ਸਵਾ ਛੱਬੀ ਘੰਟੇ

ਸਿਆਣੇ ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ ਕਿਸੇ ਦਾ ਵੱਸ ਵੀ ਨਹੀਂ, ਪਰ ਭਾਰਤੀ ਤੇ ਆਸਟ੍ਰੇਲੀਅਨ ਮੈਡੀਕਲ ਸੇਵਾਵਾਂ ‘ਚ ਬਹੁਤ ਵੱਡਾ ਫਰਕ ਨਜ਼ਰ ਆਇਆ । ਜਿਸ ਸਮੱਸਿਆ ਕਰਕੇ ਸਵਾ ਛੱਬੀ  ਘੰਟੇ ਹਸਪਤਾਲ ‘ਚ ਗੁਜ਼ਾਰੇ, ਉਸੇ ਸਮੱਸਿਆ ਕਾਰਨ ਕਰੀਬ ਪੰਜ ਸਾਲ ਪਹਿਲਾਂ ਲੁਧਿਆਣੇ ਦੇ ਡੀ. ਐਮ. ਸੀ. ‘ਚ ਵੀ ਕਰੀਬ ਪੰਜਾਹ ਘੰਟੇ ਗੁਜ਼ਾਰ ਚੁੱਕਾ ਹਾਂ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਦੀ ਜੋ ਸਭ ਤੋਂ ਵੱਡੀ ਕਮੀ ਨਜ਼ਰੀਂ ਆਈ, ਉਹ ਇਹ ਸੀ ਕਿ ਛੇਤੀ ਕੀਤੇ ਡਾਕਟਰ ਦੁਆਰਾ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਤੌਰ ‘ਤੇ ਜਦੋਂ ਕਿਸੇ ਸਪੈਸ਼ਲਿਸਟ ਨੂੰ ਮਿਲਣਾ ਹੋਵੇ । ਹਾਂ ! ਜੇਕਰ ਤਕਲੀਫ਼ ਇਤਨੀ ਹੈ ਕਿ ਐਂਬੂਲੈਂਸ ਦੁਆਰਾ ਹਸਪਤਾਲ ਜਾਣਾ ਪਵੇ ਤਾਂ ਕਿਆ ਬਾਤਾਂ ਬਈ ਵਾਲੀ ਗੱਲ ਹੁੰਦੀ ਹੈ ਤੇ ਘਰ ਬੈਠਿਆਂ ਬਹੁਤ ਹੀ ਉਮਦਾ ਸੇਵਾਵਾਂ ਬਹੁਤ ਜਲਦੀ ਮਿਲਦੀਆਂ ਹਨ । ਉਂਝ ਡਾਕਟਰ ਕੋਈ ਵੀ ਹੋਵੇ, ਜਨਰਲ ਪ੍ਰੈਕਟੀਸ਼ੀਨਰ ਜਾਂ ਸਪੈਸ਼ਲਿਸਟ, ਉਸਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ।
ਸਾਡੇ ਵਤਨਾਂ ਵਾਲੇ ਪਾਸਿਓਂ ਜਦੋਂ ਕੋਈ ਵੀ ਪ੍ਰਦੇਸੀਂ ਆਉਂਦਾ ਹੈ ਤਾਂ ਉਸਨੂੰ ਬੀਚ ‘ਤੇ ਭਾਵ ਸਮੁੰਦਰ ਦੇ ਕਿਨਾਰੇ ਜਾਣ ਦੀ ਬੜੀ ਤਾਂਘ ਹੁੰਦੀ ਹੈ । ਹੋਵੇ ਵੀ ਕਿਉਂ ਨਾ, ਵਤਨੀਂ ਤਾਂ ਬੀਚ ਦੱਖਣ ਵਾਲੇ ਪਾਸੇ ਹੀ ਹੈ ਤੇ ਜੀਹਨੇ ਕਦੇ ਬਠਿੰਡਾ ਨਹੀਂ ਟੱਪਿਆ ਹੁੰਦਾ, ਆਸਟ੍ਰੇਲੀਆ ਵਰਗੇ ਮੁਲਕ ‘ਚ ਆ ਪੁੱਜੇ ਤਾਂ ਸੁਭਾਵਿਕ ਹੀ ਬੀਚ ਆਪਣੇ ਵੱਲ ਨੂੰ ਖਿੱਚਦਾ ਹੈ । ਬੀਚ, ਜੋ ਸਿਰਫ਼ ਫਿਲਮਾਂ ‘ਚ ਹੀ ਦੇਖਿਆ ਹੁੰਦਾ ਹੈ । ਬੀਚ, ਜੋ ਕਦੇ ਸੁਪਨੇ ‘ਚ ਵੀ ਨਹੀਂ ਆਇਆ ਹੁੰਦਾ । ਬੀਚ, ਜਿਸਦਾ ਧਿਆਨ ਆਉਂਦਿਆਂ ਹੀ ਰੌਣਕਾਂ ਸ਼ੌਣਕਾਂ ਦੇ ਨਾਲ਼ ਨਾਲ਼ ਫੀਮੇਲ ਆਵਾਜ਼ ‘ਚ ਲਾ ਲਾ ਲਾਲਾ ਤੇ ਮੁੜਕੇ ਆਹਾ ਵਰਗਾ ਮਧੁਰ ਸੰਗੀਤ ਵੀ ਜਿ਼ਹਨ ‘ਚ ਸਹਿਜੇ ਹੀ ਆ, ਮਨ ਨੂੰ ਆਨੰਦਿਤ ਕਰ ਦਿੰਦਾ ਹੈ । ਅਜਿਹੇ ਹਾਲਤਾਂ ‘ਚ ਜੇਕਰ ਕੋਈ ਹਮਵਤਨੀਂ ਜਾਂ ਹਮਾਤੜ ਬੀਚ ‘ਤੇ ਖਿੱਚੀਆਂ ਫੋਟੋਆਂ ਨੂੰ ਫੇਸਬੁੱਕ ‘ਤੇ ਖਰੀਆਂ ਕਰਦਾ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ । ਇਹ ਗੱਲ ਵੱਖਰੀ ਹੈ ਕਿ ਪਹਿਲਾਂ ਪਹਿਲ ਜਦੋਂ ਵੀ ਕੋਈ ਹਮਾਤੜ ਬੀਚ ‘ਤੇ ਜਾਂਦਾ ਹੈ ਤਾਂ ਚੰਗੀ ਜੀਨ ਸ਼ੀਨ, ਅੱਧੀਆਂ ਬਾਂਹਾਂ ਵਾਲੀ ਡੱਬੀਆਂ ਵਾਲੀ ਸ਼ਰਟ ਨਾਲ਼ ਪਾਈ ਹੁੰਦੀ ਹੈ ਤੇ ਸ਼ਰਟ, ਪੈਂਟ ‘ਚ ਤੁੰਨ ਕੇ ਉਤੋਂ ਬੈਲਟ ਲੱਗੀ ਹੁੰਦੀ ਹੈ ਤੇ ਪੈਰਾਂ ‘ਚ, ਜੀ ਪੈਰਾਂ ‘ਚ ਓਰੀਜਨਲ ਲੈਦਰ ਦੇ ਬੂਟ ਵੀ ਸਣੇ ਜੁਰਾਬਾਂ ਪਾਏ ਹੁੰਦੇ ਹਨ । ਬੀਚ ‘ਤੇ ਪੁੱਜਣ ਦੇ ਅੱਧੇ ਕੁ ਘੰਟੇ ਦੇ ਬਾਅਦ ਚਿੱਤ ਕਰਦਾ ਹੈ ਕਿ ਰੇਤ ‘ਤੇ ਚਹਿਲ ਕਦਮੀ ਕੀਤੀ ਜਾਵੇ । ਮੁੜ ਬੀਚ ‘ਤੇ ਬੂਟ ਹੱਥਾਂ ‘ਚ ਲਮਕਾ, ਥੱਲੋਂ ਪਹੁੰਚੇ ਮੋੜ ਕੇ ਜੀਨਾਂ ਸ਼ੀਨਾਂ ‘ਚ ਕੱਸੇ ਅਸੀਂ ਹੀ ਨਜ਼ਰੀਂ ਪੈਂਦੇ ਹਾਂ ਤੇ ਲੋਕਲ ਜਨਤਾ ਭਾਵ ਗੋਰੇ ਗੋਰੀਆਂ ‘ਦੇ ਤਨ ਦੇ ਕੱਪੜੇ ਤਾਂ ਕੱਕੇ ਨੂੰ ਅੱਧਕ, ਪੱਪਾ ਤੱਕ ਹੀ ਸੀਮਤ ਹੁੰਦੇ ਹਨ, ਰਾੜੇ ਨੂੰ ਲਾਮ ਲਾਉਣ ਦੀ ਲੋੜ ਤਾਂ ਪੈਂਦੀ ਹੀ ਨਹੀਂ ।
