ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਕਿਸਾਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵੱਖ ਵੱਖ ਖੇਤਰਾਂ ਵਿੱਚ ਛੋਟੇ ਦਰਮਿਆਨੇ ਅਗਾਂਹਵਧੂ ਕਿਸਾਨਾਂ ਨੂੰ ਹਰ ਵਾਰੀ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਸਨਮਾਨ ਉਨ੍ਹਾਂ ਕਿਸਾਨ ਵੀਰਾਂ ਦਾ ਮਨੋਬਲ ਤਾਂ ਉੱਚਾ ਕਰਦਾ ਹੀ ਹੈ ਨਾਲ ਹੀ ਦੂਜੇ ਕਿਸਾਨ ਵੀਰਾਂ ਲਈ ਵੀ ਪ੍ਰੇਰਨਾ ਸਰੋਤ ਬਣਦਾ ਹੈ। ਇਸ ਵਾਰ ਚੁਣੇ ਗਏ ਕਿਸਾਨ ਵੀਰਾਂ ਨੇ ਲਕੀਰ ਤੋਂ ਹਟ ਕੇ ਆਪਣੀ ਕਿਰਸਾਨੀ ਨੂੰ ਦਿਸ਼ਾ ਦਿੱਤੀ ਅਤੇ ਚੰਗੇ ਨਾਮ ਨਾਲ ਮੁਨਾਫ਼ਾ ਵੀ ਹਾਸਿਲ ਕਰ ਰਹੇ ਹਨ। ਪੇਸ਼ ਆ ਰਹੀਆਂ ਕਿਰਸਾਨੀ ਦੀਆਂ ਔਕੜਾਂ ਦੀ ਕਦੇ ਉਨ੍ਹਾਂ ਪੇਸ਼ ਨਹੀਂ ਜਾਣ ਦਿੱਤੀ। ਔਕੜਾਂ ਨੂੰ ਚੁਣੌਤੀ ਮੰਨਦਿਆਂ ਉਨ੍ਹਾਂ ਦਾ ਟਾਕਰਾ ਕੀਤਾ ਅਤੇ ਨਿੱਤਰ ਕੇ ਇਕ ਮਿਸਾਲ ਕਾਇਮ ਕੀਤੀ। ਖੁਸ਼ੀ ਦੀ ਗੱਲ ਹੈ ਕਿ ਕਿਸਾਨ ਬੀਬੀਆਂ ਵਿਚੋਂ ਇਕ ਬੀਬੀ ਨੂੰ ਵੀ ਇਸ ਵਾਰ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸ ਨੇ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਤੇ ਸਿਖਲਾਈ ਤੋਂ ਉਤਸ਼ਾਹਿਤ ਹੋ ਕੇ ਲਘੂ ਉਦਯੋਗਿਕ ਇਕਾਈ ਸਥਾਪਿਤ ਕੀਤੀ ਅਤੇ ਹੋਰ ਕਿਸਾਨ ਬੀਬੀਆਂ ਨੂੰ ਵੀ ਖੇਤੀ ਬਾਬਤ ਸਿਖਲਾਈਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਇਸ ਵਾਰ ਸ: ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਦੋ ਅਗਾਂਹਵਧੂ ਕਿਸਾਨ ਵੀਰਾਂ ਨੂੰ ਦਿੱਤਾ ਜਾ ਰਿਹਾ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਸੁਖਾ ਸਿੰਘ ਵਾਲਾ ਦੇ ਅਗਾਂਹਵਧੂ ਕਿਸਾਨ ਸ. ਨਿਰਭੈ ਸਿੰਘ ਸਪੁੱਤਰ ਅਜਮੇਰ ਸਿੰਘ ਨੇ ਵਿਗਿਆਨਕ ਲੀਹਾਂ ਤੇ ਸਬਜ਼ੀ ਉਤਪਾਦਨ ਦੇ ਖੇਤਰ ਵਿਚ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। 45 ਸਾਲਾ ਸ. ਨਿਰਭੈ ਸਿੰਘ ਨੇ ਸਿੱਖਿਆ ਗਿਆਨੀ ਤੱਕ ਹਾਸਲ ਕੀਤੀ ਹੈ। ਆਪਣੀ ਸਾਢੇ ਚਾਰ ਏਕੜ ਜ਼ਮੀਨ ਉਪਰ ਪਿਛਲੇ ਪੰਦਰਾਂ ਸਾਲਾਂ ਤੋਂ ਸਬਜ਼ੀਆਂ ਦੀ ਕਾਸ਼ਤ ਅਤੇ ਇਸਦੀ ਪਨੀਰੀ ਤਿਆਰ ਕਰਨ ਵਿਚ ਵਿਲੱਖਣ ਪਹਿਚਾਣ ਬਣਾਈ ਹੈ । ਸਖਤ ਮਿਹਨਤ ਅਤੇ ਲਗਨ ਨੇਉਨ੍ਹਾਂ ਨੂੰ ਇਸ ਕਾਰਜ ਦੀ ਤਕਨੀਕੀ ਸਿਖਲਾਈ ਲਈ ਪੀ ਏ ਯੂ ਅਤੇ ਇਸਦੇ ਸਿਖਲਾਈ ਕੇਂਦਰਾਂ ਵੱਲ ਤੋਰਿਆ। ਉਹ ਸੰਬੰਧਿਤ ਖੇਤੀ ਕਿੱਤੇ ਲਈ ਪੀ ਏ ਯੂ ਲੁਧਿਆਣਾ ਤੋਂ ਫੁੱਲਾਂ ਦੇ ਬੀਜ ਉਤਪਾਦਨ ਲਈ ਅਤੇ ਯੰਗ ਫਾਰਮਰ ਦੀ ਟਰੇਨਿੰਗ ਲੈ ਚੁੱਕੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਤੋਂ ਹਾਈਬ੍ਰਿਡ ਸੀਡ ਉਤਪਾਦਨ, ਮੱਖੀ-ਪਾਲਣ ਅਤੇ ਫ਼ਲ਼ਦਾਰ ਬੂਟਿਆਂ ਦੀ ਬੀਜਾਈ ਦੀ ਸਿਖਲਾਈ ਹਾਸਲ ਕਰ ਚੁੱਕੇ ਹਨ। ਅੱਜ ਉਹ ਜਿਥੇ ਚਾਰ ਏਕੜ ਵਿਚ ਸਬਜ਼ੀਆਂ ਦੀਆਂ ਫ਼ਸਲਾਂ ਅਤੇ ਨਰਸਰੀ ਦਾ ਕਾਰਜ ਕਰ ਰਹੇ ਹਨ।ਉਨ੍ਹਾਂ ਵੱਲੋਂ ਇੱਕ ਕਨਾਲ ਖੇਤਰ ਵਿਚ ਨੈੱਟ ਹਾਊਸ ਸਥਾਪਿਤ ਕੀਤਾ ਹੈ। ਹਰ ਸਾਲ ਉਹ ਘਰੇਲੂ ਬਗੀਚੀ ਲਈ ਵੀ 10,000 ਪੈਕੇਟ ਬੀਜਾਂ ਦੇ ਤਿਆਰ ਕਰਦੇ ਹਨ। ਅੱਜ ਉਹ ਆਪਣੇ ਇਲਾਕੇ ਵਿਚ ਸਬਜ਼ੀਆਂ ਦੀ ਮਿਆਰੀ ਪਨੀਰੀ ਤਿਆਰ ਕਰਨ ਦਾ ਭਰੋਸਾ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਨਰਸਰੀ ਉੱਪਰ 4-5 ਨੌਜਵਾਨਾਂ ਨੂੰ ਪੂਰਾ ਸਾਲ ਰੁਜ਼ਗਾਰ ਵੀ ਮਿਲਦਾ ਹੈ। ਸਜਾਵਟੀ ਬੂਟਿਆਂ, ਫ਼ਲਾਂ, ਫੁੱਲਾਂ, ਸਬਜ਼ੀਆਂ ਦੇ ਬੀਜ ਤਿਆਰ ਕਰਕੇ ਉਹ ਆਪਣੇ ਖੇਤ ਵਿਚ ਹੀ ਉਨ੍ਹਾਂ ਦੀ ਪ੍ਰਦਰਸ਼ਨੀ ਲਾਉਂਦੇ ਹਨ ਅਤੇ ਉਥੇ ਉਨ੍ਹਾਂ ਨੇ ਇਸਦਾ ਵਿਕਰੀ ਕੇਂਦਰ ਵੀ ਸਥਾਪਤ ਕੀਤਾ ਹੋਇਆ ਹੈ। ਅੱਜ ਉਹ ਇਸ ਗੱਲ ਦੀ ਮਿਸਾਲ ਹਨ ਕਿ ਸਬਜ਼ੀਆਂ ਦੀ ਕਾਸ਼ਤ ਦੇ ਖੇਤਰ ਵਿਚ  ਵਿਗਿਆਨਕ ਢੰਗ ਅਪਣਾ ਕੇ ਵੱਧ ਕਮਾਈ ਅਤੇ ਖੁਸ਼ਹਾਲੀ ਦੇ ਰਾਹ ਤੁਰਿਆ ਜਾ ਸਕਦਾ ਹੈ। ਅਨੇਕਾਂ ਕਲੱਬਾਂ ਅਤੇ ਸੁਸਾਇਟੀਆਂ ਦੇ ਮੈਂਬਰ ਸ. ਨਿਰਭੈ ਸਿੰਘ ਤਕਨੀਕੀ ਸਿਖਲਾਈ ਅਤੇ ਕਿੱਤੇ ਬਾਰੇ ਹੋਰ ਜਾਣਕਾਰੀ ਲੈਣ ਲਈ ਵੱਖ-ਵੱਖ ਸੂਬਿਆਂ ਦੀਆਂ ਖੇਤੀ ਸੰਸਥਾਵਾਂ ਦਾ ਦੌਰਾ ਕਰ ਚੁੱਕੇ ਹਨ। ਕੁਦਰਤੀ ਸੋਮਿਆਂ ਪ੍ਰਤੀ ਸੁਚੇਤ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਿਚ ਨਾਮਣਾ ਖੱਟਣ ਵਾਲੇ ਸ. ਨਿਰਭੈ ਸਿੰਘ ਅਨੇਕਾਂ ਨਾਮੀ ਸੰਸਥਾਵਾਂ ਤੋਂ ਕਈ ਸਨਮਾਨ ਪ੍ਰਾਪਤ ਕਰ ਚੁੱਕੇ ਹਨ।

ਸ: ਨਿਰਭੈ ਸਿੰਘ ਤੋਂ ਇਲਾਵਾ ਇਹ ਪੁਰਸਕਾਰ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਰਾਏਪੁਰ ਕਲਾਂ ਦੇ ਜੰਮਪਲ ਅਗਾਂਹਵਧੂ ਕਿਸਾਨ ਸ. ਗੁਰਦਿਆਲ ਸਿੰਘ ਸਪੁੱਤਰ ਸ. ਜੋਗਿੰਦਰ ਸਿੰਘ ਨੂੰ ਵੀ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਗਿਆਨ-ਵਿਗਿਆਨਕ ਦ੍ਰਿਸ਼ਟੀ ਆਸਰੇ ਖੇਤੀ ਨੂੰ ਅਜਿਹੀ ਚੋਟੀ ਉਤੇ ਪਹੁੰਚਾਇਆ ਹੈ, ਜਿਸ ਉਪਰ ਪੂਰਨ ਰੂਪ ਵਿਚ ਮਾਣ ਕੀਤਾ ਜਾ ਸਕਦਾ ਹੈ। ਉਮਰ ਵਿਚ 41 ਸਾਲਾਂ ਦੇ ਸ. ਬਲਜੀਤ ਸਿੰਘ ਦੀ ਵਿਦਿਅਕ ਯੋਗਤਾ ਭਾਵੇਂ ਮੈਟ੍ਰਿਕ ਹੀ ਹੈ, ਪਰ ਉਹ ਪਿਛਲੇ 26 ਸਾਲਾਂ ਤੋਂ ਆਪਣੇ ਪਰਿਵਾਰ ਸਹਿਤ 1.5 ਏਕੜ ਆਪਣੀ ਅਤੇ 1.5 ਏਕੜ ਠੇਕੇ ਤੇ ਰਕਬੇ ਉਪਰ ਵਿਗਿਆਨਕ ਤੌਰ-ਤਰੀਕਿਆਂ ਨਾਲ ਖੇਤੀ ਕਰ ਰਹੇ ਹਨ।

ਸ. ਗੁਰਦਿਆਲ ਸਿੰਘ ਨੇ ਮਧੂ-ਮੱਖੀ ਪਾਲਣ ਸੰਬੰਧੀ ਮੁੱਢਲੀ ਸਿੱਖਿਆ ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਤੋਂ ਪ੍ਰਾਪਤ ਕੀਤੀ ਅਤੇ ਮਧੂ ਮੱਖੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਅਪਣਾਇਆ।ਇਸ ਖੇਤਰ ਵਿਚ ਪੈੜਾਂ ਛੱਡਣ ਲਈ ਸਰਦਾਰ ਗੁਰਦਿਆਲ ਸਿੰਘ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਨਮਾਨ ਪੱਤਰ ਨਾਲ ਸਮਾਨਿਤ ਕੀਤਾ ਗਿਆ । ਅੱਜਕੱਲ ਉਹ ਇਸ ਨਾਲ ਸੰਬੰਧਿਤ ਕੌਮਾਂਤਰੀ ਪੱਧਰ ‘ਤੇ ਅਨੇਕਾਂ ਅਦਾਰਿਆਂ ਨਾਲ ਜੁੜੇ ਹੋਏ ਹਨ। ਅੱਜ ਦੇ ਸਮੇਂ ਉਨ੍ਹਾਂ ਕੋਲ 300 ਦੇ ਕਰੀਬ ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਹਨ ਜਿਨ੍ਹਾਂ ਨੂੰ ਪਰ-ਪਰਾਗਣ ਦੇ ਅਨੁਸਾਰ ਵੱਖ-ਵੱਖ ਖੇਤਰਾਂ ਵਿਚ ਲਿਜਾ ਕੇ ਚੋਖੀ ਸ਼ਹਿਦ ਦੀ ਮਾਤਰਾ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਇਲਾਕੇ ਦੇ ਹੋਰ ਮਧੂ ਮੱਖੀ ਪਾਲਕਾਂ ਨੂੰ ਸਾਂਝੇ ਤੌਰ ਤੇ ਇਸ ਕਾਰਜ ਨੂੰ ਕਰਨ ਲਈ ਪ੍ਰੇਰਿਆ ਅਤੇ ਸ਼ਹਿਦ ਦੇ ਸਿੱਧੇ ਮੰਡੀਕਰਨ ਨੂੰ ਸੰਭਵ ਬਣਾਇਆ । ਆਪਣੇ ਵੱਲੋਂ ਖਰੀਦੀ ਗਈ ਮਸ਼ੀਨਰੀ ਦੀ ਸੁਚੱਜੀ ਵਰਤੋਂ ਲਈ ਦੂਜੇ ਕਿਸਾਨਾਂ ਨੇ ਵੀ ਸੇਵਾਵਾਂ ਪ੍ਰਦਾਨ ਕਰਦੇ ਹਨ । 1984 ਵਿੱਚ ਛੋਟੇ ਪੁਰਾਣੇ ਟਰੈਕਟਰ ਤੋਂ ਸ਼ੁਰੂਆਤ ਕਰਨ ਉਪਰੰਤ ਢਿੱਲੋਂ ਕਿਸਾਨ ਸੈਂਟਰ ਨਾਲ ਅੱਜ ਕੱਲ ਇਲਾਕੇ ਵਿੱਚ ਮਸ਼ਹੂਰ ਹਨ । ਤਿੰਨ ਟਰੈਕਟਰ, ਦੋ ਲੇਜ਼ਰ ਕਰਾਹੇ, ਹੈਪੀ ਸੀਡਰ, ਰੋਟਾਵੇਟਰ, ਤਵੀਆਂ, ਸੁਹਾਗਾ, ਬੀਜਾਈ ਦੀਆਂ ਮਸ਼ੀਨਾਂ ਆਦਿ ਨੂੰ ਕਿਰਾਏ ਤੇ ਦੇ ਕੇ ਸ. ਗੁਰਦਿਆਲ ਸਿੰਘ ਸਾਲਾਨਾ 6 ਲੱਖ ਦੇ ਕਰੀਬ ਆਮਦਨ ਪ੍ਰਾਪਤ ਕਰ ਰਹੇ ਹਨ ।

