ਮੇਥੀ : ਡਾ: ਹਰਸ਼ਿੰਦਰ ਕੌਰ, ਐਮ ਡੀ,

ਇਕ ਮੈਡੀਕਲ ਕਾਨਫਰੰਸ ਵਿਚ ਇਕ ਨਵੀਂ ਦਵਾਈ ਬਾਰੇ ਸਾਨੂੰ ਦੱਸਿਆ ਗਿਆ ਕਿ ਇਹ ਸ਼ੱਕਰ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਰਹੀ ਹੈ। ਉਸ ਦਵਾਈ ਦਾ ਨਾਂ ਸੀ ‘ਫੈਨਫਿਊਰੋ’! ਕਾਨਫਰੰਸ ਦੇ ਅੰਤ ਵਿਚ ਇਹ ਦੱਸਿਆ ਗਿਆ ਕਿ ਇਹ ਦਵਾਈ ਮੇਥੀ ਤੋਂ ਬਣਾਈ ਗਈ ਹੈ। ਸਾਡੇ ਵਿੱਚੋਂ ਅੱਧਿਆਂ ਦਾ ਮੂੰਹ ਇਹ ਸੱਚਾਈ ਸੁਣ ਕੇ ਖੁੱਲੇ ਦਾ ਖੁੱਲਾ ਰਹਿ ਗਿਆ।
ਇਹ ਨਿੱਕੀਆਂ ਜਿਹੀਆਂ ਹਰੀਆਂ ਪੱਤੀਆਂ ਏਨੀਆਂ ਲਾਹੇਵੰਦ ?

ਕੁਦਰਤ ਦੀ ਕਾਰੀਗਰੀ ਉੱਤੇ ਵਾਰੇ ਵਾਰੇ ਨਾ ਜਾਈਏ ਤਾਂ ਕੀ ਕਰੀਏ! ਉਸੇ ਕਾਨਫਰੰਸ ਵਿਚ ਕਈ ਡਾਕਟਰਾਂ ਲਈ ਇਹ ਸੱਚਾਈ ਹਜ਼ਮ ਕਰਨੀ ਔਖੀ ਹੋਈ ਪਈ ਸੀ ਕਿ ਮੇਥੀ ਵਰਗੀਆਂ ਪੱਤੀਆਂ ਵਿਚ ਭਲਾ ਏਨਾ ਕੁੱਝ ਕਿਵੇਂ ਹੋ ਸਕਦਾ ਹੈ?

ਇਸੇ ਲਈ ਉਸਤੋਂ ਬਾਅਦ ਅਮਰੀਕਾ ਵਿਚ ਵਰਤੇ ਜਾ ਰਹੇ ‘ ਫੇਸ ਪੈਕ ’ ਵਿਖਾਏ ਗਏ ਜੋ ਮੂੰਹ ਉੱਤੇ ਬਣ ਰਹੇ ਬਲੈਕ ਹੈਡਜ਼, ਫਿੰਸੀਆਂ, ਕਿਲ, ਝੁਰੜੀਆਂ ਆਦਿ ਲਈ ਕਮਾਲ ਦਾ ਅਸਰ ਵਿਖਾ ਰਹੇ ਸਨ ਤੇ ਅਮਰੀਕਨ ਔਰਤਾਂ ਦੀ ਪਹਿਲੀ ਪਸੰਦ ਬਣ ਚੁ¤ਕੇ ਸਨ। ਉਨ੍ਹਾਂ ਫੇਸ ਪੈਕਸ ਦੇ ਵਿਚ ਭਰੇ ਅੰਸ਼ਾਂ ਉੱਤੇ ਸਾਨੂੰ ਅੱਖਰ ਵੱਡੇ ਕਰ ਕੇ ਵਿਖਾਇਆ ਗਿਆ ਤਾਂ ਬਥੇਰੇ ਜਣੇ ਦੰਗ ਰਹਿ ਗਏ। ਉਨ੍ਹਾਂ ਵਿਚ ਅਸਲ ਚੀਜ਼ ‘ਮੇਥੀ’ ਸੀ! ਉ¤ਥੋਂ ਦੇ ਕਈ ਬਿਊਟੀ ਕਲਿਨਿਕ ਮੇਥੀ ਦੇ ਬੀਜ (ਮੇਥਰੇ) ਪਾਣੀ ਵਿਚ ਉਬਾਲ ਕੇ, ਉਸ ਨਾਲ ਆਪਣੀਆਂ ਗਾਹਕ ਔਰਤਾਂ ਦਾ ਮੂੰਹ ਚੰਗੀ ਤਰ੍ਹਾਂ ਧੋ ਕੇ, ਤਾਜ਼ੀ ਮੇਥੀ ਦਾ ਲੇਪ ਵੀਹ ਮਿੰਟ ਲਈ ਮੂੰਹ ਉੱਤੇ ਲਾ ਦਿੰਦੇ ਹਨ। ਇਹ ਝੁਰੜੀਆਂ ਤੇ ਕਿੱਲ ਮੁਹਾਂਸੇ ਲਈ ਤੇ ਨਾਲੋ ਨਾਲੋ ਛਿੰਬਾਂ ਵਾਸਤੇ ਕਮਾਲ ਦਾ ਅਸਰ ਵਿਖਾਉਂਦੀ ਹੈ।

ਚਮੜੀ ਤਾਂ ਛੱਡੋ! ਵਾਲਾਂ ਲਈ ਵੀ ਮੇਥੀ ਤੋਂ ਬਣੇ ਸ਼ੈਂਪੂ ਸਭ ਤੋਂ ਮਹਿੰਗੇ ਵਿਕਦੇ ਹਨ। ਸਿਕਰੀ ਤੇ ਵਾਲ ਝੜਨ ਤੋਂ ਰੋਕਣ ਲਈ ਮੇਥੀ ਦੀ ਵਰਤੋਂ ਜ਼ੋਰਾਂ ਉ¤ਤੇ ਹੈ। ਭਾਵੇਂ ਰੋਜ਼ ਖਾਧੀ ਜਾਏ ਤੇ ਭਾਵੇਂ ਵਾਲਾਂ ਉੱਤੇ ਪੇਸਟ ਬਣਾ ਕੇ ਲਾ ਲਈ ਜਾਏ, ਇਸ ਨਾਲ ਹੌਲੀ ਹੌਲੀ ਵਾਲ ਲਿਸ਼ਕਵੇਂ ਤੇ ਕਾਲੇ ਹੋਣ ਲੱਗ ਪੈਂਦੇ ਹਨ।

ਵਾਲਾਂ ਤੇ ਚਮੜੀ ਵਿਚ ਮੇਥੀ ਦੀ ਏਨੀ ਜ਼ਿਆਦਾ ਵਰਤੋਂ ਕਈ ਵਾਰ ਤਾਂ ਸ਼ੱਕ ਹੀ ਪਾ ਦਿੰਦੀ ਹੈ ਕਿ ਇਹ ਖਾਣ ਦੀ ਚੀਜ਼ ਹੈ ਵੀ ਕਿ ਸਿਰਫ ਲਾਉਣ ਵਾਲੀ ਹੀ ਹੈ।

ਹੁਣ ਇਕ ਹੋਰ ਅਸਰਦਾਰ ਵਰਤੋਂ ਬਾਰੇ ਵੀ ਸੁਣੋ। ਮੇਥੀ ਦੇ ਬੀਜ ਪਾਣੀ ਵਿਚ ਉਬਾਲ ਕੇ, ਫੇਰ ਰਾਤ ਭਰ ਖੋਪੇ ਦੇ ਤੇਲ ਵਿਚ ਭਿਉਂ ਕੇ ਰੱਖੋ ਤੇ ਉਸ ਨਾਲ ਰੋਜ਼ ਹਲਕੀ ਹਲਕੀ ਸਿਰ ਦੀ ਮਾਲਿਸ਼ ਕਰੋ।

ਇਸ ਨਾਲ ਵਾਲ ਝੜਨੇ ਵੀ ਰੁਕਦੇ ਹਨ ਤੇ ਸਿਕਰੀ ਵੀ ਠੀਕ ਹੋ ਜਾਂਦੀ ਹੈ।

ਬਤੌਰ ਡਾਕਟਰ ਇਹ ਗੱਲਾਂ ਮੈਂ ਇਸਲਈ ਦਸ ਰਹੀ ਹਾਂ ਤਾਂ ਜੋ ਇਸ ਆਮ ਜਿਹੇ ਨੁਸਖ਼ੇ ਪਿੱਛੇ ਕੁੜੀਆਂ ਤੇ ਔਰਤਾਂ ਜਿਹੜੇ ਲੱਖਾਂ ਰੁਪੈ ਜ਼ਾਇਆ ਕਰਦੀਆਂ ਪਈਆਂ ਹਨ, ਉਨ੍ਹਾਂ ਦੀ ਥਾਂ ਉਹ ਕੁਦਰਤੀ ਸੋਗਾਤਾਂ ਰਾਹੀਂ ਖੂਬਸੂਰਤ ਹੋਣ ਬਾਰੇ ਲੋਚਣ ਤਾਂ ਮਹਿੰਗੀਆਂ ਕਰੀਮਾਂ ਤੋਂ ਛੁਟਕਾਰਾ ਪਾ ਲੈਣਗੀਆਂ।

ਇਹ ਤਾਂ ਹੋਈ ਖ਼ੂਬਸੂਰਤੀ ਦੀ ਗੱਲ! ਪਰ, ਮੇਥੀ ਤਾਂ ਜਿਸਮਾਨੀ ਨਜ਼ਦੀਕੀਆਂ ਵਧਾਉਣ ਵਿਚ ਵੀ ਬੇਹਦ ਕਮਾਲ ਦਾ ਅਸਰ ਵਿਖਾਉਂਦੀ ਹੈ। ਇਨਸਾਨੀ ਚਿਤ ਜੋ ਪੂਰਾ ਠੰਡਾ ਪਿਆ ਹੋਵੇ, ਮੇਥੀ ਲਗਾਤਾਰ ਖਾਣ ਸਦਕਾ ਨਿੱਘ ਵਿਚ ਆ ਜਾਂਦਾ ਹੈ।

ਜਿਹੜੇ ਜਣੇ ਭਾਰ ਘਟਾਉਣ ਬਾਰੇ ਸੋਚ ਰਹੇ ਹੋਣ, ਉਹ ਤਾਂ ਅੱਜ ਤੋਂ ਹੀ ਮੇਥੀ ਖਾਣੀ ਸ਼ੁਰੂ ਕਰ ਦੇਣ ਕਿਉਂਕਿ ਮੇਥੀ ਤੋਂ ਵਧੀਆ ਕੁਦਰਤੀ ਦਵਾਈ ਮਿਲਣੀ ਔਖੀ ਹੀ ਹੈ। ਮੇਥੀ ਦੇ ਬੀਜ ਰਾਤ ਭਰ ਭਿਉਂ ਕੇ ਸਵੇਰੇ ਨਿਰਣੇ ਪੇਟ ਚੱਬ ਕੇ ਖਾਣ ਨਾਲ ਢਿਡ ਭਰਿਆ ਜਾਪਣ ਲੱਗ ਪੈਂਦਾ ਹੈ ਤੇ ਭੁੱਖ ਲੱਗਦੀ ਹੀ ਨਹੀਂ! ਇਹ ਇਸ ਲਈ ਹੁੰਦਾ ਹੈ ਕਿਉਂਕਿ ਮੇਥੀ ਵਿਚਲਾ ਫਾਈਬਰ ਪਾਣੀ ਵਿਚ ਫੁੱਲ ਜਾਣ ਕਾਰਣ ਢਿੱਡ ਵਿਚ ਹੋਰ ਖਾਣ ਨੂੰ ਥਾਂ ਹੀ ਨਹੀਂ ਛੱਡਦਾ।

