ਬਾਦਲਾਂ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਕਾਰਨ ਲੋਕ ਤਰਾਹ ਤਰਾਹ ਕਰ ਰਹੇ ਹਨ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਕੋਈ ਵਿੱਤੀ ਸੰਕਟ ਨਾ ਹੋਣ ਬਾਰੇ ਦਿੱਤੇ ਬਿਆਨ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਸੂਬੇ ਦੀ ਵਿੱਤੀ ਸੰਕਟ ਪ੍ਰਤੀ ਸਹੀ ਤਸਵੀਰ ਪੇਸ਼ ਕਰਨ ਲਈ ਸਿਆਸੀ ਵਿਰੋਧੀਆਂ ਅਤੇ ਮੀਡੀਆ ਨੂੰ ਕੋਸਣ ਦੀ ਥਾਂ ਸੁਖਬੀਰ ਨੂੰ ਸਚਾਈ ਸਵੀਕਾਰ ਕਰ ਲੈਣ ਦੀ ਹਿੰਮਤ ਦਿਖਾਉਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਅੰਕੜਿਆਂ ਦੀ ਜੁਗਲਬੰਦੀ ਜਾਂ ਸ਼ਬਦ ਕਲੋਲਾਂ ਰਾਹੀਂ ਵਿੱਤੀ ਸੰਕਟ ਨੂੰ ਦਰਸਾਉਂਦੇ ਤੱਥਾਂ ਨੂੰ ਲੁਕਾ ਕੇ ਪਰਦਾਪੋਸ਼ੀ ਕਰਨ ਦੇ ਬਾਵਜੂਦ ਅਸਲੀਅਤ ਨੂੰ ਝੁਠਲਾਇਆ ਨਹੀਂ ਜਾ ਸਕਦਾ।

ਉਹਨਾਂ ਕਿ ਇਸ ਸਮੇਂ ਰਾਜ ਨੂੰ ਵਿਦੇਸ਼ੀ ਪੂੰਜੀ ਨਿਵੇਸ਼ ਦੀ ਸਖ਼ਤ ਜ਼ਰੂਰਤ ਹੈ ਪਰ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਿਦੇਸ਼ੀ ਪੂੰਜੀ ਨਿਵੇਸ਼ਕ ਡਰੇ ਹੋਏ ਹਨ। ਦੂਜੇ ਪਾਸੇ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 274 ਸਨਅਤੀ ਇਕਾਈਆਂ ਰਾਜ ਤੋਂ ਪਲਾਇਨ ਕਰ ਚੁੱਕੀਆਂ ਹਨ। ਇਸ ਵਕਤ ਆਮ ਲੋਕਾਂ ਦਾ ਕਾਰੋਬਾਰ ਠੱਪ ਹੋ ਰਹਿ ਗਿਆ ਹੈ ਤੇ ਲੋਕਾਂ ਦੀ ਆਰਥਿਕ ਦਸ਼ਾ ਬਦ ਤੋਂ ਬਦਤਰ ਹੋ ਗਈ ਹੈ। ਉਹਨਾਂ ਲਈ ‘‘ਢਿੱਡ ਨਾ ਪਾਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ’’ ਵਾਲੀ ਗਲ ਹੈ । ਭੂ ਮਾਫੀਆ, ਰੇਤ ਮਾਫੀਆ ਦੀ ਸਰਗਰਮੀ, ਈ ਟਰਿਪ, ਕਾਲੋਨੀਆਂ ਰੈਗੂਲਰ ਕਰਨ ਤੇ ਬਿਜਲੀ ਦੇ ਵਧੇ ਹੋਏ ਰੇਟਾਂ ਨਾਲ ਬਾਦਲ ਸਰਕਾਰ ਦੀ ਆਮ ਆਦਮੀ ਦੀ ਜੇਬ ਵਿੱਚੋਂ ਆਖਰੀ ਰੁਪਿਆ ਨੂੰ ਵੀ ਕੱਢ ਲੈਣ ਦੀ ਵਿਉਂਤਬੰਦੀ ਕਾਰਨ ਲੋਕ ਤਰਾਹ ਤਰਾਹ ਕਰ ਰਹੇ ਹਨ।

