਸਥਿਤੀਆਂ ਦੀ ਤੋਰ ਦਾ ਪਤਾ ਦਿੰਦਾ ਹੈ । ਇਸੇ ਲਈ ‘ਛਿੰਝ ’ ਕਹਾਣੀ ਵਿਚ ਇਕ ਪਾਸੇ ਨਿਹਾਲੇ ਦੀ ਚਰਨੇ ਦੀ ਧੀ ਨਾਲ ਵਿਆਹ ਹੋਣ ਦੀ ਸਥਿਤੀ ਸਾਕਾਰ ਹੁੰਦੀ ਹੈ ਐਨ ਉਸੇ ਵੇਲੇ ਦੂਸਰੇ ਪਾਸੇ ਵੱਢ-ਟੁੱਕ, ਮਾਰ-ਧਾੜ, ਲੁੱਟ-ਵੰਡ ਵਰਗੀਆਂ ਘਟਨਾਵਾਂ ਦੀ । ਇੰਝ ਲਾਲ ਸਿੰਘ ਦੀ ਦ੍ਰਿਸ਼ਟੀ ਨਾ ਕੇਵਲ ਪੰਜਾਬ ਅੰਦਰਲੀ ਦਹਿਸ਼ਤਗਰਦੀ ਦੇ ਕਾਰਨਾਂ ਨੂੰ ਸਮਝਦੀ ਹੈ ਬਲਕਿ ਸੰਸਾਰ ਪੱਧਰ ਉਤੇ ਫੈਲੀ ਅੱਤਰਵਾਦ ਦੀ ਸਮੱਸਿਆ ਨਾਲ ਜੋੜਦੀ ਹੋਈ ਇਸਨੂੰ ਅੰਤਰਰਾਸ਼ਟਰੀ ਸਰਮਾਏਦਾਰੀ ਸ਼ਕਤੀ ਦੀ ਦੇਣ ਵੀ ਕਬੂਲਦੀ ਹੈ । ਇਸ ਵਰਤਾਰੇ ਨੂੰ ਉਭਾਰ ਕੇ ਦਰਸਾਉਣ  ਲਈ ਹੀ ਤਾਂ ਲਾਲ ਸਿੰਘ ਨੇ ‘ਜਥੇਦਾਰ ਮੁਕੰਦ ਸੂੰਹ ’ ਪਾਤਰ ਦੀ ਸਿਰਜਣਾ ਕੀਤੀ ਹੈ ਇਸ ਪਾਤਰ ਦੇ ਬੋਲਾਂ ਰਾਹੀ ਉਸਨੇ ਆਪਣੀ ਦ੍ਰਿਸ਼ਟੀ ਨੂੰ ਇੰਝ ਗਲਪੀ ਜ਼ੁਬਾਨ ਵਿਚ ਢਾਲਿਆ ਹੈ : “ ਸੱਚੀ ਗੱਲ ਤਾਂ ਇਹ ਆ ਕਿ ਸਾਰੀਆਂ ਤਾਰਾਂ ਹਿਲਦੀਆਂ ਈ ਓਥੋਂ ਆਂ, ਮੁਨਾਫ਼ਾ-ਖੋਰ ਮੰਡੀਆਂ ‘ਚੋਂ । ਮੌਤਾਂ-ਜੰਗਾਂ ਦੇ ਸੁਦਾਗਰ ਮੁਲਕਾਂ ‘ਚੋਂ ।……….ਅਗਲਿਆਂ ਆਪਣਾ ਜੰਗੀ ਸਾਜ –ਸਮਾਨ ਵੇਚਣਾ ਹੁੰਦਆ ,ਇਕ ਧਿਰ ਨੂੰ ਦੂਜੀ ਧਿਰ ਗਲ਼ ਪੁਆਉਣਾ ਉਹਨਾਂ ਦਾ ਧੰਦਾ ਈ ਨਈਂ, ਧਰਮ ਬਣ ਚੁੱਕਾ ਆ ਧਰਮ । ….’ਕੱਲਾ ਸਾਡਾ ਮੁਲਕ ਈ ਨਈਂ, ਉਹਨਾਂ ਸਾਰੀ ਦੁਨੀਆਂ ਦਾ ਜੀਣਾ ਹਰਾਮ ਕੀਤਾ ਪਿਆ ………।“
‘ਛਿੰਝ ’ ਕਹਾਣੀ ਦਾ ਸੁਹਜ-ਸ਼ਾਸ਼ਤਰ ਇਕ ਮਾਂ ਪਾਤਰ ਦੀ ਮਨੋ-ਸਮਾਜਕ ਦਸ਼ਾ ਦੇ ਸਮਾਨਾਂਤਰ ਉਸ ਦੌਰ ਦੇ ਪੰਜਾਬ ਦੀ ਰਾਜਨੀਤਕ-ਆਰਥਿਕ ਸਥਿਤੀ ਨੂੰ ਸਮਾਜਕ ਪ੍ਰਸੰਗ ਅਧੀਨ ਇਕ ‘ਕਬਰ ’ ਅਤੇ ‘ਮਾਤਮ ਦੀ ਮੂਰਤੀ’ ਵਾਂਗ ਸਿਰਜਣ ਵਿਚ ਨਿਹਿਤ ਹੈ । ਕਿਉਂ ਜੁ , ਪੰਜਾਬ ਅੰਦਰਲੇ ਦਹਿਸ਼ਤਗਰਦੀ ਦੇ ਮਾਹੌਲ ਨੂੰ ਸਿਰਜਣ ਲਈ ਲਾਲ ਸਿੰਘ ਨੇ ਤਿੰਨ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਹੈ । ਇਕ, ਇਹ ਸਮੱਸਿਆ ਨਿੱਜੀ ਜਾਇਦਾਦ ਨੂੰ ਵਧਾਉਣ ਦੀ ਲਾਲਸਾ ਕਾਰਨ ਵਧੀ ਫੁੱਲੀ ਤੇ ਫੈਲੀ । ਦੋ , ਪੰਜਾਬ ਸਮੱਸਿਆ ਦੇ ਦਹਿਸ਼੍ਤਗਰਦੀ ਵਾਲੇ ਪਹਿਲੂ ਦਾ ਅੰਤ ਕਰਨ ਵਾਲੇ ਬੀਜ ਵੀ ਇਸੇ ਅੰਦਰ ਵਿਦਮਾਨ ਸਨ। ਵੇਖੇ ਕਹਾਣੀ ਦੀਆਂ ਇਹ ਸਤਰਾਂ –“ ਨਿਗੁਰਿਆਂ ਦੇ ਧੀਆਂ-ਪੁੱਤਰਾਂ ਨੇ ਸੱਚ –ਝੂਠ ਦਾ ਨਿਤਾਰਾ ਆਪੇ ਈ ਕਰ ਲੈਣਾ “ ਜਿਵੇਂ ਕਹਾਣੀਕਾਰ ਨੇ ਨੌਨਿਹਾਲ ਸਿੰਘ, ਬੰਸਾ ਅਤੇ ਬਾਪੂ ਜੀ ਦੀ ਤਿਕੜੀ ਰਾਹੀਂ ਕਰਵਾਇਆ । ਤਿੰਨ , ਪੰਜਾਬ ਅੰਦਰ ਅਮਨ-ਚੈਨ ਸਥਾਪਤ ਹੋਣ ਉਪਰੰਤ ਜੇਕਰ ਨੌਨਿਹਾਲ ਜਾਂ ਬੰਸੇ ਵਰਗੇ ਜਿਊਂਦੇ ਬਚ ਕੇ ਵੇਲੇ ਕੁਵੇਲੇ ਆਪਦੇ ਘਰੀਂ ਪਰਤ ਵੀ ਆਉਣ ,ਤਾਂ ਕੀ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਆਪਣੇ ਹੱਥ ਨਾਲ ਦਾਲ-ਫੁਲਕਾ ਬਣਾ ਕੇ ਛਕਾ ਵੀ ਸਕਣਗੀਆਂ ? ਜਿਨ੍ਹਾਂ ਨੇ ਆਪਦੇ ਹੀ ਪਿਉ ਨੂੰ ਮਾਰ ਕੇ ਉਸਨੂੰ ਵਿਧਵਾ ਬਣਾ ਦਿੱਤਾ ਹੋਵੇ । ‘ਛਿੰਝ ’ ਕਹਾਣੀ ਦੀ ਇਕ ਹੋਰ ਖਾਸੀਅਤ ਇਹ ਜਾਪਦੀ ਹੈ ਕਿ  ਕਹਾਣੀ ਦਾ ਇਕ ਪਾਤਰ, ਜੱਥੇਦਾਰ ਮੁਕੰਦ ਸੂੰਹ ,’ਬੂਟਾ ਰਾਮ ਪੂਰਾ ਹੋ ਗਿਆ ! ’ ਕਹਾਣੀ ਵਿਚ ‘ਬੂਟਾ ਰਾਮ ’ ਬਣ ਕੇ ਵਿਕਾਸ ਕਰਦਾ ਹੈ । ਇਕ ਕਹਾਣੀ ਤੋਂ ਦੂਸਰੀ ਕਹਾਣੀ ਵਿਚ ਪਾਤਰ ਦੀ ਸ਼ਖਸ਼ੀਅਤ ਦਾ ਰੂਪਾਂਤਰਤ ਵਿਕਾਸ ਕਰਵਾਉਣ ਵਾਲੀ ਕਥਾ –ਜੁਗਤ ਵੀ ਲਾਲ ਸਿੰਘ ਦੀ ਗਲ਼ਪ-ਦ੍ਰਿਸ਼ਟੀ ਨੂੰ ਨਿਰਧਾਰਤ ਕਰਦੀ ਹੈ ।
‘ਬੂਟਾ ਰਾਮ ਪੂਰਾ ਹੋ ਗਿਆ ! ’ ਕਹਾਣੀ ਵਿਚਲੇ ‘ਬੂਟਾ ’ ਨਾਮ ਦੇ ਦੋ-ਅੱਖਰੇ ਸ਼ਬਦ ਨੂੰ ਕਹਾਣੀਕਾਰ ਨੇ ‘ਰੁੱਖੀ-ਬੰਜਰ ਧਰਤੀ ਉਤੇ ਠੰਡੀ-ਮਿੱਠੀ ਛਾਂ ਕਰਨ ਵਾਲੇ ਛਾਂ-ਦਾਰ ਬੂਟੇ ’ ਦੇ ਰੂਪ ਵਿਚ ਸਾਕਾਰ ਕੀਤਾ ਹੈ । ਅਜਿਹਾ ਕਰਦਾ ਹੋਇਆ ਉਹ ਕੁਲ ਲੋਕਾਈ ਨੂੰ ਇਸੇ ਰੂਪ ਵਿਚ ਹੀ ਵੇਖਣਾ ਲੋਚਦਾ ਹੈ । ਬੂਟਾ ਰਾਮ ਕੰਮੀ-ਕਮੀਣ ਘਰ ‘ਚ ਜੰਮਿਆ ਪਲਿਆ ਪਾਤਰ ਹੈ । ਪੜ੍ਹਾਈ ਵਿਚੇ ਛੱਡ ਕੇ ਉਹ ਹੇਠਲੀ ਉੱਪਰ ਕਰਨ ਲਈ ਇਕ ਗਰਮਾ-ਗਰਮ ਜੋਸ਼ੋ-ਕਰਮ ਵਾਲੀ ਮਾਰਕਸਵਾਦੀ ਥਿਊਰੀ ਨੂੰ ਅਮਲੀ ਰੂਪ ਦੇਣ ਵਾਸਤੇ ਆਪਣੇ ਘਰੋਂ ਨਿਕਲ ਤੁਰਦਾ ਹੈ । ਉਹ ਆਪਣੀ ਕਵਿਤਾ ਦੇ ਜ਼ੋਰ ਨਾਲ, ਭਾਸ਼ਣਾਂ ਦੀ ਗਰਮੀ ਨਾਲ ਅਤੇ ਸੰਗਠਨਕਾਰੀ ਤਾਕਤ ਨਾਲ ਸਮਾਜ/ਰਾਜ ਵਿਚ ਇਨਕਲਾਬ ਲਿਆਉਣਾ ਚਾਹੁੰਦਾ ਹੈ । ਕਿਉਂ ਜੁ , ਉਸਨੂੰ ਆਪਣੇ ਸਮੇਂ ਦੇ ਆਲੇ ਦੁਆਲੇ ਦੀ , ਰਾਜਨੀਤਕ ਸੰਗਠਨਾਂ ਅਤੇ ਸਰਕਾਰ ਦੀ ,ਛੋਟੇ-ਵੱਡੇ ਲੋਕਾਂ ਦੇ ਘਰ-ਬਾਰ, ਕਾਰ-ਕਿੱਤਾ , ਰਹਿਣੀ-ਬਹਿਣੀ ਦੀ ਭਰਪੂਰ ਸੋਝੀ ਹੈ । ਇਹ ਸੋਝੀ ਨੂੰ ਹੀ ਉਹ ‘ਕਾਮਾ-ਜਮਾਤ ਦੀ ਬੰਦ –ਖਲਾਸੀ ਤੇ ਜੁੱਗ –ਬਦਲੀ ’ ਦੀ ਪਹਿਲੀ ਪਉੜੀ ਮੰਨਦਾ ਹੈ । ਉਸਨੂੰ ਪਤਾ ਹੈ ਕਿ ਧਰਤੀ ਉਤੇ ਨਿਆਂ-ਕਾਨੂੰਨ ਨਾਮ ਦੀ ਕੋਈ ਸ਼ੈਅ ਨਹੀਂ ਹੈ । ਲੋਕਾਂ ਨੂੰ ਚੰਗੀਆਂ ਸੋਹਣੀਆਂ ਗੱਲਾਂ ਦੱਸਣ ਵਾਲਾ ਬੂਟਾ ਰਾਮ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਅਧੀਨ ਪੁਲਿਸ ਵੱਲੋਂ ਫੜਿਆ ਜਾਂਦਾ ਹੈ । ਅਸਲ ਵਿਚ ਉਹ ਦੋਸ਼ੀ ਨਹੀਂ ਸਗੋਂ ਉਹ ਤਾਂ ਸ਼ੁਰੂ ਤੋਂ ਹੀ ਹਥਿਆਰ ਨੀਤੀ ਦਾ ਵਿਰੋਧੀ ਤੇ ਖੂਨ-ਖਰਾਬੇ ਦਾ ਕੱਟੜ ਦੁਸ਼ਮਣ ਸੀ । ਇਸੇ ਲਈ ਤਾਂ ਉਸਦੀ ਆਪਣੇ ਬੰਦਿਆਂ ਨਾਲ ਵਿਗੜ ਗਈ ਸੀ ਤੇ ਉਸਨੂੰ ਇਕੱਲੇ ਨੂੰ ਸਾਧ ਬਣ ਕੇ ਕੁਟੀਆ ਵਿਚ ਰਹਿ ਕੇ ਇਨਕਲਾਬ ਲਿਆਉਣ ਲਈ ਆਪਣਾ ਵੱਖਰਾ ਰਾਹ ਚੁਣਨਾ ਪਿਆ ਸੀ । ‘ਬੂਟਾ ਰਾਮ ’ ਦੇ ਅਸਲ ਨਾਂ ਅਤੇ ਕਿਰਦਾਰ ਦਾ ਪਤਾ ਕਹਾਣੀ ਦੀਆਂ ਇਨ੍ਹਾਂ ਸਤਰਾਂ ਤੋਂ ਲਗਦਾ ਹੈ :”ਏਹ ਭਜਨਾ ਆ ਭਜਨਾ , ਨਕਸਲਬਾੜੀਆਂ ਭਜਨਾ । ਤਿੰਨ ਸੌ ਖੂਨ ਕੀਤੇ ਏਨ੍ਹੇ । …….