ਅਜਮੇਰ ਸਿੱਧੂ ਦਾ ਕਹਾਣੀ ਸੰਗ੍ਰਹਿ ‘ਖ਼ੁਸ਼ਕ ਅੱਖ ਦਾ ਖ਼ਾਬ’ ਲੋਕ ਅਰਪਣ

ਲੁਧਿਆਣਾ:ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਦੇ ਕਹਾਣੀ ਸੰਗ੍ਰਹਿ ‘ਖ਼ੁਸ਼ਕ ਅੱਖ ਦਾ ਖ਼ਾਬ’ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਅਜਮੇਰ ਸਿੱਧੂ ਨੇ ਵਰਤਮਾਨ ਜਟਿਲ ਮਾਨਸਿਕਤਾ ਨੂੰ ਨਿਰਖਦੇ-ਪਰਖਦੇ ਸ਼ਕਤੀਵਰ ਕਹਾਣੀਆਂ ਰਾਹੀਂ ਸਾਨੂੰ ਹੱਕ ਸੱਚ ਇਨਸਾਫ਼ ਦੀ ਪੜ੍ਹਤ ਪੜ੍ਹਾਈ ਹੈ। ਉਨ੍ਹਾਂ ਆਖਿਆ ਕਿ ਅਜਮੇਰ ਸਿੱਧੂ ਦੀ ਪਹਿਲੀ ਕਹਾਣੀਆਂ ਦੀ ਪੁਸਤਕ ‘ਨਚਿਕੇਤਾ ਦੀ ਮੌਤ’ ਅਤੇ ਦੂਜੀ ਕਿਤਾਬ ‘ਖੂਹ ਗਿੜਦਾ ਹੈ’ ਤੋਂ ਇਲਾਵਾ ‘ਗ਼ਦਰ ਪਾਰਟੀ ਦੇ ਬਾਬਾ ਬੂਝਾ ਸਿੰਘ’ ਅਤੇ ਕ੍ਰਾਂਤੀਕਾਰੀ ਸੂਰਮੇ ਦਰਸ਼ਨ ਸਿੰਘ ਦੁਸਾਂਝ ਦੀ ਜੀਵਨੀ ‘ਤੁਰਦੇ ਪੈਰਾਂ ਦੀ ਦਾਸਤਾਨ’ ਇਤਿਹਾਸਕ ਮੁੱਲ ਵਾਲੀਆਂ ਰਚਨਾਵਾਂ ਹਨ। ਪਾਸ਼ ਦੀ ਚੋਣਵੀਂ ਕਵਿਤਾ ਅਤੇ ਜੈਮਲ ਸਿੰਘ ਪੱਡਾ ਦੀ ਜੀਵਨੀ ਅਤੇ ਚੋਣਵੀਂ ਕਵਿਤਾ ਸੰਪਾਦਿਤ ਕਰਕੇ ਵੀ ਅਜਮੇਰ ਸਿੱਧੂ ਨੇ ਵਡੇਰੇ ਕਾਰਜ ਕੀਤੇ ਹਨ। ਪ੍ਰੋ. ਗਿੱਲ ਨੇ ਅਜਮੇਰ ਸਿੱਧੂ ਦੀਆਂ ਕਹਾਣੀਆਂ ਬਾਰੇ ਟਿੱਪਣੀਆਂ ਕਰਦੇ ਕਿਹਾ ਕਿ ਅਜਮੇਰ ਸਿੱਧੂ ਦੀਆਂ ਕਹਾਣੀਆਂ ਖਪਤ ਸਭਿਆਚਾਰ ਵਿਚ ਗਲਤਾਨ ਮਨੁੱਖ ਦੀ ਬੇ-ਹੁਰਮਤੀ ਦਾ ਖ਼ੁਲਾਸਾ ਹੈ। ਮਨੁੱਖ ਨੂੰ ਸੰਵੇਦਨਹੀਣ ਵਸਤੂ ਬਣਾ ਕੇ ਖਿਡੌਣੇ ਵਾਂਗ ਉਸ ਨਾਲ ਖੇਡਣਾ ਹੀ ਸਰਮਾਏ ਦੀ ਅਸਲ ਲੋੜ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੁੱਜੇ ਡਾ. ਸੁਰਜੀਤ ਸਿੰਘ ਨੇ ਅਜਮੇਰ ਸਿੱਧੂ ਦੀ ਪੁਸਤਕ ‘ਖ਼ੁਸ਼ਕ ਅੱਖ ਦਾ ਖ਼ਾਬ’ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਕਿਹਾ ਕਿ ਅਜਮੇਰ ਸਿੱਧੂ ਆਪਣੇ ਪਹਿਲੇ ਕਹਾਣੀ ਸੰਗ੍ਰਹਿ ‘ਨਚਿਕੇਤਾ ਦੀ ਮੌਤ’ ਦੇ ਨਾਲ ਹੀ ਪੰਜਾਬੀ ਸਾਹਿਤ ਤੇ ਪਾਠਕਾਂ ਦੀਆਂ ਨਜ਼ਰਾਂ ਵਿਚ ਇਕ ਕਹਾਣੀਕਾਰ ਵਜੋਂ ਚਰਚਾ ਵਿਚ ਆ ਗਿਆ ਸੀ। ਉਸ ਨੇ ਜਿੱਥੇ ਯਾਦਗਰ ਕਹਾਣੀਆਂ ਲਿਖੀਆਂ ਹਨ ਉਥੇ ਨਾ ਭੁੱਲਣਯੋਗ ਅਜਿਹੇ ਯਾਦਗਰ ਪਾਤਰਾਂ ਦੀ ਸਿਰਜਨਾਂ ਕੀਤੀ ਹੈ ਜਿਨ੍ਹਾਂ ਨੂੰ ਸਮਾਜ ਵਿਚ ਅਕਸਰ ਹੀ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨਿਰੰਤਰ ਲਿਖਣ ਵਾਲਾ ਅਜਿਹਾ ਕਹਾਣੀਕਾਰ ਹੈ ਜਿਸ ਦੀ ਹਰ ਕਹਾਣੀ ਚਰਚਾ ਦਾ ਵਿਸ਼ਾ ਬਣਦੀ ਹੈ। ਇਸ ਪੁਸਤਕ ਦਾ ਮੁੱਖਬੰਧ ਲਿਖਦਿਆਂ ਪ੍ਰਸਿੱਧ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ‘ਨਿਆਂ ਬਰਾਬਰੀ  ਅਤੇ ਆਜ਼ਾਦੀ ਵਰਗੀਆਂ ਕਦਰਾਂ ਕੀਮਤਾਂ ’ਤੇ ਟਿਕੇ ਸਮਾਜ ਦੀ ਸਿਰਜਨਾਂ ਲਈ ਸ਼ੰਘਰਸ਼ਸ਼ੀਲ ਲਿਖਤਾਂ ਹੀ ਅਜਮੇਰ ਸਿੱਧੂ ਦੀਆਂ ਕਹਾਣੀਆਂ ਦੀ ਅਸਲ ਸ਼ਕਤੀ ਹੈ।’ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਧਨੋਆ ਨੇ ਕਿਹਾ ਕਿ ਅਜਮੇਰ ਸਿੱਧੂ ਦੀ ਇਸ ਕਹਾਣੀਆਂ ਦੀ ਪੁਸਤਕ ਨਾਲ ਪੰਜਾਬੀ ਕਹਾਣੀ ਵਿਕਾਸ ਦੇ ਰਾਹ ਪਈ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਨੇ ਵੀ ਅਜਮੇਰ ਸਿੱਧੂ ਦੀ ਲਿਖਤ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ. ਬਲਦੇਵ ਸਿੰਘ ‘ਸੜਕਨਾਮਾ’, ਜਨਰਲ ਸਕੱਤਰ ਤਲਵਿੰਦਰ ਸਿੰਘ, ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਇਕਬਾਲ ਸਿੰਘ, ਸਰਦਾਰ ਪੰਛੀ, ਤ੍ਰੈਲੋਚਨ ਲੋਚੀ ਸਮੇਤ ਸੈਂਕੜੇ ਲੇਖਕ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>