ਫ਼ਤਿਹ ਬਾਜਵਾ ਨੇ ਦੱਸਿਆ ਪੰਜਾਬ ਅੱਜ ਅਤਿ ਕਰਜ਼ਾਈ ਸੂਬਿਆਂ ਵਿੱਚ ਗਿਣਿਆ ਜਾ ਰਿਹਾ ਹੈ। ਓਵਰਡਰਾਫਟਿੰਗ ਦੇ ਮਾਮਲੇ ਵਿੱਚ ਪੰਜਾਬ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੇ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਸਰਕਾਰ ਵੱਲੋਂ 14ਵੇਂ ਵਿੱਤ ਕਮਿਸ਼ਨ ਨੂੰ ਪੇਸ਼ ਰਿਪੋਰਟ ਵਿੱਚ ਸਰਕਾਰ ਨੇ ਖੁਦ ਮੰਨਿਆ ਹੈ ਕਿ ਇਸ ਸਾਲ ਦੇ ਅੰਤ ਤਕ ਰਾਜ ਸਿਰ 1,02,282 ਕਰੋੜ ਕਰਜ਼ਾ ਚੜ ਜਾਵੇਗਾ ਜੱਦੋ ਕਿ ਅਸਲੀਅਤ ਇਹ ਕਿ ਰਾਜ ਸਿਰ ਕੁਲ ਕਰਜ਼ਾ 1.5 ਲੱਖ ਕਰੋੜ ਤੋਂ ਪਾਰ ਹੋ ਜਾਣ ਦੀ ਉਮੀਦ ਹੈ।  ਸਰਕਾਰ ਦੀ ਕਰਜ਼ਾ ਲੈਣ ਦੀ ਹੱਦ ਪਾਰ ਹੋ ਜਾਣ ਕਾਰਨ ਰੋਜ਼ਮੱਰਾ ਦਾ ਖਰਚਾ ਚਲਾਉਣ ਲਈ ਸਰਕਾਰ ਵੱਲੋਂ ਸਿੰਚਾਈ ਵਿਭਾਗ , ਪੁੱਡਾ ਅਤੇ ਪੀ ਡਬਲਯੂ ਡੀ ਆਦਿ ਦੀਆਂ ਬੇਸ਼ਕੀਮਤੀ ਸਰਕਾਰੀ ਜ਼ਮੀਨਾਂ ਤੇ ਜਾਇਦਾਦਾਂ ਨੂੰ ਵੇਚ ਜਾਂ ਗਿਰਵੀ ਰਖ ਰਹੀ ਹੈ।

ਉਹਨਾਂ ਕਿਹਾ ਕਿ  ਕਿਸੇ ਤਰਾਂ ਦੇ ਵੀ ਭੁਗਤਾਨ ਕਰਨ ਵਿੱਚ ਸਰਕਾਰੀ ਖ਼ਜ਼ਾਨਾ ਦਫ਼ਤਰਾਂ ’ਚ ਅਣ ਐਲਾਨੀ ਰੋਕ ਲੱਗੀ ਹੋਈ ਹੈ। ਰਾਜ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ, ਹਜ਼ਾਰਾਂ ਅਧਿਆਪਕਾਂ,  7 ਹਜ਼ਾਰ ਕੰਪਿਊਟਰ ਟੀਚਰਾਂ, ਹਜ਼ਾਰਾਂ ਰੂਰਲ ਮੈਡੀਕਲ ਅਫ਼ਸਰਾਂ ਅਤੇ ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਪਿਛਲੇ ਕਈ ਮਹੀਨਿਆਂ ਤੋਂ ਲਟਕ ਰਹੀਆਂ ਹਨ, ਰਾਜ ਦੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ’ਤੇ ਡੀ ਏ ਦੀ ਕਿਸ਼ਤ ਦੇਣ ਇੱਥੋਂ ਤਕ ਕਿ ਢਾਈ ਸੌ ਰੁਪੈ ਮਹੀਨਾ ਬੁਢਾਪਾ ਪੈਨਸ਼ਨਾਂ ਦੇਣ ਲਈ ਅਤੇ  ਅਤੇ ਬਕਾਇਆ ਦੇਣ ਲਈ ਵੀ ਪੈਸੇ ਨਹੀਂ ਹਨ।  ਆਟਾ ਦਾਲ ਸਕੀਮ ਬੰਦ ਪਈ ਹੈ,  80 ਹਜ਼ਾਰ ਤੋਂ ਵੱਧ ਪਰਿਵਾਰ ਸ਼ਗਨ ਸਕੀਮ ਦੀ ਉਡੀਕ ’ਚ ਹਨ। ਇੱਕ ਰਿਪੋਰਟ ਅਨੁਸਾਰ ਉਕਤ ਮਕਸਦ ਲਈ ਪਿਛਲੇ ਮਾਲੀ ਸਾਲ ਦੀਆਂ ਹੀ  1049 ਕਰੋੜ ਰੁਪੈ ਗਰਾਂਟ ਜਾਰੀ ਨਹੀਂ ਹੋਈ।  