ਮੈਂ ਵਿਨੇਪਾਲ ਬੁੱਟਰ ਬੋਲਦਾਂ ਹਾਂ………….

ਆਥਣ ਵੇਲਾ ਸੀ ਮਤਲਬ ਰੋਟੀ ਖਾਣ ਜੋਗੇ ਹੋਣ ਦਾ ਵੇਲਾ, ਜਾਂ ਕਹਿ ਲਵੋ ਦੋ ਚਾਰ ਹਾੜੇ ਲਾਉਣ ਦਾ। ਪਰ ਚੰਗੇ ਕਰਮੀ ਰੱਬ ਨੇ ‘ਅੰਗੂਰ ਕੀ ਬੇਟੀ’ ਸਾਡੇ ਕਰਮਾਂ ’ਚ ਹੀ ਨਹੀਂ ਲਿਖੀ। ਸੋ ਫੇਸਬੁੱਕ ਦੇ ਹਾੜੇ ਲਾਉਣ ’ਚ ਮਸਰੂਫ਼ ਸੀ ਕਿ ਅਚਾਨਕ ਕੋਲ ਪਿਆ ਮੋਬਾਈਲ ਵੱਜ ਉੱਠਿਆ। ਨੰਬਰ ਵਤਨੋਂ ਆਇਆ ਲੱਗ ਰਿਹਾ ਸੀ। ਛੇਤੀ ਦਿਨੇ ਕੰਨ ਨੂੰ ਲਾਇਆ ਤਾਂ ਮੂਹਰੋਂ ਆਵਾਜ਼ ਆਈ “ਬਾਈ ਵਿਨੇਪਾਲ ਬੁੱਟਰ ਬੋਲਦਾਂ” ਮੇਰੇ ਮੂੰਹੋਂ ਅਚਨਚੇਤ ਨਿਕਲ ਗਿਆ ਕਿ ‘ਤੇਰੇ ਕੁਝ ਗੁਨਾਹਗਾਰਾਂ ਚੋਂ’! ਉਹ ਮੂਹਰੋਂ ਥੋੜ੍ਹਾ ਜਿਹਾ ਹੱਸ ਕੇ ਕਹਿੰਦਾ ਨਹੀਂ ਬਾਈ ‘ਤੇਰੇ ਕੁਝ ਯਾਰਾਂ ਚੋਂ’। ਮੇਰਾ ਇਥੇ ਇਹ ਵਾਕਿਆ ਸਾਂਝਾ ਕਰਨ ਦਾ ਕਾਰਨ ਇਹ ਸੀ ਕਿ ਕਈ ਬਾਰ ਕੋਈ ਆਮ ਜਿਹੀ ਗੱਲ ਖ਼ਾਸ ਬਣ ਜਾਂਦੀ ਹੈ ਜਾਂ ਕਹਿ ਲਵੋ ਬਰਾਂਡ ਬਣ ਜਾਂਦੀ ਹੈ। ਵਿਨੇਪਾਲ ਦੀ ਕਲਮ ਅਤੇ ਸੂਰ ਚੋਂ ਨਿਕਲੇ ਬੜੇ ਹੀ ਆਮ ਜਿਹੇ ਇਨ੍ਹਾਂ ਸ਼ਬਦਾਂ ਨੇ ਇਕ ਆਮ ਜਿਹੀ ਗੱਲ ਤੇ ਬੰਦੇ ਨੂੰ ਖ਼ਾਸ ਬਣਾ ਦਿੱਤਾ।

ਮੇਰਾ ਇਥੇ ਵਿਨੇਪਾਲ ਨੂੰ ਆਮ ਜਿਹਾ ਕਹਿਣ ਦੇ ਕਈ ਕਾਰਨ ਹਨ। ਜਿੰਨਾ ਵਿੱਚ ਉਸ ਦੀ ਦਿੱਖ, ਉਸ ਦੀ ਆਵਾਜ਼, ਉਸ ਦਾ ਸੰਗੀਤ ਪ੍ਰਤੀ ਗਿਆਨ, ਉਸ ਦਾ ਪਾਲਣ ਪੋਸ਼ਣ, ਉਸ ਦਾ ਰਹਿਣ ਸਹਿਣ, ਸਭ ਆਮ ਹੀ ਤਾਂ ਹੈ। ਬੱਸ ਜੇ ਮੈਨੂੰ ਉਸ ਵਿਚ ਕੁਝ ਖ਼ਾਸ ਦਿਸਦਾ ਹੈ ਤਾਂ ਉਹ ਹੈ ਉਸ ਦੀ ਸੋਚ! ਜਿਸ ਨੂੰ ਉਹ ਆਪਣੀ ਕਲਮ ਰਾਹੀਂ ਕਾਗ਼ਜ਼ ਦੀ ਹਿੱਕ ਤੇ ਉਤਾਰਦਾ ਤੇ ਫੇਰ ਆਪਣੀ ਸਧਾਰਨ ਜਿਹੀ ਗਾਇਕੀ ਨਾਲ ਲੋਕਾਂ ਦੀ ਕਚਹਿਰੀ ’ਚ ਲੈ ਕੇ ਜਾਂਦਾ। ਉਸ ਦੀ ਇਸ ਕਾਬਲੀਅਤ ਨੇ ਆਮ ਜਿਹੇ ਬੰਦੇ ਨੂੰ ਖ਼ਾਸ ਬਣਾ ਦਿੱਤਾ ਹੈ।

