ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਤਰ ਪ੍ਰਦੇਸ਼ ਦੇ ਮੁਜ਼ਫਰ ਨਗਰ ਜਿਲ੍ਹੇ ਵਿੱਚ ਹੋਈਆਂ ਹਿੰਸਕ ਵਾਰਦਾਤਾਂ ਵਿੱਚ 31 ਲੋਕਾਂ ਦੀ ਹੋਈ ਮੌਤ ਤੇ ਚਿੰਤਾ ਜਾਹਿਰ ਕਰਦੇ ਹੋਏ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਗੱਲਬਾਤ ਕਰਕੇ ਰਾਜ ਦੀ ਸਥਿਤੀ ਸਬੰਧੀ ਜਾਣਕਾਰੀ ਲਈ। ਮਾਇਆਵਤੀ ਨੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ ਹੈ।ਕਾਂਗਰਸ ਵੱਲੋਂ ਵੀ ਮੁੱਖਮੰਤਰੀ ਅਖਿਲੇਸ਼ ਤੋਂ ਅਸਤੀਫ਼ਾ ਮੰਗਿਆ ਹੈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਂਤੀ ਬਹਾਲੀ ਲਈ ਰਾਜ ਵੱਲੋਂ ਉਠਾਏ ਜਾ ਰਹੇ ਕਦਮਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਕੇਂਦਰ ਵੱਲੋਂ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿਵਾਇਆ ਹੈ। ਪ੍ਰਧਾਨਮੰਤਰੀ ਨੇ ਹਿੰਸਕ ਘਟਨਾਵਾਂ ਦੀ ਨਿੰਦਿਆ ਕੀਤੀ ਹੈ ਅਤੇ ਜਾਨਮਾਲ ਦੀ ਹੋਈ ਹਾਨੀ ਤੇ ਦੁੱਖ ਪ੍ਰਗਟ ਕੀਤਾ ਹੈ। ਮੁਜ਼ਫਰਪੁਰ ਵਿੱਚ ਹੋਈਆਂ ਹਿੰਸਕ ਵਾਰਦਾਤਾਂ ਵਿੱਚ ਮਰਨ ਵਾਲਿਆਂ ਦੀ ਸੰਖਿਆ 31 ਤੱਕ ਪਹੁੰਚ ਗਈ ਹੈ।
ਉਤਰਪ੍ਰਦੇਸ਼ ਪੁਲਿਸ ਨੇ ਹਿੰਸਾ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਜਾ ਰਹੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਅਤੇ ਦੋ ਹੋਰ ਸਾਂਸਦਾਂ ਨੂੰ ਸੂਬੇ ਦੀ ਦਿੱਲੀ ਨਾਲ ਲਗਦੀ ਸੀਮਾ ਤੇ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਦਿੱਲੀ ਵਾਪਿਸ ਪਰਤਣ ਲਈ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਸ਼ਾਂਤੀ ਸਥਾਪਿਤ ਕਰਨ ਅਤੇ ਹਸਪਤਾਲਾਂ ਵਿੱਚ ਜਖਮੀ ਲੋਕਾਂ ਦਾ ਹਾਲਚਾਲ ਪੁੱਛਣ ਲਈ ਜਾ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਜਾਣ ਨਹੀੰਦਿੱਤਾ ।