-ਰੰਗ ਮੰਚ ਨੂੰ ਸਮਰਪਿਤ ਇਕ ਪ੍ਰੇਮ-ਪੱਤਰ-

ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਰੰਗ-ਮੰਚ ਦੀ ਨੀਂਹ ਇਕ ਵਿਦੇਸ਼ੀ ਸੁਆਣੀ ਨੇ ਰਖੀ ਜੋ ਖੁਦ ਪੰਜਾਬੀ ਲਿਖ,ਪੜ੍ਹ ਜਾਂ ਬੋਲ ਵੀ ਨਹੀਂ ਸਕਦੀ ਸੀ।ਬੰਗਾਲੀ ਰੰਗ-ਮੰਚ ਦੀ ਨੀਂਹ ਵੀ ਇਕ ਵਿਦੇਸ਼ੀ, ਰੂਸ ਦੇ ਮਿਸਟਰ ਲੈਂਬਡਿਫ ਨੇ 1795 ਵਿਚ ਬੰਗਾਲੀ ਭਾਸ਼ਾ ਵਿਚ ਇਕ ਨਾਟਕ ਦੀ ਡਾਇਰੈਕਸ਼ਨ ਕਰਕੇ ਰਖੀ ਸੀ। ਆਇਰਲੈਂ ਵਿਚ 29 ਅਕਤੂਬਰ 1876 ਨੂੰ ਜਨਮ ਲੈਣ ਵਾਲੀ ਮਿਸਜ਼ ਨੋਰ੍ਹਾ ਰਿਚਰਡਜ਼ ਨੇ 14 ਅਪਰੈਲ 1914 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਪੰਜਾਬੀ ਭਾਸ਼ਾ ਵਿਚ ਈਸ਼ਵਰ ਚੰਦਰ ਨੰਦਾ ਦੇ ਲਿਖੇ ਪੰਜਾਬੀ ਨਾਟਕ “ਦੁਲਹਨ” ਦਾ ਨਿਰਦੇਸ਼ਨ ਕਰਕੇ ਬੁਨਿਆਦ ਰਖੀ ਸੀ।

