ਆਧੁਨਿਕ ਸਮਾਜ ਵਿੱਚ ਬਜੁਰਗਾਂ ਦੀ ਦੁਰਦਸਾ ਦੇ ਕਾਰਨ

ਗੁਰਚਰਨ ਪੱਖੋਕਲਾਂ

ਵਰਤਮਾਨ ਯੁੱਗ ਦੀ ਤੇਜ ਰਫਤਾਰ ਤਰੱਕੀ ਦੇ ਵਿੱਚ ਸਮਾਜ ਅਤੇ ਸਭਿਆਚਾਰ ਦੇ ਵਿੱਚ ਬਦਲਾ ਵੀ ਤੇਜੀ ਨਾਲ ਹੋ ਰਹੇ ਹਨ। ਸਾਂਝੇ ਪਰੀਵਾਰ ਖਤਮ ਹੋ ਰਹੇ ਹਨ ਅਤੇ ਹਰ ਕੋਈ ਇਕਹਿਰੇ ਪਰੀਵਾਰ ਨੂੰ ਪਹਿਲ ਦੇ ਰਿਹਾ ਹੈ । ਨੌਜਵਾਨਾਂ ਨੇ ਤਾਂ ਇਸ ਨੂੰ ਪਹਿਲ ਦੇਣੀ ਹੀ ਹੈ ਪਰ ਬਜੁਰਗ ਲੋਕ ਵੀ ਆਪਣੀ ਡਫਲੀ ਆਪ ਵਜਾਉਣ ਨੂੰ ਪਹਿਲ ਦਿੰਦੇ ਹਨ। ਜਦ ਤੋਂ ਪੰਜਾਬ ਦੀ ਜਰਖੇਜ ਜਮੀਨ ਹਰੀ ਕਰਾਂਤੀ ਨਾਲ ਮੋਟੀ ਕਮਾਈ ਦੇਣ ਲੱਗੀ ਹੈ ਨੂੰ ਦੇਖਕੇ ਬਜੁਰਗ ਲੋਕ ਵੀ ਆਪਣੇ ਪੁੱਤਾਂ ਨਾਲ ਸਰੀਕਾਂ ਵਾਂਗ ਜਮੀਨਾਂ ਵੰਡਣ ਲੱਗ ਪਏ ਹਨ। ਧੀਆਂ ਪੁੱਤਰਾਂ ਨੂੰ ਮਾਪਿਆਂ ਨੇ ਪੈਸੇ ਬਣਾਉਣ ਵਾਲੀ ਮਸੀਨ ਬਣਨ ਦੀ ਹੱਲਾਸੇਰੀ ਦੇਕੇ ਆਪਣੇ ਪੈਰ ਆਪ ਕੁਹਾੜਾ ਮਾਰਿਆ ਹੈ। ਜਦ ਮਨੁੱਖ ਇਨਸਾਨ ਦੀ ਥਾਂ ਪੈਸੇ ਬਣਾਉਣ ਵਾਲੀ ਮਸੀਨ ਬਣ ਜਾਂਦਾ ਹੈ ਤਦ ਉਸਨੂੰ ਮਾਪਿਆਂ ਜਾਂ ਬਜੁਰਗਾਂ  ਨੂੰ ਸੰਭਾਲਣਾਂ ਵੀ ਘਾਟੇ ਦਾ ਸੌਦਾ ਲੱਗਦਾ ਹੈ । ਵਰਤਮਾਨ ਵਿੱਚ ਬੱਚਿਆਂ ਨੂੰ ਦੂਸਰਿਆਂ ਦੀ ਭਲਾਈ ਦੀ ਥਾਂ ਨਿੱਜ ਵਾਦ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਵਿੱਚ ਪੇਸੇਵਾਰਾਨਾ ਸੋਚ ਨੂੰ ਹੀ ਹੱਲਾਸੇਰੀ ਦਿੱਤੀ ਜਾਂਦੀ ਹੈ। ਇਸ ਵਪਾਰਕ ਸੋਚ ਦੇ ਘੋੜੇ ਤੇ ਚੜਿਆਂ ਬੰਦਾਂ ਦੂਸਰਿਆਂ ਦੀ ਭਲਾਈ ਸੋਚਣ ਤੋਂ ਹੀ ਕੋਰਾ ਹੋ ਜਾਂਦਾ ਹੈ ਦੂਸਰਿਆਂ ਦੀ ਭਲਾਈ ਕਰਨ ਤੋਂ ਮੁੱਕਰਿਆ ਬੰਦਾਂ ਆਪਣੇ ਮਾਪਿਆਂ ਨੂੰ ਵੀ ਬੋਝ ਹੀ ਸਮਝਦਾ ਹੈ । ਜਿਸ ਬੱਚੇ ਵਿੱਚ ਸਮਾਜ ਸੇਵਾ ਜਾਂ ਦੂਸਰਿਆਂ ਦੀ ਮੱਦਦ ਕਰਨ ਦੀ ਸੋਚ ਭਰੀ ਹੋਵੇਗੀ ਉਹ ਵਿਅਕਤੀ ਕਦੇ ਵੀ ਆਪਣੇ ਮਾਪਿਆਂ ਦੀ ਸੇਵਾ ਤੋਂ ਵੀ ਪੈਰ ਪਿਛਾਂਹ ਨਹੀਂ ਕਰ ਸਕਦਾ । ਬੱਚਿਆਂ ਦੇ ਵਿੱਚ ਲਾਲਸਾਵਾਂ ਦੀ ਅੱਗ ਬਾਲਕੇ ਅਸੀਂ ਉਹਨਾਂ ਤੋ ਕਿਸੇ ਦੀ ਵੀ ਸੇਵਾ ਦੀ ਆਸ ਨਹੀਂ ਰੱਖ ਸਕਦੇ । ਵਰਤਮਾਨ ਵਿੱਚ ਪੈਸੇ ਦੀ ਦੌੜ ਏਨੀ ਭਾਰੂ ਹੋ ਚੁੱਕੀ ਹੈ ਜਿਸ ਵਿੱਚ ਸਮਾਜ ਦਾ ਹਰ ਵਰਗ ਦੌੜ ਰਿਹਾ ਹੈ ਅਤੇ ਇਸ ਦੌੜ ਦੇ ਵਿੱਚ ਸਾਹੋ ਸਾਹੀ ਹੋਏ ਮਨੁੱਖ ਨੂੰ ਕਿਸੇ ਦੂਸਰੇ ਬਾਰੇ ਸੋਚਣ ਦੀ ਵਿਹਲ ਹੀ ਨਹੀਂ ਹੈ। ਵਰਤਮਾਨ ਵਿੱਚ ਹਰ ਮਨੁੱਖ ਆਪਣੇ ਬੱਚਿਆਂ ਨੂੰ ਅਮੀਰੀ ਦੇ ਘਰ ਵਿੱਚ ਦੇਖਣ ਲਈ ਪਹਿਲਾਂ ਤਾਂ ਅਖੌਤੀ ਵਿੱਦਿਆਂ ਜੋ ਸਿਖਾਉਣ ਦੀ ਥਾਂ ਲੁੱਟ ਦਾ ਰੂਪ ਹੈ ਨੂੰ ਦਿਵਾਉਂਦਾ ਹੈ ਅਤੇ ਬਾਅਦ ਵਿੱਚ ਪਛਤਾਉਂਦਾਂ ਹੈ। ਇਸ ਆਧੁਨਿਕ ਪੜਾਈ ਤੋਂ ਬਾਅਦ ਜੇ ਸਰਕਾਰੀ ਨੌਕਰੀ ਲੈਣੀ ਹੋਵੇ ਤਦ ਮੁਸਕਲ ਨਾਲ ਦੋ ਪਰਸੈਂਟ ਬੱਚੇ ਹੀ ਇਸਨੂੰ ਹਾਸਲ ਕਰ ਪਾਉਂਦੇ ਹਨ ਜਿਹਨਾਂ ਵਿੱਚ ਬਹੁਤੇ ਗਲਤ ਤਰੀਕਿਆਂ ਦੀ ਵਰਤੋਂ ਕਰਨ ਵਾਲੇ ਹੀ ਹਾਸਲ ਕਰ ਲੈਂਦੇ ਹਨ ਬਹੁਤ ਥੋੜੇ ਨੌਜਵਾਨ ਹੀ ਸਰਕਾਰੀ ਨੌਕਰੀ ਵਿਦਿਅਕ ਯੋਗਤਾ ਦੇ ਸਹਾਰੇ ਇਸਨੂੰ ਹਾਸਲ ਕਰ ਪਾਉਂਦੇ ਹਨ। ਬਾਕੀ ਬਚਦੇ ਲੋਕ ਆਪਣੇ ਧੀਆਂ ਪੁੱਤਰਾਂ ਨੂੰ ਜੇ ਸਾਧਨ ਬਣਦੇ ਹੋਣ ਤਾਂ ਲੱਖਾਂ ਖਰਚ ਕੇ ਵਿਦੇਸ ਭੇਜਣ ਦੀ ਸੋਚਦੇ ਹਨ। ਪਰਾਈਵੇਟ ਸੰਸਥਾਵਾਂ ਵਿੱਚ ਰੋਜਗਾਰ ਕਰਨ ਵਾਲੇ ਜਿਆਦਾਤਰ ਨੌਜਵਾਨ ਜਿੰਦਗੀ ਜਿਉਣ ਜਿਨਾਂ ਹੀ ਮਸਾਂ ਕਮਾ ਪਾਉਂਦੇ ਹਨ । ਇਸ ਤਰਾਂ ਦੇ ਰੋਜਗਾਰ ਹਾਸਲ ਕਰਨ ਵਾਲੇ ਨੌਜਵਾਨ ਫਿਰ ਆਪਣੀ ਇਕਹਿਰੀ ਜਿੰਦਗੀ ਜਿਉਣ ਬਾਰੇ ਸੋਚਣਾਂ ਸੁਰੂ ਕਰ ਦਿੰਦੇ ਹਨ । ਜਦ ਨੌਜਵਾਨ ਵਰਗ ਆਪਣੇ ਬਚਪਨ ਨੂੰ ਵਿਦਿਆਂ ਵਿੱਚ ਗਵਾਕੇ ਨਿਕਲਦਾ ਹੈ ਅਤੇ ਜਵਾਨੀ ਦੇ ਸਮੇਂ ਨੂੰ ਚਿੰਤਾਂ ਮੁਕਤ ਹੋਣ ਦੀ ਥਾਂ ਸੰਘਰਸ ਵਿੱਚ ਗੁਜਾਰਦਾ ਹੈ ਤਦ ਤੱਕ ਉਸਦੀ ਸੋਚ ਲੰਗੜਾ ਚੁੱਕੀ ਹੁੰਦੀ ਹੈ ਅਤੇ ਸਮਾਜ ਪ੍ਰਤੀ ਨਾਂਹ ਪੱਖੀ ਵਤੀਰਾ ਧਾਰਨ ਕਰ ਲੈਂਦਾਂ ਹੈ ।