ਉਨ੍ਹਾਂ ਨੇ ਰਵਾਇਤੀ ਫ਼ਸਲ-ਚੱਕਰ ਨੂੰ ਤੋੜਦਿਆਂ ਪੀ ਏ ਯੂ ਵਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਨਵੀਆਂ ਫ਼ਸਲਾਂ ਦੀ ਖੇਤੀ ਵੀ ਕੀਤੀ।ਆਪਣੀ ਦੂਰ ਅੰਦੇਸ਼ੀ ਸਦਕਾ ਥੋੜ੍ਹੀ ਜ਼ਮੀਨ ਤੋਂ ਵੀ ਵੱਧ ਆਮਦਨ ਪ੍ਰਾਪਤ ਕੀਤੀ ਹੈ ਅਤੇ ਉਹ ਆਪਣੇ ਇਲਾਕੇ ਦੇ ਸੂਝਵਾਨ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਵੀ ਬਣੇ ਹੋਏ ਹਨ।

ਇਸ ਵਾਰ ਕਿਸਾਨ ਬੀਬੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਐਵਾਰਡ ਸ਼੍ਰੀਮਤੀ ਕੁਲਵੰਤ ਕੌਰ ਨੂੰ ਦਿੱਤਾ ਜਾ ਰਿਹਾ ਹੈ। ਜਿਲ੍ਹਾ ਫਤਹਿਗੜ੍ਹ  ਸਾਹਿਬ ਦੇ ਪਿੰਡ ਅਮਰੱਲਾ ਦੀ 52 ਸਾਲਾ ਸ਼੍ਰੀਮਤੀ ਕੁਲਵੰਤ ਕੌਰ ਸੁਪਤਨੀ ਸ. ਜਸਵਿੰਦਰ ਸਿੰਘ ਨੇ ਆਪਣੀ ਲਗਨ, ਮਿਹਨਤ ਅਤੇ ਆਤਮ-ਵਿਸ਼ਵਾਸ ਸਦਕਾ ਸਬਜ਼ੀਆਂ ਅਤੇ ਫਲ਼ਾਂ ਤੋਂ ਅਚਾਰ, ਮੁਰੱਬੇ, ਚੱਟਣੀਆਂ ਅਤੇ ਸੁਕੈਸ਼ ਤਿਆਰ ਕਰਕੇ ਆਰਥਿਕ ਖੁਸ਼ਹਾਲੀ ਦਾ ਰਾਹ ਬਣਾਇਆ ਹੈ। ਖੇਤੀ ਕਾਰਜ ਨਾਲ 30 ਸਾਲਾਂ ਤੋਂ ਜੁੜੀ ਸ੍ਰੀਮਤੀ ਕੁਲਵੰਤ ਕੌਰ ਆਪਣੀ ਜਗਿਆਸਾ ਸਦਕਾ ਅਖਬਾਰ ਵਿਚ ਪੜ੍ਹਨ ਮਗਰੋਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਤਹਿਗੜ੍ਹ ਸਾਹਿਬ ਟ੍ਰੇਨਿੰਗ ਲੈਣ ਲਈ ਗਈ ਅਤੇ ਟ੍ਰੇਨਿੰਗ ਦੇ ਅਖੀਰ ਤੇ ਹੋਏ ਮੁਕਾਬਲਿਆਂ ਵਿਚ ਸੇਬ ਦੇ ਜੈਮ ਅਤੇ ਹਲਦੀ ਦੇ ਅਚਾਰ ਲਈ ਪਹਿਲਾ ਇਨਾਮ ਜਿੱਤਿਆ। ਇਸ ਇਨਾਮ ਤੋਂ ਉਤਸ਼ਾਹਤ ਹੋ ਕੇ ਉਸ ਨੇ ਹਲਦੀ ਦਾ ਅਚਾਰ ਤਿਆਰ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ । ਉਸਦੇ ਸਫ਼ਰ ਦੀ ਰਫਤਾਰ ਵੱਧਦੀ ਗਈ ਅਤੇ ਇਸੇ ਤਹਿਤ ਉਸਨੇ ਹੋਰ ਪਦਾਰਥ ਤਿਆਰ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸਮਰਾਲਾ ਅਤੇ ਪੀ ਏ ਯੂ ਲੁਧਿਆਣਾ ਤੋਂ ਸਿਖਲਾਈ ਲਈ । ਉਸ ਨੇ ਛੋਟੇ ਪੱਧਰ ਦੀ ਇਕਾਈ ਸਥਾਪਿਤ ਕੀਤੀ ਜਿਸ ਵਿਚ ਹੋਰ ਪਦਾਰਥਾਂ ਦੀ ਤਿਆਰੀ ਸ਼ਾਮਿਲ ਹੁੰਦੀ ਗਈ ਅਤੇ ਉਸਨੇ ਕਿਸਾਨ ਮੇਲਿਆਂ, ਜੋੜ-ਮੇਲਿਆਂ, ਕੈਂਪਾਂ ਅਤੇ ਬੁਰਜ ਪਿੰਡ ਵਿਖੇ ਆਪਣੀ ਦੁਕਾਨ ਤੇ ਇਸਦੀ ਪ੍ਰਦਰਸ਼ਨੀ ਤੇ ਵਿਕਰੀ ਸ਼ੁਰੂ ਕਰ ਦਿੱਤੀ।  ਇਸ ਨਾਲ ਉਸਨੇ ਜਿਥੇ 2011 ਵਿਚ 1,80,00 ਰੁਪਏ ਦੇ ਮੁਨਾਫ਼ੇ ਦਾ ਕਾਰੋਬਾਰ ਕੀਤਾ ਉਥੇ ਇਹ 2013 ਵਿਚ ਵੱਧ ਕੇ 3,20,000 ਰੁਪਏ ਦਾ ਹੋ ਗਿਆ।ਪਰਿਵਾਰਕ ਖ਼ੁਸ਼ਹਾਲੀ ਦੇ ਨਾਲ-ਨਾਲ ਇਸ ਨਾਲ ਸ਼੍ਰੀਮਤੀ ਕੁਲਵੰਤ ਕੌਰ ਦਾ ਆਤਮ-ਵਿਸ਼ਵਾਸ ਵੀ ਵੱਧਦਾ ਗਿਆ।ਇੱਕ ਕਮਰੇ ਵਿਚ ਆਪਣੀ ਇਕਾਈ ਚਲਾਉਣ ਵਾਲੀ ਇਹ ਸਵੈ-ਉੱਦਮੀ ਔਰਤ ਆਪਣੀ ਸਾਢੇ ਸਤਾਰਾਂ ਏਕੜ ਜ਼ਮੀਨ ਵਿਚ ਸਬਜ਼ੀਆਂ, ਚਾਰਾ, ਦਾਲਾਂ, ਹਲਦੀ ਅਤੇ ਆਂਵਲੇ ਦੀ ਕਾਸ਼ਤ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਕਰਦੀ ਹੈ। ਸਬਜ਼ੀਆਂ ਅਤੇ ਫ਼ਲ਼ਾਂ ਤੋਂ ਪਦਾਰਥ ਤਿਆਰ ਕਰਕੇ ਉਸਨੇ ਕੇਵਲ ਆਪਣੇ ਪਰਿਵਾਰ ਨੂੰ ਹੀ ਨਹੀਂ ਖ਼ੁਸ਼ਹਾਲ ਬਣਾਇਆ ਬਲਕਿ ਹੋਰ ਅਨੇਕਾਂ ਕਿਸਾਨ ਬੀਬੀਆਂ ਲਈ ਚਾਨਣ-ਮੁਨਾਰਾ ਵੀ ਬਣੀ ਹੈ ।

ਸ. ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਇਸ ਵਾਰ ਪਿੰਡ ਕਲਸੀਆਂ (ਰਾਏਕੋਟ) ਦੇ ਸ: ਸਰਬਜੀਤ ਸਿੰਘ ਦੇ ਸਪੁੱਤਰ ਸ: ਜਗਤਾਰ ਸਿੰਘ ਨੂੰ ਦਿੱਤਾ ਜਾ ਰਿਹਾ ਹੈ। ਸ. ਜਗਤਾਰ ਸਿੰਘ ਨੇ ਸਬਜ਼ੀਆਂ ਅਤੇ ਫ਼ੁੱਲ਼ਾਂ ਦੇ ਬੀਜ ਉਤਪਾਦਨ ਦੇ ਖੇਤਰ ਵਿਚ ਰਾਜ ਵਿਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿਚ ਵੀ ਨਾਮਣਾ ਖੱਟਿਆ ਹੈ। 1994 ਵਿਚ ਪੀ ਏ ਯੂ ਲੁਧਿਆਣਾ ਤੋਂ ਬੀ.ਐਸ ਸੀ. ਖੇਤੀਬਾੜੀ ਦੀ ਡਿਗਰੀ ਕਰਨ ਮਗਰੋਂ 25 ਏਕੜ ਜ਼ਮੀਨ ਉਪਰ ਪਿਛਲੇ 25 ਸਾਲਾਂ ਤੋਂ ਸਬਜ਼ੀ ਬੀਜ ਉਤਪਾਦਨ ਦੇ ਖੇਤਰ ਵਿਚ ਸਰਗਰਮੀ ਨਾਲ ਜੁੜੇ ਹੋਏ ਹਨ । ਉਹ ਆਪਣੇ ਇਸ ਕਾਰਜ ਨੂੰ ਹੋਰ ਵਿਕਸਿਤ ਤਰੀਕੇ ਨਾਲ ਕਰਨ ਲਈ ਪੰਜਾਬ ਦੀਆਂ ਸੰਸਥਾਵਾਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਗੁਜਰਾਤ ਅਤੇ ਯੂਰਪੀਅਨ ਦੇਸ਼ਾਂ  ਦਾ ਦੌਰਾ ਕਰ ਚੁੱਕੇ ਹਨ । ਸਰਬਜੀਤ ਸਿੰਘ ਆਤਮਾ ਵਰਗੀਆਂ ਪ੍ਰਗਤੀਸ਼ੀਲ ਸੰਸਥਾਵਾਂ ਦਾ ਮੈਂਬਰ ਹੈ ਅਤੇ ਨੀਦਰਲੈਂਡ ਮੈਨੇਜਮੈਂਟ ਕਾਰਪੋਰੇਸ਼ਨ ਪ੍ਰੋਗਰਾਮ ਤਹਿਤ ਹਾਈਬ੍ਰਿਡ ਬੀਜ ਉਤਪਾਦਨ ਦੀ ਸਿਖਲਾਈ ਲੈ ਚੁੱਕੇ ਹਨ। ਮਟਰ, ਮੂਲ਼ੀ, ਮਿਰਚ ਅਤੇ ਫ਼ੁੱਲਾਂ ਦੇ ਬੀਜ ਉਤਪਾਦਨ ਦੇ ਨਾਲ-ਨਾਲ ਉਸਨੇ ਪਸ਼ੂ-ਪਾਲਣ, ਖੁੰਬ ਉਤਪਾਦਨ ਨੂੰ ਵੀ ਸਹਾਇਕ ਧੰਦਿਆਂ ਵਜੋਂ ਅਪਣਾਇਆ । ਉਹ ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਪਿੰਡ ਵਿਚ ਕੈਂਪ ਲਗਾ ਕੇ ਲੋਕਾਂ ਵਿਚ ਨਵੀਆਂ ਤਕਨੀਕਾਂ ਲਈ ਜਾਗਰੂਕਤਾ ਵੀ ਪੈਦਾ ਕਰਦੇ ਹਨ । ਉਨ੍ਹਾਂ ਦੇ ਫੁੱਲਾਂ ਦੇ ਬੀਜਾਂ ਦੀ ਵਿਕਰੀ ਕੈਲੀਫੋਰਨੀਆ, ਯੂ ਐੱਸ ਏ ਤੱਕ ਹੁੰਦੀ ਹੈ ।ਉਨ੍ਹਾਂ ਨੇ 2010 ਵਿਚ 7776 , 2008 ਵਿਚ 2490 ਦੇ ਅਤੇ 2003 ਵਿਚ 14353 ਯੂ ਐਸ ਡਾਲਰ ਦੇ ਬੀਜ ਕੈਲੀਫੋਰਨੀਆ ਨੂੰ ਨਿਰਯਾਤ ਕੀਤੇ।  ਕੁਦਰਤੀ ਸੋਮਿਆਂ ਦੇ ਚੰਗੇਰੇ ਰਖ-ਰਖਾਵ ਲਈ ਉਨ੍ਹਾਂ ਨੇ ਤੁਪਕਾ-ਸਿੰਚਾਈ ਦੀ ਤਕਨੀਕ ਅਪਣਾਈ ਹੋਈ ਹੈ। ਉਹਨਾਂ ਨੇ ਫੁੱਲਾਂ ਦੇ ਬੀਜ ਇਕੱਠੇ ਕਰਨ ਲਈ ਆਪਣੀਆਂ ਵਿਸ਼ੇਸ਼ ਤਕਨੀਕਾਂ ਈਜਾਦ ਕੀਤੀਆਂ ਹਨ ਜਿਸ ਸਦਕਾ ਝਾੜ ਵੱਧ ਪ੍ਰਾਪਤ ਹੁੰਦਾ ਹੈ ਅਤੇ ਇਸਦੀ ਸਫਲਤਾ ਨੂੰ ਦੇਖਦਿਆਂ ਬਾਕੀ ਉਤਪਾਦਕ ਵੀ ਇਨ੍ਹਾ ਤਕਨੀਕਾਂ ਨੂੰ ਅਪਣਾ ਰਹੇ ਹਨ।