ਨੋਰ੍ਹਾ  ਆਇਰਲੈਂਡ ਦੀ ਨਾਟ-ਪਰੰਪਰਾ ਵਿਚ ਜੰਮੀ ਪਲ੍ਹੀ ਸੀ।ਉਸ ਨੂੰ ਬਚਪਨ ਤੋਂ ਹੀ ਸਟੇਜ ਤੇ ਗਾਉਣ ਅਤੇ ਅਭਿੰਨੇ ਕਰਨ ਦਾ ਸ਼ੌਕ ਸੀ ਅਤੇ ਉਸ ਨੇ ਅਪਣੀ ਇਕ ਪਛਾਣ ਬਣਾ ਲਈ ਸੀ ਅਤੇ ਉਹ ਨੋਰਾ ਡਾਇਲ (Norah Doyle) ਦੇ ਨਾਂਅ ਨਾਲ ਪ੍ਰਸਿੱਧ ਹੋ ਚੁਕੀ ਸੀ। ਉਸ ਨੇ ਸ਼ੈਕਸ਼ਪੀਅਰ ਸਮੇਂ ਤੋਂ ਚਲੀ ਆ ਰਹੀ ਇਕ ਨਾਟ-ਮੰਡਲੀ ਵਿਚ ਵੀ ਕੰਮ ਕਰ ਚੁੱਕੀ ਸੀ।ਉਹ ਟੈਕਸਾਸ ਯੂਨੀਵਰਸਿਟੀ ਵਿਚ ਡਰਾਮਾ ਵਿਭਾਗ ਦੇ ਪ੍ਰੋ. ਬੀ. ਈਡਨ ਪਾਈਨ ਨੇ ਪ੍ਰਭਾਵ ਹੇਠ ਆਕੇ ਟਾਲਸਟਾਇਣ ਬਣ ਗਈ। ਸਟੇਜ ਛੱਡ ਡੌਰਸੈਟ ਪ੍ਰਦੇਸ਼ ਵਿਚ ਇਕ ਨਿਕੇ ਜਿਹੇ ਪਿੰਡ ਵੁਡਲੈਂਡਜ਼ ਵਿਖੇ ਬੜਾ ਹੀ ਸਿੱਧਾ ਅਤੇ ਸਾਦਾ ਜੀਵਨ ਬਿਤਾਉਣ ਲਗੀ।ਆਪਣੇ ਹੱਥੀਂ ਕੰਮ ਕਰਕੇ ਗੁਜ਼ਾਰਾ ਕਰਦੀ ਰਹੀ।ਇਸੇ ਥਾਂ ਉਸਦੀ ਮੁਲਕਾਤ ਪ੍ਰੋ. ਫਿਲਿਪ ਅਰਨੈਸਟ ਰਿਚਰਡਜ਼ ਨਾਲ ਹੋਈ, ਜੋ ਪਿਆਰ ਵਿਚ ਬਦਲ ਗਈ। ਇਨ੍ਹਾਂ ਦੋਨਾਂ ਨੇ 1908 ਵਿਚ ਵਿਆਹ ਕਰਵਾ ਲਿਆ ਅਤੇ ਉਹ 1911 ਵਿਚ ਲਾਹੌਰ ਆਏ। ਸ੍ਰੀ ਰਿਚਰਡਜ਼ ਦਿਆਲ ਸਿੰਘ ਕਾਲਜ ਵਿਚ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਨਿਯੁਕਤ ਹੋਏ ਸਨ। ਇਸੇ  ਨੋਰਾ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਨਾਟਕਾਂ ਵਿਚ ਫਿਰ ਦਿਲਚਪਸੀ ਲੈਣੀ ਸ਼ੁਰੂ ਕਰ ਦਿਤੀ। ਇਸ ਸਮੇਂ ਕਾਲਜਾਂ ਵਿਚ ਆਮ ਤੌਰ ਤੇ ਅੰਗਰੇਜ਼ੀ ਦੇ ਨਾਟਕ ਖੇਡੇ ਜਾਂਦੇ ਸਨ ਜੋ ਪੰਜਾਬੀ ਵਿਦਿਆਰਥੀਆਂ ਦੇ ਮੂੰਹੋਂ ਬੜੇ ਰੁੱਖੇ ਅਤੇ ਓਪਰੇ ਜਿਹੇ ਜਾਪਦੇ ਸਨ। ਸ੍ਰੀਮਤੀ ਨੋਰਾ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਵਿਚ ਨਾਟਕ ਲਿਖਣ ਅਤੇ ਖੇਡਣ ਲਈ ਪ੍ਰੇਰਨਾ ਦਿਤੀ ਅਤੇ ਇਕ ਨਾਟਕ ਪ੍ਰਤੀਯੋਗਤਾ ਆਯੋਜਿਤ ਕੀਤੀ।ਇਸੇ ਮੁਕਾਬਲੇ ਵਿਚ 1913 ਵਿਚ ਸ੍ਰੀ ਨੰਦਾ ਨੇ ‘ਦੁਲਹਨ’ ਲਿਖੇ ਕੇ ਪਹਿਲਾ ਇਨਾਮ ਜਿਤਿਆ। ਇਸ ਤਰ੍ਹਾਂ ਦੇ ਇਨਾਮ ਦੇਣ ਦੀ ਪ੍ਰਥਾ ਯੂਨਾਨੀ ਰੰਗ-ਮੰਚ ਤੋਂ ਚਲੀ ਆ ਰਹੀ ਹੈ,ਪੰਜਾਬ ਵਿਚ ਇਹ ਪ੍ਰਥਾ ਨੋਰਾ ਨੇ ਸ਼ਰੂ ਕੀਤੀ। ‘ਦੁਲਹਨ’ ਜਿਸ ਨੂੰ ਪੰਜਾਬੀ ਦਾ ਪਹਿਲਾ ਸਾਹਿੱਤਕ ਨਾਟਕ ਹੋਣ ਦਾ ਮਾਣ ਪ੍ਰਾਪਤ ਹੈ, 14 ਅਪਰੈਲ 1914 ਨੂੰ ਨੋਰਾ ਦੇ ਨਿਰੇਸ਼ਨ ਵਿਚ ਦਿਆਲ ਸਿੰਘ ਕਾਲਿਜ ਲਾਹੌਰ ਦੇ ਖੁਲ੍ਹੇ ਰੰਗ ਮੰਚ ‘ਤੇ ਖੇਡਿਆ ਗਿਆ।

ਰਿੱਚਰਡਜ਼ ਜੋੜੀ ਦਾ ਆਪਸ ਵਿਚ ਬਹੁਤ ਪਿਆਰ ਸੀ।ਇਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੋਇਆ, ਆਪਣੇ ਵਿਦਿਆਰਥੀਆਂ ਨੂੰ ਬੱਚਿਆ ਵਾਂਗ ਹੀ ਪਿਆਰ ਕਰਦੇ ਸਨ ਅਤੇ ਰੰਗ –ਮੰਚ ਨਾਲ ਜੁੜੇ ਹੋਏ ਇਹ ਵਿੋਿਦਆਰਥੀ ਸਾਰੀ ਉਮਰ ਹੀ ਉਨ੍ਹਾਂ ਨਾਲ ਜੁੜੇ ਰਹੇ।