ਹੁਣ ਖਾੜਕੂਆਂ ‘ਨਾ  ਰਲਿਆ ਫਿਰਦਾ । ਪੁੱਛੋ ਖਾ ਏਨੂੰ ,ਰੋਟੀਆਂ ਨਹੀਂ ਢੋਂਦਾ ਉਨ੍ਹਾਂ ਲਈ ? ਰਾਤਾਂ ਨਹੀਂ ਰੱਖਦਾ ਉਨ੍ਹਾਂ ਨੂੰ ਆਪਣੇ ਕੋਅਲ …..! ” ਬੂਟਾ ਰਾਮ ਸਾਜ਼ਿਸ਼ ਅਧੀਨ ਐਸਾ ਫਸਾਇਆ ਗਿਆ ਕਿ ਪੁਲਿਸ ਦੀ ਕੁੱਟਮਾਰ ਕਾਰਨ ਉਹ ਮੌਤ ਨੂੰ ਪਿਆਰਾ ਹੋ ਗਿਆ । ਬਾਬੇ ਨੂੰ ਖਤਮ ਕਰਨ ਵਿੱਚ ਜਿੱਥੇ ਸਟੇਟ ਮਸ਼ੀਨਰੀ ਦੀ ਹੱਦੋਂ ਵੱਧ ਭੂਮਿਕਾ ਹੈ ,ਉੱਥੇ ਸਮਾਜ ਦੇ ਗੁੰਡਾਗਰਦੀ ਅਨਸਰ ਬੂਟਾ ਰਾਮ ਉਰਫ਼ ਭਜਨ ਸਿੰਘ ਵਰਗੇ ਬੰਦਿਆਂ ਦੇ ਅੰਤ ਲਈ ਸਟੇਟ ਮਸ਼ੀਨਰੀ ਦੇ ਭਾਈਵਾਲ ਬਣੇ ਦਿਸਦੇ ਹਨ। ਇਹ ਐਸਾ ਸੱਚ ਹੈ ਜਿਸਨੂੰ ਲਾਲ ਸਿੰਘ ਨੇ ‘ਬੂਟਾ ਰਾਮ ’ ਦੇ ਚਰਿੱਤਰ ਦੀਆਂ ਵਿਭਿੰਨ ਪਰਤਾਂ ਨੂੰ ਵੇਲੇ ਦੇ ਰਾਜਨੀਤਕ-ਆਰਥਿਕ-ਸਮਾਜਿਕ ਪ੍ਰਸੰਗਾਂ ਅਧੀਨ ਰੱਖ ਕੇ ਸਾਕਾਰ ਕੀਤਾ ਹੈ। ਕਹਾਣੀ ਵਿਚ ‘ਬੂਟਾ ਰਾਮ ਦੀ ਕੁਟੀਆ’ ਐਸਾ ਚਿਹਨ ਹੈ ਜਿਸ ਵਿਚੋਂ ਚੇਤਨਾ ਦਾ ਪ੍ਰਕਾਸ਼ ਉਮੜ ਉਮੜ ਪੈਂਦਾ ਹੈ ਪਰ ਵੇਲੇ ਦੀ ਸਿਆਸਤ ਇਸ ਪ੍ਰਕਾਸ਼ ਨੂੰ ਉੱਥੇ ਤਕ ਪਹੁੰਚਣ ਹੀ ਨਹੀਂ ਦਿੰਦੀ ਜਿੱਥੇ ਇਸ ਦੀ ਲੋੜ ਹੁੰਦੀ ਹੈ । ਇਸੇ ਲਈ ‘ਮੈਂ ’ ਪਾਤਰ ਨੂੰ ਕਹਾਣੀ ਦੇ ਅੰਤ ਵਿਚ ਬੂਟਾ ਰਾਮ ਦੀ ਕੁਟੀਆ ਦੇ ਅੰਦਰ ਸਿਰਫ਼ ਦੀਵਾ ਜਗਦਾ ਦਿਸਦਾ ਹੈ ਅਤੇ ਉਸਦਾ ਕਰਮ ਮੰਡਲ ਅਡੋਲ ਚੁੱਪ-ਚਾਪ ਲਟਕਦਾ ਵਿਖਾਈ ਦਿੰਦਾ ਹੈ , “ ਜਿਵੇਂ ਥੱਕ ਗਿਆ ਹੋਵੇ , ਸੇਵਾ ਕਰਦਾ , ਤੇ ਖੂੰਟਾ , ਕੋਕਿਆਂ ਵਾਲਾ ਖੂੰਟਾ ਜਿਹੜਾ ਗਜ਼ਾ ਵੇਲੇ ਨਾਲ ਹੁੰਦਾ ਸੀ , ਆਸਰਾ ਦੇਣ ਲਈ ਜਾਂ ਉਂਝ ਈ ਦਰਵੇਸ਼ੀ ਵਜੋਂ, ਸਹਿਮਿਆ ਖੜ੍ਹਾ ਸੀ ਇਕ ਖੂੰਜੇ ।