ਐਡੀਲੇਡ ਰਹਿੰਦਿਆਂ ਜਦੋਂ ਤੱਕ ਸਮੁੰਦਰ ਵਾਲੇ ਪਾਣੀ ‘ਚ ਚੁੱਭੀਆਂ ਲਾਉਣ ਦਾ ਹੌਸਲਾ ਤੇ ਸੰਗ ਖੁੱਲੀ ਤਾਂ ਕਰੀਬ ਦੋ ਵਰ੍ਹੇ ਪਹਿਲਾਂ ਗਰਮੀਆਂ ਦੀ ਛੁੱਟੀ ਵਾਲੇ ਦਿਨ ਦੀ ਇੱਕ ਖੂਬਸੂਰਤ ਦੁਪਹਿਰ ਨੂੰ ਸੋਚਿਆ ਕਿ ਬੀਚ ‘ਤੇ ਜਾਇਆ ਜਾਏ । ਬੀਚ ‘ਤੇ ਚੰਗੀਆਂ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਸਨ । ਕਿਸੇ ਪਾਸੇ ਬੀਬੀਆਂ ਟੋਲੀਆਂ ਬਣਾ ਕੇ ਪਾਣੀ ‘ਚ ਚੋਹਲ ਮੋਹਲ ਕਰ ਰਹੀਆਂ ਸਨ, ਕੁਝ ਰੇਤੇ ਤੇ ਲੇਟੀਆਂ ਸਨ-ਬਾਥ ਲੈ ਰਹੀਆਂ ਸਨ । ਕਿਸੇ ਪਾਸੇ ਨਿਆਣੇ ਰੇਤ ਦੇ ਘਰ ਬਣਾ ਕੇ ਖੇਡ ਰਹੇ ਸਨ ਤੇ ਕਿਧਰੇ ਫਰੈਂਡੀਆਂ ਤੇ ਫਰੈਂਡੇ ਛੁੱਟੀ ਵਾਲੇ ਦਿਨ ਦਾ ਲਾਹਾ ਲੈ ਰਹੇ ਸਨ । ਦੂਰ ਨੇੜੇ ਬੋਟਾਂ ਸ਼ੋਟਾਂ ਵੀ ਗੇੜੀਆਂ ਦੇ ਰਹੀਆਂ ਸਨ । ਇੱਕ ਬੀਬੀ ਆਪਣੇ ਕੁੱਤੇ ਨਾਲ਼ ਰੇਤ ‘ਤੇ ਭੱਜਣ ਭਜਾਈ ਖੇਡ ਰਹੀ ਸੀ, ਰੇਤੇ ‘ਚ ਭੱਜਣ ਭਜਾਈ ਦੀ ਇਸ ਖੇਡ ‘ਚ ਉਹਨੂੰ ਕੋਈ ਡਰ ਨਹੀਂ ਸੀ ਕਿ ਪੈਰ ‘ਚ ਪਹੁੰਚਾ ਅੜ ਜਾਏਗਾ । ਅਜਿਹੇ ਖੁਸ਼ਗਵਾਰ ਮਾਹੌਲ ‘ਚ ਬਥੇਰੇ ਕਾਂ ਵੀ ਹੰਸਾਂ ਦੀ ਚਾਲ ਚੱਲਣ ਦਾ ਯਤਨ ਕਰ ਰਹੇ ਸਨ । ਆਪਾਂ ਵੀ ਜਦ ਸਾਹ ਅੰਦਰ ਖਿੱਚ ਕੇ ਛਾਤੀ ਬਾਹਰ ਕੱਢਣ ਤੇ ਗੋਗੜ ਅੰਦਰ ਖਿੱਚਣ ਦਾ ਨਾਕਾਮ ਜਿਹਾ ਯਤਨ ਕਰਦਿਆਂ ਅੱਧ ਪਚੱਧ ਜਿਹੀ ਤੈਰਾਕੀ ਕੀਤੀ ਤਾਂ ਕੰਨ ‘ਚ ਪਾਣੀ ਪੈ ਗਿਆ । ਮੁੜ ਸਿਲਸਿਲਾ ਸ਼ੁਰੂ ਹੋਇਆ ਡਾਕਟਰਾਂ ਦੇ ਗੇੜੀਆਂ ਲਾਉਣ ਦਾ । ਐਡੀਲੇਡ ‘ਚ ਈ. ਐਨ. ਟੀ. ਸਪੈਸ਼ਲਿਸਟ ਕੋਲ ਜਾਣ ਬਾਰੇ ਡਾਕਟਰ ਨੇ ਆਪ ਹੀ ਕੁਝ ਮੁਲਾਕਾਤਾਂ ਤੋਂ ਬਾਅਦ ਕਹਿ ਦਿੱਤਾ । ਆਸਟ੍ਰੇਲੀਆ ‘ਚ ਸਪੈਸ਼ਲਿਸਟ ਕੋਲੋਂ ਟਾਈਮ ਲੈਣ ਦਾ ਭਾਵ ਘੱਟੋ ਘੱਟ ਦੋ ਤਿੰਨ ਮਹੀਨੇ ਦਾ ਇੰਤਜ਼ਾਰ ਹੁੰਦਾ ਹੈ । ਜੀ.ਪੀ. ਡਾਕਟਰ ਦੀ ਰੈਫਰੈਂਸ ਲੈਟਰ ਭਾਵ ਸਿਫ਼ਾਰਸ਼ੀ ਚਿੱਠੀ ਤੋਂ ਬਿਨਾਂ ਸਪੈਸ਼ਲਿਸਟ ਨੂੰ ਮਿਲ ਵੀ ਨਹੀਂ ਸਕਦੇ । ਉਸ ਡਾਕਟਰ ਨੂੰ ਮਿਲਣ ਦੀ ਟਾਲ ਮਾਰ ਦਿੱਤੀ, ਕਿਉਂ ਜੋ ਜਿੰਨੀ ਫੀਸ ਉਸਨੇ ਅੱਧੇ ਘੰਟੇ ‘ਚ ਲੈਣੀ ਸੀ, ਉਤਨੇ ਪੈਸੇ ਤਾਂ ਮੈਂ ਦੋ ਦਿਨਾਂ ‘ਚ ਕਮਾਉਂਦਾ ਸੀ, ਪਰ ਇਹ ਮੇਰੀ ਬਹੁਤ ਵੱਡੀ ਭੁੱਲ ਸੀ, ਜੋ ਕਿ ਹੁਣ ਮਹਿਸੂਸ ਕਰਦਾ ਹਾਂ । ਕੁਝ ਮਹੀਨਿਆਂ ਬਾਅਦ ਮੁੜ ਲਾਈਨ ‘ਤੇ ਆਉਣਾ ਪਿਆ ਤੇ ਐਡੀਲੇਡ ‘ਚ ਹੋਰ ਸਪੈਸ਼ਲਿਸਟ ਨੂੰ ਮਿਲਿਆ, ਉਸਨੇ ਆਪਣਾ ਜੋ ਵੀ ਜੁਗਾੜਮੈਂਟ ਫਿੱਟ ਕਰਨਾ ਸੀ, ਕੀਤਾ ਤੇ ਕਿਹਾ ਕਿ ਹੁਣ ਤਾਂ ਬਈ ਤੈਨੂੰ ਆੜ੍ਹਤ ਪਾਉਣੀ ਪੈਣੀ ਹੈ ਤੇ ਹਾੜ੍ਹੀ ਸਾਉਣੀ ਭਾਵ ਹਰ ਛੇ ਮਹੀਨਿਆਂ ਤੋਂ ਕੰਨ ਦਾ ਚੈਕਅਪ ਕਰਵਾਉਣਾ ਪੈਣਾ ਹੈ, ਸ਼ਾਇਦ ਇਸ ਲਈ ਕਿ ਇਤਨੇ ਮਹੀਨਿਆਂ ‘ਚ ਇੰਨਫੈਕਸ਼ਨ ਬਹੁਤ ਵਧ ਗਈ ਸੀ । ਡਾਕਟਰ ਭਾਰਤੀ ਸੀ ਤੇ ਆਪਾਂ ਵੀ, ਸੋ ਜਿਵੇਂ ਸਿਆਣੇ ਕਹਿੰਦੇ ਨੇ ਕਿ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕੀਹਨੂੰ ਚੜ੍ਹੇ, ਮੇਰੇ ਦਿਮਾਗ ‘ਚ ਪੁੱਠੀ ਗੱਲ ਜਚ ਗਈ ਕਿ ਜਿਵੇਂ ਭਾਰਤ ‘ਚ ਡਾਕਟਰ ਟੈਸਟਾਂ ‘ਚ, ਦਵਾਈਆਂ ‘ਚ, ਜਿੱਥੇ ਸੂਤ ਲੱਗੇ ਕਮਿਸ਼ਨ ਜਾਂ ਕਮਾਈ ਦਾ ਜੁਗਾੜ ਲਾਉਂਦੇ ਹਨ, ਇਹ ਵੀ ਕਿਤੇ ਬਿਨਾਂ ਗੱਲੋਂ ਪੱਕਾ ਹੀ ਆੜ੍ਹਤ ‘ਤੇ ਨਾ ਲਾ ਰਿਹਾ ਹੋਵੇ । ਬੱਸ ਗ਼ਲਤੀ ਤੇ ਗ਼ਲਤੀ, ਜੋ ਦੇਸ਼ ਤੇ ਪ੍ਰਦੇਸ ਦੇ ਫਰਕ ਨੂੰ ਫਰਕ ਨਾ ਸਮਝਿਆ । ਛੇ ਮਹੀਨਿਆਂ ਵਾਲੀ ਗੱਲ ਨੂੰ ਅੱਖੋਂ ਪਰੋਖਾ ਕਰ ਦਿੱਤਾ ਤੇ ਹੁਣ ਮਾਰਚ ‘ਚ ਫੇਰ ਲੋੜ ਪਈ ਕਿ ਡਾਕਟਰੀ ਸ਼ਰਣ ‘ਚ ਜਾਇਆ ਜਾਏ । ਕੰਨਾਂ ਵਾਲੇ ਸਪੈਸ਼ਲਿਸਟ ਨੇ ਪਹਿਲੀ ਮੁਲਾਕਾਤ ਲਈ ਸਿੱਧੀ ਤਿੰਨਾਂ ਮਹੀਨਿਆਂ ਦੀ ਤਾਰੀਖ ਪਾ ਦਿੱਤੀ ਤੇ ਮੁੜ ਇੱਕ ਟੈਸਟ ਕਰਵਾਉਣ ਤੋਂ ਬਾਅਦ ਮਹੀਨੇ ਦੀ ਫੇਰ । ਅਗਲੀ ਮੁਲਾਕਾਤ ‘ਤੇ ਉਸਨੇ ਬਿਨਾਂ ਕਿਸੇ ਵਲ-ਫੇਰ ਤੋਂ ਸਿੱਧਾ ਹੀ ਦੱਸ ਦਿੱਤਾ ਕਿ ਈਅਰ ਡਰੱਮ ‘ਚ ਮੋਰੀ ਹੋ ਗਈ ਹੈ, ਜੋ ਕਿ ਸ਼ਾਇਦ ਇਨਫੈਕਸ਼ਨ ਕਾਰਨ ਹੋ ਗਈ ਸੀ । ਹੁਣ ਉਸਨੂੰ ਪੱਕਾ ਪੈਂਚਰ ਲਾਉਣ ਲਈ ਆਪ੍ਰੇਸ਼ਨ ਕਰਨਾ ਜ਼ਰੂਰੀ ਸੀ । ਡਾਕਟਰ ਨੇ ਆਪ੍ਰੇਸ਼ਨ ਨਾਲ਼ ਜਾਣ ਪਹਿਚਾਣ ਵਾਲੇ ਕਾਗਜ਼ ਵੀ ਦਿੱਤੇ, ਜਿੰਨ੍ਹਾਂ ਤੋਂ ਪਤਾ ਲੱਗ ਗਿਆ ਕਿ ਆਪ੍ਰੇਸ਼ਨ ‘ਚ ਕੀ ਕੀਤਾ ਜਾਵੇਗਾ । ਜਾਣਕਾਰੀ ਦੀ ਰਹਿੰਦੀ ਖੂੰਹਦੀ ਕਸਰ ਗੂਗਲ ਬਾਬੇ ਨੇ ਪੂਰੀ ਕਰ ਦਿੱਤੀ ਤੇ ਯੂ ਟਿਊਬ ‘ਤੇ ਇਹ ਵੀ ਪਤਾ ਕਰ ਲਿਆ / ਦੇਖ ਲਿਆ ਕਿ ਆਪ੍ਰੇਸ਼ਨ ਕਿੱਦਾਂ ਕਰਨਗੇ । ਬੱਸ ਮੁੜ ਕੀ ਸੀ, ਬਿੰਦੇ ਝੱਟੇ ਕਾਲਜਾ ਮੂੰਹ ਨੂੰ ਆਉਣ ਲੱਗ ਪਿਆ ।
ਸਿਆਣੇ ਇੱਕ ਹੋਰ ਗੱਲ ਕਹਿੰਦੇ ਹੁੰਦੇ ਨੇ ਕਿ ਬੀਮਾ ਤੇ ਅਨੀਮਾ ਪਹਿਲਾਂ ਤਾਂ ਕਾਫ਼ੀ ਤਕਲੀਫ਼ ਦਿੰਦੇ ਹਨ ਪਰ ਇਨ੍ਹਾਂ ਦਾ ਅੰਜਾਮ ਬੁਰਾ ਨਹੀਂ ਹੁੰਦਾ । ਆਸਟ੍ਰੇਲੀਆ ‘ਚ ਤਾਂ ਵੀਜ਼ਾ ਨਿਯਮਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਤਾਂ ਹੈਲਥ ਇੰਸ਼ੋਰੈਂਸ ਉਂਝ ਹੀ ਜ਼ਰੂਰੀ ਹੈ ਪਰ ਨਿਆਣਿਆਂ ਵਾਲਾ ਘਰ ਹੋਣ ਕਰਕੇ ਕੁਝ ਜਿ਼ਆਦਾ ਸਹੂਲਤਾਂ ਵਾਲੀ ਬੀਮਾ ਪਾਲਿਸੀ ਲਈ ਹੋਈ ਸੀ, ਹਾਲਾਂਕਿ ਹਰ ਮਹੀਨੇ ਚਾਰ ਸੌ ਡਾਲਰ ਭਾਵ ਕਰੀਬ ਬਾਈ ਹਜ਼ਾਰ ਰੁਪਈਏ ਬੀਮੇ ਦੇ ਦੇਣੇ ਚੁੱਭਦੇ ਬੜੇ ਸਨ । ਪਰ ਜਦੋਂ ਡਾਕਟਰ ਨੇ ਤਕਰੀਬਨ ਪੰਜ ਹਜ਼ਾਰ ਡਾਲਰ ਦੇ ਖਰਚੇ ਗਿਣਾਏ ਤਾਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਅਦਾ ਕੀਤਾ ਕਿ ਸਮੇਂ ਸਿਰ ਚੰਗਾ ਬੀਮਾ ਕਰਵਾਇਆ ਹੋਇਆ ਸੀ । ਜਿਸ ਹਸਪਤਾਲ ‘ਚ ਦਾਖਲ ਹੋਣਾ ਸੀ, ਉਨ੍ਹਾਂ ਨੇ ਬੀਮਾ ਕੰਪਨੀ ਨਾਲ਼ ਸਿੱਧੀ ਹੀ ਇੰਡੀ-ਸਿ਼ੰਡੀ ਫਿੱਟ ਕਰ ਲਈ ਪਰ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਦੇ ਖਰਚੇ ਇੱਕ ਵਾਰੀ ਪੱਲਿਓਂ ਦੇਣੇ ਸਨ, ਪਰ ਉਸਦਾ ਕੁਝ ਹਿੱਸਾ ਮੁੜਨ ਦੀ ਗੱਲ ਬੀਮਾ ਕੰਪਨੀ ਨੇ ਕਹੀ । ਇੱਥੇ ਮੈਂ ਪ੍ਰਦੇਸੀਂ ਵੱਸਦੇ ਆਪਣੇ ਪਾਠਕਾਂ ਨੂੰ ਹੈਲਥ ਇੰਸ਼ੋਰੈਂਸ ਨੂੰ ਸਹੀ ਢੰਗ ਨਾਲ਼ ਚਲਾਉਣ ਬਾਰੇ ਸਲਾਹ ਦਿਆਂਗਾ, ਚਾਹੇ ਉਨ੍ਹਾਂ ਦੇ ਮਾਪੇ ਵੀ ਘੁੰਮਣ ਲਈ ਕਿਉਂ ਨਾ ਆਏ ਹੋਣ, ਉਨ੍ਹਾਂ ਦਾ ਵੀ ਪੂਰਾ ਬੀਮਾ ਕਰਵਾ ਲੈਣਾ ਚਾਹੀਦਾ ਹੈ । ਜਿੱਥੋਂ ਤੱਕ ਭਾਰਤ ‘ਚ ਹੋਏ ਆਪ੍ਰੇਸ਼ਨ ਦੀ ਗੱਲ ਹੈ, ਰਿਲਾਇੰਸ ਕੰਪਨੀ ਦਾ ਬੀਮਾ ਉਦੋਂ ਵੀ ਕਰਵਾਇਆ ਹੋਇਆ ਸੀ, ਪਰ ਜਦੋਂ ਕਲੇਮ ਦੀ ਗੱਲ ਆਈ ਤਾਂ ਅਗਲਿਆਂ ਨੇੜੇ ਨਾ ਢੁੱਕਣ ਦਿੱਤਾ ਤੇ ਬੀਮਾ ਕਰਨ ਵਾਲਾ ਏਜੰਟ ? ਛੱਡੋ ਜੀ ! ਲਿਹਾਜ਼ੀ ਸੀ ਪਰ ਉਨ੍ਹਾਂ ਦਾ ਤਾਂ ਮਤਲਬ ਹੀ ਬੀਮਾ ਕਰਨ ਤੱਕ ਹੁੰਦਾ ਹੈ ।
ਪ੍ਰਦੇਸਾਂ ‘ਚ ਪੱਕੇ ਵਸਨੀਕਾਂ ਲਈ ਸਿਹਤ ਸੇਵਾਵਾਂ ਮੁਫ਼ਤ ਵਾਂਗ ਹੁੰਦੀਆਂ ਹਨ, ਪਰ ਆਪ੍ਰੇਸ਼ਨ ਆਦਿ ਦੀ ਇੰਤਜ਼ਾਰ ਦੀ ਲਾਈਨ ਕਾਫ਼ੀ ਲੰਬੀ ਹੁੰਦੀ ਹੈ । ਜੇਕਰ ਤੁਸੀਂ ਨਕਦ ਭੁਗਤਾਨ ਕਰਨਾ ਹੋਵੇ ਜਾਂ ਆਪਣਾ ਨਿੱਜੀ ਬੀਮਾ ਕਰਵਾਇਆ ਹੋਵੇ ਤਾਂ ਪਹਿਲਾਂ ਨੰਬਰ ਲੱਗ ਸਕਦਾ ਹੈ, ਨਹੀਂ ਤਾਂ ਵਰ੍ਹਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ । ਕਿਉਂ ਜੋ ਮੈਂ ਨਕਦ ਪੈਸੇ ਦੇਣੇ ਸਨ, ਸੋ ਦੋ ਹਫ਼ਤਿਆਂ ਦੇ ਬਾਅਦ ਦੀ ਆਪ੍ਰੇਸ਼ਨ ਦੀ ਤਾਰੀਖ ਮਿਲ ਗਈ । ਇਨ੍ਹਾਂ ਦੋ ਹਫ਼ਤਿਆਂ ‘ਚ ਬਹੁਤ ਵਿਚਾਰਾਂ ਹੋਈਆਂ ਕਿ ਆਪ੍ਰੇਸ਼ਨ ਤੋਂ ਬਿਨਾਂ ਤਾਂ ਹੁਣ ਸਰਨਾ ਹੈ ਹੀ ਨਹੀਂ, ਪੈਸੇ ਤਾਂ ਖਰਚਣੇ ਪੈਣੇ ਹੀ ਹਨ, ਸੋ ਲੱਗਦੇ ਹੱਥ ਜੇ ਕੋਈ ਹੋਰ ਲਾਹਾ ਲੈ ਲਿਆ ਜਾਵੇ ਤਾਂ ਚੰਗਾ ਰਹੇਗਾ । ਬਥੇਰੀਆਂ ਸੋਚਾਂ ਜਿ਼ਹਨ ‘ਚ ਆਈਆਂ ਕਿ ਗਰਮੀਆਂ ‘ਚ ਵੀ ਧੁੱਪੇ ਕੰਮ ਕਾਰ ਕਰਨਾ ਪੈਂਦਾ ਹੈ, ਜੇ ਹੋਵੇ ਨਾ ਤਾਂ ਵੱਡਾ ਸਾਰਾ ਨਵਾਂ ਕੰਨ ਲਗਵਾ ਲਿਆ ਜਾਵੇ, ਜਦੋਂ ਵੀ ਗਰਮੀ ਜਿ਼ਆਦਾ ਹੋਈ ਨਾਲ਼ ਦੇ ਸਾਰੇ ਕੰਮ ਕਰਨ ਵਾਲੇ ਛਾਵੇਂ ਬਹਿ ਜਾਇਆ ਕਰਨਗੇ ਜਾਂ ਹੋਰ ਨਹੀਂ ਤਾਂ ਵੇਲੇ ਕਵੇਲੇ ਹਵਾ ਦੀ ਝੱਲ ਹੀ ਮਾਰ ਲਿਆ ਕਰਾਂਗੇ । ਜਾਂ ਫੇਰ ਜਿੱਪ ਲਵਾ ਲੈਂਦੇ ਹਾਂ, ਦਿਮਾਗ ਦਾ ਤੇਲ ਪਾਣੀ ਚੈੱਕ ਕਰਨਾ ਆਸਾਨ ਰਹੇਗਾ ।
ਖ਼ੈਰ ਜੀ ! ਬਰਿੰਗਾ ਪ੍ਰਾਈਵੇਟ ਹਸਪਤਾਲ, ਕੌਫ਼ਸ ਹਾਰਬਰ ‘ਚ ਫਾਰਮ ਭਰ ਕੇ ਜਮ੍ਹਾਂ ਕਰਵਾ ਦਿੱਤਾ ਤੇ ਨੀਯਤ ਦਿਨ ਸਹੀ ਸੱਤ ਵਜੇ ਹਸਪਤਾਲ ਦੀ ਰਿਸੈਪਸ਼ਨ ‘ਤੇ ਜਾ ਖੜ੍ਹੇ ਹੋਏ । ਜਾਂਦਿਆਂ ਨੂੰ ਫਾਈਲ ਤਿਆਰ ਸੀ ਤੇ ਕੇਵਲ ਦੋ ਤਿੰਨ ਦਸਤਖਤ ਹੀ ਕਰਨੇ ਬਾਕੀ ਸਨ, ਜਿਸਦਾ ਮਤਲਬ ਸ਼ਾਇਦ ਇਹੀ ਸੀ ਕਿ ਸਵਾਰੀ ਸਮਾਨ ਦੀ ਆਪ ਜਿੰਮੇਵਾਰ ਹੈ, ਨਾਲ਼ ਦੀ ਨਾਲ਼ ਹੀ ਉਨ੍ਹਾਂ ਨੇ ਭੋਜਨ ਦੀ ਚੋਣ ਬਾਰੇ ਵੀ ਮੀਨੂੰ ਫੜਾ ਦਿੱਤਾ ਕਿ ਦੁਪਹਿਰ, ਰਾਤ ਦੇ ਭੋਜਨ ਤੇ ਅਗਲੇ ਦਿਨ ਦੇ ਨਾਸ਼ਤੇ ‘ਚ ਕੀ ਖਾਣਾ ਪਸੰਦ ਹੈ ? ਪਿਛਲੀ ਰਾਤ ਤੋਂ ਡਾਕਟਰੀ ਹਦਾਇਤਾਂ ਅਨੁਸਾਰ ਵਰਤ ਚੱਲ ਰਿਹਾ ਸੀ ਤੇ ਦੁਪਹਿਰ ਦਾ ਭੋਜਨ ਵੀ ਗੋਲ ਹੋਣਾ ਸੀ । ਆਪ੍ਰੇਸ਼ਨ ਦਾ ਸਮਾਂ ਸਾਢੇ ਦਸ ਵਜੇ ਦਾ ਸਮਾਂ ਮਿਥਿਆ ਗਿਆ ।
