ਵਾਰੀ ਸਿਰ

…….ਰਾਮੀਂ ਦੇ ਟਿੱਬੇ-ਟੋਏ ਨਕਸ਼ਾਂ ਤੇ ਖਿੱਲਰੀ ਪਲੱਤਣ ,ਆਪਣੇ ਮਾਮੇਂ ਦੇ ਚਿਹਰੇ ਦੀ ਦਗ-ਦਗ ਕਰਦੀ ਲਾਲੀ ਨੂੰ ਜਿਵੇਂ ਫਿਟਕਾਰਦੀ ਜਾਪੀ………..ਪਲ ਦੀ ਪਲ ਉਸ ਨੂੰ ਇਹ ਨਿਰਨਾ ਕਰਨਾ ਅਤਿ ਮੁਸ਼ਕਲ ਹੋ ਗਿਆ ਹੈ ਕਿ ਉਸਦੇ ਮਾਮੇਂ ਦੀ ਰਾਜਧਾਨੀ ਤੋਂ ਚੱਲੀ , ਪਿੰਡ ਵਲ੍ਹ ਨੂੰ ਤੇਜ਼ ਦੌੜਦੀ ਆਉਂਦੀ ਟੈਕਸੀ ਅੰਦਰ ਲਾਸ਼ ਇੱਕ ਹੈ ! ਦੋ ਹਨ !! ਜਾਂ ਕਿ ਤਿੰਨ !!!……….(ਇਸੇ ਕਹਾਣੀ ਵਿੱਚੋਂ )

——————————

ਇਕ ਵਾਰ ਫਿਰ ਫੋਨ ਕੀਤਾ । ਮੁੜ ਓਹੀ ਉੱਤਰ ਮਿਲਿਆ ਹੈ – ਘਰ ਕੋਈ ਨਈਂ ।

-          ਮਾਮਾ ਜੀ ਕੇੜ੍ਹੀ ਫੈਕਟਰੀ ਗਏ ਆ ? ਗੋਬਿੰਦਗੜ੍ਹ ਕਿ ਨਰੈਣਗੜ੍ਹ !

-          ਜੀ ….ਈ…..ਪਤਾ ਨਈਂ ।

ਅਸਲ ਵਿਚ ਉਸ ਘਰ ਨੁਮਾ ਕੋਠੀ ਵਿਚ ਕਿਸੇ ਨੂੰ ਵੀ ਇਕ ਦੂਜੇ ਬਾਰੇ ਕੁਝ ਵੀ ਪਤਾ ਨਹੀਂ ਹੈ । ਕਿਲ੍ਹੇ ਵਰਗੀ ਕੋਠੀ ਦੇ ਪੰਦਰਾਂ-ਵੀਹ ਕਮਰਿਆਂ ਅੰਦਰ ਕਿਸੇ ਵੀ ਨੌਕਰ ਨੂੰ ਉਸ ਦਿਨ ਤੋਂ ਸ਼ਰੇਆਮ ਘੁੱਮਣ-ਫਿਰਨ ਦੀ ਆਗਿਆ ਨਹੀਂ ਰਹੀ , ਜਿਸ ਦਿਨ ਬੁੱਢੇ ਖਾਨਸਾਮੇ ਦਾ ਆਲੂਆਂ ਜਿਹਾ ਪੋਤਰਾ ਮੈਲੇ ਕੁਚੈਲੇ ਕੱਪੜੇ ਪਾਈ ਡਾਈਨਿੰਗ ਹਾਲ ਅੰਦਰ ਸਹਿਵਾਨ ਆ ਵੜਿਆ , ਤਾਂ ਖਾਣੇ ਦੀ ਮੇਜ਼ ਤੇ ਬੈਠੇ ਟੱਬਰ ਦੇ ਸਾਰੇ ਜੀਆਂ ਦਾ ਜੀਅ ਮਤਲਾ ਉੱਠਿਆ ਸੀ  । ਕਿਸ਼ੋਰ ਉਮਰੇ ਘੋੜ-ਸਵਾਰੀ ਸਿਖਣ ਵੇਲੇ ਦਾ ਸਾਂਭ ਕੇ ਰੱਖਿਆ ਚਮੜੇ ਦਾ ਛੈਂਟਾ , ਉਸ ਦੀ ਮਾਮੀ ਨੇ ਤਾਬੜ-ਤੋੜ ਬਲੂਰ ਬਾਲ ਦੇ ਪਿੰਡੇ ਤੇ ਵਰ੍ਹਾ ਕੇ , ਮਸਾਂ ਸਾਰੇ ਟੱਬਰ ਦੇ ਖਾਣੇ ਦਾ ਸੁਆਦ ਕਿਰਕਰਾ ਹੋਣੋ ਬਚਾਇਆ ਸੀ ।

ਮਾਸੂਮ ਬੱਚੇ ਨੂੰ ਬਚਾਉਂਦਿਆਂ , ਲੱਤਾਂ-ਬਾਹਾਂ ਤੇ ਉਭੱਰੀਆਂ ਲਾਸਾਂ ਦੀ ਚੀਸ ਨੇ , ਬੁੱਢੇ ਰਾਮਦੱਤ ਦਾ ਵਰ੍ਹਿਆਂ ਤੋਂ ਇਸ ਘਰ ਦੇ ਜੀਆਂ ਨਾਲ ਬਣਿਆ ਅੰਤਾਂ ਦਾ ਮੋਹ , ਪਲ-ਛਿੰਨ ਅੰਦਰ ਹੀ ਚੀਨਾ-ਚੀਨਾ ਕਰ ਮਾਰਿਆ । ਤਨਖ਼ਾਹ ਦਾ ਹਿਸਾਬ-ਕਿਤਾਬ ਕੀਤੇ ਬਿਨਾਂ ਰਾਮਦੱਤ ਆਪਣਾ ਕੁਆਟਰ ਖਾਲੀ ਕਰਕੇ ਤੁਰਿਆ , ਉਸ ਨਾਲ ਆਖ਼ਰੀ ਸਾਬ੍ਹ-ਲਾਮ ਕਰਦਾ ਕਿਧਰੇ ਉਸ ਦੀ ਮਾਮੀਂ ਦੀ ਨਿਗ਼ਾਹ ਪੈ ਗਿਆ ਸੀ । ਉਸ ਵੇਲੇ ਰਾਮੀਂ ਦਾ ਬੋਰੀਆ-ਬਿਸਤਰਾ ਸੰਗੀਤ ਕਮਰੇ ‘ਚੋਂ ਚੁਕਤਾ ਕਰਕੇ , ਨੌਕਰਾਂ ਦੇ ਕਮਰਿਆਂ ਦੀ ਪਾਲ ਅੰਦਰ ਪੁੱਜਦਾ ਹੋ ਗਿਆ ।