ਜੇ ਕਿਸੇ ਦੀ ਚਮੜੀ ਉੱਤੇ ਦਾਗ਼ ਹਨ ਜਾਂ ਸੜਨ ਦੇ ਤਾਜ਼ੇ ਦਾਗ਼, ਛਾਲੇ, ਐਗਜ਼ੀਮਾ ਆਦਿ ਹੈ, ਤਾਂ ਵੀ ਮੇਥੀ ਦੇ ਬੀਜਾਂ ਨੂੰ ਰਗੜ ਕੇ ਪਤਲਾ ਪੇਸਟ ਬਣਾ ਕੇ ਚਮੜੀ ਉੱਤੇ ਲੇਪ ਵਾਂਗ ਲਾ ਕੇ ਉ¤ਤੇ ਸਾਫ ਕਪੜੇ ਨਾਲ ਢੱਕ ਕੇ ਰਖਣ ਨਾਲ ਹੌਲੀ ਹੌਲੀ ਕੁੱਝ ਆਰਾਮ ਪੈ ਜਾਂਦਾ ਹੈ।

ਅੰਤੜੀਆਂ ਦੇ ਕੈਂਸਰ (ਕੋਲਨ ਕੈਂਸਰ) ਵਿਚ ਵੀ ਮੇਥੀ ਵਿਚਲੇ ਭਰਵੇਂ ਫਾਈਬਰ ਦੇ  ਸਦਕਾ ਫ਼ਾਇਦਾ ਲਿਆ ਜਾ ਸਕਦਾ ਹੈ ਕਿਉਂਕਿ ਇਹ ਖਾਣੇ ਵਿਚਲੇ ਮਾੜੇ ਤੱਤਾਂ ਨੂੰ ਅੰਤੜੀਆਂ ਦੀ ਨਰਮ ਪਰਤ ਉੱਤੇ ਵਾਰ ਨਹੀਂ ਕਰਨ ਦਿੰਦੀ ਤੇ ਕੈਂਸਰ ਹੋਣ ਤੋਂ ਬਚਾਓ ਕਰ ਸਕਦੀ ਹੈ।

ਦਰਅਸਲ ਮੇਥੀ ਸਿਰਫ਼ ਫਾਈਬਰ ਸਦਕਾ ਹੀ ਗੁਣਕਾਰੀ ਨਹੀਂ ਬਲਕਿ ਇਸ ਵਿਚਲੇ ਪ੍ਰੋਟੀਨ, ਵਿਟਾਮਿਨ ਸੀ, ਨਾਇਆਸਿਨ, ਪੋਟਾਸ਼ੀਅਮ, ਲੋਹ ਕਣ, ਐਲਕਾਲੌਇਡ ਤੇ ਡਾਇਓਸਜੈਨਿਨ ਵੀ ਰਲ ਮਿਲ ਕੇ ਸਰੀਰ ਵਿਚ ਕਮਾਲ ਦਾ ਅਸਰ ਵਿਖਾਉਂਦੇ ਹਨ।

ਡਾਇਓਸਜੈਨਿਨ ਦਾ ਅਸਰ ਬਿਲਕੁਲ ਔਰਤਾਂ ਦੇ ਸਰੀਰ ਅੰਦਰਲੇ ਈਸਟਰੋਜਨ ਹਾਰਮੋਨ ਵਰਗਾ ਹੁੰਦਾ ਹੈ ਤੇ ਸਟੀਰਾਇਡ ਸੈਪੋਨਿਨ ਵਾਂਗ ਵੀ! ਇਹੀ ਸੈਪੋਨਿਨ ਖ਼ੂਬਸੂਰਤੀ ਵਧਾਉਣ ਵਾਲੀਆਂ ਚੀਜ਼ਾਂ ਵਿਚ ਵਰਤਿਆ ਜਾ ਰਿਹਾ ਹੈ।