“ ਕਹਾਣੀ ਦਾ ਸੁਹਜ-ਸ਼ਾਸ਼ਤਰੀ ਪੱਖ ਇਹ ਹੈ ਕਿ ਬੂਟਾ ਰਾਮ ਸੱਚੀ-ਮੁੱਚੀ ਚੇਤਨਾ ਦਾ ਨਾਮ ਹੈ ਨਾ ਕਿ ਜਿਊਂਦੀ-ਜਾਗਦੀ ਪਾਦਰਥਕ ਵਸਤੂ ਦਾ । ਲਾਲ ਸਿੰਘ ਨੇ ‘ਬੂਟਾ ਰਾਮ ’ ਪਾਤਰ ਦੀ ਸਿਰਜਣਾ ਦੱਬੇ ਕੁਚਲੇ ਵਰਗ ਦੀ ਚੇਤਨਾ ਦੇ ਰੂਪ ਵਜੋਂ ਕੀਤੀ ਹੈ । ਇਸੇ ਲਈ ਨਾ ਤਾਂ ਉਸਨੂੰ ਕੱਟੜ ਕਾਮਰੇਡੀ ਅਸੂਲ, ਨਾ ਸਥਾਪਤ ਰਾਜ-ਪ੍ਰਬੰਧ ਅਤੇ ਨਾ ਹੀ ਸਥਾਪਤ ਰਾਜ –ਪ੍ਰਬੰਧ ਅੰਦਰ ਕਾਰਜ ਕਰਦੀ ਸਰਕਾਰੀ ਮਸ਼ੀਨਰੀ ਤੇ ਖਾੜਕੂ ਜੱਥੇਬੰਦੀਆਂ ਮੋਹ ਤੇ ਖੋਹ ਸਕੀਆਂ । ਬੂਟਾ ਰਾਮ ਤਾਂ ਦੱਬੇ ਕੁਚਲੇ ਵਰਗ ਦੇ ਬੋਲਾਂ ਦਾ ਨਾਂਅ ਹੈ। ਇਹ ਬੋਲ ਸਟੇਟ ਮਸ਼ੀਨਰੀ ਦੇ ਗ਼ਲਤ ਕਾਰਨਾਮਿਆਂ ਕਰਕੇ ਸਟੇਟ ਮਸ਼ੀਨਰੀ ਅਤੇ ਸਮਾਜਕ ਗੁੰਡਾਗਰਦੀ ਦੇ ਸੁਤੇ ਸਿੱਧ ਹੀ ਸਾਹ ਸੂ਼ਤ ਕੇ ਰੱਖ ਦਿੰਦੇ ਹਨ । ਇਸੇ ਲਈ ਤਾਂ ਉਸ ਦੀ ਕੁਰਬਾਨੀ ਰਾਹੀਂ ਜਨ-ਸਾਧਾਰਨ ਨੂੰ ਆਪਣਾ ਰਾਹ ਆਪ ਚੁਣਨ ਤੇ ਸਵੈ-ਸੂਝ ਰੱਖਣ ਦੀ ਪ੍ਰੇਰਨਾ ਮਿਲਦੀ ਹੈ ।
ਲਾਲ ਸਿੰਘ ਨੇ ਕਹਾਣੀ ਲਿਖਣ ਲਈ ਅਤੇ ਇਸਦੇ ਸੁਹਜ ਤੇ ਪ੍ਰਭਾਵ ਨੂੰ ਤਿਖੇਰਾ ਕਰਨ ਲਈ ਸਮਾਸੀ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ । ਸਮਾਸੀ ਸ਼ਬਦਾਂ ਦੀ ਵਰਤੋਂ ਉਸਦੀ ਭਾਸ਼ਾ-ਸ਼ੈਲੀ ਦਾ ਵਿਸ਼ੇਸ਼ ਅੰਗ ਹੈ । ਇਹ ਵਿਸ਼ੇਸ਼ ਅੰਗ ਹੀ ਲਾਲ ਸਿੰਘ ਕੀ ਕਥਾ ਦੀ ਭਾਸ਼ਾਈ ਮੌਲਿਕਤਾ ਹੈ । ਇਉਂ , ਲਾਲ ਸਿੰਘ ਦੀ ਕਹਾਣੀ ਨਾਲ ਪੰਜਾਬੀ ਕਹਾਣੀ ਦਾ ਨਵਾਂ ਮੁਹਾਂਦਰਾ ਉਭਰਦਾ ਵਿਖਾਈ ਦਿੰਦਾ ਹੈ । ਲਾਲ ਸਿੰਘ ਦੀ ਸ਼ੈਲੀਗਤ ਨੁਹਾਰ ਪ੍ਰਚਲਿਤ ਪੰਜਾਬੀ ਕਹਾਣੀ ਦੀ ਭਾਸ਼ਾ-ਸ਼ੈਲੀ ਤੋਂ ਅੱਡਰੀ ਪਛਾਣੀ ਜਾ ਸਕਦੀ ਹੈ । ਲਾਲ ਸਿੰਘ ਦੀ ਕਥਾ ਦਾ ਅਜਿਹਾ ਰੂਪਾਤਮਕ ਵਰਤਾਰਾ ਜਿੱਥੇ ਉਸਦੀ ਕਹਾਣੀ ਨੂੰ ਨਿਵੇਕਲਾਪਨ ਪ੍ਰਦਾਨ ਕਰਦਾ ਹੈ ਉਥੇ ਪੰਜਾਬੀ ਕਹਾਣੀ ਦੇ ਸੁਹਜ-ਸ਼ਾਸ਼ਤਰ ਦੇ ਭਾਸ਼ਾਈ ਪੱਖ ਦਾ ਨਵਾਂ ਸੰਦਰਭ ਵੀ ਉਸਾਰਦਾ ਹੈ।