ਇਸ ਤੋਂ ਥੋੜਾ ਕੁ ਚਿਰ ਪਿਛੋਂ ਐਹੋ ਜਿਹੀ ਹੀ ਨੀਰਸ , ਇਕ ਘਟਨਾ ਹੋਰ ਵਾਪਰ ਗਈ , ਇਸ ਦਾ ਰਾਮੀਂ ਦੇ ਮਾਮੇ ਮਾਮੀਂ ਨੇ ਹੋਰ ਵੀ ਸਖ਼ਤ ਨੋਟਿਸ ਲਿਆ – ਲਾਡੀ ਦੀ ਆਇਆ ਮਨਸੋ , ਡੰਗੋਰੀ ਟੇਕਦੀ ਕਿਸੇ ਐਸੇ ਕਮਰੇ ਅੰਦਰੋਂ ਦੀ ਲੰਘ ਗਈ , ਜਿੱਥੇ ਲਾਡੀ ਪਤਾ ਨਹੀਂ ਕਿਹੜੀ ਚੰਗੀ-ਮਾੜੀ ਮੁਦਰਾ ਵਿਚ ਲੇਟੀ ਪਈ ਨੂੰ ਬੁਢੜੀ ਦਾ ਇਸ ਤਰ੍ਹਾਂ ਬਿਨਾਂ ‘ਵਾਜ ਮਾਰਿਆਂ ਓਧਰ ਦੀ ਲੰਘਣਾ ਬਹੁਤ ਹੀ ਭੈੜਾ ਲੱਗਾ । ਦਾਦੀ-ਮਾਂ ਵਰਗੀ ਆਪਣੀ ਆਇਆ  ਨੂੰ ਉਸ ਦਿਨ ਲਾਡੀ ਨੇ ਏਨਾਂ ਊਲ-ਜਲੂਲ ਬੋਲਿਆ ਕਿ ਮੁੜ ਉਸ ਵਿਚਾਰੀ ਦਾ ਤਾਂ ਕੀ , ਕਿਸੇ ਵੀ ਨੌਕਰ ਦਾ ਕੋਠੀ ਅੰਦਰਲੇ ਕਮਰਿਆਂ ਵਲ੍ਹ ਝਾਤੀ ਮਾਰਨ ਦਾ ਹੌਸਲਾ ਨਾ ਪਿਆ ।

ਹੁਣ , ਰਾਜੂ ਕੇਵਲ ਰਸੋਈ ਤੇ ਡਾਈਨਿੰਗ ਰੂਮ ਦੀ ਸਫ਼ਾਈ ਕਰਨ ਲਈ ਹੀ ਅੰਦਰ ਜਾ ਸਕਦਾ ਹੈ , ਮਾਧੋ ਬੈਡ-ਰੂਮਾਂ ਦੇ ਬਿਸਤਰੇ ਧੋਣ ਤੋਂ ਸਿਵਾ ਹੋਰ ਕਿਧਰੇ ਨਹੀਂ ਘੁੰਮ ਸਕਦਾ । ਨੰਦੂ ਮੀਟਿੰਗ ਹਾਲ ਤੇ ਡਰਾਇੰਗ ਰੂਮਾਂ ਦੇ ਸੋਫਿਆਂ ਤੇ ਕਾਲੀਨਾਂ ਦੀ ਸਫ਼ਾਈ ਤੱਕ ਸੀਮਤ ਹੈ । ਬਿਰਜੂ ਮਾਲੀ ਵਿਹੜਿਆਂ , ਅਤੇ ਕੈਰੀਡੋਰਾਂ ਅੰਦਰ ਲਟਕਦੇ ਗਮਲਿਆਂ ਦੇ ਫੁੱਲ-ਬੂਟਿਆਂ ਤੋਂ ਬਿਨਾਂ ਕਿਸੇ ਸ਼ੈਅ ਵਲ ਵੀ ਤੱਕ ਨਹੀਂ ਸਕਦਾ ਤੇ ਉਹ …….ਉਸ ਨੂੰ ਸੰਗੀਤ ਕਮਰੇ ਤੋਂ ਅੱਗੇ ਕੁਝ ਵੀ ਪਤਾ ਨਹੀਂ ਕਿ ਕੀ ਕਿੱਦਾਂ ਅਤੇ ਕਿੱਥੇ ਹੈ ?

ਮੋਟਰ-ਗਰਾਜਾਂ ਨਾਲ ਜੁੜਵੀਂ ਨੌਕਰਾਂ ਦੇ ਕਮਰਿਆਂ ਦਾ ਪਾਲ ਦੇ ਪਹਿਲੇ ਕਮਰੇ ਤੋਂ ਸੰਗੀਤ ਕਮਰੇ ਤੱਕ ਜਾਂਦਿਆਂ ਰਾਮੀਂ ਨੂੰ , ਡਿਓੜੀ ਦਾ ਕੇਵਲ ਵੱਡਾ ਦੁਆਰ ਹੀ ਲੰਘਣਾ ਪੈਂਦਾ ਹੈ , ਜਿੱਸ ਦੇ ਨਾਲ ਬਣੇ ਪੋਰਚ ਹੇਠਾਂ , ਮਾਮੇ ਦੀ ਇਮਪਾਲਾ, ਮਾਮੀ ਦੀ ਸ਼ਿਵਰ-ਲੈਟ , ਰੋਮੀਂ ਦੀ ਡੈਮਲਰ ਤੇ ਲਾਡੀ ਦੀ ਫੀਅਟ , ਕੱਲੇ-ਕੱਲੇ ਨੂੰ ਉਤਾਰ ਕੇ ਵੱਖ-ਵੱਖ ਗਰਾਜ਼ਾਂ ਅੰਦਰ ਜਾ ਵੜਦੀਆਂ ਹਨ ਅਤੇ ਉਹਨਾਂ ਦੇ ਸ਼ੋਫ਼ਰ ਆਪਣੇ ਆਪਣੇ ਘੁਰਨਿਆਂ ਵਿੱਚ ।

ਦੱਖਣ ਨੂੰ ਖੁਲ੍ਹਦੇ , ਉੱਚੀ ਆਰਕ ਵਾਲੇ ਇਕ ਮੁੱਖ-ਦੁਆਰ ਦੇ ਦੋਨੋਂ ਪੱਲਿਆਂ ਦੇ ਐਨ ਵਿਚਕਾਰ ,ਪੂਰੀ ਦੀ ਪੂਰੀ ਡਿਓੜੀ ਅੰਦਰ ਧਰਿਆ , ਪੂਰਾ ਕੱਦਾਵਰ ਕਾਂਸੀ ਦਾ ਇਕ ਬੱਬਰ-ਸ਼ੇਰ , ਆਪਣੀਆਂ ਖੂੰਖਾਰ ਅੱਖਾ , ਸਰਦੱਲ ਉੱਪਰ ਪੈਰ ਧਰਦੇ ਹਰ ਆਪਣੇ-ਪਰਾਏ ਦੀਆਂ ਅੱਖਾਂ ਅੰਦਰ ਗੱਡ ਦਿੰਦਾ ਹੈ ।

…………..ਉਸ ਦੀਆਂ ਅੱਖਾਂ ਦੇ ਭੈਅ ਵਰਗੇ ਪ੍ਰਭਾਵ ਦਾ ਸਹਿਮਿਆਂ ਰਾਮੀਂ , ਵਸਾਖੀਆਂ  ਆਸਰੇ ਲੜਖੜਾਉਂਦਾ , ਇਕ ਵਾਰ ਫਿਰ ਟੈਲੀਫੂਨ ਤੱਕ ਅੱਪੜਦਾ ਹੈ । ਪਰ , ਗਲਤ ਨੰਬਰ ਤੇ ਵੱਜੀ ਘੰਟੀ , ਉਸ ਤੋਂ ਟੈਕਸੀ ਸੇਵਾ ਲਈ ਥਾਂ-ਟਿਕਾਣਾ ਪੁੱਛਦੀ ਹੈ । ਟੈਕਸੀ ਸੇਵਾ ਦੀ ਹੀ ਤਾਂ ਉਸ ਨੂੰ ਲੋੜ ਹੈ , ਪਰ ਬਚਪਨ ਤੋਂ ਪੋਲੀਓ ਨਾਲ ਸੁੱਕੀਆਂ ਲੱਤਾਂ ਤੋਂ ਅਪਾਹਜ ,ਇਕੱਲਾ ਉਹ ਲਾਸ਼ ਨੂੰ ਕਿਵੇਂ ਸੰਭਾਲ ਸਕਦਾ ਹੈ । ਇਸ ਲਈ ਵਾਰ ਵਾਰ ਮਾਮੇਂ ਨੂੰ ਮਿਲਣ ਦੇ ਯਤਨ ਕੀਤੇ ਹਨ , ਮਾਮੀ ਤੋਂ ਸ਼ਮਸ਼ਾਨ-ਭੂਮੀ ਦਾ ਅਤਾ-ਪਤਾ ਪੁੱਛਣ ਲਈ ਫੂਨ ਕਰਦਾ ਹੈ , ਪਰ ਉਹਨਾਂ ਦੋਨਾਂ ਵਿਚੋਂ ਕੋਈ ਵੀ ਤਾਂ ਘਰ ਨਹੀਂ ਹੈ । ‘

ਠੀਕ ਨੰਬਰ ਮਿਲਣ ਤੇ ਉਸ ਨੂੰ ਰੋਮੀਂ ਮਿਲਦਾ ਹੈ । ਬਿਨਾਂ ਸਾਰੀ ਗੱਲ ਸਮਝੇ ਬੜਾ ਰੁੱਖਾ ਜਿਹਾ ਉੱਤਰ ਦੇ ਕੇ ਰੀਸੀਵਰ ਰੱਖ ਦਿੰਦਾ ਹੈ – ‘ਮਾਈ ਵੀਹੀਕਲ ! ਨਾਟ ਫਾਰ ਡੈਡ ਬਾਡੀਜ਼……ਨਾਨਸੈਨਸ……..।‘

ਟੈਲੀਫੂਨ ਦਾ ਚੋਂਗਾ ਕੰਬਦੇ ਹੱਥਾਂ ਨਾਲ ਰੱਖ ਕੇ , ਉਹ ਡੌਰ-ਭੌਰ ਹੋਇਆ , ਵਸਾਖੀਆਂ ਟੇਕਦਾ ਮੁੜ ਨਾਨੀ ਦੇ ਬੈਡ ਲਾਗੇ ਪਏ ਲਕੜ ਦੇ ਸਟੂਲ ਉੱਤੇ ਆ ਬੈਠਦਾ ਹੈ । ਲਾਲ ਸੂਹੇ ਕੰਬਲ ਹੇਠ ਕੱਜਿਆ ਪੀਲਾ-ਭੂਕ ਚਿਹਰਾ ਨੰਗਾ ਕਰਕੇ ਦੇਖਦਾ ਹੈ , ਜਿਸ ਉੱਤੇ ਕਬਰਸਤਾਨ ਵਰਗੀ ਚੁੱਪ ਛਾ ਚੁੱਕੀ ਹੈ । ਲੱਗਭੱਗ ਪੌਣੀ ਸਦੀ ਤੋਂ ਖੁਲ੍ਹੀਆਂ ਅੱਖਾਂ ਨੂੰ ਪੋਟਿਆਂ ਨਾਲ ਪਲੋਸ ਕੇ ਬੰਦ ਕਰਦਾ ਹੈ । ਸਾਰੀ ਉਮਰ ਬੰਦ ਰੱਖਿਆ, ਖੁੱਲ੍ਹਾ-ਖਲਾਸਾ ਮੂੰਹ ਹੁਣ ਆਪ-ਮੁਹਾਰੇ ਖੁਲ੍ਹ ਗਿਆ ਹੈ , ਜਿਸ ਦੇ ਮੂਕ ਬੋਲਾਂ ਵਿਚੋਂ ਉਸ ਨੂੰ ਮੁੜ ਮੁੜ ਓਹੀ ਬਾਤ ਸੁਣਾਈ ਦਿੰਦੀ ਹੈ , ਜਿਹੜੀ ਗਈ ਰਾਤ ਤੱਕ ਹੱਟੀ ਤੋਂ ਮੁੜਦੇ ਉਸਦੇ ਨਾਨੇ ਨੂੰ ਉਡੀਕਦੀ ਨਾਨੀ , ਰਾਮੀਂ ਨੂੰ ਗੋਦੀ ਲੈ ਕੇ ਸੁਣਾਇਆ ਕਰਦਾ ਸੀ …………।

- ਇਕ ਜੁ ਸੀ ਤਾਂ ਰਾਜਾ ਸੀ , ਉਦ੍ਹੀਆਂ ਤਿੰਨ ਰਾਣੀਆਂ ਸੀ । ਪਹਿਲੀ, ਬੜੀ ਬੀਬੀ , ਸਿੱਧੀ-ਸਾਧੀ , ਚੁੱਪ-ਰਹਿਣੀ ਆਗਿਆਕਾਰ ਪਟਰਾਣੀ ਸੀ । ਪਰ ,ਕੁਜ਼ਰਤ ਮਾਲਕ ਦੀ ਉਦ੍ਹੇ ਕੋਈ ਧੀਆਂ-ਪੁੱਤਰ ਨਾ ਹੋਇਆ । ਵਿਚਕਾਰਲੀ ਰਾਣੀ , ਬੜੀ ਚੰਚਲ , ਚਟਕੀਲੀ –ਮਟਕੀਲੀ ਸ਼ੋਖ ਤ੍ਰੀਮਤ ਸੀ । ਉਦ੍ਹੇ ਪੇਟੋਂ ਬੀ ਚਾਰ ਧੀਆਂ ਈ ਜੰਮੀਆਂ , ਰਾਜ-ਕੁਮਾਰ ਕੋਈ ਨਾ ਆਇਆ ।ਸਭ ਤੋਂ ਛੋਟੀ ਬਹੂ ਬੜੀ ਸੰਗਾਊ, ਮੂੰਹ-ਮੱਥੇ ਲਗਦੀ , ਸੋਹਣੀ ਡੀਲ-ਡੌਲ ਆਲੀ ਸੁੰਦਰੀ ਸੀ । ਉਦ੍ਹੀ ਕੁੱਖੋਂ ਦੋ ਪੁੱਤਰ ਹੋਏ ਹੀਰਿਆਂ ਅਰਗੇ ਗੋਰੇ-ਨਿਛੋਹ  ।

ਰਾਜਾ ਛੋਟੀ ਰਾਣੀ ਨੂੰ ਬਓਤ ਪਿਆਰ ਕਰਦਾ ਸੀ , ਹਰ ਵੇਲੇ ਉਦ੍ਹੇ ਅੱਗੇ-ਪਿੱਛੇ ਰਹਿੰਦਾ । ਉਦ੍ਹੇ ਆਖੇ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਆਖਦਾ । ਦੋਨਾਂ ਰਾਜ ਕੁਮਾਰਾਂ ਨੂੰ ਚੱਟਦਾ-ਚੁੰਮਦਾ , ਢਿੱਡ ਤੇ ਲਿਟਾ ਕੇ ਥਾਪੜਦਾ , ਪੈਰਾਂ ਤੇ ਬਿਠਾ ਕੇ ਬੁਢੀਏ……..ਮਾਈਏ ……..ਚਰਖਾ-ਪੂਣੀ ਚੱਕ ਲੈ …….ਕਾਲੀ ‘ਨ੍ਹੇਰੀ ਆਈ ਆ ……ਈਆ …….ਆ ……..ਕਰਦਾ ਹੂਟੇ-ਮਾਟੇ ਦਿੰਦਾ । ਪਰ , ਜਿਉਂ-ਜਿਉਂ ਬਾਲ ਵੱਡੇ ਹੁੰਦੇ ਗਏ , ਉਹ ਰਾਜ ਘਰਾਣਿਆਂ  ਦੇ ਹੋਰਨਾਂ ਹਮਜੋਲੀਆਂ ਨਾਲ ਲੁਕਣਮੀਟੀ-ਛੂਹ-ਛੁਆਈ ਨਿਕਲੇ ਖੋਲ੍ਹਣ , ਸਾਰਾ-ਸਾਰਾ ਦਿਨ ਮਹਿਲੀਂ ਨਾ ਵੜਦੇ । ਰਾਜਾ ਉਨ੍ਹਾਂ ਨੂੰ ‘ ਵਾਜਾਂ ਮਾਰ-ਮਾਰ ਕੇ ਘੁਨੇੜੀ ਚੱਕਦਾ , ਪਰ ਉਹ ਮੁੜ ਕੰਨੀਂ ਖਿਸਕਾ ਕੇ ਆਪਣੇ ਹਾਣੀਆਂ ਨਾਲ ਜਾ ਰਲ੍ਹਦੇ …………।