ਮੇਰੀ ਵਿਨੇਪਾਲ ਨਾਲ ਸਾਂਝ ਤਕਰੀਬਨ ਚਾਰ ਕੁ ਸਾਲਾਂ ਤੋਂ ਹੈ ਉਦੋਂ ਮੈਂ ਰਿਵਰਲੈਂਡ ਰਹਿੰਦਾ ਹੁੰਦਾ ਸੀ। ਉਸ ਵਕਤ ਪਹਿਲੀ ਵਾਰ ਹਰਭਜਨ ਮਾਨ ਐਡੀਲੇਡ ’ਚ ਸ਼ੋਅ ਕਰਨ ਆ ਰਹੇ ਸਨ। ਉਨ੍ਹਾਂ ਦੇ ਇਸ ਦੌਰੇ ਤੋਂ ਪਹਿਲਾਂ ਮੈਂ ਮਾਨ ਸਾਹਿਬ ਤੇ ਇਕ ਲੇਖ ਲਿਖਿਆ ਸੀ। ਉਸ ਲੇਖ ਨੂੰ ਲਿਖਣ ਸਮੇਂ ਜਦੋਂ ਮੇਰੀ ਮਾਨ ਸਾਹਿਬ ਨਾਲ ਗੱਲ ਹੋਈ ਤਾਂ ਉਨ੍ਹਾਂ ਮੈਨੂੰ ਐਡੀਲੇਡ ਵਿਖੇ ਮਿਲਣ ਦਾ ਵਾਧਾ ਕੀਤਾ। ਜਦੋਂ ਮੈਂ ਮਾਨ ਸਾਹਿਬ ਨੂੰ ਉਨ੍ਹਾਂ ਦੇ ਹੋਟਲ ਮਿਲਣ ਗਿਆ ਤਾਂ ਹਾਲੇ ਮੈਂ ਹੋਟਲ ਦੀ ਲਾਬੀ ’ਚ ਬੈਠਾ ਇੰਤਜ਼ਾਰ ਕਰ ਰਿਹਾ ਸੀ ਤਾਂ ਰਾਣਾ ਰਣਬੀਰ ਉੱਥੇ ਆ ਕੇ ਕਹਿਣ ਲੱਗਿਆ ਕਿ ਮਾਨ ਸਾਹਿਬ ਜਿਨ੍ਹਾਂ ਚਿਰ ਨਹੀਂ ਆਉਂਦੇ ਤੁਸੀ ਰੂੰਗੇ-ਝੁੰਗੇ ’ਚ ਮੈਨੂੰ ਮਿਲ ਲਵੋ। ਬੱਸ ਇਸੇ ਗੱਲਬਾਤ ਦੌਰਾਨ ਉਥੇ ਮਾਨ ਸਾਹਿਬ ਇਕ ਨੌਜਵਾਨ ਨਾਲ ਆ ਗਏ ਤੇ ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਹੋਣਹਾਰ ਨੌਜਵਾਨ ਵਿਨੇਪਾਲ ਬੁੱਟਰ ਹੈ।

ਰਾਤ ਨੂੰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਵਿਨੇਪਾਲ ਨੇ ਆਪਣੀ ਹਾਜ਼ਰੀ ਲਗਵਾਈ ਤਾਂ ਮਾਨ ਸਾਹਿਬ ਦੀ ਲੰਬੀ ਉਡੀਕ ਕਰ ਰਹੇ ਕੁਝ ਮਨਚਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਵਕਤ ਹਰਭਜਨ ਮਾਨ ਨੇ ਸਟੇਜ ਤੇ ਆ ਕੇ ਜੋ ਸ਼ਬਦ ਵਿਨੇਪਾਲ ਬੁੱਟਰ ਲਈ ਬੋਲੇ ਸਨ ਉਹ ਮੇਰੇ ਅੱਜ ਵੀ ਕੰਨੀ ਗੂੰਜ ਰਹੇ ਹਨ। ਉਹ ਕਹਿੰਦੇ ਮੁੰਡਿਓ ਅੱਜ ਤੁਸੀਂ ਜਿਹੜੇ ਰੌਲਾ ਪਾ ਰਹੇ ਹੋ ਇਕ ਦਿਨ ਇਸੇ ਵਿਨੇਪਾਲ ਬੁੱਟਰ ਨਾਲ ਫੋਟੋ ਖਿਚਾਉਣ ਲਈ ਇਕ ਦੂਜੇ ਤੋਂ ਮੂਹਰੇ ਆ-ਆਂ ਕੇ ਖੜੋਂਗੇ। ਉਸ ਵਕਤ ਮੈਂ ਇਸ ਗੱਲ ਵੱਲ ਜ਼ਿਆਦਾ ਗ਼ੌਰ ਨਹੀਂ ਸੀ ਕੀਤਾ ਬੱਸ ਏਨੀ ਕੁ ਸੋਚ ਆਈ ਸੀ ਕਿ ਮਾਨ ਸਾਹਿਬ ਨੂੰ ਕੁਝ ਤਾਂ ਖ਼ਾਸ ਦਿਸਦਾ ਹੋਣਾ ਜੋ ਏਨਾ ਜੋਰ ਦੇ ਕੇ ਇਸ ਨਵੇਂ ਮੁੰਡੇ ਦੀ ਪਿੱਠ ਥਾਪ ਰਹੇ ਹਨ।

