ਸਰਕਾਰੀਆ ਨੂੰ ਹਾਈ ਕਮਾਨ ਅਤੇ ਸੂਬਾਈ ਲੀਡਰਸ਼ਿਪ ’ਤੇ ਉਂਗਲ ਉਠਾਉਣ ਦਾ ਹੱਕ ਨਹੀਂ

ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰੋ: ਸਰਚਾਂਦ ਸਿੰਘ ਨੇ ਕਾਂਗਰਸ ਹਾਈ ਕਮਾਨ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਕਾਰਜਸ਼ੈਲੀ ਦੀ ਆਲੋਚਨਾ ਕਰਨ ’ਤੇ ਹਲਕਾ ਰਾਜਾਸਾਂਸੀ ਦੇ ਕਾਂਗਰਸ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਆੜੇ ਹੱਥੀ ਲਿਆ ਹੈ।  ਉਹਨਾਂ ਕਿਹਾ ਕਿ ਸਰਕਾਰੀਆ ਪਾਰਟੀ ਵਿਰੋਧੀ ਆਪਣੀਆਂ ਮਾੜੀਆਂ  ਕਰਤੂਤਾਂ ਨੂੰ ਲੁਕਾਉਣ ਲਈ ਪਾਰਟੀ ਛੱਡਣ ਦੀ ਫਿਰਾਕ ਵਿੱਚ ਹੈ। ਉਹ ਜਿਸ ਨੇ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਆਪਣੇ ਹਲਕੇ ਦੀ ਕਦੀ ਸਾਰ ਨਹੀਂ ਲਈ ਉਸ ਨੂੰ ਕੋਈ ਹੱਕ ਨਹੀਂ ਕਿ ਉਹ ਕਾਂਗਰਸ ਹਾਈ ਕਮਾਨ ਦੇ ਫੈਸਲਿਆਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ’ਤੇ ਉਂਗਲ ਉਠਾਵੇ ਤੇ ਕਿੰਤੂ ਪ੍ਰੰਤੂ ਕਰੇ ਤੇ ।

ਹਲਕਾ ਰਾਜਾਸਾਂਸੀ ਨਾਲ ਸੰਬੰਧਿਤ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਇੱਕ ਬੇ ਬੁਨਿਆਦ ਤੇ ਗੁੰਮਰਾਹਕੁਨ ਪੱਤਰ ਲਿਖ ਕੇ ਸਰਕਾਰੀਆ ਨੇ ਇਹ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਉਸ ਦੀਆਂ ਤਾਰਾ ਇਸ ਵਕਤ ਕਿਨ੍ਹਾਂ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਨੂੰ ਪੱਤਰ ਲਿਖਣਾ ਮਾੜਾ ਨਹੀਂ ਪਰ ਜਿਸ ਮਨਸ਼ੇ ਨਾਲ ਸਰਕਾਰੀਆ ਨੇ ਵਿਰੋਧੀਆਂ ਦਾ ਹੱਥ ਠੋਕਾ ਬਣ ਕੇ ਜੋ ਕੁੱਝ ਕੁਫ਼ਰ ਤੋਲਿਆ ਗਿਆ ਹੈ ਅਤੇ ਉਸ ਨੂੰ ਮੀਡੀਆ ਵਿੱਚ ਨਸ਼ਰ ਕੀਤਾ ਹੈ ਉਹ ਅਨੁਸ਼ਾਸਨਹੀਣਤਾ ਹੈ ਜਿਸ ਪ੍ਰਤੀ ਉਸ ਵਿਰੁੱਧ  ਸਖ਼ਤ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਜਿਸ ਪਾਰਟੀ ਨੇ ਸਰਕਾਰੀਆ ਨੂੰ ਰਾਜਸੀ ਉਚਾਈਆਂ ’ਤੇ ਪਹੁੰਚਾਇਆ ਉਸ ਪਾਰਟੀ ਦੀ ਪਿੱਠ ’ਚ ਛੁਰਾ ਮਾਰ ਕੇ ਉਹ ਘਟੀਆ ਫ਼ਿਤਰਤ ਦਾ ਮਾਲਕ ਹੋਣ ਦਾ ਸਬੂਤ ਦੇ ਰਿਹਾ ਹੈ।