………’ ਲੇ ਜਾਓ ਇਸੇ , ਨਹੀਂ ਤੇ ਲਾਵਾਰਸ ਬਨਾ ਕਰ ਪੋਲੀਸ ਕੇ ਹਵਾਲੇ ਕਰ ਦੀ ਜਾਏਗੀ ‘ – ਬੈਡ ਖਾਲੀ ਕਰਨ ਲਈ ਵਾਰ ਵਾਰ ਆਖ ਚੁੱਕੇ ਹਸਪਤਾਲ ਕਰਮਚਾਰੀਆਂ ਨੇ ਇਕ ਹੋਰ ਚਿਤਾਵਨੀ ਦਿੱਤੀ ਹੈ । ਰਾਮੀਂ ਦੀ ਘਬਰਾਹਟ ਡਰ ਵਿੱਚ ਬਦਲ ਜਾਂਦੀ ਹੈ । ਮਾਮੇਂ ਦੀ ਰਾਜਧਾਨੀ ਅੰਦਰ ਨਾਨੀ ਦੀ ਮਿੱਟੀ ਰੁਲਦੀ ਦੇਖ ਕੇ ਉਸ ਦਾ ਕਲਾਕਾਰ ਮਨ ਵਿਲਕ ਉੱਠਦਾ ਹੈ । ਪੰਜ ਦਿਨ ਪਹਿਲਾਂ ਆਈ ਤਾਰ ‘ਸਖ਼ਤ ਬਿਮਾਰ ’ ਨਾਨੀ ਦਾ ਪਤਾ ਕਰਨ ਗਿਆਂ , ਮਰਨ ਕੰਢੇ ਪਈ ਨੂੰ ਟੈਕਸੀ ਅੰਦਰ ਰੱਖ ਕੇ ਇਥੇ ਲਿਆਉਣ ਦੀ ਕੀਤੀ ਮਹਾਨ ਗਲਤੀ ਤੇ ਹੰਝੂ ਕੇਰਦਾ ਹੈ । ਵਾਰ ਵਾਰ ਮਾਮੇਂ ਦੀ ਲਾਪਰਵਾਹੀ ਤੇ ਖਿਝਦਾ ਹੈ , ਜਿਹੜਾ ਵੱਡੇ ਹਸਪਤਾਲ ਦੇ ਜਨਰਲ-ਵਾਰਡ ਵਿਚ ਨਾਨੀ ਨੂੰ ਦਾਖ਼ਲ ਕਰਾਉਣ ਲਈ ਕੀਤੀ ‘ਨੱਠ-ਭੱਜ ’ ਤੋਂ ਅਗਲਾ ਕੰਮ ਉਸ ਨੂੰ ਸੋਂਪ ਕੇ , ਅਗਲੇ ਹੀ ਦਿਨ ਕਲਕੱਤੇ ਵੱਡੀ ਫੈਕਟਰੀ ਦੇ ਡਾਇਰੈਕਟਰਾਂ ਦੇ ਬੋਰਡ ਦੀ ਮੀਟਿੰਗ ਦੀ ਸਦਾਰਤ ਕਰਨ ਤੁਰਨ ਗਿਆ ਤੇ ਓਥੋਂ ਪਰਤ ਕੇ ਰਸਮੀਂ ਹਾਲ-ਚਾਲ ਪੁੱਛ ਕੇ ਪਤਾ ਨਈਂ ਕਿਹੜੀ ਫੈਕਟਰੀ !

ਉਸ ਦੇ ਬੂਈ ਮਾਮੇਂ ਨੂੰ ਬੀ.ਡੀ. ਮਹਾਜਨ ਤੱਕ ਦਾ ਸਫ਼ਰ ਕਰਦਿਆਂ , ਭਾਵੇਂ ਬਹੁਤੀ ਝੱਖ ਨਹੀਂ ਸੀ ਮਾਰਨੀ ਪਈ , ਪਰ ਫਿਰ ਵੀ ਕਈ ਸਾਰੀਆਂ ਗੱਲਾਂ-ਕਥਾਵਾਂ ਉਸ ਦੇ ਕਾਰੋਬਾਰ ਦੇ ਵਾਧੇ ਨਾਲ ਜੁੜੀਆਂ ਝੂਠੀਆਂ ਨਹੀਂ ਸਨ ਜਾਪਦੀਆਂ । ਕੋਈ ਆਖਦਾ – ਭਾਈ ਰੰਬੇ-ਦਾਤੀਆਂ ਵੇਚਦਾ ਕੋਈ ਕਿਮੇਂ ਫੈਕਟਰੀਆਂ ਲਾ ਸਕਦਾ । ਨੰਬਰ ਦੋ ਤੋਂ ਬਿਨਾਂ । ‘ ਕੋਈ ਕਹਿੰਦਾ – ਟੈਕਸਾਂ-ਵੈਕਸਾਂ ਦੀ ਚੋਰੀ ਨਾਲ ਈ ਤਿਹਰੇ-ਚੌਹਰੇ ਗੱਫੇ ਲੱਗਦੇ ਆ । ਕੋਈ ਉਸਦੇ ਮਾਮੇਂ ਦੀ ਨਿੱਕੀ ਜਿਹੀ ਲੋਹੇ ਦੀ ਦੁਕਾਨ ਨੂੰ ਤਕਸਰੀ ਦਾ ਅੱਡਾ ਗਰਦਾਨਦਾ ਕੋਈ ਕੋਟੇ-ਪਰਮਿੱਟਾਂ ਦੀ ਬਲੈਕ ਦਾ । ਪਰ , ਇਹ ਸਾਰੀਆਂ ਗੱਲਾਂ-ਕੁਵੱਲਾਂ ਦੂਜੇ-ਚੌਥੇ ਵਿਸਰਾਮ ਘਰ ਅੰਦਰ ਠਹਿਰੇ , ਕਿਸੇ ਛੋਟੇ-ਵੱਡੇ ਨੇਤਾ ਵਲੋਂ ਉਚੇਚ ਨਾਲ ਰਾਮੀਂ ਦੇ ਮਾਮੇ ਨੂੰ ਮਿਲ ਕੇ ਜਾਣ ਪਿਛੋਂ ਉਸਦੀ ਦੂਧੀਆ ਕਾਰ ਨਾਲ ਉਡੀ ਧੂੜ ਹੇਠ ਨੱਪੀਆਂ ਜਾਂਦੀਆਂ ।