ਉਸ ਤੋਂ ਤਕਰੀਬਨ ਦੋ ਕੁ ਸਾਲ ਤੱਕ ਮੇਰਾ ਕੋਈ ਸੰਪਰਕ ਜਾਂ ਮੇਲ ਵਿਨੇਪਾਲ ਨਾਲ ਨਹੀਂ ਹੋਇਆ। ਪਰ 2011 ਦੇ ਸ਼ੁਰੂ ਦੀ ਗੱਲ ਹੈ ਕਿ ਇਕ ਦਿਨ ਵਿਨੇਪਾਲ ਦਾ ਇਕ ਗੀਤ ਨੈੱਟ ਤੇ ਨਜ਼ਰੀਂ ਪਿਆ ਜਿਹੜਾ ਕਿ ਉਨ੍ਹਾਂ ਉਸੇ ਦਿਨ ਹੀ ਅੱਪਲੋਡ ਕੀਤਾ ਸੀ। ਗੀਤ ਸੁਣਨ ਸਾਰ ਵਿਨੇਪਾਲ ਦਾ ਸੰਪਰਕ ਭਾਲਣ ਲੱਗਿਆ ਤੇ ਇਕ ਕਮੈਂਟ ਵੀ ਕਰ ਦਿੱਤਾ। ਗੀਤ ਦੇ ਬੋਲ ਦਿਲ ਨੂੰ ਛੋਹ ਗਏ ਸਨ। ਪੰਜ-ਸੱਤ ਕੁ ਮਿੰਟਾਂ ’ਚ ਮੇਰੀ ਗੱਲ ਵਿਨੇਪਾਲ ਨਾਲ ਹੋਈ, ਤਾਂ ਬੁੱਟਰ ਕਾਫ਼ੀ ਖ਼ੁਸ਼ ਲੱਗ ਰਿਹਾ ਸੀ। ਮੇਰੇ ਤੋਂ ਜਦੋਂ ਉਸ ਨੇ ਗੀਤ ਬਾਰੇ ਪੁੱਛਿਆ ਤਾਂ ਮੈਂ ਕਿਹਾ ਸੀ ਕਿ ਅੱਜ ਦੇ ਯੁੱਗ ’ਚ ਹਰ ਕੋਈ ਕਹਿੰਦਾ ਹੈ ਕਿ ਮੈਂ ਕੁਝ ਹਟ ਕੇ ਕੀਤਾ ਹੈ, ਪਰ ਹੁੰਦਾ ਉਹੀ ਕੁਝ ਹੈ! ਪਰ ਤੁਹਾਡਾ ਇਹ ਗੀਤ ਪਹਿਲੀ ਹੱਲੇ ਸੀਨੇ ’ਚ ਵਜਦਾ। ਸੋ ਲਗਦਾ ਹੁਣ ਤੜੱਕ ਭੜਕ ਦੀ ਦੁਨੀਆਂ ਨੇ ਤੁਹਾਡੇ ਲਈ ਆਪਣੇ ਬੂਹੇ ਖੋਲ੍ਹ ਦਿਤੇ ਹਨ। ਮੇਰੇ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਬੁੱਟਰ ਨੂੰ ਉਸ ਦਿਨ ਇਹ ਵੀ ਕਹਿ ਦਿੱਤਾ ਸੀ ਕਿ ਚਲੋ ਜੀ! ਸਾਡੀ ਦੁਨੀਆਂ ਚੋਂ ਤਾਂ ਹੁਣ ਤੁਸੀਂ ਗਏ। ਚਮਕ ਧਮਕ ਤੁਹਾਨੂੰ ਮੁਬਾਰਕ ਹੋਵੇ, ਪਰ ਵੀਰ ਤੇਰੀ ਕਾਮਯਾਬੀ ’ਚ ਜੇ ਕਿਸੇ ਇਕ ਚੀਜ਼ ਨੂੰ ਕਰੈਡਿਟ ਦੇਣਾ ਹੋਵੇ ਤਾਂ ਉਹ ਤੇਰੀ ਸੋਚ ਹੈ। ਸੋ ਰੱਬ ਮੂਹਰੇ ਅਰਦਾਸ ਕਰਾਂਗੇ ਕਿ ਰੰਗਲੀ ਦੁਨੀਆ ਤੇਰੀ ਸੋਚ ਨੂੰ ਪ੍ਰਭਾਵਿਤ ਨਾ ਕਰੇ। ਮੈਂ ਇਥੇ ‘ਮਾਫ਼ੀਨਾਮਾ’ ਗੀਤ ਦੀ ਗੱਲ ਕਰ ਰਿਹਾ ਹਾਂ ਕਿਸੇ ਹੋਰ ਗੀਤ ਦੀ ਨਹੀਂ। ਇਸੇ ਇਕ ਗੀਤ ਨੇ ਵਿਨੇਪਾਲ ਦੇ ਤਕਰੀਬਨ ਦਸ-ਬਾਰਾਂ ਸਾਲ ਦੇ ਸੰਘਰਸ਼ ਨੂੰ ਮੁਕਾਮ ਦੇ ਦਿੱਤਾ ਸੀ। ਇਸ ਤੋਂ ਬਾਅਦ ਮੇਰੀ ਵਿਨੇਪਾਲ ਨਾਲ ਮੁਲਾਕਾਤ ਐਡੀਲੇਡ ਸਿੱਖ ਖੇਡਾਂ ਤੇ 2011 ’ਚ ਹੋਈ ਜਦੋਂ ਅਸੀਂ ਉਨ੍ਹਾਂ ਨੂੰ ਸਿੱਖ ਖੇਡਾਂ ਤੇ ਹਾਜ਼ਰੀ ਲਗਵਾਉਣ ਦਾ ਵਿਸ਼ੇਸ਼ ਸੱਦਾ ਦਿੱਤਾ। ਖੇਡਾਂ ਦੌਰਾਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੈਮੀਨਾਰ ’ਚ ਵਿਨੇਪਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਸੀ।

ਪਟਿਆਲੇ ਲਾਗੇ ਨਿੱਕੇ ਜਿਹੇ ਪਿੰਡ ‘ਮੈਨ’ ਨੂੰ ਹੁਣ ਤੱਕ ਉਥੇ ਲੱਗੀ ਸ਼ਰਾਬ ਫ਼ੈਕਟਰੀ ਕਰਕੇ ਜਾਣਿਆ ਜਾਂਦਾ ਸੀ ਪਰ ਇਸ ਇਕ ਗੀਤ ਨਾਲ ‘ਮੈਨ’ ਪਿੰਡ ਨਾਲ ਵਿਨੇਪਾਲ ਦਾ ਨਾਂ ਜੁੜ ਗਿਆ ਕਿਉਂਕਿ ਇਸੇ ਪਿੰਡ ’ਚ ਵਿਨੇਪਾਲ ਨੇ ਸਰਦਾਰ ਗੁਰਮੀਤ ਸਿੰਘ ਦੇ ਘਰ ਸਰਦਾਰਨੀ ਬਲਦੇਵ ਕੌਰ ਦੀ ਕੁੱਖੋਂ ਜਨਮ ਲਿਆ ਸੀ। ਵਿਨੇਪਾਲ ਦੇ ਇਕ ਭੈਣ ਤੇ ਇਕ ਭਰਾ ਹਨ ਜੋ ਅੱਜ ਕੱਲ੍ਹ ਕੈਨੇਡਾ ਵਿਚ ਅਤੇ ਧਰਮ ਪਤਨੀ ਅਤੇ ਬੇਟੀ ਮੈਲਬਾਰਨ ’ਚ ਰਹਿੰਦੇ ਹਨ। ਮਹਿੰਦਰਾ ਕਾਲਜ ਪਟਿਆਲੇ ਪੜ੍ਹਦੇ ਹੋਇਆ ਅਤੇ ਨਾਲ ਨਾਲ ਹਰਭਜਨ ਮਾਨ ਦਾ ਸੰਗ ਮਾਣਦਿਆਂ ਬੁੱਟਰ ਨੇ ਇੱਕ ਟੇਪ ਆਪਣੇ ਖ਼ੁਦ ਦੇ ਲਿਖੇ ਗੀਤਾਂ ਦੀ ਪਹਿਲਾਂ ਵੀ ਕੱਢੀ ਸੀ, ਪਰ ਉਹ ਪਛਾਣ ਨਾ ਬਣਾ ਸਕੀ। 2009 ’ਚ ਉਹ ਆਸਟ੍ਰੇਲੀਆ ਆ ਗਿਆ। ਇਥੇ ਆ ਕੇ ਇਕ ਬਾਰ ਗਾਇਕੀ ਤੇ ਗੀਤਕਾਰੀ ਨੂੰ ਜਿਵੇਂ ਬਰੇਕ ਜਿਹੇ ਲੱਗ ਗਏ ਸੀ। ਪਰ 2011 ਚੜ੍ਹਦੇ ਸਾਰ ਆਏ ਮਾਫ਼ੀਨਾਮੇ ਨੇ ਬੁੱਟਰ ਦੀਆਂ ਅਗਲੀਆਂ ਪਿਛਲੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰਕੇ ਇਕ ਮੁਕਾਮ ਦੇ ਦਿਤਾ ਸੀ। ਮਾਫ਼ੀਨਾਮੇ ਰਾਹੀ ਵਿਨੇਪਾਲ ਬੁੱਟਰ ਦੁਨੀਆਂ ਭਰ ’ਚ ਬੋਲਿਆ। ਇਸੇ ਕਾਮਯਾਬੀ ਨੇ ਬੁੱਟਰ ਨੂੰ ਇਕ ਹੋਰ ਹੰਭਲਾ ਮਾਰਨ ਲਈ ਪ੍ਰੇਰਿਆ। ਇਹ ਹੰਭਲਾ ਉਸ ਨੇ ਆਪਣੀ ਟੇਪ ਫੋਰ ਬਾਈ ਫੋਰ ਨਾਲ ਮਾਰਿਆ। ਜਿਸ ਦਾ ਸਿਹਰਾ ਉਹ ਯਾਰ ਅਣਮੁੱਲੇ ਗਰੁੱਪ ਨੂੰ ਦਿੰਦਾ ਹੈ।

ਬੁੱਟਰ ਦੀ ਕਾਮਯਾਬੀ ਤੇ ਝਾਤ ਮਾਰਿਆ ਪਤਾ ਲਗਦਾ ਕਿ ਬੁੱਟਰ ਦੇ ਪੈਰ ਹੇਠ ਬਟੇਰਾ ਨਹੀਂ ਆਇਆ। ਉਸ ਨੂੰ  ਮਿਲਿਆ ਸਭ ਪਰ ਮਿਲਿਆ ਘਾਲਣਾ ਘਾਲ ਕੇ। ਕਿਉਂਕਿ ਮੇਰੇ ਯਾਦ ਹੈ ਉਨ੍ਹਾਂ ਦੀ ਟੇਪ ਫੋਰ ਬਾਈ ਫੋਰ ਜਦੋਂ ਆਉਣੀ ਸੀ ਤਾਂ ਬਹੁਤ ਅਉਖੀ ਜਾ ਕੇ ਸਿਰੇ ਚੜ੍ਹੀ ਸੀ। ਫੇਰ ਦੌਰ ਸ਼ੁਰੂ ਹੋਇਆ ਸੀ ਉਸ ਦੇ ਗੀਤਾਂ ਤੇ ਉਂਗਲ਼ਾਂ ਉੱਠਣ ਦਾ। ਕਿਸੇ ਨੇ ਚੁੜੇਲ ਗੀਤ ਤੇ ਉਂਗਲ ਚੁੱਕੀ ਸੀ ਤੇ ਕਿਸੇ ਨੇ ਮੁਹਾਲੀ ਤੇ ਪਰ ਵਿਨੇਪਾਲ ਨੇ ਇਸ ਸਾਰੇ ਪ੍ਰਕਰਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਨਜਿੱਠ ਲਿਆ ਸੀ।