ਡਾਇਓਸਜੈਨਿਨ ਦਾ ਈਸਟਰੋਜਨ ਵਾਂਗ ਅਸਰ ਹੋਣ ਸਦਕਾ ਇਹ ਮਾਂ ਦਾ ਦੁੱਧ ਵਧਾਉਣ ਵਿਚ ਕਾਫ਼ੀ ਮਦਦ ਕਰਦਾ ਹੈ ਜੋ ਨਵਜੰਮੇ ਬੱਚੇ ਲਈ ਲਾਹੇਵੰਦ ਹੈ।

ਮੇਥੀ ਵਿਚਲੇ ਤੱਤਾਂ ਸਦਕਾ ਜੱਚਾ ਵਿਚ ਬੱਚਾ ਜੰਮਣ ਦੌਰਾਨ ਬੱਚੇਦਾਨੀ ਦਾ ਸੁੰਗੜਨਾ ਤੇਜ਼ ਹੋ ਸਕਦਾ ਹੈ ਤੇ ਬੱਚਾ ਘਟ ਦਰਦਾਂ ਨਾਲ ਸੌਖਿਆਂ, ਛੇਤੀ ਪੈਦਾ ਹੋ ਸਕਦਾ ਹੈ।

ਧਿਆਨ ਰਹੇ ਕਿ ਇਸ ਅਸਰ ਵਾਸਤੇ ਰੋਜ਼ ਕੌਲੇ ਭਰ ਭਰ ਕੇ ਤਿੰਨੋਂ ਵੇਲੇ ਜੱਚਾ ਨੂੰ ਮੇਥੀ ਦੇਣ ਦੀ ਲੋੜ ਨਹੀਂ ਕਿ ਕਿਤੇ ਵਕਤ ਤੋਂ ਪਹਿਲਾਂ ਹੀ ਸਤਮਾਹਿਆ ਬੱਚਾ ਜੰਮ ਪਵੇ।

ਸਿਰਫ ਜੱਚਾ ਵਾਸਤੇ ਹੀ ਨਹੀਂ, ਮੇਥੀ ਵਿਚਲੇ ਆਈਸੋਫ਼ਲੇਵੋਨ ਤੇ ਡਾਇਓਸਜੈਨਿਨ ਕੁੜੀਆਂ ਤੇ ਔਰਤਾਂ ਵਿਚ ਮਾਹਵਾਰੀ ਦੌਰਾਨ ਹੋ ਰਹੀ ਦਰਦ ਵੀ ਘਟਾ ਦਿੰਦੇ ਹਨ।

ਜਦੋਂ ਮਾਹਵਾਰੀ ਆਉਣੀ ਬੰਦ ਹੋ ਚੁੱਕੀ ਹੋਵੇ ਜਾਂ ਉਮਰ ਪੰਜਾਹ ਦੇ ਨੇੜੇ ਢੁਕ ਚੁੱਕੀ ਹੋਵੇ, ਉਨ੍ਹਾਂ ਔਰਤਾਂ ਵਿਚ ਵੀ ‘ਪੋਸਟਮੀਨੋਪੌਜ਼ਲ ਸਿੰਡਰੋਮ’ ਵਿਚਲੇ ਲੱਛਣ ਜਿਵੇਂ ਇਕਦਮ ਗਰਮੀ ਲੱਗਣੀ, ਤੌਣੀ ਆਉਣੀ, ਇਕਦਮ ਗੁੱਸਾ ਆਉਣਾ, ਢਹਿੰਦੀ ਕਲਾ, ਆਦਿ ਵਿਚ ਵੀ ਮੇਥੀ ਖਾਂਦੇ ਰਹਿਣ ਨਾਲ ਫ਼ਾਇਦਾ ਮਿਲਦਾ ਹੈ।