ਉਂਝ ਕਿੱਲ-ਕਾਂਟੇ ਤੋਂ ਲੈ ਕੇ ਰੇਲਾਂ-ਗਾਡਰਾਂ ਤੱਕ ਲੋਹੇ ਦਾ ਸਾਮਾਨ ਤਿਆਰ ਕਰਦੀਆਂ ਕਈ ਸਾਰੀਆਂ ਫੈਕਟਰੀਆਂ , ਹਰ ਦੇਖਣ-ਸੁਨਣ ਵਾਲੇ ਨੂੰ ਇਸ ਲਈ ਅਚੰਭਾ ਜਾਪਦੀਆਂ ਹਨ ,ਕਿ ਪਿੰਡ ਦੇ ਗੁਆਂਢੋਂ , ਇਕ ਛੋਟੇ ਜਿਹੇ ਕਸਬੇ ‘ਚੋਂ ਉੱਠ ਕੇ ਬੂਈ ਦਾਸ ਦਾ ਨਾਂ ਦੇਸ਼ ਦੇ ਕਈ ਸਾਰੇ ਸਨਅਤੀ ਸ਼ਹਿਰਾਂ ਦੇ ਨਕਸ਼ੇ ਉੱਤੇ ,ਦਿਨਾਂ ਅੰਦਰ ਹੀ ਉੱਕਰਿਆ ਗਿਆ ਹੈ । ਉਸ ਦੇ ਹੱਥਾਂ ਲੱਗਾ ਅਲਾਦੀਨ ਦਾ ਚਿਰਾਗ਼ ਹਰ ਵਰ੍ਹੇ ਉਸ ਲਈ ਨਵੀਂ ਮਾਲਕੀ ਜਾਂ ਹਿੱਸੇਦਾਰੀ ਲਈ ਹਰ ਹੀਲੇ ਆ ਹਾਜ਼ਰ ਹੁੰਦਾ ਹੈ , ਉਸਦੀ ਸਿਆਣੀ ਸੁਗੜ ਪਤਨੀ ਵੀ ਇਕ ਸਰਦੇ-ਪੁੱਜਦੇ ਸਨਅਤੀ ਘਰਾਣੇ ਨਾਲ ਸੰਬੰਧਤ ਹੋਣ ਕਰਕੇ , ਬਹੁਤ ਸਾਰੇ ਵੱਡੇ-ਛੋਟੇ ਵਪਾਰਕ ਭੇਤਾਂ ਤੋਂ ਭਲੀ-ਭਾਂਤ ਵਾਕਫ਼ ਹੈ । ਪਰੰਤੂ ਪਹਾੜੀ ਸਥਾਨਾਂ ਤੇ ਸ਼ੌਕ ਵਜੋਂ ਖਰੀਦੇ ਅੰਬਾਂ , ਸੇਬਾਂ , ਲੀਚੀਆਂ ਦੇ ਕਈ ਸਾਰੇ ਬਾਗਾਂ ਦੀ ਦੇਖ ਭਾਲ ਕਰਦੀ ਨੂੰ ,’ ਮਹਾਜਨ ਸਾਹਬ ‘ ਵਾਂਗ ਫੁਰਸਤ ਦੀ ਬੇਹੱਦ ਘਾਟ ਹੈ । ਰੋਮੀਂ ਤੇ ਲਾਡੀ ਨੂੰ , ਵੱਡੀਆਂ ਪੜ੍ਹਾਈਆਂ ਉਤੋਂ ਘਰੀਂ ਰੱਖੀਆਂ ਟੀਊਸ਼ਨਾਂ ਤੋਂ ਸਿਵਾ ਹੋਰ ਵੀ ਕਈ ਤਰ੍ਹਾਂ ਦੇ ਬਾਹਰ-ਅੰਦਰ ਦੇ ਰੁਝੇਵੇਂ ਹਨ । ਸੋ , ਲੈ ਦੇ ਕੇ ,ਨਾਨੀ ਦੀ ਦੇਖ-ਭਾਲ ਲਈ ਕੇਵਲ ਰਾਮੀਂ ਬਚਦਾ ਹੈ – ਵਿਹਲਾ , ਬਚਪਨ ਤੋਂ ਅਪਾਹਜ ਜਿਸ ਨੂੰ ਉਸ ਦੀ ਮੱਮੀ ਵੀ ਨਾਨੀ ਦਾ ਖਿਡਾਉਣਾ ਬਣਾ ਕੇ ਦੂਜੇ ਦੋ ਬੱਚਿਆਂ ਸਮੇਤ ਵਿਦੇਸ਼ ਰਹਿੰਦੇ ਆਪਣੇ ਪਤੀ ਕੋਲ ਚਲੀ ਗਈ । ਨਾਨੇ-ਨਾਨੀਂ ਦਾ ਜੀਅ ਪਰਚਾਉਂਦਾ , ਉਹ ਪਿੰਡ ਲਾਗਲੇ ਕਬਸੇ ਤੋਂ ਸੰਗੀਤ ਦੀ ਪੜਾਈ ਪੜ੍ਹ ਕੇ , ਬਹੁਤਾ ਸਮਾਂ ਭਾਵੇਂ ਪਿੰਡ ਹੀ ਰਹਿੰਦਾ ਹੈ , ਪਰ ਵਿਚ –ਵਿਚਾਲੇ ਮਾਮੇਂ-ਮਾਮੀਂ ਨੂੰ ਮਿਲਣ ਗਿਆ , ਲਾਡੀ ਨੂੰ ਸੰਗੀਤ ਸਿਖਾਉਣ ਦੇ ਬਹਾਨੇ ਕਈ ਕਈ ਹਫਤੇ , ਵੱਡੇ ਸ਼ਹਿਰ ਦੀ ਚਮਕ-ਦਮਕ ਅੰਦਰ ਗੁਆਚਾ ਰਹਿੰਦਾ ਹੈ ।