ਇਸ ਵਾਰ ਦਾ ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਸੰਗਰੂਰ ਜਿਲ੍ਹੇ ਦੇ ਪਿੰਡ ਉਪਲੀ ਦੇ ਜੰਮਪਲ ਸ: ਬਲਜੀਤ ਸਿੰਘ ਸਪੁੱਤਰ ਸ. ਬੰਤ ਸਿੰਘ ਨੇ ਗਿਆਨ-ਵਿਗਿਆਨਕ ਦ੍ਰਿਸ਼ਟੀ ਆਸਰੇ ਖੇਤੀ ਨੂੰ ਅਜਿਹੀ ਚੋਟੀ ਉਤੇ ਪਹੁੰਚਾਇਆ ਹੈ, ਜਿਸ ਉਪਰ ਪੂਰਨ ਰੂਪ ਵਿਚ ਮਾਣ ਕੀਤਾ ਜਾ ਸਕਦਾ ਹੈ। ਸ: ਬਲਜੀਤ ਸਿੰਘ ਦੀ ਵਿਦਿਅਕ ਯੋਗਤਾ ਭਾਵੇਂ ਮੈਟ੍ਰਿਕ ਹੀ ਹੈ, ਪਰ ਉਹ ਪਿਛਲੇ 23 ਸਾਲਾਂ ਤੋਂ ਆਪਣੇ ਪਰਿਵਾਰ ਸਹਿਤ 6 ਏਕੜ ਜ਼ਮੀਨ ਉਪਰ ਵਿਗਿਆਨਕ ਤੌਰ-ਤਰੀਕਿਆਂ ਨਾਲ ਖੇਤੀ ਕਰ ਰਹੇ ਹਨ। ਸਕੂਲੀ ਪੜ੍ਹਾਈ ਪੂਰੀ ਹੋਣ ‘ਤੇ ਇਨ੍ਹਾਂ  ਦੇ ਪਿਤਾ ਲੰਬੀ ਬੀਮਾਰੀ ਤੋਂ ਬਾਅਦ ਸਾਢੇ ਤਿੰਨ ਏਕੜ ਜ਼ਮੀਨ ਅਤੇ 97000 ਰੁਪਏ ਦਾ ਕਰਜ਼ਾ ਛੱਡ ਕੇ ਇਸ ਦੁਨੀਆਂ ਤੋਂ ਹਮੇਸ਼ਾਂ ਲਈ ਰੁਖਸਤ ਹੋ ਗਏ ਸਨ ਪਰ ਆਪਣੀ ਸਖਤ ਮਿਹਨਤ ਅਤੇ ਲਿਆਕਤ ਸਦਕਾ ਪੀ ਏ ਯੂ ਨਾਲ ਜੁੜ ਕੇ ਇਨ੍ਹਾਂ  ਨੇ ਢਾਈ ਏਕੜ ਜ਼ਮੀਨ, ਨਵਾਂ ਘਰ ਅਤੇ ਬੀਜ ਪਰਾਸੈਸਿੰਗ ਲਈ ਸ਼ੈਡ ਆਪ ਬਣਾਏ। ਉਹ ਪੀ ਏ ਯੂ ਵੱਲੋਂ ਪ੍ਰਮਾਣਿਤ ਕਿਸਮਾਂ ਦੇ ਬੀਜ ਅਤੇ ਝੋਨੇ ਦੀ ਪਨੀਰੀ ਤਿਆਰ ਕਰਕੇ ਸਿੱਧੇ ਕਿਸਾਨਾਂ ਨੂੰ ਵੇਚਦੇ ਹਨ। ਪਸ਼ੂ-ਪਾਲਣ ਦੀ ਇੱਕ ਛੋਟੀ ਇਕਾਈ ਜਿਸ ਵਿਚ ਛੇ ਮੱਝਾਂ ਹਨ ਨਾਲ ਇਕ ਸਾਲ ਅੰਦਰ 12 ਹਜ਼ਾਰ ਲੀਟਰ ਦੁੱਧ ਦਾ ਉਤਪਾਦਨ ਵੀ ਕਰਦੇ ਹਨ ਜੋ ਉਨ੍ਹਾਂ ਦੀ ਚੋਖੀ ਆਮਦਨ ਦਾ ਸਾਧਨ ਬਣਦਾ ਹੈ। ਉਨ੍ਹਾਂ  ਨੇ ਆਪਣੇ ਘਰ ਜਾਂ ਫਾਰਮ ਤੇ ਕੋਈ ਵੀ ਮਜ਼ਦੂਰ ਪੱਕੇ ਤੌਰ ਤੇ ਨਹੀਂ ਰਖਿਆ ਹੋਇਆ ਬਲਕਿ ਖੁਦ ਆਪਣਾ ਕੰਮ ਆਪਣੇ ਹੱਥੀਂ ਕਰਦੇ ਹਨ। ਆਪਣੇ ਇਲਾਕੇ ਦੇ ਸੂਝਵਾਨ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਹਨ-ਸ. ਬਲਜੀਤ ਸਿੰਘ ।