ਪਿਛਲੇ ਕੁਝ ਸਾਲਾਂ ਵਿੱਚ ਤਕਨੀਕ ਨੇ ਏਨਾਂ ਵਿਕਾਸ ਕੀਤਾਹੈ ਜਿਸ ਨਾਲ ਹਰ ਵਿਅਕਤੀ ਦੇ ਘਰੇਲੂ ਖਰਚ ਅਤੇ ਰੁਝੇਵੇਂ ਏਨੇ ਵਧ ਚੁੱਕੇ ਹਨ ਕਿ ਕਿਸੇ ਕੋਲ ਵਕਤ ਹੀ ਨਹੀਂ ਦੂਸਰਿਆਂ ਨਾਲ ਸਾਂਝ ਪਾਉਣ ਦਾ ਜਿਸ ਕਾਰਨ ਮੋਹ ਅਤੇ ਮਮਤਾ ਦੀ ਤੰਦ ਕਮਜੋਰ ਹੋ ਰਹੀ ਹੈ। ਜਦ ਮੋਹ ਦੀਆਂ ਤੰਦਾਂ ਕਮਜੋਰ ਹੋ ਜਾਣਗੀਆਂ ਤਦ ਕੁਦਰਤੀ ਹੈ ਕਿ ਦਇਆ ਰੂਪੀ ਹਮਦਰਦੀ ਦਾ ਬੂਟਾ ਸੁੱਕ ਜਾਂਦਾ ਹੈ। ਜਦ ਮਨੁੱਖ ਵਿੱਚ ਦਇਆਂ ਨਹੀਂ ਰਹਿ ਜਾਂਦੀ ਤਦ ਉਸਦਾ ਫਰਜ ਨਿਭਾਉਣ ਵਾਲਾ ਧਰਮ ਵੀ ਮਰ ਮੁੱਕ ਜਾਂਦਾ ਹੈ। ਵਰਤਮਾਨ ਸਮਾਜ ਦਾ ਇਹੀ ਵੱਡਾ ਦੁਖਾਂਤ ਹੈ ਜਿਸ ਕਾਰਨ ਨੌਜਵਾਨੀ ਅਤੇ ਬਜੁਰਗਾਂ ਦੇ ਵਿਚਕਾਰਲੀ ਸਾਂਝ ਦੀ ਕੜੀ ਟੁੱਟ ਰਹੀ ਹੈ। ਜਿਉਂ ਜਿਉਂ ਇਹ ਸਾਂਝ ਘੱਟਦੀ ਜਾ ਰਹੀ ਹੈ ਤਿਉਂ ਤਿਉਂ ਬਜੁਰਗਾਂ ਦਾ ਜੀਵਨ ਮੁਸਕਲ ਭਰਿਆਂ ਹੋਈ ਜਾ ਰਿਹਾ ਹੈ। ਨੌਜਵਾਨ ਉਮਰ ਵਿੱਚ ਤਾਂ ਮਨੁੱਖ ਕੋਲ ਬਹੁਤ ਸਾਰੇ ਰੁਝੇਵੇਂ ਹੁੰਦੇ ਹਨ ਵਕਤ ਨੂੰ ਲੰਘਾਉਣ ਲਈ ਪਰ ਵੱਡੀ ਉਮਰ ਵਿੱਚ ਸਮੇਂ ਨਾਲ ਇਹ ਘੱਟਦੇ ਜਾਂਦੇ ਹਨ । ਇੱਕ ਵਕਤ ਆਉਂਦਾ ਹੈ ਜਦ ਬਜੁਰਗ ਵਿਅਕਤੀ ਦਾ ਸਰੀਰ ਵੀ ਸਾਥ ਛੱਡਣਾਂ ਸੁਰੂ ਕਰ ਦਿੰਦਾਂ ਹੈ ਅਤੇ ਇਹੋ ਜਿਹੇ ਵਕਤ ਹਮੇਸਾਂ ਆਪਣੀ ਔਲਾਦ ਹੀ ਸਾਂਭ ਸੰਭਾਲ  ਕਰ ਸਕਦੀ ਹੈ। ਵੱਡੀ ਉਮਰ ਵਿੱਚ ਜੇ ਔਲਾਦ ਕੋਲ ਹੋਵੇ ਤਾਂ ਹੀ ਘਰਾਂ ਵਿੱਚ ਰੌਣਕ ਰਹਿੰਦੀ ਹੈ ਜਿਸ ਨਾਲ ਬਜੁਰਗਾਂ ਦੀ ਵੀ ਸਮਾਜ ਨਾਲ ਸਾਂਝ ਬਣੀ ਰਹਿੰਦੀ ਹੈ। ਜੇ ਵੱਡੀ ਉਮਰ ਵਿੱਚ ਵਿਅਕਤੀ ਕੋਲ ਪਰੀਵਾਰ ਜਾਂ ਔਲਾਦ ਹੀ ਨਹੀਂ ਤਾਂ ਉਸ ਕੋਲ ਕੋਈ ਮਿਲਣ ਵਾਲਾ ਵੀ ਨਹੀਂ ਜਾਂਦਾ ਜਿਸ ਨਾਲ ਇਕੱਲਾਪਣ ਭਾਰੂ ਹੋ ਜਾਂਦਾ ਹੈ। ਇਕੱਲਾਪਣ ਬਹੁਤ ਹੀ ਖਤਰਨਾਕ ਅਤੇ ਡਰਾਉਣਾਂ ਹੁੰਦਾਂ ਹੈ। ਜਿਸ ਵਿਕਤੀ ਕੋਲ ਬਜੁਰਜਤਾਈ ਦੀ ਉਮਰ ਵਿੱਚ ਔਲਾਦ ਕੋਲ ਹੈ ਤਦ ਇਹ ਸਵਰਗ ਵਰਗਾ ਹੁੰਦਾਂ ਹੈ ਪਰ ਜਿਸ ਕੋਲ ਇਕੱਲਾਪਣ ਹੋਵੇ ਤਦ ਜਿੰਦਗੀ ਦਾ ਇਹ ਪਹਿਰ ਨਰਕ ਦਾ ਰੂਪ ਹੋ ਜਾਂਦਾਂ ਹੈ। ਅਸਲ ਵਿੱਚ ਮਨੁੱਖ ਨੇ ਤਰੱਕੀ ਦੇ ਨਾਂ ਤੇ ਨਰਕ ਵੱਲ ਹੀ ਛਾਲ ਮਾਰੀ ਹੈ। ਨੌਜਵਾਨੀ ਆਪਣੇ ਬਜੁਰਗਾਂ ਤੋਂ ਸਿੱਖਕੇ ਹਰ ਹੀਲੇ ਪੈਸਾ ਕਮਾਉਣਾਂ ਲੋਚਦੀ ਹੈ। ਇਸ ਪੈਸੇ ਨੂੰ ਇਕੱਠਾ ਕਰਨ ਦੀ ਦੌੜ ਵਿੱਚ ਉਸਦੇ ਆਪਣੇ ਮਾਪੇ ਜਾਂ ਬਜੁਰਗ ਵੀ ਯਾਦ ਨਹੀਂ ਰਹਿੰਦੇ । ਵਰਤਮਾਨ ਸਮਾਜ ਦੀ ਇਹ ਹੁਣ ਹੋਣੀ ਬਣ ਚੁੱਕੀ ਹੈ ਜਿਸਦਾ ਭਾਰ ਚੁੱਕਣਾਂ ਵੀ ਬਜੁਰਗਾਂ ਨੂੰ ਪੈ ਰਿਹਾ ਹੈ। ਅੱਜ ਦੀ ਨੌਜਵਾਨੀ ਵੀ ਭਵਿੱਖ ਵਿੱਚ ਇਸਦੇ ਖਤਰਨਾਕ ਨਤੀਜੇ ਹੰਢਾਵੇਗੀ । ਕੁਦਰਤ ਦੇ ਉਲਟ ਚੱਲਕੇ ਮਨੁੱਖ  ਕਦੇ ਵੀ ਸਾਂਵੀਂ ਪੱਧਰੀ ਜਿੰਦਗੀ ਨਹੀਂ ਜਿਉਂ ਸਕਦਾ।

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>