- ਯੂ ਸਿੱਲੀ ਕਰੀਏਚਰ ,ਰੀਮੂਵ ਇੱਟ ਸੂਨ ……..ਰਾਊਂਡ ਤੋਂ ਮੁੜਦੇ ਵੱਡੇ ਡਾਕਟਰ ਦੀ ਝਿੜਕ ਉਸ ਦਾ ਤਨ-ਮਨ ਝਰੀਟ ਜਾਂਦੀ ਹੈ । ਔਖਾ-ਸੌਖਾ ਹੋ ਕੇ ਹਸਪਤਾਲ ਹੇਠਲੇ ਟੈਕਸੀ ਸਟੈਂਡ ਤੱਕ ਪਹੁੰਚਦਾ  ਹੈ । ਕੋਈ ਉਸ ਨਾਲ ਚੱਲਣ ਨੂੰ ਤਿਆਰ ਨਹੀਂ ਹੈ । ਆਖ਼ਿਰ ਇਕ ਟੈਕਸੀ ਵਾਲਾ ਉਸਦੀ ਟੁੱਟੀ-ਖੁਸੀ ਹਾਲਤ ਤੇ ਤਰਸ ਖਾਂਦਾ ਹੈ । ਨਾਨੀ ਦੀ ਮਿੱਟੀ ਟੈਕਸੀ ਦੀ ਪਿਛਲੀ ਸੀਟ ਤੇ ਢੇਰੀ ਕਰਵਾਕੇ , ਮਾਮੇਂ ਦੀ ਕੋਠੀ ਜਾਣ ਦੀ ਬਜਾਏ ਉਸ ਸਿੱਧਾ ਨਾਨਕੇ ਪਿੰਡ ਪਰਤ ਪੈਂਦਾ ਹੈ , ਜਿਸ ਦੀਆਂ ਗਲੀਆਂ ਨਾਲ ਉਸ ਦੇ ਘਸੀਟੇ ਹੋਏ ਬਚਪਨ ਤੋਂ ਲੈ ਕੇ , ਲੜਖੜਾਉਂਦੇ ਹੁਣ ਤੱਕ ਦੀ ਸਾਂਝ ਹੈ । ਜਿਸਦੀ ਲਹਿੰਦੀ ਬਾਹੀ ਢੀਂਗਲੀ-ਖੂਹ ਲਾਗਲੇ ਪਿੱਪਲ ਹੇਠ ਘਰ ਨਾਲ ਪਿੱਠ-ਜੁੜਵੀਂ ,ਨਾਨੇ ਦੀ ਲੂਣ-ਤੇਲ ਦੀ ਹੱਟੀ ਤੇ ਬੈਠਦਿਆਂ , ਉਸ ਨੇ ਪਿੰਡ ਦੀਆਂ ਦੋ ਪੀੜ੍ਹੀਆਂ ਜੁਆਨ ਹੁੰਦੀਆਂ ਦੇਖੀਆਂ ਹਨ । ਬਾਰਾਂ-ਟਾਣ੍ਹੀ, ਨੱਕੀ-ਪੂਰ ਖੇਲ੍ਹਣ ਵਾਲੇ ਅਪਣੇ ਜੁੱਟਾਂ ਨੂੰ ਲੁਕਣ-ਮੀਟੀ , ਢਾਅ-ਕਬੱਡੀ ਖੇਡਦਿਆਂ ਦੇਖ ਦੇਖ ਉਸ ਦੀਆਂ ਫੌੜੀਆਂ , ਵਸਾਖੀਆਂ  ਵਿੱਚ ਬਦਲ ਗਈਆਂ ਹਨ । ਥੜੇ ਕੋਲੋਂ ਦੀ ਲੰਘ ਕੇ ਛੋਟੀ ਫਿਰਨੀ ਨਾਲ ਲਗਦੇ , ਨਾਥਾਂ ਦੇ ਮੰਦਰ ਤੋਂ ਤਿਲਕ ਲੁਆ ਕੇ ਉਸਦੇ ਅਨੇਕਾਂ ਸਾਥੀ ਬਾਹਰਲੇ ਰਾਹ ਤੇ ਖੜੀ ਮੋਟਰ-ਕਾਰ ਤੱਕ ਜਾਣ ਲਈ ਸ਼ਿੰਗਾਰੀ ਘੋੜੀ ਦੀ ਸਵਾਰੀ ਕਰ ਚੁੱਕੇ ਹਨ । ਮੰਗ ਕੇ ਲਏ ਜਾਂ ਦਾਜਾਂ ਅੰਦਰ ਮਿਲੇ ਕਿੰਨੇ ਸਾਰੇ ਮੋਟਰ-ਸਾਇਕਲਾਂ ,ਸਕੂਟਰਾਂ ਨੇ ਅਨੇਕਾਂ ਵਾਰ , ਉਸ ਕੋਲੋਂ ਦੀ ਲੰਘਦਿਆਂ , ਉਸ ਦੀਆਂ ਅਪੰਗ ਲੱਤਾਂ ਨੂੰ ਬੇਸ਼ੁਮਾਰ ਟਿਚਕਰਾਂ ਕੀਤੀਆਂ ਹਨ ।

“……..ਇਹ ਮਾਈ ਕੀ ਲਗਦੀ ਐ ਤੇਰੀ …….? ਭਾਅ ! “ ਵਲੂੰਧਰੇ ਜਿਹੇ , ਅਗਲੀ ਸੀਟ ਤੇ ਬੈਠੇ ਰਾਮੀਂ ਪਾਸੋਂ , ਰਾਜਧਾਨੀ ਤੋਂ ਬਾਹਰ ਨਿਕਲ ਕੇ , ਮੁੱਲਾਂ ਕੱਟ ਦਾਅੜ੍ਹੀ ਵਾਲੇ ਸਿੱਖ ਡਰਾਇਵਰ ਨੇ ਪੁੱਛਿਆ ਹੈ ।

ਨੀਂਦ ਵਰਗੀ ਡੂੰਘੀ ਸੋਚ ਦੇ ਖੂਹ ‘ਚੋਂ ਬਾਹਰ ਨਿਕਲ ਕੇ ਰਾਮੀਂ ਨੇ ਉਸ ਵਲ ਦੇਖੇ ਬਿਨਾਂ ਹੀ ਸੰਖੇਪ ਜਿਹਾ ਉੱਤਰ ਦਿੱਤਾ ਹੈ – ਨਾਨੀਂ । ‘

ਰਾਮੀਂ ਦੀ ਬੇਰੁੱਖੀ ਤਾੜ ਕੇ , ਉਹ ਉਸ ਤੋਂ ਅਗਲਾ ਪ੍ਰਸ਼ਨ ਪੁਛਣੋਂ ਤਾਂ ਰੁੱਕ ਗਿਆ ਹੈ  , ਪਰ ਥੋੜੀ ਕੁ ਦੂਰੀ ਤੇ ਸੜਕ ਦੇ ਐਨ-ਵਿਚਕਾਰ ਡੋਲਦੇ ਤੁਰੇ ਜਾਂਦੇ ਇਕ ਸ਼ਰਾਬੀ ਨੂੰ ਬਚਾ ਕੇ ਲੰਘਦਿਆਂ , ਆਪਣੇ ਆਪ ਨਾਲ ਗੱਲੀਂ ਪੈ ਜਾਂਦਾ ਹੈ – ਐਹ ਬਣੀਆਂ ਬੀਆਂ ਨਾ ਮੌਜਾਂ………..ਪੂਰੀ ਦੀ ਪੂਰੀ ਸੜਕ ਮੱਲੀ ਬੀ ਆ , ਮਾਂ ਦੇ ਫੁੱਮਣ ਨੇ ਤੁਪੈਰੇ ਦਿਨ ਦੇ । ……..ਨਾ ਸਾਲੇ ਜੰਮੇਂ ਦਾ ਫ਼ਿਕਰ , ਨਾ ਸਹੁਰੇ ਮਰੇ ਦਾ । ਬੰਦਾ ਤਾਂ ਸਾਲਾ ਉਈਉਂ ਈ ਮਰਦਾ ਰੈਂਦਾ ਰਾਤ-ਪੁਰ ਦਿਨੇ , ਦੁਨੀਆਂ –ਦਾਰੀ ਖਾਤਰ , ਅਗਲੇ ਸਾਈਂ ਟਕੇ ਸੇਰ ਨੀ ਗਿਣਦੇ ………’ ਆਖ ਕੇ ਉਹ ਇਕ ਦੰਮ ਚੁੱਪ ਹੋ ਜਾਂਦਾ ਹੈ ।