ਵੇਟਿੰਗ ਰੂਮ ‘ਚ ਕਿਤਾਬਾਂ ਆਦਿ ਪਈਆਂ ਸਨ । ਕੁਝ ਭਰਤੀ ਹੋਏ ਮਰੀਜ਼ ਉਥੇ ਆ ਕੇ ਕਿਤਾਬਾਂ ਪੜ੍ਹ ਰਹੇ ਸਨ ਤੇ ਇੱਕ ਦੋ ਬੀਬੀਆਂ ਵਰਡ ਮੇਕਿੰਗ ਜਾਂ ਸੁਡੂਕੋ ਗੇਮ ਖੇਡ ਰਹੀਆਂ ਸਨ । ਕਿਸੇ ਪਾਸਿਓਂ ਕੋਈ ਹਾਏ ਹੂਏ ਜਾਂ ਚੂੰ ਮਾਂ ਦੀਆਂ ਆਵਾਜ਼ਾਂ ਨਹੀਂ ਸਨ ਆ ਰਹੀਆਂ । ਆਪ੍ਰੇਸ਼ਨ ‘ਚ ਕਰੀਬ ਦੋ ਘੰਟੇ ਦਾ ਸਮਾਂ ਅਜੇ ਬਾਕੀ ਸੀ ਤੇ ਮੈਂ ਛੁੱਟੀ ਲੈ ਕੇ ਕਾਰ ਪਾਰਕਿੰਗ ‘ਚ ਆ ਕਾਰ ‘ਚ ਬਹਿ ਕੇ ਹਰਮਨ ਰੇਡੀਓ ‘ਤੇ ਪ੍ਰੋਗਰਾਮ ਲਹਿਰਾਂ ਦਾ ਲੁਤਫ਼ ਲੈਣ ਲੱਗਾ ਜੋ ਕਿ ਅਮਨਦੀਪ ਸਿੱਧੂ ਪ੍ਰਸਾਰਿਤ ਕਰ ਰਿਹਾ ਸੀ, ਕੱਲ ਤੱਕ ਇਹ ਪ੍ਰੋਗਰਾਮ ਮੈਂ ਚਲਾਉਂਦਾ ਸੀ ਤੇ ਸਰੋਤੇ ਮੇਰੇ ਆਪ੍ਰੇਸ਼ਨ ਬਾਰੇ ਜਾਣ ਕੇ ਆਪਣੀਆਂ ਸ਼ੁਭਕਾਮਨਾਵਾਂ ਭੇਜ ਰਹੇ ਸਨ । ਫੋਨ ਵੀ ਖੜਕਣਾ ਸ਼ੁਰੂ ਹੋ ਗਿਆ । ਨੀਯਤ ਸਮੇਂ ‘ਤੇ ਬੁਲਾਵਾ ਆ ਗਿਆ, ਸਭ ਤੋਂ ਪਹਿਲਾਂ ਉਨ੍ਹਾਂ ਨੇ ਕੱਪੜੇ ਬਦਲਣ ਲਈ ਕਿਹਾ ਤੇ ਪਿਛਲੇ ਪਾਸੇ ਤਣੀਆਂ ਵਾਲਾ ਚਿੱਟੇ ਰੰਗ ਦਾ ਚੋਲਾ ਪਹਿਨਣ ਲਈ ਫੜਾ ਦਿੱਤਾ । ਨਾਲ਼ ਹੀ ਲਾਕਰ ਵੀ ਅਲਾਟ ਕਰ ਦਿੱਤਾ ਕਿ ਆਪਣਾ ਸਮਾਨ ਰੱਖ ਦਿਆਂ । ਇੱਥੇ ਇੱਕ ਗੱਲ ਜਿ਼ਕਰਯੋਗ ਹੈ ਕਿ ਇਨ੍ਹਾਂ ਹਸਪਤਾਲਾਂ ‘ਚ ਤੁਹਾਨੂੰ ਕਿਸੇ ਪਰਿਵਾਰਿਕ ਮੈਂਬਰ ਦੀ ਮੱਦਦ ਦੀ ਲੋੜ ਨਹੀਂ ਪੈਂਦੀ, ਕਿਉਂਜੋ ਸਟਾਫ਼ ਸਾਰੀ ਲੋੜੀਂਦੀ ਮੱਦਦ ਕਰਦਾ ਹੈ । ਹੁਕਮ ਤੇ ਹਾਲਾਤਾਂ ਨੂੰ ਮੱਦੇ-ਨਜ਼ਰ ਰੱਖਦਿਆਂ ਮੈਂ ਨਰਸ ਨੂੰ ਬੇਨਤੀ ਕੀਤੀ ਕਿ ਆਪ੍ਰੇਸ਼ਨ ਤਾਂ ਮੇਰੇ ਕੰਨ ਦਾ ਹੋਣਾ ਹੈ, ਡਲੀ ਵਰਗਾ ਹੋਣ ਦੀ ਕੀ ਲੋੜ ਹੈ ਤਾਂ ਉਸਨੇ ਮੇਰੀ ਬੇਨਤੀ ਪ੍ਰਵਾਨ ਕਰਦਿਆਂ ਇੱਜ਼ਤ ਢਕੂ ਯੰਤਰ ਪਹਿਨੀ ਰੱਖਣ ਦੀ ਇਜਾਜ਼ਤ ਦੇ ਦਿੱਤੀ । ਇੱਕ ਵਾਰਡ ‘ਚ ਆਪ੍ਰੇਸ਼ਨਾਂ ਲਈ ਹੋਰ ਵੀ ਪੰਜ ਸੱਤ ਜਣੇ ਬੈੱਡਾਂ ‘ਤੇ ਲੇਟੇ ਹੋਏ ਸਨ, ਉਥੇ ਹੀ ਮੈਨੂੰ ਵੀ ਬੈੱਡ ਦੇ ਦਿੱਤਾ ਗਿਆ । ਮੌਸਮ ਕੁਝ ਠੰਢਾ ਸੀ ਪਰ ਪਹਿਨਿਆ ਕੇਵਲ ਚਿੱਟਾ ਚੋਲਾ ਸੀ, ਸੋ ਨਰਸ ਨੇ ਸਭ ਤੋਂ ਪਹਿਲਾਂ ਬੈੱਡ ‘ਤੇ ਲਿਟਾ ਕੇ ਉਤੇ ਹੀਟਰ ‘ਚੋਂ ਕੱਢ ਕੇ ਨਿੱਘਾ ਨਿੱਘਾ ਕੰਬਲ ਪਾ, ਉਤੇ ਇੱਕ ਚਾਦਰ ਹੋਰ ਦੇ ਦਿੱਤੀ । ਇਹ ਭਾਰਤੀ ਹਸਪਤਾਲਾਂ ਵਾਲਾ ਖੁਰਦਰਾ, ਹਲਕਾ ਚੁਭਦਾ ਹੋਇਆ ਕੰਬਲ ਨਹੀਂ ਸੀ, ਚਿੱਟੇ ਰੰਗ ਦਾ, ਸ਼ਾਂਤ ਰਹਿਣ ਦਾ ਸੰਦੇਸ਼ ਦਿੰਦਾ ਹੋਇਆ ਨਿੱਘਾ ਨਿੱਘਾ ਕੰਬਲ ਸੀ । ਨਾਲ਼ ਦੇ ਬੈੱਡ ‘ਤੇ ਇੱਕ ਬੀਬੀ ਲੇਟੀ ਹੋਈ ਲੁੱਡੀਆਂ ਪਾ ਰਹੀ ਸੀ ਤੇ ਨਾਲ਼ ਬੈਠੀ ਰਿਸ਼ਤੇਦਾਰਨੀ ਨਾਲ਼ ਖਿੜਖਿੜਾ ਰਹੀ ਸੀ । ਸ਼ਾਇਦ ਉਸਦਾ ਵੀ ਹੁਣੇ ਹੀ ਆਪ੍ਰੇਸ਼ਨ ਹੋਣਾ ਸੀ । ਅਚਾਨਕ ਉਨ੍ਹਾਂ ਦੇ ਹਾਸੇ ਦੀਆਂ ਉਚੀਆਂ ਗੂੰਜਾਂ ਦੇ ਨਾਲ਼ ਇੱਕ ਲੈਟ ਜਿਹੀ ਪੈਣ ਦਾ ਝੌਲਾ ਪਿਆ । ਮੇਰੀ ਐਨਕ ਤਾਂ ਲਾਕਰ ‘ਚ ਰੱਖੀ ਹੋਈ ਸੀ, ਇਸ ਕਰਕੇ ਯਕੀਨਨ ਕੀ ਹੋਇਆ ਇਹ ਤਾਂ ਰੱਬ ਹੀ ਜਾਣੇ ਪਰ ਜਿੰਨੀ ਕੁ ਮੈਨੂੰ ਸਮਝ ਆਈ, ਉਸ ਮੁਤਾਬਿਕ ਉਸ ਲੁੱਡੀਆਂ ਪਾ ਰਹੀ ਬੀਬੀ ਦਾ ਉਤੇ ਲਿਆ ਕੰਬਲ ਲਹਿ ਗਿਆ ਸੀ, ਤੇ ਉਸ ਕੋਲ ਇੱਜ਼ਤ ਢਕੂ ਯੰਤਰ ਨਹੀਂ ਸੀ ।