ਹੁਣ ਤੱਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਈ ਖੇਤਰੀ ਕੇਂਦਰਾਂ , ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਪਾਮੇਟੀ ਤੋਂ ਖੇਤੀ ਕਿੱਤੇ ਸੰਬੰਧਿਤ ਸਿਖਲਾਈ ਹਾਸਿਲ ਕਰ ਚੁੱਕੇ ਹਨ । ਉਹ ਪੰਜਾਬ ਨੌਜਵਾਨ ਕਿਸਾਨ ਸੰਸਥਾ, ਪਟਿਆਲਾ, ਪੰਜਾਬ ਨੌਜਵਾਨ ਕਿਸਾਨ ਸੰਸਥਾ, ਸੰਗਰੂਰ, ਪੀ ਏ ਯੂ ਕਿਸਾਨ ਕਲੱਬ ਅਤੇ ਆਤਮਾ ਗਵਰਨਿੰਗ ਬਾਡੀ ਦੇ ਜਿਲ੍ਹੇ ਤੇ ਬਲਾਕ ਪੱਧਰ ਦੇ ਮੈਂਬਰ ਵੀ ਹਨ। ਉਹ ਪੀਏਯੂ ਵਲੋਂ ‘ਇਨੋਵੇਟਿਵ ਫਾਰਮਰ’, ਕੇ ਵੀ ਕੇ ਪਟਿਆਲਾ ਵਲੋਂ ਉਤਮ ਸਿਖਲਾਈਕਾਰ, ਆਤਮਾ ਪਟਿਆਲਾ ਵਲੋਂ ਉਤਮ ਸਿਖਲਾਈਕਾਰ, ਆਤਮਾ ਪਟਿਆਲਾ ਵਲੋਂ ਉਤਮ ਕਿਸਾਨ ਵਰਗੇ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਉਹ ਬਹੁਤ ਸਾਰੇ ਪਸਾਰ ਸਿੱਖਿਆ ਦੇ ਪ੍ਰੋਗਰਾਮ ਪਿੰਡ ਵਿਚ ਆਯੋਜਿਤ ਕਰਦੇ ਹਨ ਅਤੇ ਖੁਦ ਸਿਖਲਾਈਕਾਰ ਬਣਕੇ ਪੀ ਏ ਯੂ ਦੀਆਂ ਸਿਫ਼ਾਰਿਸ਼ਾਂ ਦਾ ਪ੍ਰਚਾਰ ਕਰਦੇ ਹਨ।ਉਹ ਦੂਜੇ ਕਿਸਾਨਾਂ ਤੋਂ ਪੀ ਏ ਯੂ ਦੀਆਂ ਸਿਫ਼ਾਰਿਸ਼ ਫ਼ਸਲਾਂ ਦੀਆਂ ਕਿਤਾਬਾਂ ਠੇਕੇ ‘ਤੇ ਖੇਤੀ ਕਰਵਾਉਂਦਾ ਹੈ। ਪੀ ਏ ਯੂ ਦੀਆਂ ਸਿਫ਼ਾਰਸ਼ਾਂ ਦੀ ਇੰਨ ਬਿੰਨ ਪਾਲਣਾ ਕਰਦਾ ਹੈ । ਕਿਤਾਬਾਂ ਪੜ੍ਹ ਕੇ ਖੁਦ ਪਸ਼ੂ ਖੁਰਾਕ ਤਿਆਰ ਕਰਦੇ ਹਨ।ਬਲਜੀਤ ਸਿੰਘ ਨੇ ਆਪਣੀ ਜਿਨਸ ਨੂੰ ਕਦੇ ਦਾਣਿਆਂ ਦੇ ਤੌਰ ‘ਤੇ ਮੰਡੀ ਨਹੀਂ ਸੁੱਟਿਆ, ਬਲਕਿ ਸਾਰੀ ਜਿਨਸ ਸੁਧਰੇ ਬੀਜਾਂ ਦੇ ਤੌਰ ਤੇ ਹੀ ਖੁਦ ਵੇਚਦਾ ਹੈ ।

ਸਾਲ 2013 ਦਾ ਪ੍ਰਵਾਸੀ ਭਾਰਤੀ ਪੁਰਸਕਾਰ ਜਲੰਧਰ ਜਿਲ੍ਹੇ ਦੇ ਪਿੰਡ ਭੀਖਾ ਨੰਗਲ ਵਾਸੀ ਸ. ਕੁਲਵਰਨ ਸਿੰਘ ਅਟਵਾਲ ਸਪੁੱਤਰ ਸ. ਜਸਵੰਤ ਸਿੰਘ ਅਟਵਾਲ ਨੇ ਆਪਣੀ ਜੱਦੀ ਪੁਸ਼ਤੀ 32 ਏਕੜ ਦੀ ਖੇਤੀ ਵਿੱਚ ਫ਼ਲ, ਫੁੱਲ, ਸਬਜ਼ੀਆਂ, ਆਲੂ, ਝੋਨਾ, ਕਣਕ ਆਦਿ ਫ਼ਸਲਾਂ ਨੂੰ ਅਪਣਾ ਕੇ ਵਿੱਲਖਣ ਮਿਸਾਲ ਕਾਇਮ ਕੀਤੀ ਹੈ। ਜਲੰਧਰ ਦੇ ਡੀ ਏ ਵੀ ਕਾਲਜ ਤੋਂ ਗਰੈਜੁਏਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸ. ਅਟਵਾਲ ਨੇ ਖੇਤੀ ਕਿੱਤੇ ਨੂੰ ਮੁੱਖ ਧੰਦੇ ਵਜੋਂ ਅਪਣਾਇਆ । ਮੁੱਢ ਤੋਂ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਜਲੰਧਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਕੇਂਦਰ ਤੋਂ ਸੇਧਾਂ ਲੈ ਕੇ ਸ. ਅਟਵਾਲ ਨਵੀਆਂ ਤਕਨੀਕਾਂ ਤੋਂ ਜਾਣੂ ਹੋਣ ਲਈ ਮਹਾਰਾਸ਼ਟਰਾ, ਪੱਛਮੀ ਬੰਗਾਲ, ਹਰਿਆਣਾ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਫੇਰੀਆਂ ਪਾਉਣ ਤੋਂ ਇਲਾਵਾ ਇੰਗਲੈਂਡ, ਅਮਰੀਕਾ ਅਤੇ ਇਜ਼ਰਾਈਲ ਵਰਗੇ ਮੁਲਕਾਂ ਦਾ ਦੌਰਾ ਵੀ ਕਰ ਚੁੱਕੇ ਹਨ ।