ਮੈਨੂੰ ਵੀ ਅਸਲ ’ਚ ਉਸ ਦਾ ਮੁਹਾਲੀ ਗੀਤ ’ਚ ਵਰਤਿਆ ਸਾਲੀ ਸ਼ਬਦ ਰੜਕਿਆ ਸੀ। ਪਰ ਮੈਂ ਉਸ ਟਾਈਮ ਬੁੱਟਰ ਨੂੰ ਸਿੱਧਾ ਇਸ ਬਾਰੇ ਕੁਝ ਨਹੀਂ ਕਿਹਾ ਸੀ। ਬੱਸ ਇਕ ਖ਼ਤ ਹਰਭਜਨ ਮਾਨ ਹੋਰਾਂ ਨੂੰ ਲਿਖਿਆ ਸੀ। ਜਿਸ ਵਿਚ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਇਕ ਗ਼ਲਤੀ ਨੂੰ ਸੁਧਾਰਨ ਲਈ ਦਖ਼ਲਅੰਦਾਜ਼ੀ ਕਰਨ।

ਬੁੱਟਰ ਦੀ ਸੋਚ ਦਾ ਵਖਰੇਵਾਂ ਉਸ ਦੀ ਹਰ ਗੱਲ ਚੋਂ ਝਲਕਦਾ ਹੈ। ਉਧਾਰਨ ਵੱਜੋ ਜੇ ਅਸੀਂ ਉਸ ਨੂੰ ਉਸ ਦੀ ਪਿਛਲੀ ਟੇਪ ਦੇ ਨਾਂ ਬਾਰੇ ਪੁੱਛਿਆ ਤਾਂ ਕਹਿੰਦਾ ਬਾਈ ਉਸ ’ਚ ਮੈਂ ਆਪਣਾ ਸਾਰਾ ਜੋਰ ਲਾਇਆ ਸੀ। ਪਹਿਲਾਂ ਆਸਟ੍ਰੇਲੀਆ ਰਹਿ ਕੇ ਦੱਬ ਕੇ ਮਿਹਨਤ ਕੀਤੀ ਤੇ ਫੇਰ ਆਪਣਾ ਸਾਰਾ ਜੋਰ ਲਾ ਕੇ ਟੇਪ ਕੱਢੀ। ਉਸ ਟੇਪ ਦਾ ਨਾਂ ਦੱਸਦਾ ਸੀ ਕਿ ਮੰਜ਼ਿਲ ਤੇ ਚੜ੍ਹਨ ਲਈ ਵਿਨੇਪਾਲ ‘ਫੋਰ ਬਾਈ ਫੋਰ’ ਲਾ ਕੇ ਆ ਰਿਹਾ। ਨਵੀਂ ਆ ਰਹੀ ਟੇਪ ਦੇ ਨਾਂ ਬਾਰੇ ਜਦੋਂ ਪੁੱਛਿਆ ਤਾਂ ਉਹ ਕਹਿੰਦਾ ਕਿ ਹਰ ਕੋਈ ਪੁੱਛਦਾ ਸੀ ਕਿ ਬੁੱਟਰ ਸਾਹਿਬ ਅਗਲੀ ਟੇਪ ਕਦੋਂ ਆਉਣੀ ਹੈ। ਸੋ ਆਪਾਂ ਫੇਰ ਇਸ ਦਾ ਨਾਂ ਹੀ ‘ਅਗਲੀ ਟੇਪ’ ਰੱਖ ਦਿੱਤਾ। ਵਿਨੇਪਾਲ ਨੂੰ ਜਾਨਣ ਵਾਲੇ ਜਾਣਦੇ ਹਨ ਕਿ ਭਾਵੇਂ ਉਹ ਬਹੁਤ ਹੀ ਡੂੰਘੇ ਗੀਤ ਲਿਖਦਾ ਪਰ ਅਸਲ ’ਚ ਉਸ ਦਾ ਸੁਭਾਅ ਸ਼ਰਾਰਤੀ ਹੈ। ਨਿੱਕੀ ਨਿੱਕੀ ਗੱਲ ’ਚ ਜੁਆਕਾਂ ਵਾਂਗ ਸ਼ਰਾਰਤ ਕਰਨਾ ਉਸ ਨੂੰ ਚੰਗਾ ਲਗਦਾ। ਪਰ ਨਾਲ ਹੀ ਉਹ ਸਿਰਜਨਾਤਮਕ ਸੋਚ ਦਾ ਮਾਲਕ ਹੈ ਜੋ ਉਸ ਦੇ ਗੀਤਾਂ ਵਿਚੋਂ ਝਲਕਦੀ ਹੈ। ਹਰ ਚੀਜ਼ ਨੂੰ ਉਹ ਵੱਖਰੇ ਨਜ਼ਰੀਏ ਤੋਂ ਦੇਖ ਕੇ ਵੱਖਰੇ ਅੰਦਾਜ਼ ਨਾਲ ਬਿਆਨ ਕਰਦਾ ਹੈ। ਇਸੇ ਕਰਕੇ ਉਸ ਦੇ ਗੀਤ ਪਹਿਲੀ ਵਾਰ ਸੁਣਨ ਤੇ ਸਮਝ ਨਹੀਂ ਆਉਂਦੇ ਪਰ ਪੰਜ-ਚਾਰ ਬਾਰ ਸੁਣਨ ਤੋਂ ਬਾਅਦ ਹੀ ਪਤਾ ਲਗਦਾ ਕਿ ਅਸਲ ਸੀ ਉਹ ਕੀ ਕਹਿ ਗਿਆ।

ਕਲਮ ਦੀ ਡੂੰਘਾਈ ਬੁੱਟਰ ਨੂੰ ਆਪਣੀ ਮਾਂ ਤੋਂ ਗੁੜ੍ਹਤੀ ’ਚ ਹੀ ਮਿਲ ਗਈ ਸੀ। ਕਿਉਂਕਿ ਉਨ੍ਹਾਂ ਦੇ ਮਾਤਾ ‘ਬਲਦੇਵ ਕੌਰ ਬੁੱਟਰ’ ਖ਼ੁਦ ਇੱਕ ਬਹੁਤ ਹੀ ਵਧੀਆ ਸ਼ਾਇਰ ਹਨ ਤੇ ਪੰਜਾਬੀ ਬੋਲੀ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕਿਸੇ ਸਥਾਪਿਤ ਗਾਇਕ ਦੀ ਮਾਤਾ ਦੀ ਕਿਤਾਬ ਛਪਣ ਲਈ ਤਿਆਰ ਹੋਵੇ। ਜਿੱਥੇ ਹਰਭਜਨ ਨਾਲ ਬਿਤਾਏ ਸਮੇਂ ਨਾਲ ਬੁੱਟਰ ਨੇ ਸਮਾਜ ’ਚ ਵਿਚਰਨ ਦਾ ਬਲ ਸਿੱਖਿਆ ਉੱਥੇ ਜਨਾਬ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਸੰਗਤ ਦਾ ਵੀ ਅਸਰ ਉਸ ਦੀ ਕਲਮ ਤੇ ਦਿਖਾਈ ਦਿੰਦਾ ਹੈ। ਬੁੱਟਰ ਦੇ ਦੱਸਣ ਮੁਤਾਬਿਕ ਜਦੋਂ ਮਾਨ ਸਾਹਿਬ ਲਿਖਦੇ-ਲਿਖਦੇ ਕਾਗ਼ਜ਼ ਦੇ ਟੁਕੜੇ ਪਾੜ ਕੇ ਸੁੱਟ ਦਿੰਦੇ ਸਨ ਤਾਂ ਮੈਂ ਉਨ੍ਹਾਂ ਟੁਕੜਿਆਂ ਨੂੰ ਇਕਠੇ ਕਰ ਲੈਂਦਾ ਤੇ ਜੋੜ-ਜੋੜ ਕੇ ਪੜਦਾ ਹੁੰਦਾ ਸੀ।

ਜਿਵੇਂ ਡਾਕਟਰ ਨਰਿੰਦਰ ਸਿੰਘ ਕਪੂਰ ਹੋਰਾਂ ਲਿਖਿਆ ਕਿ ‘ਜਿਸ ਨੂੰ ਇਤਿਹਾਸ ਦੀ ਸੋਝੀ ਨਹੀਂ ਉਹ ਸ਼ਾਹਜਹਾਨ ਨੂੰ ਮਿਸਤਰੀ ਹੀ ਕਹੇਗਾ’। ਪਰ ਬੁੱਟਰ ਇਕ ਜੱਟ ਦੇ ਨਜ਼ਰੀਏ ਨਾਲ ਤਾਜ ਮਹਿਲ ਨੂੰ ਇਕ ਵੱਖਰੇ ਅੰਦਾਜ਼ ’ਚ ਦੇਖਦਾ। ਮੈਨੂੰ ਉਸ ਦੀ ਕਹੀ ਇਕ ਗੱਲ ਬੜੀ ਚੰਗੀ ਲੱਗੀ ਕਿ ਇਕ ਮਹਿਬੂਬ ਆਪਣੀ ਮਹਿਬੂਬਾ ਨੂੰ ਭਾਵੇਂ ਰੇਹੜੀ ਤੋਂ ਅਮਰੂਦ ਲਿਆ ਕੇ ਦੇਵੇ ਉਨ੍ਹਾਂ ਦੀ ਮਹੱਤਤਾ ਤਾਜ ਮਹਿਲ ਜਿਹੇ ਅਨੂਠੇ ਤੋਹਫ਼ੇ ਤੋਂ ਘੱਟ ਨਹੀਂ ਹੁੰਦੀ। ਵਿਨੇਪਾਲ ਦੀ ਇਸ ਗੱਲ ਨਾਲ ਮੇਰੇ ਵੀ ਇਕ ਵਾਕਾ ਯਾਦ ਆ ਗਿਆ। ਸਾਡੇ ਇੱਕ ਮਿੱਤਰ ਨੂੰ ਥੋੜ੍ਹੀ ਜਿਹੀ ਦੇਰੀ ਨਾਲ ਇਕ ਤਰਫਾ ਪਿਆਰ ਹੋ ਗਿਆ। ਦੇਰੀ ਮਤਲਬ ਥੋੜ੍ਹੀ ਜਿਹੀ ਉਮਰ ਚੜ੍ਹਾ ਕੇ। ਉਹ ਆਪਣੀ ਪ੍ਰੇਮਿਕਾ ਨੂੰ ਹਰ ਰੋਜ ਆਉਂਦੇ ਜਾਂਦਾ ਦੇਖਣ ਜਾਂਦਾ। ਪ੍ਰੇਮਿਕਾ ਬੱਸ ਦੀ ਉਡੀਕ ’ਚ ਲੰਮਾ ਸਮਾਂ ਬੱਸ ਅੱਡੇ ਤੇ ਖੜ੍ਹੀ ਰਹਿੰਦੀ। ਨੇੜੇ-ਤੇੜੇ ਕੁਝ ਬੈਠਣ ਨੂੰ ਥਾਂ ਨਹੀਂ ਸੀ। ਪ੍ਰੇਮੀ ਜੀ ਤੋਂ ਇਹ ਦਰਦ ਝੱਲ ਨਹੀਂ ਹੋਇਆ ਤੇ ਰਾਤੋ ਰਾਤ ਉਥੇ ਇਕ ਇੱਟਾਂ ਦਾ ਥੜ੍ਹਾ ਬਣਾ ਦਿੱਤਾ। ਅੱਜ ਤੱਕ ਅਸੀਂ ਸਾਰੇ ਮਿੱਤਰ ਉਸ ਥੜ੍ਹੇ ਨੂੰ ਤਾਜ-ਮਹਲ ਕਹਿੰਦੇ ਹਾਂ।