ਵਾਰੀ ਆਉਣ ‘ਤੇ ਇੱਕ ਗੋਰਾ ਨੌਜਵਾਨ ਆਇਆ, ਅੰਗਰੇਜ਼ੀ ‘ਚ ਸਤਿ ਸ੍ਰੀ ਅਕਾਲ ਬੁਲਾ ਕੇ ਆਪਣਾ ਨਾਮ ਤੇ ਕੰਮ ਦੱਸਿਆ ਕਿ ਉਹ ਮੇਰਾ ਬੈੱਡ ਆਪ੍ਰੇਸ਼ਨ ਥਿਏਟਰ ‘ਚ ਲੈ ਕੇ ਜਾਏਗਾ ਤੇ ਵਾਪਸ ਵੀ ਲਿਆਏਗਾ । ਉਸਨੇ ਬੈੱਡ ਦੇ ਨਾਲ਼ ਵੀਡੀਓ ਗੇਮ ਖੇਡਣ ਵਰਗਾ ਇੱਕ ਰਿਮੋਟ ਫਿੱਟ ਕੀਤਾ ਤੇ ਬਿਨਾਂ ਜੋਰ ਲਾਏ ਬੈੱਡ ਨੂੰ ਚਲਾ ਕੇ ਆਪ੍ਰੇਸ਼ਨ ਥਿਏਟਰ ਤੱਕ ਲੈ ਗਿਆ । ਜਾਂਦਿਆਂ ਬੜੀ ਸ਼ਰਮ ਆਈ, ਯਾਰ ! ਚੰਗਾ ਭਲਾ ਘੋੜੇ ਵਰਗਾ ਹੈਗੈਂ ਤੇ ਲਈ ਜਾਂਦੇ ਐ, ਬੈੱਡ ‘ਤੇ ਪਾ ਕੇ । ਆਪਣੀ ਸ਼ਰਮ ਨੂੰ ਆਪਣੇ ਤੱਕ ਸੀਮਿਤ ਰੱਖਣ ਲਈ ਮੂੰਹ ਨੱਕ ਤੱਕ ਕੰਬਲ ਨਾਲ਼ ਢਕ ਲਿਆ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਸ ਦੀ ਸਵਾਰੀ ਜਾ ਰਹੀ ਹੈ । ਕਰੀਬ ਪੰਜ ਵਰ੍ਹੇ ਪਹਿਲਾਂ ਜਦੋਂ ਲੁਧਿਆਣੇ ਅਜਿਹਾ ਸਮਾਂ ਆਇਆ ਸੀ ਤਾਂ ਉਨ੍ਹਾਂ ਵੀ ਵ੍ਹੀਲ ਚੇਅਰ ‘ਤੇ ਬੈਠਣ ਲਈ ਕਿਹਾ ਸੀ ਕਿ ਆਪ੍ਰੇਸ਼ਨ ਥਿਏਟਰ ‘ਚ ਜਾਣਾ ਹੈ ਪਰ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਤੁਰ ਕੇ ਜਾਵਾਂਗਾ । ਆਪ੍ਰੇਸ਼ਨ ਥਿਏਟਰ ‘ਚ ਜੋ ਵੀ ਕੋਈ ਇਸ ਆਪ੍ਰੇਸ਼ਨ ‘ਚ ਸ਼ਾਮਲ ਹੋਣ ਲਈ ਸੀ, ਸਭ ਨੇ ਆਪਣੀ ਜਾਣ ਪਹਿਚਾਣ ਕਰਵਾ ਕੇ ਆਪਣੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ ਭਾਵ ਐਨੇਸਥੀਟਿਸਟ ਡਾ. ਮਕੈਏਲੇ ਨੇ ਆਪਣੇ ਕੰਮ ਬਾਰੇ ਦੱਸਿਆ, ਆਪ੍ਰੇਸ਼ਨ ਦੌਰਾਨ ਡਾਕਟਰ ਦੀ ਅਸਿਸਟੈਂਟ ਨੇ ਆਪਣੇ ਬਾਰੇ ਤੇ ਨਤਾਸ਼ਾ ਨੇ ਕਿਹਾ ਕਿ ਆਪ੍ਰੇਸ਼ਨ ਤੋਂ ਬਾਅਦ ਜਦੋਂ ਜਾਗੇਂਗਾ ਤਾਂ ਸਭ ਤੋਂ ਪਹਿਲਾਂ ਮੈਨੂੰ ਦੇਖੇਂਗਾ । ਸ਼ਾਇਦ ਆਪ੍ਰੇਸ਼ਨ ਤੋਂ ਬਾਅਦ ਰਿਕਵਰੀ ਰੂਮ ‘ਚ ਮੇਰੀ ਦੇਖਭਾਲ ਕਰਨ ਦੀ ਜਿੰਮੇਵਾਰੀ ਉਸਦੀ ਸੀ । ਮੇਰੇ ਸਰਜਨ, ਡਾਕਟਰ ਪੈਟ੍ਰਿਕ ਔਲਰਾਈਟ ਨੂੰ ਤਾਂ ਮੈਂ ਜਾਣਦਾ ਹੀ ਸੀ ।
ਜਿੰਨਾਂ ਚਿਰ ਮੇਰੇ ਟੂਟੀਆਂ ਆਦਿ ਫਿੱਟ ਕਰਦੇ ਰਹੇ, ਮੈਂ ਕੁਝ ਸੋਚਣ ਦਾ ਯਤਨ ਕੀਤਾ ਮਸਲਨ ਆਪਣੀਆਂ ਬੇਟੀਆਂ ਬਾਰੇ, ਆਪਣੇ ਪਰਿਵਾਰ ਬਾਰੇ, ਆਪਣੇ ਅਤੀਤ ਬਾਰੇ ਜਾਂ ਆਪਣੇ ਭਵਿੱਖ ਬਾਰੇ । ਦਿਮਾਗ ਲੱਗਭੱਗ ਸੁੰਨ ਹੋ ਚੁੱਕਾ ਸੀ, ਕੋਈ ਵੀ ਸੋਚ ਦਿਮਾਗ ‘ਚ ਨਹੀਂ ਸੀ ਆ ਰਹੀ । ਸ਼ਾਇਦ ਮੈਂ ਜਿੰਦਗੀ ਹੁਣ ਤੱਕ ਸਹੇ ਦੁੱਖਾਂ ਤਕਲੀਫ਼ਾਂ ਤੋਂ ਬਹੁਤ ਅੱਕ ਤੇ ਥੱਕ ਚੁੱਕਾ ਹਾਂ, ਸੋ ਕਈ ਦਿਨਾਂ ਤੋਂ ਮਨ ਅੰਦਰ ਇਹ ਅਰਦਾਸ ਕਰ ਰਿਹਾ ਸੀ ਕਿ ਹੇ ਸੱਚੇ ਪਾਤਸ਼ਾਹ ! ਜੇਕਰ ਮੈਂ ਕੋਈ ਵੀ ਅਜਿਹਾ ਬੁਰਾ ਕੰਮ ਕੀਤਾ ਹੈ, ਇਤਨੇ ਦੁੱਖੜੇ ਸਹਿਣ ਦੇ ਬਾਵਜੂਦ, ਜਿਸਦੀ ਸਜ਼ਾ ਮਿਲਣੀ ਅਜੇ ਬਾਕੀ ਹੈ ਤਾਂ ਮਿਹਰ ਕਰੀਂ ਕਿ ਬੇਹੋਸ਼ੀ ਤੋਂ ਦੋਬਾਰਾ ਹੋਸ਼ ਨਾ ਆਵੇ । ਸੱਚੇ ਦਿਲੋਂ ਅਰਦਾਸ ਦੇ ਬਾਵਜੂਦ ਜੇਕਰ ਅੱਜ ਹਾਂ ਤਾਂ ਸ਼ਾਇਦ ਅਜੇ ਬਹੁਤ ਇਮਤਿਹਾਨ ਬਾਕੀ ਹਨ ਪਰ ਇੱਕ ਸਕੂਨ ਵੀ ਦਿਲ ‘ਚ ਹੈ ਕਿ ਕਦੀ ਇਤਨੇ ਮਾੜੇ ਕਰਮ ਵੀ ਨਹੀਂ ਕੀਤੇ ਕਿ ਜਿੰਮੇਵਾਰੀਆਂ ਅਧੂਰੀਆਂ ਛੱਡ ਕੇ ਦੁਨੀਆਂ ਤੋਂ ਰੁਖ਼ਸਤ ਹੋਣਾ ਪਵੇ । ਜਦੋਂ ਆਪ੍ਰੇਸ਼ਨ ਦਾ ਟਾਈਮ ਹੋਇਆ ਤਾਂ ਸਾਡੀ ਪਤਨੀ ਪ੍ਰੇਮਸ਼ਵਰੀ ਇੱਕ ਰੱਸੀ ਲਿਆ ਕੇ ਮੇਰੀ ਲੱਤ ਬੰਨਣ ਲੱਗੀ । ਮੈਂ ਪੁੱਛਿਆ ਬਈ ਭਾਗਵਾਨੇ ਆਹ ਕੀ ਕਰਦੀ ਐਂ ? ਜੁਆਬ ਮਿਲਿਆ ਕਿ ਬੜੇ ਦਿਨ ਹੋ ਗਏ ਬੇਹੋਸ਼ੀ ਤੋਂ ਉਠਣ – ਨਾ ਉਠਣ ਦੀਆਂ ਗੱਲਾਂ ਕਰਦੇ ਨੂੰ, ਮੈਂ ਸੋਚਦੀ ਸੀ ਚੱਲ ਛੱਡ ਕੀ ਕਹਿਣੈ, ਲੱਤੋਂ ਫੜ ਕੇ ਨਾ ਵਾਪਸ ਧੂ ਲਊਂ ਤੈਨੂੰ । ਇੱਕ ਘਤਿੱਤ ਮੇਰੇ ਦਿਲ ‘ਚ ਵੀ ਆਈ ਕਿ ਡਾ. ਮਕੈਏਲੇ ਨੂੰ ਪੁੱਛਾਂਗਾ ਕਿ ਉਨ੍ਹਾਂ ਨੂੰ ਕਿੰਨੀ ਦੇਰ ਲੱਗੇਗੀ, ਮੈਨੂੰ ਬੇਹੋਸ਼ ਕਰਨ ਲਈ ਪਰ ਏਨੀ ਨੌਬਤ ਹੀ ਨਹੀਂ ਸੀ ਆਈ, ਪਤਾ ਹੀ ਨਹੀਂ ਲੱਗਾ ਕਦੋਂ ਟੇਢਾ ਕਰ ਦਿੱਤਾ । ਉਸਤੋਂ ਬਾਅਦ ਤਾਂ ਆਪਣੇ ਕਮਰੇ ‘ਚ ਹੀ ਪਤਾ ਲੱਗਾ ਕਿ ਦੁਨੀਆਂ ਅਜੇ ਵੱਸਦੀ ਹੈ, ਹਾਲਾਂਕਿ ਰਿਕਵਰੀ ਰੂਮ ‘ਚ ਕਾਫ਼ੀ ਸਮਾਂ ਰੱਖਿਆ ਸੀ ਪਰ ਨੀਂਦ / ਬੇਹੋਸ਼ੀ ਦੀ ਦਵਾਈ ਦਾ ਅਸਰ ਅਜੇ ਬਾਕੀ ਸੀ । ਆਪ੍ਰੇਸ਼ਨ ਕਰੀਬ ਸਵਾ ਦੋ ਘੰਟੇ ਚੱਲਿਆ ਸੀ ।