ਮੇਥੀ ਵਿਚਲੇ ਲੋਹ ਕਣ ਲਹੂ ਦੀ ਕਮੀ ਵੀ ਕੁ¤ਝ ਹਦ ਤਕ ਦੂਰ ਕਰ ਦਿੰਦੇ ਹਨ। ਜੇ ਮੇਥੀ ਵਿਚ ਟਮਾਟਰ ਤੇ ਆਲੂ ਵੀ ਪਾ ਲਏ ਜਾਣ ਤਾਂ ਅਜਿਹੀ ਸਬਜ਼ੀ ਲਗਾਤਾਰ ਖਾਣ ਨਾਲ ਸਬਜ਼ੀ ਵਿਚਲੇ ਲੋਹ ਕਣ ਛੇਤੀ ਹਜ਼ਮ ਹੋ ਜਾਂਦੇ ਹਨ।

ਭਾਵੇਂ ਸਾਬਤ ਨਹੀਂ ਹੋ ਸਕਿਆ, ਪਰ ਅਮਰੀਕਾ ਵਿਚ ਕੁ¤ਝ ਔਰਤਾਂ ਛਾਤੀ ਉੱਤੇ ਮੇਥੀ ਦਾ ਲੇਪ ਲਾ ਕੇ ਰਖਦੀਆਂ ਹਨ ਕਿ ਇਸ ਨਾਲ ਛਾਤੀ ਦਾ ਆਕਾਰ ਵੱਧ ਜਾਂਦਾ ਹੈ। ਮੇਥੀ ਵਿਚਲੇ ਈਸਟਰੋਜਨ ਵਰਗੇ ਅਸਰ ਸਦਕਾ, ਇਸਨੂੰ ਖਾਣ ਨਾਲ ਛਾਤੀ ਜ਼ਰੂਰ ਕੁੱਝ ਭਾਰੀ ਹੋ ਸਕਦੀ ਹੈ।

ਸਰੀਰ ਅੰਦਰਲਾ ਕੋਲੈਸਟਰੋਲ ਖ਼ਾਸ ਕਰ ‘ ਲੋ ਡੈਨਸਿਟੀ ਲਾਈਪੋਪਰੋਟੀਨ’ (ਮਾੜਾ ਕੋਲੈਸਟਰੋਲ) ਘਟਾਉਣ ਵਿਚ ਵੀ ਮੇਥੀ ਦਾ ਕੁੱਝ ਹੱਥ ਜ਼ਰੂਰ ਹੈ।

ਮੇਥੀ ਵਿਚਲੇ ਗਲੈਕਟੋਮੈਨਨ ਦਿਲ ਵੀ ਸਿਹਤਮੰਦ ਰੱਖਦੇ ਹਨ ਤੇ ਹਾਰਟ ਅਟੈਕ ਦਾ ਖ਼ਤਰਾ ਘਟਾਉਂਦੇ ਹਨ। ਮੇਥੀ ਵਿਚ ਪੋਟਾਸ਼ੀਅਮ ਵੱਧ ਹੋਣ ਸਦਕਾ ਸਰੀਰ ਅੰਦਰਲੇ ਲੂਣ ਨੂੰ ਇਹ ਕੁੱਝ ਹਦ ਤੱਕ ਕਾਬੂ ਕਰ ਕੇ ਹਾਰਟ ਅਟੈਕ ਤੇ ਬਲੱਡ ਪ੍ਰੈਸ਼ਰ ਦੀ ਬੀਮਾਰੀ ਵਿਚ ਵੀ ਫ਼ਾਇਦਾ ਦੇ ਦਿੰਦੀ ਹੈ।