ਪ੍ਰੋ: ਸਰਚਾਂਦ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰੀਆ ਵਿਰੋਧੀਆਂ ਦੇ ਇਸ਼ਾਰੇ ’ਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੀ ਕਿ ਸਰਕਾਰੀਆ ਵਰਗੇ ਸੂਝਵਾਨ ਤੇ ਸਿਆਣੇ ਆਗੂ ਤੋਂ ਉਮੀਦ ਨਹੀਂ ਸੀ ਕੀਤੀ ਜਾ ਸਕਦੀ। ਉਹਨਾਂ ਸਰਕਾਰੀਆ ਦੀ ਕਾਰਜਸ਼ੈਲੀ ਦੀ  ਅਲੋਚਨਾ ਕਰਦਿਆਂ ਕਿਹਾ ਕਿ ਉਹ ਪਿਛਲੇ ਅਠਾਰਾਂ ਮਹੀਨਿਆਂ ਤੋਂ ਕਾਂਗਰਸ ਦੀਆਂ ਸਰਗਰਮੀਆਂ ਤੋਂ ਦੂਰ ਰਿਹਾ। ਉਹਨਾਂ ਸਰਕਾਰੀਆ ਨੂੰ ਸਵਾਲ ਕੀਤਾ ਕਿ ਕੀ ਇਹ ਸੱਚ ਨਹੀਂ ਕਿ ਉਹਨਾਂ ਚੋਣ ਜਿੱਤਣ ਤੋਂ ਬਾਅਦ ਕਦੀ ਆਪਣੇ ਹਲਕੇ ਰਾਜਾਸਾਂਸੀ ਵਿੱਚ ਵੀ ਕੋਈ ਗੇੜਾ ਨਹੀਂ ਲਗਾਇਆ ਤੇ ਕਾਂਗਰਸੀ ਵਰਕਰਾਂ ਦੀ ਬਾਂਹ ਨਾ ਫੜਨ ਕਾਰਨ  ਹਜ਼ਾਰਾਂ ਵਰਕਰਾਂ ਨੂੰ ਸਰਕਾਰੀ ਤਸ਼ੱਦਦ ਤੇ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪਿਆ।

ਸ: ਬਾਜਵਾ ’ਤੇ ਕਾਂਗਰਸੀ ਵਰਕਰਾਂ ਤਕ ਪਹੁੰਚ ਨਾ ਕਰਨ ਦਾ ਬੇਬੁਨਿਆਦ ਦੋਸ਼ ਲਾਉਣ ਵਾਲੇ  ਸਰਕਾਰੀਆ ਨੂੰ ਯਾਦ ਕਰਾਇਆ ਕਿ ਕੀ ਉਹ ਭੁੱਲ ਗਏ ਹਨ ਕਿ ਜਦ ਉਹਨਾਂ ਦੇ ਹਲਕੇ ਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਪੰਚਾਇਤੀ ਚੋਣਾਂ ਦੌਰਾਨ ਅਕਾਲੀਆਂ ਨੇ ਇੱਕ ਕਾਂਗਰਸ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ ਤਾਂ ਉਸ ਤੋ ਅਗਲੇ ਹੀ ਦਿਨ ਸ: ਬਾਜਵਾ ਆਪਣੇ ਪਾਰਟੀ ਆਗੂਆਂ ਨੂੰ ਨਾਲ ਲੈ ਕੇ ਪੀੜਤ ਪਰਿਵਾਰ ਕੋਲ ਪਹੁੰਚ ਗਏ ਸਨ।

ਉਹਨਾਂ ਕਿਹਾ ਕਿ ਗਲਤ ਉਮੀਦਵਾਰਾਂ ਦੀ ਚੋਣ ਬਾਰੇ ਉਹਨਾਂ ਨੂੰ ਇੰਨੀ ਚਿੰਤਾ ਜਾਂ ਇਤਰਾਜ਼ ਸੀ ਤਾਂ ਉਹਨਾਂ ਦੋ ਸਾਲਾਂ ਤਕ ਇਸ ਮਾਮਲੇ ਪ੍ਰਤੀ ਚੁੱਪ ਕਿਊ ਰਹੇ?। ਉਹਨਾਂ ਕਿਹਾ ਕਿ ਹਾਈ ਕਮਾਨ ਨੇ ਜੋ ਵੀ ਨਿਯੁਕਤੀਆਂ ਕੀਤੀਆਂ ਉਹ ਪਾਰਟੀ ਆਗੂਆਂ ਤੋਂ ਮਿਲੀਆਂ ਰਿਪੋਰਟਾਂ ਦੇ ਆਧਾਰ ’ ਤੇ ਕੀਤੀਆਂ ਹਨ।