ਮੁਹਾਵਰਿਆਂ ਨੂੰ ਕਹਾਣੀ ਦੇ ਬਿਰਤਾਂਤ ਵਿਚ ਲਾਲ ਸਿੰਘ ਨੇ ਇਉਂ ਵਿਉਂਤਿਆ ਹੈ ਕਿ ਇਨ੍ਹਾਂ ਨੂੰ ਇੱਕ ਦੂਸਰੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ । ਨਿਖੇੜਨ ਦਾ ਮਤਲਬ ਹੋਵੇਗਾ, ਲਾਲ ਸਿੰਘ ਦੀ ਕਹਾਣੀ ਨੂੰ ਕਰੂੰਡਣਾ । ਲਾਲ ਸਿੰਘ ਦੀ ਕਹਾਣੀ ਵਿਚ ਮੁਹਾਵਰਿਆਂ ਦੀ ਝੜੀ ਲੱਗੀ ਪਈ ਹੈ । ਕਹਾਣੀਆਂ ਵਿਚ ਥਾਂ-ਪੁਰ-ਥਾਂ ਖਿਲਰੇ ਮੁਹਾਵਰਿਆਂ ਨੂੰ ਇਕੱਠਿਆਂ ਕਰਕੇ ਇਕ ਮਿੰਨੀ ਮੁਹਾਵਰਾ ਕੋਸ਼ ਤਿਆਰ ਕੀਤਾ ਜਾ ਸਕਦਾ ਹੈ । ਬਿਰਤਾਂਤ-ਸਿਰਜਨ ਲਈ ਮੁਹਾਵਰਿਆਂ ਦੀ ਸਫ਼ਲ ਵਰਤੋਂ ਲਾਲ ਸਿੰਘ ਨੂੰ ਪੰਜਾਬੀ ਸੱਭਿਆਚਾਰ ਦੇ ਸੁਹਜਤਮਕ ਪ੍ਰਤੱਖਣ ਵਾਲਾ ਕਹਾਣੀਕਾਰ ਸਥਾਪਤ ਕਰਦੀ ਹੈ ।
ਲਾਲ ਸਿੰਘ ਜਿੱਥੇ ਪੰਜਾਬੀ ਦੇ ਲੋਕਯਾਨਕ ਤੇ ਸੱਭਿਆਚਾਰਕ ਕਹਾਣੀਕਾਰ ਵਜੋਂ ਪ੍ਰਮਾਣਿਤ ਹੁੰਦਾ ਹੈ ,ਉੱਥੇ ਉਹ ਸੁਭਾਵਕ ਹੀ ਜਨ-ਸਾਧਾਰਨ ਦੇ ਕਹਾਣੀਕਾਰ ਵਜੋਂ ਵੀ ਉਭਰਦਾ ਹੈ । ਉਸਨੇ ਪੰਜਾਬ ਦੇ ਸਭਿਆਚਾਰਕ ਵਰਤਾਰੇ ਵਿਚੋਂ ਆਮ ਲੋਕਾਂ ਦੇ ਆਰਥਿਕ,ਰਾਜਨੀਤਕ,ਸਮਾਜਕ,ਵਿਦਿਅਕ,ਸਾਹਿਤਕ,ਮਨੋਵਿਗਿਆਨਕ ਇਤਿਆਦਿ ਸਮੱਸਿਆਗ੍ਰਸਤ ਪਹਿਲੂਆਂ ਨੂੰ ਦਰਸਾਉਣ ਲਈ ਇਨ੍ਹਾਂ ਨਾਲ ਸੰਬੰਧਤ ਢਾਂਚਿਆਂ ਉਤੇ ਵਿਅੰਗਾਤਮਕ ਸੱਟ ਮਾਰੀ ਹੈ । ਮਿਸਾਲ ਲਈ ਅੱਜੋਕੇ ਸਿਰਜਣਾਤਮਕ ਪੰਜਾਬੀ ਸਾਹਿਤ ਉਤੇ ਵਿਅੰਗ ਕਰਦੀਆਂ ‘ਮਾਰਖੋ਼ਰੇ ’ ਕਹਾਣੀ ਦੀਆਂ ਇਹ ਸਤਰਾਂ ਗ਼ੌਰਕਰਨ ਯੋਗ ਹਨ :” ਵਾਹ-ਪਈ-ਵਾਹ । ਅਲੋਕਰ ਕਿਰਤ ਹੋਵੇਗੀ ਤੁਹਾਡੀ । ਪੰਜਾਬੀ ਨਾਵਲਕਾਰੀ ਅੰਦਰ ਤਕੜ ਵਿਸਫੋਟ ਹੋਵੇਗੀ , ਤੁਹਾਡੀ ਕਿਰਤ । ਪੰਜਾਬੀ ਸਾਹਿਤ ਅੰਦਰ ਭੂਚਾਲ ਆ ਜਾਵੇਗਾ ।ਇਸ ਦਾ ਰਿਲੀਜ਼ ਸਮਾਰੋਹ ਕਰਵਾਉ, ਫਿਰ ਗੋਸ਼ਟੀਆਂ ਕਰਵਾਉ, ਪਰਚੇ ਲਿਖਵਾਉ, ਇਸ ‘ਤੇ ਜਾਣੇ –ਪਛਾਣੇ ਆਲੋਚਕਾਂ ਤੋਂ, ਮੈਂ ਵੀ ਸੇਵਾ ਲਈ ਹਾਜ਼ਰ ਹਾਂ, ਜਿਵੇਂ ਦੀ ਚਾਹੋ  । ਇਸ ਤਰ੍ਹਾਂ ਪ੍ਰਸਿੱਧੀ ਵੀ ਹੋਵੇਗੀ ਤੇ ਪੁਸਤਕ ਵਿਕੇਗੀ ਵੀ ,ਉਂਝ ਕੌਣ ਪੁੱਛਦਾ ਤੇ ਖਰੀਦਦੈ ਕਿਤਾਬਾਂ ਅੱਜਕੱਲ….??”