ਮੇਥੀ ਵਿਚਲੇ ਗਲੈਕਟੋਮੈਨਨ ਜੋ ਕੁਦਰਤੀ ਫ਼ਾਈਬਰ ਹਨ, ਸਰੀਰ ਵਿਚ ਸ਼ਕਰ ਨੂੰ ਹਜ਼ਮ ਘਟ ਹੋਣ ਦਿੰਦੇ ਹਨ ਤੇ ਸ਼ੱਕਰ ਰੋਗੀਆਂ ਲਈ ਵੀ ਫ਼ਾਇਦੇਮੰਦ ਸਾਬਤ ਹੋ ਰਹੇ ਹਨ। ਮੇਥੀ ਵਿਚਲੇ ਅਮਾਈਨੋ ਏਸਿਡ ਸਰੀਰ ਅੰਦਰ ਇਨਸੂਲਿਨ ਦੀ ਮਾਤਰਾ ਵਧਾ ਦਿੰਦੇ ਹਨ।

ਜਿਨ੍ਹਾਂ ਨੂੰ ਕਬਜ਼ ਹੋਵੇ, ਉਹ ਵੀ ਮੇਥੀ ਵਿਚਲੇ ਫਾਈਬਰ ਸਦਕਾ ਹਾਜ਼ਮਾ ਠੀਕ ਕਰ ਕੇ ਕਬਜ਼ ਤੋਂ ਰਾਹਤ ਪਾ ਸਕਦੇ ਹਨ। ਸਿਰਫ ਇਹ ਹੀ ਨਹੀਂ, ਜਿਨ੍ਹਾਂ ਦੇ ਸਰੀਰ ਅੰਦਰ ਤੇਜ਼ਾਬ ਵੱਧ ਬਣਦਾ ਹੋਵੇ, ਉਹ ਵੀ ਮੇਥੀ ਦੇ ਬੀਜਾਂ ਵਿਚਲੇ ਲੇਸਨੁਮਾ (ਮਿਊਸੀਲੇਜ) ਰੇਸ਼ੇ ਸਦਕਾ ਮੇਥੀ ਖਾਣ ਨਾਲ ਇਸਤੋਂ ਫ਼ਾਇਦਾ ਲੈ ਸਕਦੇ ਹਨ। ਇਹ ਲੇਸ ਅੰਤੜੀਆਂ ਦੇ ਅੰਦਰਲੀ ਪਰਤ ਉੱਤੇ ਫੈਲ ਕੇ ਜਲਨ ਨੂੰ ਵੀ ਰਾਹਤ ਦਿੰਦੀ ਹੈ। ਇਸ ਬੀਮਾਰੀ ਲਈ ਮੇਥੀ ਦੇ ਬੀਜ ਭਿਉਂ ਕੇ ਜ਼ਿਆਦਾ ਲੇਸਦਾਰ ਬਣਾਏ ਜਾ ਸਕਦੇ ਹਨ ਤੇ ਇੰਜ ਖਾਣ ਨਾਲ ਜ਼ਿਆਦਾ ਫ਼ਾਇਦਾ ਦਿੰਦੇ ਹਨ।

ਜੇ ਹਲਕਾ ਖੰਘ ਜ਼ੁਕਾਮ ਹੋਵੇ ਤਾਂ ਉਬਾਲੀ ਮੇਥੀ ਦੇ ਪਾਣੀ ਵਿਚ ਨਿੰਬੂ ਤੇ ਸ਼ਹਿਦ ਪਾ ਕੇ ਲੈਣ ਨਾਲ ਗਲੇ ਵਿਚਲੀ ਪੀੜ ਨੂੰ ਅਰਾਮ ਮਿਲ ਜਾਂਦਾ ਹੈ ਤੇ ਖੰਘ ਵੀ ਘੱਟ ਜਾਂਦੀ ਹੈ।