ਚੰਗਾ ਸੋਹਣਾ ਕਮਰਾ ਦਿੱਤਾ ਗਿਆ ਸੀ, ਜਿੱਥੇ ਕਿ ਮੈਂ ਇਕੱਲਾ ਹੀ ਸੀ । ਸੋਹਣਾ ਬੈੱਡ ਸੀ, ਕਮਰੇ ਦਾ ਤਾਪਮਾਨ ਆਟੋਮੈਟਿਕ ਹੀ ਕੰਟਰੌਲ ਹੁੰਦਾ ਸੀ । ਅਜਿਹਾ ਚਿੱਟਾ ਚਿੱਟਾ ਗੁਦਗੁਦਾ ਬਿਸਤਰਾ ਕਿ ਕੁਦਰਤੀ ਹਵਾ ਖਾਰਜ ਕਰਨ ਦੀ ਲੋੜ ਹੁੰਦਿਆਂ ਹੋਇਆਂ ਵੀ ਔਖੇ ਹੋਈ ਜਾਓਂ ਪਰ ਜੀ ਨਾ ਕਰੇ ਕਿ ਹਲਕੇ ਹੋ ਜਾਓ । ਇਹ ਕਮਰਾ ਟੀ.ਵੀ., ਟਾਇਲਟ, ਬਾਥਰੂਮ ਆਦਿ ਦੀਆਂ ਸਹੂਲਤਾਂ ਨਾਲ ਲੈੱਸ ਸੀ । ਕੰਧਾਂ ‘ਚ ਵੱਖ ਵੱਖ ਥਾਵਾਂ ‘ਤੇ ਤਿੰਨ ਚਾਰ ਬਟਨ ਲੱਗੇ ਹੋਏ ਸਨ ਕਿ ਜਿੱਥੇ ਵੀ ਲੋੜ ਪਵੇ ਮੱਦਦ ਲਈ ਕਿਸੇ ਨੂੰ ਬੁਲਾ ਸਕਾਂ । ਦੋ ਰਿਮੋਟ ਕੋਲ ਸਨ, ਇੱਕ ਤਾਂ ਬੈੱਡ ਨੂੰ ਉਚਾ ਨੀਵਾਂ ਕਰਨ ਜਾਂ ਬੈਠਦਾ ਹੋਣ ਜਾਂ ਲੇਟਦਾ ਹੋਣ ਕਰਨ ਲਈ ਸੀ ਤੇ ਦੂਜੇ ‘ਤੇ ਟੀ.ਵੀ.  ਦਾ ਕੰਟਰੌਲ ਜਾਂ ਮੱਦਦ ਲਈ ਬਟਨ ਸਨ । ਉਠਣ ਜਾਂ ਲੇਟਣ ਲਈ ਕਿਸੇ ਦੀ ਮੱਦਦ ਦੀ ਲੋੜ ਨਹੀਂ ਸੀ, ਤਕਨੀਕ ਦਾ ਹੀ ਸਹਾਰਾ ਸੀ ।  ਹੋਸ਼ ਆਈ ਤਾਂ ਆਕਸੀਜ਼ਨ ਲੱਗੀ ਹੋਈ ਸੀ ਤੇ ਸਰੀਰ ਦੁਆਰਾ ਲਈ ਜਾ ਰਹੀ ਆਕਸੀਜ਼ਨ ਤੇ, ਬਲੱਡ ਪ੍ਰੈਸ਼ਰ ਮਾਪਣ ਲਈ ਮਸ਼ੀਨਾਂ ਵੀ । ਲੱਤਾਂ ਘੁੱਟਣ ਲਈ ਵੀ ਮਸ਼ੀਨਾਂ ਫਿੱਟ ਸਨ । ਨਰਸਾਂ ਵੀ ਹਰ ਘੰਟੇ ਬਾਅਦ ਆ ਕੇ ਹਾਲਾਤ ਦਾ ਜਾਇਜ਼ਾ ਲੈ ਰਹੀਆਂ ਸਨ । ਬੁਖਾਰ ਮਾਪਣ ਲਈ ਕੋਈ ਥਰਮਾਮੀਟਰ ਨਹੀਂ ਸੀ, ਕੰਨ ਚੈੱਕ ਕਰਨ ਵਾਲੀ ਇੱਕ ਟਾਰਚ ਵਰਗੀ ਚੀਜ਼ ਕੰਨ ‘ਚ ਲਾ ਕੇ ਟੀਂ ਦੀ ਆਵਾਜ਼ ਹੁੰਦੀ ਤੇ ਬੁਖਾਰ ਚੈੱਕ ਹੋ ਜਾਂਦਾ ਕਿ ਹੈ ਜਾਂ ਨਹੀਂ । ਕੁੱਲ ਮਿਲਾ ਕੇ ਜਦੋਂ ਪੂਰੀ ਹੋਸ਼ ਆ ਗਈ ਤਾਂ ਦਿਲ ‘ਚ ਫੀਲਿੰਗ ਬੜੀ ਆਈ, ਕਿਆ ਬਾਤਾਂ ਬਈ, ਬੰਦਾ ਬਿਮਾਰ ਹੋਵੇ ਤਾਂ ਵਿਦੇਸ਼ਾਂ ‘ਚ, ਨਹੀਂ ਤਾਂ ਨਾ ਹੋਵੇ । ਵਤਨੀਂ ਰਹਿੰਦਿਆਂ ਜਦ ਕਦੇ ਹਿੱਲ ਸਟੇਸ਼ਨ ‘ਤੇ ਜਾਂਦੇ ਸਾਂ ਤਾਂ ਰੰਗ ਬਿਰੰਗੀਆਂ ਨਸਲਾਂ ਨਾਲ਼ ਫੋਟੋ ਖਿਚਵਾਉਣ ਵਾਲੇ ਬੜੇ ਨਜ਼ਰੀ ਪੈਂਦੇ ਸਨ, ਪਰ ਉਹੀ ਮੇਮਾਂ ਸ਼ੇਮਾਂ ਅੱਜ ਗੁਲਾਟੀ ਸਾਹਿਬ ਦੀ ਸੇਵਾ ਕਰ ਰਹੀਆਂ ਨੇ । ਵਾਹ ਬਈ ਵਾਹ ! ਪੈਸੇ ਵੀ ਬੜੇ ਲੱਗੇ, ਤਕਲੀਫ਼ ਵੀ ਬਹੁਤ ਹੋਈ, ਪਰ ਕੇਰਾਂ ਸੁਆਦ ਆ ਗਿਆ ।
ਕੁਝ ਘੰਟਿਆਂ ਬਾਅਦ ਚੰਗੀ ਤਰ੍ਹਾਂ ਹੋਸ਼ ‘ਚ ਆਉਣ ਦੇ ਬਾਅਦ ਜਦ ਹਲਕਾ ਹੋਣ ਲਈ ਟਾਇਲਟ ਜਾਣਾ ਪਿਆ ਤਾਂ ਸਾਹਮਣੇ ਵਾਸ਼ਬੇਸਨ ‘ਤੇ ਵੱਡਾ ਸਾਰਾ ਸ਼ੀਸ਼ਾ ਲੱਗਾ ਹੋਇਆ ਸੀ । ਉਸ ਵੇਲੇ ਮੇਰੇ ਕਿਹੜਾ ਐਨਕ ਲੱਗੀ ਹੋਈ ਸੀ, ਸਾਹਮਣੇ ਸ਼ੀਸ਼ੇ ‘ਚ ਦੇਖਿਆ ਤਾਂ ਇਉਂ ਝੌਲਾ ਪਿਆ ਜਿਵੇਂ ਫਿਲਮਾਂ ‘ਚ ਨਹੀਂ ਪਵਿੱਤਰ ਆਤਮਾਵਾਂ ਅਸਮਾਨੋਂ ਉਤਰੀਆਂ ਦਿਖਾਉਂਦੇ ਹੁੰਦੇ । ਚਿੱਟਾ ਚੋਲਾ, ਕਾਲੇ ਸ਼ਾਹ ਲੰਬੇ ਲੰਬੇ ਵਾਲ ਤੇ ਉਨ੍ਹਾਂ ਪਵਿੱਤਰ ਆਤਮਾਵਾਂ ਦੇ ਸਿਰ ‘ਤੇ ਚਿੱਟੇ ਫੁੱਲਾਂ ਦਾ ਤਾਜ ਜਿਹਾ ਸਜਾਇਆ ਹੁੰਦੈ ਤੇ ਮੇਰੇ ਵੀ ਕੰਨ ‘ਤੇ ਮੱਥੇ ਦੇ ਕੋਲ ਜਿਹੇ ਕਰਕੇ ਚਿੱਟੀ ਪੱਟੀ ਬੰਨੀ ਹੋਈ ਸੀ । ਸ਼ਾਮ ਵੇਲੇ ਸਾਡੇ ਮਿੱਤਰ ਅਮਨਦੀਪ ਸਿੱਧੂ ਆਪਣੀ ਧਰਮ ਪਤਨੀ ਫੁਲਵਿੰਦਰ ਸਿੱਧੂ ਸਮੇਤ ਆ ਪੁੱਜੇ । ਹਾਲਚਾਲ ਤੋਂ ਬਾਅਦ ਜਦ ਬੇਹੋਸ਼ੀ ਦੌਰਾਨ ਵਾਪਰੀਆਂ ਦੁਨਿਆਵੀ ਘਟਨਾਵਾਂ ‘ਤੇ ਵਿਚਾਰ ਚਰਚਾ ਸ਼ੁਰੂ ਹੋਈ ਤਾਂ ਸਿੱਧੂ ਸਾਹਿਬ ਦੱਸਣ ਲੱਗੇ ਕਿ ਪੰਜਾਬ ‘ਚ ਕਾਲੇ ਕੱਛਿਆਂ ਵਾਲਿਆਂ ਨੇ ਬੜੀ ਦਹਿਸ਼ਤ ਪਾਈ ਹੋਈ ਹੈ । ਹਰ ਕਿਸਮ ਦੇ ਮੀਡੀਆ ‘ਚ ਭਰਪੂਰ ਚਰਚਾ ਹੋ ਰਹੀ ਹੈ । ਸਿੱਧੂ ਸਾਹਿਬ ਗੱਲ ਕਰਦਿਆਂ ਬਹੁਤ ਜਿ਼ਆਦਾ ਭਾਵੁਕ ਹੋ ਗਏ ਤੇ ਕਹਿਣ ਲੱਗੇ ਕਿ ਮੇਰਾ ਤਾਂ ਕਾਲੇ ਕੱਛਿਆਂ ਵਾਲਿਆਂ ਦੀ ਹਿੰਮਤ ਦੀ ਦਾਦ ਦੇਣ ਨੂੰ ਜੀਅ ਕਰਦਾ ਹੈ । ਕਾਰਣ ਪੁੱਛਣ ‘ਤੇ ਉਨ੍ਹਾਂ ਜੋ ਤਰਕ ਪੇਸ਼ ਕੀਤਾ, ਜੇ ਕਿਤੇ ਹੱਥ ‘ਤੇ ਗੁਲੂਕੋਜ਼ ਵਾਲੀ ਬੋਤਲ ਦੀ ਸੂਈ ਨਾ ਲੱਗੀ ਹੁੰਦੀ ਤਾਂ ਯਕੀਨਨ ਚੰਗੀ ਤਾੜੀ ਕੁੱਟਦਾ ।
ਇੱਕ ਪਿੰਡ ਦੀ ਕਿੰਨੀ ਆਬਾਦੀ ਹੁੰਦੀ ਹੈ, ਉਨ੍ਹਾਂ ਪੁੱਛਿਆ ।
ਕਰੀਬ ਤਿੰਨ ਕੁ ਹਜ਼ਾਰ ਤਾਂ ਲਾ ਹੀ ਲਵੋ
ਚੱਲ ਛੱਡ, ਬਾਹਲੀ ਟੈਂਸ਼ਨ ਲੈਣ ਦੀ ਲੋੜ ਨਹੀਂ, ਕੱਲੇ ਮੋਟੇ ਘਰਾਂ ਦੀ ਹੀ ਗੱਲ ਕਰ ਲੈਂਦੇ ਆਂ, ਐਂ ਦੱਸ ਬਈ ਘੱਟੋ ਘੱਟ ਸੌ ਘਰ ਪਿੰਡ ‘ਚ ਹੋਣਗੇ ?
