ਗਵਾਲੀਅਰ ਵਿਖੇ ਤਿੰਨ ਦਿਨਾਂ ‘ਦਾਤਾ ਬੰਦੀ ਛੋੜ ਸਮਾਗਮ’ ਸੰਪਨ

ਗਵਾਲੀਅਰ- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਕੈਦ ਤੋਂ ਮੁਕਤ ਕਰਾਉਣ ਦਾ ਸਲਾਨਾ ਇਤਿਹਾਸਕ ਦਿਹਾੜਾ ਹਰ ਸਾਲ ਦੀ ਤਰ੍ਹਾਂ ‘ਦਾਤਾ ਬੰਦੀ ਛੋੜ ਦਿਵਸ’ ਦੇ ਰੂਪ ਵਿਚ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ 2, 3 ਅਤੇ 4 ਅਕਤੂਬਰ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲਗਾਤਾਰ ਦੋ ਦਿਨ  ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਹਨਾਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਜੀ ਉਚੇਚੇ ਤੌਰ ’ਤੇ ਪਹੁੰਚੇ।

ਗਿਆਨੀ ਗੁਰਮੁਖ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੁੱਚੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ, ਜਿਹਨਾਂ ਨੇ ਮਜ਼ਲੂਮਾਂ ਦੀ ਰਾਖੀ, ਜਾਲਮਾਂ ਦੇ ਨਾਸ਼ ਅਤੇ ਅਜ਼ਾਦੀ ਮਹਿਫੂਜ਼ ਰੱਖਣ ਲਈ ਤਲਵਾਰ ਚੁੱਕੀ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਅਣਖ, ਗ਼ੈਰਤ ਅਤੇ ਸਵੈਮਾਣ ਨਾਲ ਜਿਊਣਾ ਸਿਖਾਇਆ ਹੈ ਤੇ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ’ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਕਾਰ ਸੇਵਾ ਖਡੂਰ ਸਾਹਿਬ (ਜ਼ਿਲ੍ਹਾ ਤਰਨ ਤਾਰਨ) ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਜੋ ਇਸ ਇਤਿਹਾਸਕ ਤੇ ਪਾਵਨ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਨ, ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਥੇ ਅਧਿਆਤਮਿਕ ਵਿੱਦਿਆ ਮਨੁੱਖ ਲਈ ਜਰੂਰੀ ਹੈ, ਉਥੇ ਦੁਨਿਆਵੀ ਵਿੱਦਿਆ ਵੀ ਬੇਹੱਦ ਜਰੂਰੀ ਹੈ ਤੇ ਇਹ ਵਿੱਦਿਆ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਹਰ ਹੀਲੇ ਦੇਣੀ ਚਾਹੀਦੀ ਹੈ, ਤਾਂ ਹੀ ਸਾਡੀ ਕੌਮ ਰਸਾਤਲ ’ਚੋਂ ਨਿਕਲ ਕੇ ਬੁਲੰਦੀਆਂ ਨੂੰ ਛੂਹ ਸਕੇਗੀ। ਉਹਨਾਂ ਕਿਹਾ ਕਿ ਕਾਰ ਸੇਵਾ ਖਡੂਰ ਸਾਹਿਬ ਅਧੀਨ ਜੋ ਵਾਤਾਵਰਨ ਮੁੰਹਿਮ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਚਲਾਈ ਜਾ ਰਹੀ ਹੈ, ਉਸ ਵਿਚ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪ੍ਰਸਿੱਧ ਪੰਥਕ ਢਾਡੀ ਗਿਆਨੀ ਨਿਰਮਲ ਸਿੰਘ ਨੂਰ ਦੇ ਢਾਡੀ ਜੱਥੇ ਨੇ ਬੀਰ ਰਸੀ ਵਾਰਾਂ ਸੁਣਾ ਕੇ ਗੁਰੂ ਹਰਗੋਬਿੰਦ ਸਾਹਿਬ ਵਲੋਂ ਸ਼ੁਰੂ ਕੀਤੀ ਢਾਡੀ ਪਰੰਪਰਾ ਨੂੰ ਦ੍ਰਿੜ ਕੀਤਾ। ਇਸ ਤੋਂ ਇਲਾਵਾ ਪੰਥ ਦੇ ਹੋਰ ਵੀ ਪ੍ਰਸਿੱਧ ਰਾਗੀ ਤੇ ਢਾਡੀ ਜੱਥਿਆਂ ਅਤੇ ਗੁਰਮਤਿ ਵਿਦਵਾਨਾਂ ਨੇ ਦੀਵਾਨਾਂ ਵਿਚ ਹਾਜ਼ਰੀਆਂ ਭਰੀਆਂ।

ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਸਮਾਗਮ ਦੇ ਆਖਰੀ ਦੋ ਦਿਨ ਲਗਾਤਾਰ ਭਾਰੀ ਮੀਂਹ ਪੈਂਦਾ ਰਿਹਾ ਪਰ ਫਿਰ ਵੀ ਸੰਗਤਾਂ ਦਾ ਉਤਸ਼ਾਹ ਥਮ ਨਹੀਂ ਸੀ ਰਿਹਾ ਤੇ ਇਸ ਪਾਵਨ ਦਿਹਾੜੇ ਨੂੰ ਮਨਾਉਣ ਲਈ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਭਾਰੀ ਗਿਣਤੀ ਵਿਚ ਪੁੱਜੀਆਂ ਹੋਈਆਂ ਸਨ। ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਜਿਵੇਂ ਡਬਰਾ, ਗੁਨਾ, ਅਸ਼ੋਕ ਨਗਰ, ਇੰਦੌਰ ਆਦਿ ਦੀਆਂ ਸਿੱਖ ਸੰਗਤਾਂ ਵਿਚ ਇਸ ਸਲਾਨਾ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਉਹਨਾਂ ਵੱਲੋਂ ਅਨੇਕਾਂ ਲੰਗਰ ਵੀ ਲਾਏ ਗਏ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਹੋਇਆ ਜਿਸ ਵਿਚ 264 ਪ੍ਰਾਣੀ ਗੁਰੂ ਵਾਲੇ ਬਣੇ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੇ ਧਾਰਮਿਕ ਲਿਟਰੇਚਰ ਦਾ ਵਿਸ਼ੇਸ਼ ਸਟਾਲ ਲਾਇਆ ਗਿਆ, ਜੋ ਕਿ ਸੰਗਤਾਂ ਵਿਚ ਮੁਫਤ ਵੰਡਿਆ ਗਿਆ। ਉਘੇ ਵਿਦਵਾਨ ਡਾ. ਰਘਬੀਰ ਸਿੰਘ ਬੈਂਸ ਦੀ ਅਗਵਾਈ ਵਿਚ ਦਰਸ਼ਨੀ ਡਿਉੜੀ ਉਪਰ ਆਧੁਨਿਕ ਤਕਨਾਲੋਜੀ ਨਾਲ ਬਣਾਇਆ ਗਿਆ ਮਲਟੀਮੀਡੀਆ ਅਜਾਇਬ ਘਰ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।