ਵਪਾਰੀਆਂ ਤੇ ਉੱਦਮੀਆਂ ਨੂੰ ਵੈਟ ਰਿਫੰਡ ਨਹੀਂ ਹੋ ਰਿਹਾ ਅਤੇ ਈਧਨ ਸਮੇਤ ਹੋਰ ਸਰਕਾਰੀ ਦੇਣਦਾਰੀਆਂ ਦਾ ਭੁਗਤਾਨ ਨਹੀਂ ਹੋ ਰਿਹਾ ਹੈ। ਲੋਕ ਭਲਾਈ ਲਈ ਵੱਖ ਵੱਖ ਕੇਂਦਰੀ ਯੋਜਨਾਵਾਂ ਲਾਗੂ ਕਰਨ ਲਈ ਆਪਣੇ ਹਿੱਸੇ ਦੀ ਰਕਮ ਦਾ ਭੁਗਤਾਨ ਨਾ ਕਰਨ ਕਾਰਨ ਕਈ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਨਹੀਂ ਮਿਲ ਸਕੀਆਂ । ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਨਾ ਮੁਫ਼ਤ ਦਵਾਈ ਤੇ ਨਾ ਮੁਫ਼ਤ ਇਲਾਜ ਹੋ ਰਿਹਾ ਹੈ। ਵਿਦਿਆਰਥਣਾਂ ਨੂੰ ਫਰੀ ਸਾਈਕਲ, ਲੈਪਟਾਪ ਅਤੇ 1000 ਰੁਪੈ ਬੇਰੁਜ਼ਗਾਰੀ ਭੱਤਾ ਮਿਲਣਾ ਤਾਂ ਹੁਣ ਸੁਪਨਾ ਹੀ ਬਣ ਗਿਆ ਹੈ।  ਉਹਨਾਂ ਸਵਾਲ ਕੀਤਾ ਕਿ 176 ਹਸਪਤਾਲ ਵਿੱਚੋਂ 76 ਨੂੰ ਡਿਸਪੈਂਸਰੀਆਂ ਬਣਾ ਦੇਣਾ ਕਿਹੜਾ ਵਿਕਾਸ ਮਾਡਲ ਹੈ? ਉਹਨਾਂ ਕਿਹਾ ਕਿ ਇਹ ਸਾਰੀਆਂ ਗੱਲਾਂ ਰਾਜ ਵਿੱਚ ਵਿੱਤੀ ਸੰਕਟ ਨੂੰ ਦਰਸਾਉਣ ਲਈ ਕਾਫ਼ੀ ਹਨ।

ਫ਼ਤਿਹ ਬਾਜਵਾ ਨੇ ਸੁਖਬੀਰ ਬਾਦਲ ਵੱਲੋਂ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਲਈ 2000 ਕਰੋੜ ਖਰਚ ਕਰਨ ਦੇ ਐਲਾਨ ਨੂੰ ਫੋਕਾ ਅਤੇ ਅੰਮ੍ਰਿਤਸਰ ਵਾਸੀਆਂ ਅਤੇ ਗੁਰੂ ਨਗਰੀ ਪ੍ਰਤੀ ਆਸਥਾ ਰੱਖਣ ਵਾਲੇ ਸਮੂਹ ਪੰਜਾਬੀਆਂ ਨਾਲ ਭੱਦਾ ਮਜ਼ਾਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਖ਼ਜ਼ਾਨਾ ਪੂਰੀ ਤਰਾਂ ਖਾਲੀ ਹੈ ਤੇ ਸੁਖਬੀਰ ‘‘ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ’’ ਕਰ ਰਿਹਾ ਹੈ। ਉਹਨਾਂ ਸੁਖਬੀਰ ਨੂੰ ਸਵਾਲ ਕੀਤਾ ਕਿ ਉਸ ਵੱਲੋਂ ਐਲਾਨਿਆ ਗਿਆ ਉਹ ਕਿਹੜਾ ਪ੍ਰਾਜੈਕਟ ਹੈ ਜੋ ਪੂਰਾ ਕੀਤਾ ਗਿਆ ਹੋਵੇ। ਉਹਨਾਂ ਦੱਸਿਆ ਕਿ ਸੁਖਬੀਰ ਨੇ ਅੰਮ੍ਰਿਤਸਰ ਵਿਖੇ ਸਿੱਟੀ ਬਸ ਸੇਵਾ, ਸਾਲਿਡ ਵੇਸਟ ਮੈਨੇਜਮੈਂਟ ਪਲਾਂਟ, ਟੂਰਿਸਟ ਹੱਬ ਲਈ ਪੌਡ ਪ੍ਰਣਾਲੀ ਵਾਲਾ ਆਵਾਜਾਈ ਸਾਧਨ ਅਤੇ ਸਪੋਰਟਸ ਕੰਪਲੈਕਸ ਆਦਿ ਦਾ ਉਦਘਾਟਨ ਤਾਂ ਬੜੇ ਜ਼ੋਰ ਸ਼ੋਰ ਨਾਲ ਕੀਤਾ ਪਰ ਇਹਨਾਂ ਵਿੱਚੋਂ ਇੱਕ ਵੀ ਪ੍ਰਾਜੈਕਟ ਨੂੰ ਸਿਰੇ ਨਹੀਂ ਚੜ੍ਹਾਇਆ ਗਿਆ।  ਉਹਨਾਂ ਕਿਹਾ ਕਿ ਹੁਣ ਫੋਕੇ ਐਲਾਨਾਂ ਨਾਲ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>