ਬਿਲਕੁੱਲ ਹੋਣਗੇ ।
ਜੇ ਇੱਕ ਘਰ ਦੀ ਕੀਮਤ ਤਕਰੀਬਨ ਸਣੇ ਸਾਰਾ ਕੁਝ ਸਿਰਫ਼ ਤੀਹ ਲੱਖ ਹੋਵੇ ਤਾਂ ਬਣ ਗਏ ਤੀਹ ਕਰੋੜ ਦੀ ਜਾਇਦਾਦ ਦੇ ਮਾਲਕ ।
ਬਿਲਕੁੱਲ ਬਣ ਗਏ ।
ਅੰਦਾਜ਼ਨ ਜੇ ਉਡਦੀ ਜਿਹੀ ਨਜ਼ਰ ਵੀ ਮਾਰੀਏ ਤਾਂ ਇੱਕ ਪਿੰਡ ਦੀ ਪੈਲੀ ਹੋਏਗੀ ਹਜ਼ਾਰ ਕਿੱਲਾ । ਤਕਰੀਬਨ ਪੱਚੀ-ਸਤਾਈ ਲੱਖ ਕਿੱਲੇ ਨੂੰ ਲਾ ਕੇ ਪਿੰਡ ਵਾਲੇ ਬਣ ਗਏ ਦੋ ਸੌ ਸੱਤਰ ਕਰੋੜੀਏ ਹੋਰ ?
ਜੀ ਹਾਂ ! ਬਣ ਤਾਂ ਗਏ ਪਰ ਇਸ ਤਿੰਨ ਸੌ ਕਰੋੜੀ ਜਾਇਦਾਦ ਦਾ ਕਾਲੇ ਕੱਛਿਆਂ ਵਾਲਿਆਂ ਨਾਲ਼ ਕੀ ਲਾਗਾ ਦੇਗਾ ਹੋਇਆ ?
ਸਾਰਾ ਰੌਲਾ ਤਾਂ ਤਿੰਨ ਸੌ ਕਰੋੜੀ ਜਾਇਦਾਦ ਦਾ ਹੀ ਹੈ । ਸੀਂਢਲ ਜਿਹਾ ਬੰਦਾ, ਲਾ ਕੇ ਸੜੀ ਜਿਹੀ ਦਾਰੂ ਦਾ ਪਊਆ, ਨਾਲ ਲੈ ਕੇ ਚਾਰ ਕੁ ਲੰਡਰ ਯਾਰ ਤੇ ਸੁਆ ਕੇ ਤੀਹਾਂ – ਤੀਹਾਂ ਰੁਪਈਆਂ ਦੇ ਕਾਲੇ ਰੰਗ ਦੇ ਕੱਛੇ, ਤਿੰਨ ਸੌ ਕਰੋੜ ਦੇ ਮਾਲਕ ਤਿੰਨ ਹਜ਼ਾਰ ਬੰਦਿਆਂ ਦੀ ਅਬਾਦੀ ਵਾਲੇ ਪਿੰਡ ਨੂੰ ਮੂਹਰੇ ਲਾ ਲੈਂਦੈ । ਓਏ ! ਪਿੰਡ ਸਾਰਾ ਮੋਕ ਮਾਰਦਾ ਫਿਰਦੈ, ਸਾਰੀ ਰਾਤ ਸੌਂਦਾ ਨਹੀਂ, ਏਹਦੇ ਨਾਲੋਂ ਵੱਡੀ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਤੇ ਓਸ ਸੀਂਢਲ ਕਾਲੇ ਕੱਛਿਆਂ ਵਾਲਿਆਂ ਦੀ ਸਾਬਾਸ਼ ਨਹੀਂ ਤਾਂ ਹੋਰ ਕੀ ਐ ? ਪੱਲੇ ਕੁਛ ਹੋਵੇ ਨਾ ਹੋਵੇ, ਇੱਕ ਕੱਛੇ ਦੇ ਦਮ ‘ਤੇ ਹੀ ਸਭ ਦਾ ਸਾਹ ਸੂਤੀ ਰੱਖਦੇ ਨੇ ।
ਗੱਲ ‘ਚ ਤਾਂ ਅਮਨ ਬਾਈ ਦੇ ਯਕੀਨਨ ਦਮ ਹੈ ।
ਅਗਲੇ ਦਿਨ ਜਦ ਡਾਕਟਰ ਪੈਟ੍ਰਿਕ ਛੁੱਟੀ ਲੈਣ ਤੋਂ ਪਹਿਲਾਂ ਚੈਕਅੱਪ ਕਰਨ ਲਈ ਆਏ ਤਾਂ ਉਨ੍ਹਾਂ ਨੂੰ ਪੁੱਛਿਆ ਕਿ ਕੰਨ ਦੇ ਪਰਦੇ ‘ਚ ਕਿੱਡੀ ਕੁ ਮੋਰੀ ਸੀ ਤਾਂ ਉਨ੍ਹਾਂ ਜੁਆਬ ਤਾਂ ਬੇਸ਼ੱਕ ਅੰਗ੍ਰੇਜ਼ੀ ‘ਚ ਹੀ ਦਿੱਤਾ ਸੀ ਪਰ ਜੇ ਜੁਆਬ ਦੀ ਪੰਜਾਬੀ ਕਰੀਏ ਤਾਂ ਸ਼ਾਇਦ ਇਹੀ ਹੋਵੇਗੀ;
ਹੈ ਕਮਲਾ ਹੋਇਆ, ਮੋਰੀ ਦੀ ਗੱਲ ਕਰਦੈਂ ? ਜਦੋਂ ਤੇਰਾ ਕੰਨ ਪਹਿਲੀ ਵਾਰੀ ਚੈੱਕ ਕੀਤਾ ਸੀ ਤਾਂ ਭੁਲੇਖਾ ਪੈ ਗਿਆ ਕਿ ਇਹ ਕੰਨ ‘ਚ ਉਨਾਟ ਗਿਆਰਾਂ ਦਾ ਟਾਇਰ ਕਿੱਧਰੋਂ ਫਸਾਈ ਫਿਰਦੈ ! ਬਾਅਦ ‘ਚ ਚੰਗੀ ਤਰ੍ਹਾਂ ਟੂਟੀਆਂ ਲਾ ਕੇ ਦੇਖਿਆ ਤਾਂ ਪਤਾ ਲੱਗਾ ਬਈ ਇਹ ਤਾਂ ਕੰਨ ਦੇ ਪਰਦੇ ‘ਚ ਮੋਰੀ ਹੀ ਐਡੀ ਵੱਡੀ ਐ, ਟਾਇਰ ਥੋੜੀ ਐ ! ਮੈਂ ਤਾਂ ਹੈਰਾਨ ਪ੍ਰੇਸ਼ਾਨ ਸੀ ਬਈ ਤੇਰੇ ਦਿਮਾਗ ‘ਚ ਕਿਸੇ ਦੀ ਕੀਤੀ ਗੱਲ ਵੜਦੀ ਕਿਵੇਂ ਐ ? ਜਿੱਡਾ ਮੋਰਾ ਕਰੀ ਫਿਰਦਾ ਸੀ ਮਿੱਤਰਾ, ਗੱਲ ਤਾਂ ਇੱਕ ਕੰਨ ‘ਚੋਂ ਵੜ ਕੇ ਦੂਜੇ ਥਾਣੀ ਸਿੱਧੀ ਬਾਹਰ ਨਿੱਕਲ ਜਾਣੀ ਚਾਹੀਦੀ ਸੀ ।
ਜੇਕਰ ਪੰਜ ਵਰ੍ਹੇ ਪਹਿਲਾਂ ਲੁਧਿਆਣੇ ਡੀ.ਐਮ.ਸੀ. ‘ਚ ਹੋਏ ਆਪ੍ਰੇਸ਼ਨ ਨਾਲ਼ ਅੱਜ ਦੇ ਹਾਲਤਾਂ ਨੂੰ ਮਿਲਾ ਕੇ ਦੇਖਾਂ ਤਾਂ ਸੱਚ ਤਾਂ ਇਹ ਹੈ ਕਿ ਆਪਸ ‘ਚ ਕੋਈ ਮੇਲ ਹੀ ਨਹੀਂ । ਪਹਿਲੀ ਗੱਲ ਆਪ੍ਰੇਸ਼ਨ ਤੋਂ ਬਾਅਦ ਦੀਆਂ ਦਵਾਈਆਂ ਦੀ ਗੱਲ ਕਰਾਂ ਤਾਂ ਕਰੀਬ ਤਿੰਨ ਮਹੀਨੇ ਭਾਰਤ ‘ਚ ਰਹਿੰਦਿਆਂ ਛਕੀਆਂ ਤੇ ਮੁੜ ਛੇ ਮਹੀਨੇ ਦੀਆਂ ਦਵਾਈਆਂ ਆਸਟ੍ਰੇਲੀਆ ਆਉਣ ਸਮੇਂ ਡਾਕਟਰ ਨੇ ਨਾਲ਼ ਚੁਕਵਾ ਦਿੱਤੀਆਂ ਸਨ । ਹੁਣ ਕੁੱਲ ਪੰਦਰਾਂ ਕੈਪਸੂਲ ਦਿੱਤੇ ਗਏ ਸਨ, ਉਹ ਵੀ ਪੰਜਾਂ ਦਿਨਾਂ ‘ਚ ਖ਼ਤਮ ਕਰਨੇ ਸਨ ਤੇ ਲੋੜ ਪੈਣ ‘ਤੇ ਦਰਦ ਦੀ ਦਵਾਈ ਲੈਣੀ ਸੀ, ਉਹ ਵੀ ਪੈਨਾਡੋਲ, ਮੇਰੀ ਨਜ਼ਰੇ ਬਿਲਕੁੱਲ ਸਧਾਰਣ ਦਵਾਈ, ਜਿਹੜੀ ਕਿ ਛੇਵੇਂ ਦਿਨ ਬੰਦ ਕਰ ਦਿੱਤੀ । ਕਿਤੇ ਨਾ ਕਿਤੇ ਤਾਂ ਫ਼ਰਕ ਜ਼ਰੂਰ ਹੈ, ਕਿਤੇ ਸਿਰਫ਼ ਪੰਦਰਾਂ ਕੈਪਸੂਲ ਤੇ ਕਿੱਥੇ ਨੌ ਮਹੀਨੇ ਦਵਾਈਆਂ / ਸਟੀਰਾਈਡਾਂ ਨਾਲ਼ ਢਿੱਡ ਫੂਕਿਆ । ਜਦੋਂ ਆਸਟ੍ਰੇਲੀਆ ਆਇਆ ਸੀ ਤਾਂ ਕਿਸੇ ਚੰਗੇ ਤਕੜੇ ਪੈਸੇ ਵਾਲੇ ਲਾਲੇ ਵਰਗਾ ਹਾਲ ਸੀ, ਦਵਾਈਆਂ ਖਾ ਕੇ ਸਰੀਰ ਏਨਾ ਫੁੱਲ ਗਿਆ ਸੀ, ਪਰ ਪਰਿਵਾਰ ਪਾਲਣ ਲਈ ਕੀਤੀ ਅਣਥੱਕ ਮਿਹਨਤ ਨੇ ਸਭ ਸੈੱਟ ਕਰ ਦਿੱਤਾ ।
ਅਗਲੀ ਗੱਲ ਇਹ ਕਿ ਮੈਨੂੰ ਕੁਝ ਨਹੀਂ ਸੀ ਪਤਾ ਕਿ ਡੀ.ਐਮ.ਸੀ. ਵਾਲਿਆਂ ਨੇ ਆਪ੍ਰੇਸ਼ਨ ‘ਚ ਕੀ ਕਰਨਾ ਹੈ, ਇੱਥੇ ਆਪ੍ਰੇਸ਼ਨ ਦੇ ਸਾਰੇ ਤਰੀਕੇ ਤੇ ਨਫ਼ੇ ਨੁਕਸਾਨ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ । ਸਾਡੇ ਵਤਨ ‘ਚ ਪਹਿਲਾਂ ਪੈਸੇ ਜਮ੍ਹਾਂ ਕਰਵਾ ਕੇ ਫੇਰ ਅਗਲੀ ਗੱਲ ਕੀਤੀ ਜਾਂਦੀ ਹੈ, ਇੱਥੇ ਬੀਮਾ ਸਹੀ ਹੋਣਾ ਚਾਹੀਦਾ ਹੈ, ਮੁੜ ਕੋਈ ਚਿੰਤਾ ਨਹੀਂ । ਡੀ.ਐਮ.ਸੀ. ‘ਚ ਜਦੋਂ ਹੋਸ਼ ਆਈ ਤਾਂ ਜਿਵੇਂ ਆਰਕੈਸਟਰਾ ਵਾਲੇ ਡਰੱਮ ਕੁੱਟਦੇ ਹਨ, ਇਸ ਤਰੀਕੇ ਨਾਲ਼ ਮੇਰੀ ਛਾਤੀ ਤੇ ਦੁਹੱਥੜ ਪਿੱਟ ਪਿੱਟ ਕੇ ਉਠਾ ਰਹੇ ਸਨ ਪਰ ਇੱਥੇ ਅਜਿਹੇ ਕੋਈ ਹਾਲਾਤ ਨਹੀਂ ਸਨ । ਸਟਾਫ਼ ‘ਚ ਪੂਰੇ ਵਿਹਾਰਕ ਗੁਣ ਸਨ, ਸਾਰੇ ਆਪਣੀ ਜਿੰਮੇਵਾਰੀ ਸਮਝਦੇ ਸਨ ਪਰ ਸਾਡੀਆਂ ਨਰਸਾਂ ‘ਤੇ ਡਾਕਟਰ ਇੱਕ ਵਾਰ ਆਵਾਜ਼ ਮਾਰਨ ‘ਤੇ ਆ ਜਾਣ, ਸ਼ਾਇਦ ਇਹ ਉਨ੍ਹਾਂ ਦੀ ਸ਼ਾਨ ਦੇ ਖਿਲਾਫ਼ ਹੁੰਦਾ ਹੈ । ਇੱਥੇ ਕਲਮੀ ਮਿੱਤਰ ਮਿੰਟੂ ਬਰਾੜ ਦੇ ਪਾਪਾ ਨਾਲ਼ ਪੰਜਾਬ ‘ਚ ਕੁਝ ਵਰ੍ਹੇ ਪਹਿਲਾਂ ਬੀਤੀ ਘਟਨਾ ਮੁੜ ਯਾਦ ਆ ਗਈ, ਜਦ ਕਿ ਉਹ ਇੱਕ ਦੁਰਘਟਨਾ ‘ਚ ਗੰਭੀਰ ਜਖ਼ਮੀ ਹੋਣ ਤੋਂ ਬਾਅਦ ਹਸਪਤਾਲ ‘ਚ ਦਾਖਲ ਸਨ । ਐਮਰਜੰਸੀ ਵਿਭਾਗ ਦੀਆਂ ਨਰਸਾਂ ਆਪਣੀਆਂ ਆਦਤਾਂ ਅਨੁਸਾਰ ਖਿੜ ਖਿੜ ਕਰਦੀਆਂ, ਗੁਆਚਿਆ ਹੋਇਆ ਸਿਰਹਾਣਾ ਲੱਭ ਰਹੀਆਂ ਸਨ । ਜਦੋਂ ਨਾ ਲੱਭਾ ਤਾਂ ਉਨ੍ਹਾਂ ਆਪਣੀ ਹੈੱਡ ਨਰਸ ਨੂੰ ਸੂਚਿਤ ਕੀਤਾ । ਉਨ੍ਹਾਂ ਨੇ ਹਰੇਕ ਬੈੱਡ ਤੇ ਜਾ ਕੇ ਸਿਰਹਾਣਾ ਲੱਭਣਾ ਸ਼ੁਰੂ ਕਰ ਦਿੱਤਾ । ਉਹ ਸਿਰਹਾਣਾ ਅੰਕਲ (ਮਿੰਟੂ ਬਾਈ ਦੇ ਪਾਪਾ) ਦੇ ਸਿਰ ਥੱਲੇ ਦਿੱਤਾ ਹੋਇਆ ਸੀ, ਜੋ ਕਈ ਦਿਨਾਂ ਤੋਂ ਬੇਹੋਸ਼ ਪਏ ਸਨ । ਓਸ ਬੇਅਕਲ ਜ਼ਨਾਨੀ ਨੇ ਅੰਕਲ ਦਾ ਸਿਰ ਜੂੜਿਓਂ ਫੜ ਕੇ ‘ਤਾਂਹ ਚੁੱਕਿਆ ਤੇ ਸਿਰਹਾਣਾ ਕੱਢ ਕੇ ਨਰਸਾਂ ਨੂੰ ਬੋਲੀ ਆਹ ਕੀ ਪਿਆ ਤੇਰਾ ਕੁਛ ਲੱਗਦਾ !!! ਅੰਕਲ, ਜਿਨ੍ਹਾˆ ਦਾ ਸਾਰਾ ਮੂੰਹ, ਨੱਕ ਪਾਈਪਾਂ ਨਾਲ਼ ਭਰਿਆ ਪਿਆ ਸੀ, ਬੇਹੋਸ਼ੀ ‘ਚ ਹੋਣ ਦੇ ਬਾਵਜੂਦ ਦਰਦ ਨਾਲ਼ ਤੜਪੇ । ਮਿੰਟੂ ਬਾਈ ਨੇ ਦੱਸਿਆ ਕਿ ਬਾਪ ਦੇ ਜ਼ਖ਼ਮਾਂ ਦੀ ਤਾਬ ਤਾਂ ਉਨ੍ਹਾਂ ਦੇ ਠੀਕ ਹੋਣ ਦੀ ਆਸ ਦੇ ਆਸਰੇ, ਉਹ ਆਪਣੇ ਸੀਨੇ ‘ਤੇ ਝੱਲ ਰਿਹਾ ਸੀ ਪਰ ਆਹ ਸੀਨ ਦੇਖ ਕੇ ਤਾਂ ਉਸਦੇ ਭਾਣੇ ਆਸਮਾਨ ਫਟ ਗਿਆ ।
ਯਕੀਨਨ ਇਨ੍ਹਾਂ ਮੁਲਕਾਂ ‘ਚ ਕਦੀ ਵੀ ਅਜਿਹੇ ਵਿਵਹਾਰ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ ।
****

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>