 ਆਪਣੀ ਸ਼ਾਦੀ ਤੋਂ ਪਹਿਲਾਂ ਪ੍ਰੋ.ਰਿਚੱਰਡਜ਼ ਵਲੋਂ ਮਿਸ ਨੋਰ੍ਹਾ ਡਾਇਲ ਦੇ ਨਾਂਅ ਲਿਖਿਆ ਆਖਰੀ ਪੱਤਰ,ਜਿਸ ‘ਤੇ ਨਿਸ਼ਾਨਦੇਹੀ ਕੀਤੀ ਗਈ ਸੀ ਕਿ ਵੁੱਡਲੈਂਡਜ਼ ਤੋਂ ਵਾਲਸਲ ਨੂੰ ਗੱਡੀ ਵਿਚ ਸਫਰ ਕਰਦੇ ਹੋਏ ਪੜ੍ਹਣਾ ਹੈ,ਉਸ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ:-

ਤਕਦੀਰ ਦੀ ਆਗਿਆ ਵਿਚ ਵਿਸ਼ਵਾਸ ਨਾਲ ਬੰਧੇ ਹੋਏ ਅਸੀਂ ਇਹ ਰਿਸ਼ਤਾ ਜੋੜ ਰਹੇ ਹਾਂ, ਅਤੇ ਉਹ ਹਰ ਸ਼ਕਤੀ ਜੋ ਜ਼ਿੰਦਗੀ ਤੇ ਚਰਿੱਤਰ ਦੀ ਸ਼ਕਲ ਸੂਰਤ ਨੂੰ ਘੜਦੀ ਹੈ, ਸਾਡੇ ਨਾਲ ਹੈ।ਅਸੀਂ ਦੋਨੋ ‘ਇਕ ਜਯੋਤ ਦੋਇ ਮੂਰਤੀ’ ਇਕ ਸ਼ਕਤੀ ਹੋਵਾਂਗੇ….

ਲੋਕ ਜੋ ਵਿਆਹ ਕਰਵਾਉਂਦੇ ਹਨ, ਬਹੁਤਾ ਕੁਝ ਨਹੀਂ ਸੋਚਦੇ, ਜਿਤਨਾ ਅਸੀਂ ਅਗਾਂਹ ਤਕ ਤੱਕ ਰਹੇ ਹਾਂ। ਸ਼ਾਇਦ ਅਸੀਂ ਬਹੁਤਿਆਂ ਨਾਲੋਂ ਅਗੇ ਤਕ ਵੇਖ ਰਹੇ ਹਾਂ ਕਿਉਂ ਜੋ ਤੇਰੀਆਂ ਅੱਖਾਂ ਬਹੁਤ ਕੁਝ ਚੰਗਾ ਦੇਖਣ ਲਈ ਖੁਲ੍ਹੀਆਂ ਹੋਈਆਂ ਹਨ, ਤੇਰਾ ਦਿੱਲ ਉਚੀਆਂ ਉਡਾਰੀਆਂ, ਪਰ ਸਿਆਣੇ ਉਦੇਸ਼ਾਂ ਲਈ ਧੜਕਦਾ ਹੈ, ਤੇਰਾ ਇਰਾਦਾ ਜਿਤਨਾ ਵੀ ਸੰਭਵ ਹੋ ਸਕੇ, ਚੰਗੇਰੇ ਕਾਰਜਾਂ ਲਈ ਪੱਕਾ ਹੈ।

ਤੇਰੀ ਨਿੱਡਰਤਾ, ਤੇਰੀ ਜਾਂਬਾਜ਼ੀ, ਕੁਝ ਕਰ ਗੁਜ਼ਰਨ ਲਈ ਤੇਰੀ ਸਿਆਣਪ ਤੇ ਤਿਆਰੀ, ਤੇਰਾ ਧੜਕਦਾ ਹੋਇਆ ਦਿਲ ਤੇ ਸੋਚਣ ਵਾਲਾ ਦਿਮਾਗ਼ ਹੈ।ਮੈਨੂੰ ਖੁਸ਼ੀ ਹੈ ਕਿ ਮੈਂ ਤੇਰੀ ਬਦੌਲਤ ਕੁਝ ਕਰ ਸਕਾਂਗਾ।ਤੂੰ ਆਪਣੇ ਆਪ ਨੂੰ ਦੁਨੀਆਂ ਤੋਂ ਇਕ ਗੁੰਮਨਾਮ ਤੇ ਨਿਵੇਕਲੇ ਜਿਹੇ ਪਿੰਡ ਆਪਣੇ ਆਪ ਨੂੰ ਛੁਪਾ ਲਿਆ ਸੀ, ਤੂੰ ਸੀਨੇ ਵਿਚ ਇਕ ਅੱਗ ਤੇ ਚਾਹਤ ਲੈ ਕੇ ਇਕ ਇਕਾਂਤ ਵਿਚ ਚਲੀ ਗਈ।ਤੈਨੂੰ ਇਕ ਪ੍ਰੇਮੀ ਦੀ ਲੋੜ ਹੈ ਅਤੇ ਮੈਨੂੰ ਉਹ ਪ੍ਰੇਮੀ ਬਣਨ ਦੀ ਆਗਿਆ ਦੇ।