ਉਹਨਾਂ ਕਿਹਾ ਕਿ ਸ: ਪ੍ਰਤਾਪ ਸਿੰਘ ਬਾਜਵਾ ਦੇ ਪ੍ਰਧਾਨ ਨਿਯੁਕਤ ਹੋਣ ਉਪਰੰਤ ਉਹਨਾਂ ਦੀ ਤੇਜ ਤਰਾਰ ਕਾਰਜਸ਼ੈਲੀ  ਅਤੇ ਹਰੇਕ ਵਰਕਰ ਕੋਲ ਪਹੁੰਚ ਕਾਰਨ ਦੀ ਸਮਰੱਥਾ ਅਤੇ ਕਾਂਗਰਸ ਦੀ ਜਨ ਸੰਪਰਕ ਮੁਹਿੰਮ ਨੂੰ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੇ ਜਿੱਥੇ ਇੱਕ ਪਾਸੇ ਅਕਾਲੀ ਲੀਡਰਸ਼ਿਪ ਨੂੰ ਬੌਖਲਾਹਟ ਵਿੱਚ ਪਾਇਆ ਹੋਇਆ ਤੇ ਉਹਨਾਂ ਦੀ ਨੀਂਦ ਹਰਾਮ ਹੋਈ ਪਈ ਹੈ ਉੱਥੇ ਸਰਕਾਰੀਆ ਵੱਲੋਂ ਕੀਤੀ ਗਈ ਗਲਤ ਬਿਆਨ ਬਾਜੀ ਤੋਂ ਉਸ ਦਾ ਮਨਸ਼ਾ ਸਾਫ਼ ਨਜ਼ਰ ਆ ਰਿਹਾ ਹੈ।  ਉਹਨਾਂ ਕਿਹਾ ਕਿ ਮਾਝੇ ਵਿੱਚ ਬਾਬਾ ਬਕਾਲਾ, ਡੇਰਾ ਬਾਬਾ ਨਾਨਕ , ਫ਼ਤਿਹਗੜ੍ਹ ਚੂੜੀਆਂ, ਸੁਜਾਨਪੁਰ , ਭੋਆ ਪਠਾਨਕੋਟ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਕੀਤੀਆਂ ਗਈ ਦੋ ਰੈਲੀਆਂ ਅਤੇ ਪੰਜਾਬ ਵਿੱਚ ਕੀਤੀਆਂ ਗਈਆਂ 40 ਤੋਂ ਵਧ ਰੈਲੀਆਂ ਵਿੱਚ ਉਮੜੇ ਜਨ ਸੈਲਾਬ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਕਲ ਹੀ ਦਿਲੀ ਵਿਖੇ ਮੋਦੀ ਦੇ ਘਿਰਾਓ ਲਈ ਪੰਜਾਬ ਕਾਗਰਸ ਦੇ ਤਮਾਮ ਆਗੂਆਂ ਦਾ ਪੰਹੁੰਚਣਾ ਇਹ ਦਰਸਾ ਰਿਹਾ ਹੈ ਕਿ ਸ: ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਮਕਬੂਲ ਤੇ ਨਿਰਵਿਵਾਦ ਆਗੂ ਹਨ।

ਉਹਨਾਂ ਦੋਸ਼ ਲਾਇਆ ਕਿ ਸਚਾਈ ਤਾਂ ਇਹ ਹੈ ਕਿ ਸਰਕਾਰੀਆ ਦੀ ਲਾਪਰਵਾਹੀ ਅਤੇ ਵਰਕਰਾਂ ਦੀ ਬਾਂਹ ਨਾ ਫੜਨ ਕਾਰਨ ਹਲਕਾ ਰਾਜਾਸਾਂਸੀ ਵਿਖੇ  ਬਹੁਤ ਸਾਰੇ ਕਾਂਗਰਸੀਆਂ ਨੂੰ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਸਰਪੰਚੀ ਚੋਣਾਂ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਨੂੰ ਨੁਕਸਾਨ ਸਹਿਣਾ ਪਿਆ।  ਉਹਨਾਂ ਕਿਹਾ ਕਿ ਸਰਕਾਰੀਆ ਦਸੇ ਕਿ ਉਸ ਨੇ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਕਦੀ ਵਿਰੋਧ ਕੀਤਾ ਵੀ ਹੈ? ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਸ: ਪ੍ਰਤਾਪ ਸਿੰਘ ਬਾਜਵਾ ਦੀ ਸੁਯੋਗ ਅਗਵਾਈ ਸਦਕਾ ਕਾਂਗਰਸ ਪੱਖੀ ਹਵਾ ਚਲ ਰਹੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>