ਗਲ ਵਿਨੇਪਾਲ ਦੀ ਚੱਲ ਰਹੀ ਸੀ ਸੋ ਵਿਸ਼ੇ ਤੇ ਆਉਂਦੇ ਹਾਂ। ਦੋ ਕੁ ਦਿਨ ਪਹਿਲਾਂ ਹਰਮਨ ਰੇਡੀਓ ਦੇ ਇਕ ਪ੍ਰੋਗਰਾਮ ’ਚ ਕਿਸੇ ਸਰੋਤੇ ਨੇ ਵਿਨੇਪਾਲ ਦਾ ਗੀਤ ਤਾਜ ਮਹਿਲ ਸੁਣਨਾ ਚਾਹਿਆ। ਪਰ ਮੇਰੀ ਜਾਣਕਾਰੀ ’ਚ ਹਾਲੇ ਬੁੱਟਰ ਦੀ ਟੇਪ ਰਿਲੀਜ਼ ਨਹੀਂ ਸੀ ਹੋਈ। ਸਰਚ ਕਰਨ ਤੇ ਦੋ ਗੀਤ ‘ਤਾਜ ਮਹਿਲ’ ਅਤੇ ‘ਅਫ਼ਸੋਸ’ ਸੁਣਨ ਨੂੰ ਮਿਲੇ। ਫੇਰ ਪਤਾ ਲੱਗਿਆ ਕਿ ਆਧੁਨਿਕਤਾ ਨੇ ਇਕ ਬਾਰ ਫੇਰ ਬੁੱਟਰ ਨੂੰ ਚੂਨਾ ਲਾ ਦਿੱਤਾ। ਕਿਸੇ ਨੇ ਰਿਲੀਜ਼ ਤੋਂ ਪਹਿਲਾਂ ਹੀ ਗਾਣੇ ਨੈੱਟ ਤੇ ਚਾੜ੍ਹ ਦਿੱਤੇ। ਇਹ ਸੁਣ ਕੇ ਬੜਾ ਅਫ਼ਸੋਸ ਹੋਇਆ ਕਿ ਇਕ ਬੰਦੇ ਦੀ ਕੀਤੀ ਮਿਹਨਤ ਕਿਸੇ ਨੇ ਮੋਤੀਆਂ ਦੀ ਥਾਂ ਕੋੜ੍ਹੀਆਂ ਦੇ ਭਾਅ ‘ਚ ਰੋਲ ਦਿਤੀ।

ਅੱਜ ਕੱਲ੍ਹ ਦੇ ਸਮੇਂ ’ਚ ਕਿਸੇ ਗਾਇਕ ਤੇ ਲਿਖਣ ਲੱਗਿਆਂ ਹੱਥ ਕੰਬਦੇ ਹਨ। ਕਿਉਂਕਿ ਮੇਰੇ ਵਰਗਾ ਹਾਲੇ ਉਸ ਗਾਇਕ ਦੇ ਸੋਹਲੇ ਲਿਖ ਕੇ ਹਟਿਆ ਹੁੰਦਾ ਤੇ ਗਾਇਕ ਸਾਹਿਬ ਚਮਕ-ਧਮਕ ਦੀ ਦੁਨੀਆਂ ’ਚ ਜਾ ਕੇ ਸਮਾਜ ਦੀਆਂ ਕਦਰਾਂ ਕੀਮਤਾਂ ਭੁੱਲ ਕੇ ਪਤਾ ਨਹੀਂ ਕੀ-ਕੀ ਗਾਉਣ ਲੱਗ ਜਾਂਦੇ ਹਨ। ਬੁੱਟਰ ਦੇ ਬਾਰੇ ’ਚ ਲਿਖਦਿਆਂ ਥੋੜ੍ਹੀ ਜਿਹੀ ਤਸੱਲੀ ਹੈ ਕਿ ਚੰਗੀ ਸੋਚ ਦੇ ਇਨਸਾਨ ਨੂੰ ਚਕਾਚਾਉਂਦ ਛੇਤੀ ਛੇਤੀ ਡੁੱਲ੍ਹਾ ਨਹੀਂ ਸਕਦੀ। ਭਾਵੇਂ ਪਿਛੋਕੜ ’ਚ ਉਸ ਤੇ ਕੁਝ ਉਂਗਲਾਂ ਉੱਠੀਆਂ ਪਰ ਮੇਰੀ ਨਜ਼ਰੇ ਏਨਾ ਗ਼ੈਰ ਮਿਆਰੀ ਕੁਝ ਨਹੀਂ ਸੀ। ਜਿਸ ਤੇ ਅਸੀਂ ਬੁੱਟਰ ਨੂੰ ਲੱਚਰ ਗਾਇਕਾਂ ਦੀ ਕੜੀ ’ਚ ਜੋੜ ਦੇਈਏ। ਕਿਉਂਕਿ ਕਈ ਬਾਰ ਅਸੀਂ ਸਿਰਫ਼ ਇਕ ਗੱਲ ਨੂੰ ਲੈ ਕੇ ਮੁੱਦਾ ਬਣਾ ਦਿੰਦੇ ਹਾਂ ਪੂਰੇ ਥੀਮ ਨੂੰ ਨਹੀਂ ਦੇਖਦੇ।