ਜਿਕਰਯੋਗ ਹੈ ਕਿ ਇਸ ਗੁਰਧਾਮ ਦੀ ਉਸਾਰੀ ਦੀ ਸੇਵਾ 1968 ਵਿਚ ਗੁਰਪੁਰਵਾਸੀ ਸੰਤ ਬਾਬਾ ਉਤਮ ਸਿੰਘ ਕਾਰ ਸੇਵਾ ਖਡੂਰ ਸਹਿਬ ਵਾਲਿਆਂ ਵੱਲੋਂ ਸ਼ੁਰੂ ਕੀਤੀ ਗਈ ਸੀ ਅਤੇ ਸਿੱਖ ਕੌਮ ਨੇ ਇਸ ਗੁਰਧਾਮ ਨੂੰ ਉਸਾਰਨ ਲਈ ਬਾਬਾ ਉ¤ਤਮ ਸਿੰਘ ਦੀ ਅਗਵਾਈ ਵਿਚ ਵੱਡਾ ਸੰਘਰਸ਼ ਕੀਤਾ ਸੀ। ਬਾਬਾ ਉਤਮ ਸਿੰਘ ਦੀ ਅਗਵਾਈ ਵਿਚ ਬਾਬਾ ਅਮਰ ਸਿੰਘ ਜੀ ਨੇ ਲੰਮਾ ਸਮਾਂ ਅਸਥਾਨ ਦੀ ਸੇਵਾ ਸੰਭਾਲ ਦਾ ਕਾਰਜ ਨਿਭਾਇਆ। ਅੱਜ ਇਸ ਅਸਥਾਨ ’ਤੇ 6 ਮੰਜਿਲਾ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਵਿਸ਼ਾਲ ਲੰਗਰ ਹਾਲ, ਦੀਵਾਨ ਹਾਲ, ਸਰੋਵਰ, ਸੰਗਤਾਂ ਦੀ ਰਿਹਾਇਸ਼, ਪਾਰਕਿੰਗ ਅਤੇ ਡਾਕਟਰੀ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਹੈ। ਦਰਸ਼ਨੀ ਡਿਉੜੀ, ਸੁੰਦਰ ਪਾਰਕਾਂ ਅਤੇ ਫੁਹਾਰੇ ਇਸ ਗੁਰਧਾਮ ਦੀ ਸ਼ਾਨ ਵਧਾਉਂਦੇ ਹਨ। ਮੱਧ ਪ੍ਰਦੇਸ਼ ਦੀਆਂ ਸਿੱਖ ਸੰਗਤਾਂ ਲਈ ਇਹ ਭਗਤੀ ਤੇ ਸ਼ਕਤੀ ਦਾ ਕੇਂਦਰ ਬਣਿਆ ਹੋਇਆ। ਹਰ ਮੱਸਿਆ ’ਤੇ ਇਥੇ ਜੋੜ ਮੇਲਾ ਲਗਦਾ ਹੈ ਅਤੇ ਅੱਸੂ ਦੀ ਮੱਸਿਆ ਨੂੰ ਸਲਾਨਾ ਸਮਾਗਮ ਹੁੰਦਾ ਹੈ। ਬਾਬਾ ਸੇਵਾ ਸਿੰਘ ਦੀ ਅਗਵਾਈ ਵਿਚ ਬਾਬਾ ਲੱਖਾ ਸਿੰਘ ਅਤੇ ਬਾਬਾ ਪ੍ਰੀਤਮ ਸਿੰਘ ਇਸ ਗੁਰਧਾਮ ਦਾ ਪ੍ਰਬੰਧ ਦੇਖ ਰਹੇ ਹਨ। ਉਹਨਾਂ ਦੀ ਅਗਵਾਈ ਵਿਚ ਸਮੁੱਚੇ ਇਤਿਹਾਸਕ ਕਿਲ੍ਹੇ ਅਤੇ ਗਵਾਲੀਅਰ ਦੇ ਆਸ-ਪਾਸ ਦੇ ਇਲਾਕਿਆਂ ਨੂੰ ਹਰਿਆ-ਭਰਿਆ ਬਣਾਉਣ ਲਈ ਵੱਡੇ ਪੱਧਰ ’ਤੇ ਯਤਨ ਹੋ ਰਹੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਰੁੱਖ ਲਾਏ ਜਾ ਚੁੱਕੇ ਹਨ। ਇਸ ਤੋਂ ਬਿਨਾਂ ਗਵਾਲੀਅਰ ਦੇ ਨੇੜਲੇ ਪਛੜੇ ਗਿਣੇ ਜਾਂਦੇ ਇਲਾਕਿਆਂ ਬੂਟੀ ਕੂਈਆਂ, ਮੋਹਨਾ ਅਤੇ ਗੁਰ ਸੌਂਦੀ ਵਿਖੇ ਸਕੂਲ/ਅਕੈਡਮੀਆਂ ਵੀ ਖੋਲ੍ਹੇ ਗਏ ਹਨ ਜੋ ਸਫਲਤਾਪੂਰਵਕ ਚੱਲ ਰਹੇ ਹਨ।

This entry was posted in ਭਾਰਤ.

One Response to ਗਵਾਲੀਅਰ ਵਿਖੇ ਤਿੰਨ ਦਿਨਾਂ ‘ਦਾਤਾ ਬੰਦੀ ਛੋੜ ਸਮਾਗਮ’ ਸੰਪਨ

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>