ਨਾਂਹ-ਚਾਹੁੰਦਿਆਂ ਵੀ ਰਾਮੀਂ , ਉਸ ਦੇ ਗੁੰਮ-ਸੁੱਮ ਹੋਏ ਗੁਆਚੇ ਚਿਹਰੇ ਵਲ ਧਿਆਨ ਨਾਲ ਦੇਖਦਾ ਹੇ । ਵਿੰਡ-ਗਲਾਸ ਨੂੰ ਚੀਰਦੀ , ਉਸਦੀ ਉਦਾਸ ਤੱਕਣੀ ਦੂਰ ਤੱਕ ਸੜਕ ਤੇ ਖਿੱਲਰੀ ਪਈ ਹੈ । ਬਾਹਾਂ-ਪੈਰਾਂ ਦੀ ਕਿਰਿਆ ਬੇਰੋਕ ਆਪਣਾ ਕਾਰਜ ਕਰੀ ਜਾਂਦੀ ਹੈ , ਪਰ ਸਟੇਰਿੰਗ ਉੱਪਰ ਟਿੱਕੇ ਹੱਥਾਂ ਦੀਆਂ ਉਂਗਲਾਂ ਕਿਸੇ ਅਨੋਖੇ ਤਾਲ ਹੇਠ , ਉੱਪਰ –ਹੇਠਾਂ ਹਿਲਦੀਆਂ ਹਨ । ਕਦੀ ਉਸਦਾ ਸੂਤਿਆ ਮੂੰਹ  ਹੋਰ ਤਣਿਆ ਜਾਂਦਾ ਹੈ ਤੇ ਕਦੀ-ਤਣੀਆਂ ਭਵਾਂ ਢਿੱਲੀਆਂ ਪੈ ਕੇ ਲਮਕਣ ਲੱਗਦੀਆਂ ਹਨ ।ਕਦੀ ਉਸ ਸੁੰਨ-ਵੱਟਾ ਹੋਇਆ ਸਿੱਧਾ ਸਾਹਮਣੇ ਦੇਖੀ ਜਾਂਦਾ ਹੈ ਕਦੀ ਵਿੰਗੀਆਂ –ਟੇਡੀਆਂ ਸੁਰਾਂ ਅਲਾਪਦਾ , ਐਧਰ ਉਧਰ ਝਾਤੀਆਂ ਮਾਰਦਾ ਹੈ ।

ਰਾਮੀਂ, ਇਕ ਟੱਕ ਉਸ ਵਲ ਦੇਖੀ ਜਾਂਦਾ ਹੈ । ਅਣਪਛਾਤੇ ਗੀਤ ਦੀ ਸੁਰ ਮੱਧਮ ਹੁੰਦਿਆਂ ਸਾਰ , ਉਸਨੂੰ ਪੁੱਛਦਾ ਹੈ – ਕੇੜ੍ਹਾ ‘ਲਾਕਾ ਬਾਈ ਦਾ ……..?’

-          ਸੱਭੋ ਈ ‘ਲਾਕੇ ਆਪਣੇ ਈ ਆ , ਭਾਅ ! ਪੰਜਾਬ –ਰਿਆਣਾ-ਦਿੱਲੀ , ਜਿੱਧਰ ਕੋਈ ਤੋਰ ਲਏ ਤੁਰ ਪਈ ਦਾ ਆ ..ਸੀਸ ਤਲ੍ਹੀ ਤੇ ਧਰ ਕੇ ਤੁਰ ਪਈ ਦਾ ਆ । ‘

-  ਫੇਰ ਵੀ ਕੋਈ ਥਾਂ-ਟਿਕਾਣਾ , ਘਰ –ਗਿਰਾਂ ਤਾਂ ਹੋਵੇਗਾ ਈ ਨਾ ……..?’

- ਹੁਣ ਤਾਂ , ਆਹ ਰਾਣੋ ਈ ਐਂ ਸੱਭੋ ਕੁਸ ਆਪਣਾ । ‘ ਉਹ ਅਪਣੇ ਸਿਰ ਤੇ ਲਪੇਟਿਆ ਪਰਨਾ ਲਾਹ ਕੇ ਸਾਹਮਣਲੇ ਸ਼ੀਸ਼ੇ ਨੂੰ ਅੰਦਰੋਂ ਸਾਫ਼ ਕਰਦਾ , ਬੜੇ ਸਨੇਹ ਲਾਲ ਆਖਦਾ ਹੈ , ਜਿਵੇਂ ਸੱਜਰ ਸੂਈ ਪਹਿਲਣ ਦੀ ਪੀੜ ਪਲੋਸ ਰਿਹਾ ਹੋਵੇ ।

- ਬਾਲ-ਬੱਚਾ ,ਟੱਬਰ-ਟੀਰ, ਮਾਈ-ਬਾਪ……….? ਰਾਮੀਂ ਦਾ ਪ੍ਰਸ਼ਨ ਵਾਕ-ਬਣਤਰ ਦੇ ਨਿਯਮ ਗੁਆ ਕੇ ਉਸ ਦੀ ਵੀਰਾਨ ਜੂਹ ਅੰਦਰ ਪ੍ਰਵੇਸ਼ ਕਰਨਾ ਆਹੁਲਦਾ ਹੈ , ਪਰ ਉਹ ਬੜੀ ਹੀ ਬੇ-ਪ੍ਰਵਾਹੀ ਨਾਲ ਆਪਣੀ ਉਜਾੜ ਅੰਦਰੋਂ ਬਾਹਰ ਆ ਕੇ ਸੰਖੇਪ ਜਿਹਾ ਉੱਤਰ ਦਿੰਦਾ ਹੈ ।

- ਮਾਈ ਨਿੱਕੇ ਹੁੰਦਿਆਂ ਈ ਮਰ ਗਈ ………ਚਾਰ ਸਿਆੜ ਕੋਲੇ ਸੀ , ਉਹ ਪਿਓ ਦੀ ਬਮਾਰੀ ਤੇ ਲਾ ਤੇ , ਘਰ-ਬਾਰ ਗਹਿਣੇ ਪਾ ਕੇ ਆਹ ਮੋਟਰ ਲੈ ਲੀ ……… ਅੱਲਾ-ਅੱਲਾ ਤੇ ਖੈਰ-ਸੱਲਾ ……। ‘ ਥੋੜਾ ਜਿਹਾ ਰੁਕ ਕੇ ਉਸ ਨੇ ਅਪਣਾ ਭਵਿਖ ਵੀ ਬੀਤੇ ਅਤੀਤ ਵਾਂਗ ਇਕ ਦੋ ਲਾਂਘਾਂ ਨਾਲ ਹੀ ਗਾਹ ਮਾਰਿਆ ਹੈ ।

- ਤੇ ਬਸ ਹੁਣ ਤਾਂ ਮਲੰਗ ਦੀ ਐਸ ਲਾਡੋ ਤੇ ਈ ਡੌਰੀ ਆ , ਦੇਖੀਏ ਡੋਬਦੀ ਆ ਕਿ ਤਾਰਦੀ……..ਊਂ ਭਾਅ , ਅਪਣੇ ਸਟੈੱਡ ਤੇ ਜੀਹਨੇ ਵੀ ਗੱਡੀ ਪਾਈ ਆ , ਸਾਰੇ ਈ ਟੱਲੀ-ਐ-ਟੱਲੀ ,ਐਨ ਬੁੱਲੇ ਲੁਟਦੇ ਆ । …….ਭਾਗਾ , ਭੈਣ ਕਾ ਦੀਨਾ ਜਿੱਦਣ ਆਇਆ ਸੀ ਨਲ੍ਹੀ ਨਈਂ ਸੀ ਪੂੰਝਣੀ ਆਉਂਦੀ । ਹੁਣ ਤਿੰਨ ਲਈ ਫਿਰਦਾ । …….ਕਿਰਪੂ , ਸਾਲੇ ਦੀ ਟੈਸ ‘ਚ ਤਾਂ ਨੌਂਹ ਈ ਨਈਂ ਖੁੱਭਦਾ ,ਖਬਨੀ ਬਾਰਾਂ ਦਾ ਮਾਲਕ ਆ । ……ਫੱਤਣ-ਸੁਦਾਈ ਤਾਂ ਮਾਤੜ ਸਾਥੀ ਈ ਆ ……। ਉਦ੍ਹੀ ਤਾਂ ਰੰਨ ਦੀਆਂ ਟੁੰਬਾਂ ਵੀ ਗੱਡੀ ਖਾ ਗਈ ……….। ਇਕ ਵਾਰ ਇੰਜਣ ਖੁਲ੍ਹਿਆ ਨਈਂ ,ਪੰਜ-ਦਸ ਜ਼ਾਰ ਥੱਲੇ ਬੰਦਾ ਆਇਆ ਨਈਂ…..’ ਆਖਦੇ ਦੇ ਉਸ ਦੇ ਭੁਰਭੁਰੇ ਬੋਲ ਕੁਝ ਚਿਰ ਲਈ ਜਿਵੇਂ ਸੁੰਨ  ਹੋ ਗਏ ਹੋਣ । ਪਰ ,ਛੇਤੀ ਹੀ ਉਹ ਅਪਣੇ ਅਮੋੜ ਵੇਗ ਅੰਦਰ ਤਾਰੀਆਂ ਮਾਰਦਾ , ਟੈਕਸੀ ਸਟੈਂਡ ਦੀਆਂ ਸਾਰੀਆਂ ਗੱਡੀਆਂ ਦੀ ਇਉਂ ਵਾਕਫ਼ੀ ਕਰਾਉਂਦਾ ਹੈ , ਜਿਵੇਂ ਰਾਮੀਂ ਉਸ ਦਾ ਚਿਰਾਂ ਤੋਂ ਵਾਕਫ਼ ਹੋਵੇ ।