ਜਾਂਦੇ-ਜਾਂਦੇ ਇਸੇ ਨਾਲ ਜੁੜਿਆ ਇਕ ਹੋਰ ਵਾਕਾ ਸੁਣ ਲਵੋ; ਬੀਤੇ ਦਿਨੀਂ ਸਾਡਾ ਮਿੱਤਰ ਅਤੇ ਕਲਮੀ ਭਰਾ ਹਰਮੰਦਰ ਕੰਗ ਵਤਨੀ ਫੇਰਾ ਪਾ ਕੇ ਆਇਆ। ਜਦੋਂ ਮੈਂ ਖ਼ੈਰ ਸੁੱਖ ਪੁੱਛੀ ਤਾਂ ਕਹਿੰਦਾ ਬਾਈ ਅੱਗੇ ਤਾਂ ਵਿਆਹ ਸ਼ਾਦੀਆਂ ’ਚ ਉਦੋਂ ਅਜੀਬ ਮਾਹੌਲ ਬਣ ਜਾਂਦਾ ਸੀ ਜਦੋਂ ਘਰਵਾਲਾ, ਘਰਵਾਲੀ ਨਾਲ ‘ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚੋਂ ਤੇਰਾ ਯਾਰ ਬੋਲਦਾ’ ਤੇ ਨੱਚਦਾ ਹੁੰਦਾ ਸੀ। ਪਰ ਅੱਜਕੱਲ੍ਹ ਵਿਨੇਪਾਲ ਦਾ ਚੁੜੇਲ ਗੀਤ ਬਹੁਤਿਆਂ ਦੀ ਭੁਗਤ ਸੁਆਰ ਰਿਹਾ। ਮੇਰੇ ਕਿਉਂ ਪੁੱਛਣ ਤੇ ਕੰਗ ਕਹਿੰਦਾ! ਕਿ ਮੈਂ ਇਕ ਵਿਆਹ ’ਚ ਅੱਖੀਂ ਦੇਖਿਆ ਕਿ ਉਥੇ ਘੁੱਟ ਕੁ ਲਾ ਕੇ ਕੁਝ ਮਨਚਲੇ ਜ਼ਨਾਨਿਆਂ ਮੂਹਰੇ ਹੋ ਕੇ ਚੁੰਬੜ ਜਾ ਚੁੰਬੜ ਜਾ ਕਰਨ ਲੱਗ ਪਏ।ਬੱਸ ਫੇਰ ਬੇਗਾਨੇ ਪੁੱਤਾਂ ਨੇ ਸੁਆਰਤੀ ਭੁਗਤ।

ਹੁਣ ਤੁਸੀਂ ਦੱਸੋ ਕਿ ਇਸ ’ਚ ਵਿਨੇਪਾਲ ਦਾ ਕੀ ਕਸੂਰ ਆ ਉਹ ਤਾਂ ਇਸ ਗਾਣੇ ’ਚ ਜੱਟ ਦੇ ਹਾਲਾਤ ਬਿਆਨ ਕਰ ਰਿਹਾ ਤੇ ਕਿਸੇ ਨੂੰ ਉਸ ਦੀ ਆੜ੍ਹਤੀਆ ਵਾਲੀ ਗੱਲ ਨਹੀਂ ਸੁਣੀ ਬੱਸ ਚੁੰਬੜ ਜਾ ਹੀ ਚੁੱਕ ਲਈ। ਚਲੋ ਜੀ ਅਸੀਂ ਤਾਂ ਫੇਰ ਵੀ ਬੁੱਟਰ ਨੂੰ ਇਹੀ ਕਹਾਂਗੇ ਕਿ ‘ਇਥੇ ਵਰਾਏ ਦਾ ਮੁਲ ਨਹੀਂ ਰੁਆਏ ਦਾ ਉਲਾਂਭਾ ਜ਼ਰੂਰ ਆ ਜਾਂਦਾ’। ਸੋ ਹੋ ਸਕੇ ਤਾਂ ਆਪਣਾ ਕੋਈ ਵੀ ਗੀਤ ਗਾਉਣ ਤੋਂ ਪਹਿਲਾਂ ਹਰਭਜਨ ਮਾਨ ਵਾਲਾ ਫ਼ਾਰਮੂਲਾ ਵਰਤ ਲਿਆ ਕਰੇ ਤਾਂ ਸ਼ਾਇਦ ਕਦੇ ਕੋਈ ਉਂਗਲ ਉਸ ਵੱਲ ਨਾ ਉੱਠੇ। ਕਿਉਂਕਿ ਮਾਨ ਸਾਹਿਬ ਨੇ ਇਕ ਮੁਲਾਕਾਤ ’ਚ ਦੱਸਿਆ ਸੀ ਕੇ ਮੈਂ ਆਪਣਾ ਕੋਈ ਵੀ ਗੀਤ ਫਾਈਨਲ ਕਰਨ ਤੋਂ ਪਹਿਲਾਂ ਆਪਣੀਆਂ ਭੈਣਾਂ ਨੂੰ ਉਹ ਗੀਤ ਸੁਨਾਉਣਾ। ਸੋ ਮੈਨੂੰ ਨਹੀਂ ਲਗਦਾ ਕਿ ਜੋ ਗੀਤ ਮੈਂ ਆਪਣੀਆਂ ਭੈਣਾਂ ਨੂੰ ਸੁਣਾ ਸਕਦਾ ਹਾਂ ਉਸ ਤੇ ਕਿਸੇ ਨੂੰ ਕੋਈ ਇਤਰਾਜ਼ ਹੋਵੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>