ਸ. ਅਟਵਾਲ ਵੱਲੋਂ ਰਵਾਇਤੀ ਖੇਤੀ ਤੋਂ ਹਟ ਕੇ ਪੋਲੀ ਹਾਊਸ ਵਿੱਚ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ । ਕੁਦਰਤੀ ਸੋਮਿਆਂ ਦੇ ਚੰਗੇਰੇ ਰੱਖ ਰਖਾਵ ਲਈ ਸ. ਅਟਵਾਲ ਵੱਲੋਂ ਆਪਣੇ ਖੇਤ ਵਿੱਚ ਲਗਾਏ ਪੌਲੀ ਹਾਊਸ ਵਿੱਚ ਸਵੈ ਚਲਿਤ ਤੁਪਕਾ ਸਿੰਚਾਈ ਪ੍ਰਣਾਲੀ ਲਗਾਈ ਹੋਈ ਹੈ । ਇਸ ਰਾਹੀਂ ਫੁੱਲਾਂ ਦੇ ਹਰ ਇੱਕ ਬੂਟੇ ਨੂੰ ਅਨੁਪਾਤ ਦੇ ਹਿਸਾਬ ਨਾਲ ਬਰਾਬਰ ਖਾਦ ਅਤੇ ਪਾਣੀ ਕੰਪਿਊਟਰ ਦੁਆਰਾ ਨਿਰਧਾਰਤ ਤਰੀਕੇ ਨਾਲ ਪਹੁੰਚਾਈ ਜਾ ਸਕਦੀ ਹੈ । ਇਸ ਨਾਲ ਫੁੱਲਾਂ ਦੀ ਪੈਦਾਵਾਰ ਇਕਸਾਰ ਹੁੰਦੀ ਹੈ ਅਤੇ ਮੰਡੀ ਵਿੱਚ ਉਸਦਾ ਭਾਅ ਚੰਗੇਰਾ ਮਿਲਦਾ ਹੈ । ਸ. ਅਟਵਾਲ ਵੱਲੋਂ ਪਾਣੀ ਦੀ ਸੁਚੱਜੀ ਵਰਤੋਂ ਲਈ ਸਾਰੇ ਖੇਤ ਲੇਜ਼ਰ ਕਰਾਹੇ ਨਾਲ ਪੱਧਰੇ ਕੀਤੇ ਗਏ ਹਨ ਅਤੇ 25 ਏਕੜ ਦੇ ਰਕਬੇ ਵਿੱਚ ਜ਼ਮੀਨ ਹੇਠਾਂ ਪਾਇਪਾਂ ਵਿਛਾਈਆਂ ਗਈਆਂ ਹਨ । ਇਸ ਤੋਂ ਇਲਾਵਾ ਉਹਨਾਂ ਵੱਲੋਂ ਸੂਰਜੀ ਊਰਜਾ ਨਾਲ ਚੱਲਣ ਵਾਲਾ ਦੋ ਹਾਰਸ ਪਾਵਰ ਦਾ ਟਿਊਬਵੈਲ ਪਿਛਲੇ ਕਈ ਵਰਿਆਂ ਤੋਂ ਚਲਾਇਆ ਜਾ ਰਿਹਾ ਹੈ । ਉਨ੍ਹਾਂ ਵੱਲੋਂ ਮਿੱਟੀ ਪਰਖ਼ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਸ. ਅਟਵਾਲ ਵੱਲੋਂ ਪੌਲੀ ਹਾਊਸ ਦੇ ਨਾਲ ਫੁੱਲਾਂ ਦੀ ਡੱਬਾਬੰਦੀ ਕਰਨ ਦੀ ਇਕ ਇਕਾਈ ਵੀ ਸਥਾਪਿਤ ਕੀਤੀ ਗਈ ਹੈ ਜਿਥੇ ਤੁੜਾਈ ਤੋਂ ਬਾਅਦ ਦਰਜਾਬੰਦੀ ਕਰਨ ਤੋਂ ਉਪਰੰਤ ਫੁੱਲ ਮੰਡੀ ਭੇਜ ਦਿੱਤੇ ਜਾਂਦੇ ਹਨ । ਸ. ਅਟਵਾਲ ਅਨੁਸਾਰ ਫੁੱਲਾਂ ਦੀ ਖੇਤੀ ਤੋਂ ਉਹ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਤਿੰਨ ਗੁਣਾ ਮੁਨਾਫ਼ਾ ਲੈ ਰਹੇ ਹਨ। ਸ. ਕੁਲਵਰਨ ਸਿੰਘ ਅਟਵਾਲ ਇਹ ਗਿਆਨ ਆਤਮਾ ਸਕੀਮ ਦੀ ਸਹਾਇਤਾ ਨਾਲ ਆਪਣੇ ਇਲਾਕੇ ਦੇ ਕਿਸਾਨਾਂ ਦਾ ਮਾਰਗ-ਦਰਸ਼ਨ ਵੀ ਕਰਦਾ ਹੈ । ਉਸ ਵੱਲੋਂ ਸਥਾਪਿਤ ਖੇਤੀਬਾੜੀ ਦੇ ਗਿਆਨ-ਵਿਗਿਆਨ ਦੇ ਸੁਮੇਲ ਨਾਲ ਤਿਆਰ ਕੀਤੇ ਨਮੂਨੇ, ਖਿੱਚ ਦਾ ਕੇਂਦਰ ਬਣ ਚੁੱਕੇ ਹਨ, ਜਿਨ੍ਹਾਂ ਨੂੰ ਦੇਖਣ ਲਈ ਕਈ ਨਾਮੀ ਸਖਸ਼ੀਅਤਾਂ ਸ. ਅਟਵਾਲ ਦੇ ਖੇਤਾਂ ਦਾ ਦੌਰਾ ਕਰ ਚੁੱਕੀਆਂ ਹਨ । ਵਿਗਿਆਨ ਦੇ ਨਾਲ ਹਿੰਮਤ ਅਤੇ ਨਵਾਂ ਸੋਚਣ ਦੀ ਸ਼ਕਤੀ ਦਾ ਸੁਮੇਲ ਵੇਖਣਾ ਹੋਵੇ ਤਾਂ ਸ. ਕੁਲਵਰਨ ਸਿੰਘ ਅਟਵਾਲ ਨੂੰ ਵੇਖਿਆ ਜਾ ਸਕਦਾ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>