- ਆਪਣੀ ਬੱਕੀ ਨੇ ਬੀ ਭਾਅ, ਦੋ ਬਾਰ ਕਰੈਂਕ ਤੋੜੀ ਆ ………ਪਹਿਲੇ ਹੱਲੇ ਹਵੇਲੀ ਰੱਖੀ ਗਈ , ਦੂਜੀ ਬਾਰ ਘਰ …….’- ਆਖਦਿਆਂ , ਉਸ ਦੀਆਂ ਰੁੱਖੀਆਂ ਅੱਖਾਂ ਦੀ ਮੱਧਮ ਜੋਤੀ , ਸੜਕ ਉਤੇ ਦੂਰ ਤੱਕ ਖਿਲਰੀ ਡੱਬ-ਖੜੱਬੀ ਧੁਪ-ਛਾਂ ਅੰਦਰ ਗੁਆਚ ਗਈ ਹੈ ਅਤੇ ਹੁਣੇ-ਹੁਣੇ ਕੈਂਚੀ ਵਾਂਗ ਲੀਰਾਂ ਕੱਟਦੀ ਉਸਦੀ ਜੀਭ , ਜ਼ਰਦਾ ਲਿਬੜੇ ਦੰਦਾਂ ਉਹਲੇ ਲੁਕੀ , ਸੁੱਸਰੀ ਵਾਂਗ ਸੌਂ ਗਈ ਹੈ ।ਉਸਦੇ ਰੋੜ੍ਹ ਅੰਦਰ ਰੁੜ੍ਹਿਆ ਰਾਮੀਂ , ਟੈਕਸੀ ਦੀ ਪਿਛਲੀ ਸੀਟ ਉਤੇ ਢੇਰੀ ਹੋਈ ਨਾਨੀ ਨੂੰ ਜਿਵੇਂ ਭੁੱਲ ਹੀ ਗਿਆ ਹੋਵੇ , ਜਿਸ ਦਾ ਅੱਧਾ ਸਰੀਰ ਹੇਠਾਂ ਵਲ ਨੂੰ ਲੁੜਕ ਗਿਆ ਹੈ । ਪੂਰਾ ਯਤਨ ਕਰਨ ਤੇ ਵੀ ਉਸ ਦੀ ਲਮਕਦੀ ਬਾਂਹ ਤੇ ਲੱਤ ਨੂੰ ਰਾਮੀਂ ਸੀਟ ਉੱਪਰ ਕਰਨੋਂ ਅਸਮਰੱਥ ਰਹਿੰਦਾ ਹੈ । ਆਖਿਰ , ਹੌਂਕਦੇ ਸਾਹਾਂ ਨੂੰ ਟਿਕਾਣੇ ਕਰਨ ਲਈ , ਉਹ ਮੁੜ ਆਪਣੀ ਸੀਟ ‘ਤੇ ਸਿੱਧਾ ਹੋ ਕੇ ਬੈਠਾ ਜਾਂਦਾ ਹੈ । ਗੱਦੇ-ਦਾਰ ਢੋਅ ਦੇ ਉੱਖੜੇ ਫੁੰਦਿਆਂ ‘ਤੇ ਸਿਰ ਟਿਕਾਈ , ਉਹ ਟੈਕਸੀ ਚਾਲਕ ਦੇ ਉੱਖੜੇ ਚਿਹਰੇ ਤੇ ਲਿਖੇ ਹਰਫ਼ਾਂ ਨੂੰ ਪੜ੍ਹਨ ਦਾ ਯਤਨ ਕਰਦਾ ਹੈ । ਉਸਦੇ ਟਿੱਬੇ-ਟੋਏ ਨਕਸ਼ਾਂ ਤੇ ਖਿੱਲਰੀ ਪਲੱਤਣ ਰਾਮੀਂ ਨੂੰ ਆਪਣੇ ਮਾਮੇਂ ਦੇ ਚਿਹਰੇ ਦੀ ਦਗ-ਦਗ ਕਰਦੀ ਲਾਲੀ ਨੂੰ ਜਿਵੇਂ ਫਿਟਕਾਰਦੀ ਜਾਪੀ ਹੈ । ਉਸ ਦੀ ਅੱਧ ਕੁਤਰੀ ਦਾਅੜ੍ਹੀ ਅੰਦਰ ਉੱਗਿਆ ਟਾਵਾਂ-ਟਾਵਾਂ ਚਿੱਟਾ ਵਾਲ , ਤਿੱਖੀਆਂ ਕਿੱਲਾਂ ਵਾਂਗ ਖੜਾ ਨਾਨੀ ਦੇ ਚਿੱਟੇ ਧੌਲਿਆਂ ਦਾ ਹਮਸਾਇਆ ਜਾਪਿਆ ਹੈ ।

ਅਗਲੇ ਹੀ ਛਿੰਨ ਰਾਮੀਂ ਨੂੰ ਆਪਣੇ , ਅਲੜ੍ਹ ਵਰੇਸ ਦੀ ਹਾਣ ਦੇ ਅਲੂਏਂ-ਕੱਕੇ ਸਿਰ ਦੇ ਵਾਲਾਂ ਤੇ ਵੀ ਘਸਮੈਲੀ ਜਿਹੀ ਸਫੈਦੀ ਫਿਰ ਗਈ ਲੱਗੀ ਹੈ । ਪਲ ਦੀ ਪਲ ਉਸ ਨੂੰ ਇਹ ਨਿਰਨਾ ਕਰਨਾ ਅਤਿ ਮੁਸ਼ਕਲ ਹੋ ਗਿਆ ਹੈ ਕਿ ਉਸਦੇ ਮਾਮੇਂ ਦੀ ਰਾਜਧਾਨੀ ਤੋਂ ਚੱਲੀ , ਪਿੰਡ ਵਲ੍ਹ ਨੂੰ ਤੇਜ਼ ਦੌੜਦੀ ਆਉਂਦੀ ਟੈਕਸੀ ਅੰਦਰ ਲਾਸ਼ ਇੱਕ ਹੈ ! ਦੋ ਹਨ !! ਜਾਂ ਕਿ ਤਿੰਨ !!!

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>