ਮੁਕਦੀ ਗੱਲ ਲਾਲ ਸਿੰਘ ਦੀ ਕਥਾ ਦਾ ਸੁਹਜ-ਸ਼ਾਸ਼ਤਰ ਮਾਰਕਸਵਾਦੀ ਸਮਾਜ-ਵਿਗਿਆਨਕ ਸਰੂਪ ਦਾ ਧਾਰਨੀ ਹੈ । ਕਿਉਂ ਜੁ , ਉਸਦੀ ਕਹਾਣੀ ਵਿਚ ਸਮਾਜਕ ਯਥਾਰਥ ਦੀ ‘ਕਾਲੀ ਮਿੱਟੀ ’ ਵਿੱਚੋਂ ਪੈਦਾ ਹੋਏ ਉਹਨਾਂ ‘ਅੱਧੇ-ਅਧੂਰੇ ’ ਵਿਅਕਤੀਆਂ ਦੀ ਸਾਰ ਲਈ ਗਈ ਹੈ ਜਿਹੜੇ ਸਮਾਜਕ ਅਨਿਆਂ ਤੇ ਨਿਆ ਦੀ ‘ਧੁੱਪ-ਛਾਂ’ ਹੇਠ ਕਦੇ ਤਾਂ ‘ਮਾਰਖੋਰੇ ’ ਬਣ ਜਾਂਦੇ ਨੇ , ਤੇ ਕਦੇ ‘ਬਲੌਰ ’ ।ਲਾਲ ਸਿੰਘ ਦੇ ਸਿਰਜੇ ਪਾਤਰ ਸਮਾਜ ਦੇ ਆਰਥਿਕ, ਰਾਜਨੀਤਕ,ਸਭਿਆਚਾਰਕ ਪੱਖਾਂ ਉਤੇ ‘ਪ੍ਰਸ਼ਨ-ਚਿੰਨ’ ਲਗਾਉਂਦੇ ਹਨ । ਉਹ ਗ਼ਲਤ ਕਦਰਾਂ –ਕੀਮਤਾਂ ਨਾਲ ਕਦਾਚਿੱਤ ਵੀ ‘ਰਾਜ਼ੀਨਾਮਾ ’ ਨਹੀ ਕਰਦੇ । ਇਸ ਤਰ੍ਹਾਂ ਲਾਲ ਸਿੰਘ ਨੇ ਆਪਣੀ ਕਹਾਣੀ ਵਿੱਚ ‘ਹਾਸ਼ੀਏ ’ ਉੱਤੇ ਸਮਾਜ ਦੇ ਉਨ੍ਹਾਂ ਵਰਗਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਹੜੇ ‘ਪੈਰਾਂ ਭਾਰ-ਹੱਥਾਂ ਭਾਰ ’ ਕਿਰਤ ਕਮਾਈ ਸਦਕਾ ਦੇਸੀ ਸਭਿਆਚਾਰ ਵਿਚੋਂ ‘ਜਿੰਨ ’ ਰੂਪੀ ਸਰਮਾਏਦਾਰਾਂ ਵੱਲੋਂ ਖੜ੍ਹੀਆਂ ਕੀਤੀਆਂ ‘ਥੰਮੀਆਂ’ ਨੂੰ ਗਿਰਾਉਂਦੇ ਹੋਏ ਇਨ੍ਹਾਂ ਦੀ ‘ਛਾਉਣੀ ’ ਨੂੰ ‘ਅਜੇ ਮੈਂ ਜਿਊਂਦਾ ਹਾਂ ’ ਦਾ ਨਾਅਰਾ ਮਾਰਕੇ ਢਾਹੁਣ ਦੀ ਹਿੰਮਤ ਰੱਖਦੇ ਹਨ । ਇਨ੍ਹਾਂ ਵਰਗਾਂ ਨੂੰ ‘ਆਪਣੀ ਧਿਰ-ਪਰਾਈ ਧਿਰ ’ ਦੀ ਪਛਾਣ ਏ । ਇਸ ਵਰਗ ਦੇ ਪਾਤਰ ਆਪਣੀ ਪਿਤਾ –ਪੁਰਖੀ ‘ਮਿੱਟੀ ’ ਨੂੰ ਮੱਥੇ ਉਤੇ ਲਗਾ ਕੇ ‘ਹਥਿਆਰ ’ ਦੇ ਜ਼ੋਰ ਅਤੇ ਚਿੰਤਨੀ ‘ਝਾਂਜਰ ’ ਦੀ ਛਣਕਾਰ ਨਾਲ ਇੱਡੀ ‘ਵੱਡੀ ਗੱਲ ’ ਕਹਿ ਜਾਂਦੇ ਹਨ ਜਿਸ ਦਾ ਮੂਲ ਪ੍ਰਯੋਜਨ ਸਰਮਾਏਦਾਰੀ ਸ਼ਕਤੀਆਂ ਦੀ ‘ਜੜ੍ਹ ’ ਪੁੱਟਣਾ ਬਣਦ ਹੈ । ਇਸ ਵਰਗ ਨੂੰ ਸਮਝ ਆ ਚੁੱਕੀ ਹੈ ਕਿ ਸਾਮਰਾਜੀ ਸ਼ਕਤੀ ਦੁਆਰਾ ਸਮਾਜ ਵਿਚ ਪਾਈ ‘ਛਿੰਝ ’ ਵਿਚੋਂ ‘ਰੁਮਾਲੀ ’ ਕੋਈ ‘ਸਕੰਦਰ ’ ਬਣ ਕੇ ਹੀ ਜਿੱਤ ਸਕਦਾ ਹੈ , ‘ਈਡੀਇਟ ’ ਬਣ ਕੇ ਨਹੀਂ ! ਅਮਾਨਵਤਾ ਰੂਪੀ ‘ਜਜ਼ੀਰੇ ’,’ਵਾਵਰੋਲੇ ’ ਅਤੇ ‘ਫ਼ਿਕਰ ’ ਕੇਵਲ ਇਕ ‘ਬੂਟਾ ਰਾਮ ਪੂਰਾ ਹੋ ਗਿਔ ! ’ ਦੀ ਸ਼ਹਾਦਤ ਨਾਲ ਖਤਮ ਨਹੀਂ ਹੋ ਸਕਦੈ । ਬੂਟਾ ਰਾਮ ਦੀ ਸ਼ਹਾਦਤ ‘ਕਬਰਸਤਾਨ ਚੁੱਪ ਨਹੀਂ ਹੈ ’ ਵੱਲ ਸੰਕੇਤ ਕਰਦੀ ਹੈ ਅਤੇ ਸੰਦੇਸ਼ ਦਿੰਦੀ ਹੈ ਕਿ ਅਮਾਨਵਤਾ ਰੂਪੀ ‘ਇੱਕ ਕੰਢੇ ਵਾਲਾ ਦਰਿਆ ’ ਪਾਰ ਕਰਨ ਲਈ ਅਤੇ ਬੂਟਾ ਰਾਮ ਦਾ ‘ਬਾਕੀ ਦਾ ਸੱਚ ’ ਜਾਨਣ ਲਈ ਵਿਅਕਤੀ ਆਪਣੀ ‘ਵਾਰੀ ਸਿਰ ’ ਅੱਗੇ ਆਉਣ ਤਾਂ ਕਿ ਜੁੱਗਗਰਦੀ ਦਾ ‘ਧੂੰਆਂ ’ ਉੱਡ ਸਕੇ ।
ਲਾਲ ਸਿੰਘ ਦਾ ਸਮੁੱਚਾ ਕਥਾਤਮਕ ਵਰਤਾਰਾ ਕਈ ਝਾਕੀਆਂ ਵਾਲਾ ਨਾਟਕ ਜਾਪਦਾ ਹੈ ਜਿਸ ਦੀ ‘ਪਹਿਲੀ ਤੋਂ ਅਗਲੀ ਝਾਕੀ ’ ਵਿੱਚ ਪਾਤਰ ਬੋਦੀ ਹੋ ਚੁੱਕੀ ਸਮਾਜਕ ‘ਰੂੜੀ ’ ਖਿਲਾਫ਼ ਚੇਤਨਾ ਦੀਆਂ ‘ਮੋਮਬੱਤੀਆਂ ’ ਲੈ ਕੇ ਵਿਚਰੇ ਹਨ । ਉਹ ਆਪਣੇ ਪਿੰਡੇ ਉਤੇ ਮਿਹਨਤ ਅਤੇ ਚੇਤਨਾ ਦੇ ‘ਖੰਭ ’ ਲਗਾ ਕੇ ਸਫਲਤਾ ਦੀ ‘ਪੌੜੀ ’ ਵੀ ਚੜ੍ਹਦੇ ਹਨ । ਇਸ ਨਾਟਕ ਵਿਚ ਸਮਰਾਏਦਾਰ ‘ਬਿੱਲੀਆਂ ’,’ਚਿੱਟੀ ਬੇਈਂ-ਕਾਲੀ ਬੇਂਈ ’ ਪਾਰ ਕਰਕੇ ‘ਛੂਣ-ਛੁਹਾਈ ’ ਦੀ ਖੇਡ (ਤਨਾਉ-ਸੰਗਠਨ ) ਖੇਡਦੀਆਂ ਹਨ । ਬੇਈਆਂ ਦੇ ‘ਪਾਣੀ ’ ਵਿੱਚ ‘ਨੀਲੀ ਸ਼ਾਹੀ ’(ਵਰਗਗਤ ਚੇਤਨਾ ) ਘੁਲੀ ਹੋਈ ਹੈ । ਜਿਸ ਕਰਕੇ ਵੱਡਾ ਸਾਮਰਾਜੀ ‘ਚੂਹਾ’ ਉਦਾਰਵਾਦੀ ਮਖੌਟੇ ਦੀ ‘ਐਨਕ ’ ਲਗਾ ਕੇ ਇਨ੍ਹਾਂ ਨੂੰ ਪਾਰ ਕਰਦਾ ਹੈ । ਪਾਰਲੇ ਪਾਸੇ ‘ਉੱਚੇ ਰੁੱਖਾਂ ਦੀ ਛਾਂ ’(;ਸਰਮਾਏਦਾਰੀ ਦੇਸ਼ ) ਹੇਠ ਬੈਠੀ ਆਪਦੀ ‘ਅੰਮਾਂ ’ ਨੂੰ ‘ਕੱਲ੍ਹ ਗੱਲ ਕਰਾਂਗੇ ‘ ਦਾ ਧਰਵਾਸ ਦੇ ਕੇ ‘ਕੰਬਾਇਨ-ਕਰਫਿਊ-ਕਾਮਰੇਡ ’ ਵਿੱਚ ਜਾ ਵੜਦਾ ਹੈ । ‘ਉਹ ਵੀ ਕੀ ਕਰਦਾ ’ ਕਿਉਂ ਜੁ , ‘ਸੌਰੀ ਜਗਨ ’(ਇਨਕਲਾਬੀ ਚੇਤਨਾ ਦਾ ਉਦਾਰਵਾਦੀ ਸਰੂਪ) ਵੀ ਉਸਦਾ ਰਾਹ ਮੱਲੀ ਬੈਠਾ ਹੈ । ਗੱਲ ਕੀ , ਲਾਲ ਸਿੰਘ ਦੀ ਕਥਾ ਦੀ ਕਹਾਣੀ ਬੁਰਜੁਵਾ ਮੱਧ ਵਰਗ ਅਤੇ ਪ੍ਰੋਲਤਾਰੀ ਵਰਗ ਤੇ ਘੋਲ ਦੀ ਦਵੰਦਾਤਮਕ ‘ਚੀਕ-ਬੁਲਬਲੀ ’ ਏ ।

 

ਡਾ. ਚੰਦਰ ਮੋਹਨ,ਲੈਕਚਰਾਰ
(ਡੀਪਾਰਟਮੈਂਟ ਔਫ਼ ਈਵਨਿੰਗ ਸਟੱਡੀਜ਼,ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ)

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>