ਏਨਾ ਕੁੱਝ ਮੇਥੀ ਬਾਰੇ ਜਾਣ ਲੈਣ ਬਾਅਦ ਮੈਂ ਇਹ ਸਪਸ਼ਟ ਕਰ ਦਿਆਂ ਕਿ ਮੇਥੀ ਤੋਂ ਜੇ ਫ਼ਾਇਦੇ ਲੈਣੇ ਹੋਣ ਤਾਂ ਮਹੀਨੇ ਵਿਚ ਇਕ ਵਾਰ ਖਾਣ ਨਾਲ ਨਹੀਂ ਲਏ ਜਾ ਸਕਦੇ, ਬਲਕਿ  ਇੱਕ ਅੱਧ ਦਿਨ ਛੱਡ ਕੇ ਖਾਂਦੇ ਰਹਿਣ ਨਾਲ ਹੀ ਲਏ ਜਾ ਸਕਦੇ ਹਨ। ਸਿਰਫ਼ ਮੇਥੀ ਹੀ ਕਿਉਂ ਵੱਖੋ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂ ਬਦਲ ਬਦਲ ਕੇ ਰੈਗੂਲਰ ਤੌਰ ਉੱਤੇ ਲਈਆਂ ਜਾਣ ਅਤੇ ਨਸ਼ੇ ਜਾਂ ਹੋਰ ਗੰਦ ਬਲਾ ਖਾਣ ਤੋਂ ਪਰਹੇਜ਼ ਰੱਖਿਆ ਜਾਵੇ, ਖ਼ਾਸ ਕਰ ਫਾਸਟ ਫੂਡਜ਼, ਤਾਂ ਸਰੀਰ ਜਿੱਥੇ ਨਰੋਆ ਤੇ ਰੋਗ ਮੁਕਤ ਰੱਖਿਆ ਜਾ ਸਕਦਾ ਹੈ, ਉੱਥੇ ਕੁਦਰਤੀ ਚੀਜ਼ਾਂ ਖਾ ਕੇ ਲੰਬੀ ਤੇ ਸਿਹਤਮੰਦ ਜ਼ਿੰਦਗੀ ਵੀ ਜੀਅ ਸਕਦੇ ਹਾਂ।

ਮੇਰਾ ਮਕਸਦ ਇਹ ਸੀ ਕਿ ਜੇ ਕਿਸੇ ਦੇ ਬੱਚੇ ਸਬਜ਼ੀ ਦੇ ਨਾਂ ਨੂੰ ਮੂੰਹ ਨੱਕ ਚੜ੍ਹਾ ਰਹੇ ਹਨ ਤਾਂ ਉਨ੍ਹਾਂ ਨੂੰ ਇਸਦੇ ਫ਼ਾਇਦੇ ਪੜ੍ਹਾ ਕੇ ਕਿਸੇ ਨਾ ਕਿਸੇ ਬਹਾਨੇ, ਭਾਵੇਂ ਆਟੇ ਵਿਚ ਗੁੰਨ ਕੇ ਸੁਆਦਲੇ ਪਰਾਂਠੇ ਬਣਾ ਕੇ ਹੀ ਸਹੀ, ਪਰ ਮੇਥੀ ਦਿਓ ਜ਼ਰੂਰ!

ਅਗਲੀ ਵਾਰ ਜਦੋਂ ਮੱਕੀ ਮੇਥੀ ਦੇ ਮਜ਼ੇਦਾਰ ਪਰਾਂਠੇ ਬਣਾਓ ਤਾਂ ਇਸਦੇ ਗੁਣਾਂ ਨੂੰ ਯਾਦ ਕਰਦੇ ਹੋਏ ਮੈਨੂੰ ਵੀ ਜ਼ਰੂਰ ਯਾਦ ਕਰ ਲਇਓ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,

This entry was posted in ਲੇਖ.

One Response to ਮੇਥੀ : ਡਾ: ਹਰਸ਼ਿੰਦਰ ਕੌਰ, ਐਮ ਡੀ,

  1. Sat Sri Akal, DR. Harshinder Kaur JI. My name is Pawiter Singh Parhar, I am living
    in USA. I read your medical topic about Methi Seeds or Methi in corn,how much help
    to cure from so many diseases. I am appreciate your article for medical suggestion
    and help to world wide people who they are living abroad.
    Yours Sincerely,
    Pawiter Singh Parhar

Leave a Reply to Pawiter Singh Parhar Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>