ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੁਰਦਾਸਪੁਰ ਦੇ ਖੇਤਰੀ ਕੇਂਦਰ ਵਿਖੇ ਕਿਸਾਨ ਆਯੋਜਿਤ

ਗੁਰਦਾਸਪੁਰ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਹੀ ਕਿਸਾਨਾਂ ਨੇ ਆਪਣੀ ਹਾਜ਼ਰੀ ਲੁਆਈ। ਇਸ ਕਿਸਾਨ ਮੇਲੇ ਵਿੱਚ ਮੁੱਖ ਪਾਰਲੀਮੈਂਟਰੀ ਸਕੱਤਰ ਸ: ਗੁਰਬਚਨ ਸਿੰਘ ਬੱਬੇਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਮੈਂਬਰ ਸ: ਹਰਦੇਵ ਸਿੰਘ ਰਿਆੜ ਅਤੇ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਸ: ਬੱਬੇਹਾਲੀ ਨੇ ਖਚਾਖਚ ਭਰੇ ਪੰਡਾਲ ਵਿੱਚ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖੇਤੀ ਨਾਲ ਸਬੰਧਿਤ ਹਰ ਇਕ ਇਨਸਾਨ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਨਵਾਂ ਉੱਦਮ ਖੇਤੀਬਾੜੀ ਨਾਲ ਸਬੰਧਿਤ ਸ਼ੁਰੂਆਤ ਕਰਨ ਲਈ ਸਾਨੂੰ ਯੂਨੀਵਰਸਿਟੀ ਦੇ ਸਾਇੰਸਦਾਨਾਂ ਨਾਲ ਜ਼ਰੂਰ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਖੇਤੀ ਨੂੰ ਪ੍ਰਫੁਲਤ ਕਰਨ ਲਈ ਇਹ ਕੇਂਦਰ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਸ: ਬੱਬੇਹਾਲੀ ਨੇ ਕਿਹਾ ਕਿ ਸਾਨੂੰ ਮੁੱਢਲਿਆਂ ਖਰਚਿਆਂ ਨੂੰ ਘਟਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਵੱਧ ਤੋਂ ਵੱਧ ਮੁਨਾਫ਼ਾ ਹਾਸਿਲ ਕਰ ਸਕੀਏ। ਉਨ੍ਹਾਂ ਵਿਸ਼ੇਸ਼ ਤੌਰ ਤੇ ਫੋਕੇ ਵਿਖਾਵਿਆਂ ਤੋਂ ਗੁਰੇਜ਼ ਕਰਨ ਨੂੰ ਕਿਹਾ  ਅਤੇ ਇਸ ਗੱਲ ਦੀ ਅਪੀਲ ਕੀਤੀ ਕਿ ਆਪਣੇ ਆਪ ਨੂੰ ਸੱਚਾਈ ਦੇ ਨਾਲ ਜੋੜੀ ਰੱਖੀਏ ਅਤੇ ਨੌਜਵਾਨ ਪੀੜ੍ਹੀ ਖੇਤੀ ਤੋਂ ਬੇਮੁਖ ਨਾ ਹੋਵੇ। ਉਨ੍ਹਾਂ ਕਿਹਾ ਕਿ ਖੇਤੀ ਵਿੱਚ ਸਹਾਇਕ ਧੰਦੇ ਇਕ ਅਹਿਮ ਸਥਾਨ ਰੱਖਦੇ ਹਨ ਅਤੇ ਇਨ੍ਹਾਂ ਨਾਲ ਵੱਧ ਤੋਂ ਵੱਧ ਜੁੜੋ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਮੇਲਾ ਯੂਨੀਵਰਸਿਟੀ ਦੇ ਵਿਗਿਆਨੀਆਂ ਲਈ ਅਤਿ ਮਹੱਤਵਪੂਰਨ ਹੁੰਦਾ ਹੈ  ਕਿਉਂਕਿ ਕਿਸਾਨਾਂ ਵੱਲੋਂ ਦਿੱਤੀ ਪਰਤੀ ਸੂਚਨਾ ਨਵੀਆਂ ਖੋਜਾਂ ਕਰਨ ਵਿੱਚ ਸਹਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਦੁਪਾਸੜਾ ਮੇਲ ਮਿਲਾਪ ਹੈ ਅਤੇ ਤਕਨਾਲੋਜੀ ਪਸਾਰੇ ਦਾ ਇਕ ਅਹਿਮ ਵਸੀਲਾ ਹੈ। ਡਾ: ਢਿੱਲੋਂ ਨੇ ਦੱਸਿਆ ਕਿ ਵਾਤਾਵਰਨ ਵਿੱਚ ਆ ਰਿਹਾ ਵਿਗਾੜ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਅਸੀਂ ਮੇਲੇ ਦਾ ਉਦੇਸ਼ ‘‘ਪਰਾਲੀ ਸਾੜ ਕੇ ਜੱਟਾ, ਨ ਕਰ ਸਭ ਦਾ ਮਨ ਖੱਟਾ ’’ ਰੱਖਿਆ ਗਿਆ ਹੈ। ਡਾ: ਢਿੱਲੋਂ ਨੇ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਵਿੱਚ 50 ਫੀ ਸਦੀ ਤੋਂ ਵੱਧ ਪਰਾਲੀ ਅੱਗ ਦੀ ਭੇਂਟ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸੰਬੰਧੀ ਯੂਨੀਵਰਸਿਟੀ ਵੱਲੋਂ ਅਨੇਕਾਂ ਸਿਫਾਰਸਾਂ ਕੀਤੀਆਂ ਗਈਆਂ ਹਨ। ਉਨ੍ਹਾਂ ਵਿਸੇਸ਼ ਤੌਰ ਤੇ ਪੱਤਾ ਰੰਗ ਚਾਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਛੋਟੇ ਜਿਹੇ ਯੰਤਰ ਨਾਲ ਅਸੀਂ ਨਾਈਟਰੋਜਨ ਦੀ ਸੁਚੱਜੀ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਪੱਤਾ ਰੰਗ ਚਾਰਟ ਹਰ ਇਕ ਕਿਸਾਨ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਕਿਸਾਨ ਮੇਲਿਆਂ ਵਿੱਚ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਹਿਤ ਨਾਲ ਜ਼ਰੂਰ ਜੁੜੋ ਅਤੇ ਆਪਣੇ ਆਪਣੇ ਘਰਾਂ ਵਿੱਚ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਜ਼ਰੂਰ ਲੁਆਓ।

ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਹਰਦੇਵ ਸਿੰਘ ਰਿਆੜ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਭਾਗ ਲਓ ਅਤੇ ਕਿਸਾਨ ਇਨ੍ਹਾਂ ਮੇਲਿਆਂ ਵਿੱਚ ਆਪਣੇ ਖੋਜ ਤਜਰਬਿਆਂ ਦਾ ਮੁਲਾਂਕਣ ਯੂਨੀਵਰਸਿਟੀ ਵੱਲੋਂ ਕੀਤੇ ਖੋਜ ਤਜਰਬਿਆਂ ਨਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਲਿਆਂ ਦੌਰਾਨ ਵੱਖ ਵੱਖ ਵਿਸ਼ਾ ਵਸਤੂ ਮਾਹਿਰਾਂ ਦੇ ਵਿਚਾਰ ਧਿਆਨ ਨਾਲ ਸੁਣੋ ਅਤੇ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਦੀ ਇਨਬਿਨ ਪਾਲਣਾ ਕਰੋ। ਬੋਰਡ ਦੇ ਮੈਂਬਰ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਨੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੀਆਂ ਖੋਜ ਪ੍ਰਾਪਤੀਆਂ ਪ੍ਰਕਾਸ਼ਨਾਵਾਂ ਵਿੱਚ ਦਰਜ ਹੁੰਦੀਆਂ ਹਨ। ਇਸ ਲਈ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਨਾਲ ਸਾਂਝ ਪਾਓ। ਉਨ੍ਹਾਂ ਕਿਹਾ ਕਿ ਭਵਿੱਖ ਦੀ ਖੇਤੀ ਹਿਸਾਬ ਕਿਤਾਬ ਨਾਲ ਕਰਨ ਵਾਲੀ ਖੇਤੀ ਹੈ।

ਮੇਲੇ ਵਿੱਚ ਆਏ ਕਿਸਾਨਾਂ ਨੂੰ ਜੀ ਆਇਆਂ ਕਹਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਨਵੀਨ ਵਿਕਸਤ ਤਕਨਾਲੋਜੀ ਨੂੰ ਪ੍ਰਦਰਸ਼ਨੀਆਂ ਅਤੇ ਹੋਰ ਪ੍ਰਕਾਸ਼ਨਾਵਾਂ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਇਕ ਬੱਸ ਨੂੰ ਵੀ  ਸ਼ਾਮਿਲ ਕੀਤਾ ਗਿਆ ਹੈ ਜਿਸ ਵਿੱਚ ਵੱਖ ਵੱਖ ਸਹਾਇਕ ਕਿੱਤਿਆਂ ਸੰਬੰਧੀ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ ਇਹ ਬੱਸ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਵੀ ਫੇਰੀ ਪਾਵੇਗੀ। ਡਾ: ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸਾਂਝ ਜ਼ਰੂਰ ਪਾਓ ਅਤੇ ਸਹਾਇਕ ਕਿੱਤਿਆਂ ਸੰਬੰਧੀ ਸਿਖਲਾਈ ਹਾਸਿਲ ਕਰੋ।

ਮੇਲੇ ਦੌਰਾਨ ਯੂਨੀਵਰਸਿਟੀ ਦੇ ਸਹਿਯੋਗੀ ਨਿਰਦੇਸ਼ਕ ਖੋਜ ਡਾ: ਪਿਆਰਾ ਸਿੰਘ ਚਾਹਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫ਼ਸਲਾਂ ਤੇ ਖੋਜ ਕਾਰਜ ਕੀਤੇ ਜਾ ਰਹੇ ਹਨ ਅਤੇ 727 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਸਿਫਾਰਸ਼ ਕਣਕ ਦੀਆਂ 50 ਫੀ ਸਦੀ ਤੋਂ ਵੱਧ ਕਿਸਮਾਂ ਇਸ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਡਾ: ਚਾਹਲ ਨੇ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 658 ਤੋਂ ਇਲਾਵਾ ਮੱਕੀ, ਸੂਰਜਮੁਖੀ, ਅਮਰੂਦ, ਬੈਂਗਣ, ਮਿਰਚਾਂ ਆਦਿ ਕਿਸਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਕਣਕ ਦੀਆਂ  ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਹੀ ਬੀਜੋਗੇ ਤਾਂ ਪੀਲੀ ਕੁੰਗੀ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 1973 ਤੋਂ ਸਥਾਪਿਤ ਇਹ ਕੇਂਦਰ ਸਭ ਤੋਂ ਪੁਰਾਣੇ ਕੇਂਦਰਾਂ ਵਿਚੋਂ ਇਕ ਹੈ।

ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ। ਵੱਖ ਵੱਖ ਵਿਸ਼ਾ ਵਸਤੂ ਮਾਹਿਰਾਂ ਵੱਲੋਂ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਮੌਕੇ ਤੇ ਹੀ ਦਿੱਤੇ ਗਏ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>