ਮੈਂ ਸ਼ੁਕਰਗੁਜ਼ਾਰ ਹਾਂ ਕਿ ਇਸ ਪੱਤਰ ਰਾਹੀਂ ਮੈਂ ਤੇਰੀ ਪੂਜਾ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਸਕਿਆ ਹਾਂ।
ਤੂਂ ਇਕ ਅਤਿ ਸੁੰਦਰ ਥਾਂ ਤੋਂ ਨਿਕਲ ਕੇ ਮੇਰੇ ਪਾਸ ਆ ਰਹੀ ਏਂ ਅਤੇ ਅਸੀਂ ਦੋਵੇਂ ਮਿਲ ਕੇ ਇਕ ਖੂਬਸੂਰਤ ਘਰ ਬਣਾਵਾਂਗੇ।ਤੂੰ ਅਪਣਾ ਮਾਹੌਲ ਚੁਣਿਆ ਏ ਤੇ ਇਸ ਨੂੰ ਬਣਾਉਣ ਵਿਚ ਮਦਦ ਕੀਤੀ।ਅਗਲੇ ਮੰਗਲਵਾਰ ਤੋਂ ਤੂੰ ਇਸ ਤੋਂ ਇਕ ਵੱਡੀ ਦੁਨੀਆ ਬਣਾਏਂਗੀ।  ਸਾਡੇ ਮਿੱਟੀ ਦੇ ਕੁਜਿਆਂ ਤੇ ਸਾਡੇ ਭਾਂਡਿਆਂ ਵਿਚ ਇਕ ਸਵਰਗ ਹੋਏਗਾ। ਤੇਰੀ ਬੱਲੇ ਬੱਲੇ ਹੋਵੇ, ਮੇਰੀ ਸੁਹਣੀ ਪਰੇਮਿਕਾ।

ਪੀ.ਈ.ਆਰ.
ਪ੍ਰੋ. ਰਿਚਰਡਜ਼ ਦੀ 1920 ਵਿਚ ਲਹੌਰ ਵਿਖੇ ਹੀ ਮੌਤ ਹੋ ਗਈ ਸੀ।ਨੋਰਾ ਇੰਗਲੈਂਡ ਵਾਪਸ ਚਲੀ ਗਈ।ਉਹ ਪੰਜਾਬ ਦੀ ਮਿੱਟੀ ਨਾਲ ਇਤਨਾ ਘੁਲ ਮਿਲ ਗਈ ਸੀ ਕਿ ਉਧਰ ਉਸ ਦਾ ਦਿਲ ਨਾ ਲਗਾ ਤੇ ਉਹ 1924 ਵਿਚ ਲਹੌਰ ਵਾਪਸ ਆ ਗਈ।ਕੁਝ ਸਾਲ ਬਾਅਦ ਅੰਦਰੇਟਾ ਜ਼ਿਲਾ ਕਾਂਗੜਾ ਪੱਕੇ ਤੌਰ ‘ਤੇ ਵਸ ਗਈ ਅਤੇ ਇਥੇ ਸਾਰੀ ਉਮਰ ਨਾਟ ਸਰਗਰਮੀਆਂ ਨਾਲ ਜੁੜੀ ਰਹੀ।ਇਸ ਲੇਖਕ ਨੂੰ ਸਾਲ 1960 ਤੋਂ 1981 ਤਕ ਅੰਦਰੇਟੇ ਰਹਿੰਦੇ ਹੋਏ ਪੰਜਾਬੀ ਨਾਟਕ ਦੀ ਇਸ ਨਕੜਦਾਦੀ ਨੂੰ ਬਹੁਤ ਨੇੜਿੳਂ ਹੋ ਕੇ ਦੇਖਣ ਦਾ ਸੁਭਾਗ ਪ੍ਰਾਪਤ ਹੈ।

ਅਗੱਸਤ 1947 ਵਿਚ ਦੇਸ਼-ਵੰਡ ਦਾ ਉਸ ਨੂੰ ਬਹੁਤ ਦੁੱਖ ਹੋੲਆ,ਉਹ ਕਹਿਣ ਲਗੀ ਲੱਖਾਂ ਹੀ ਲੋਕਾਂ ਵਾਂਗ ਰੰਗ-ਮੰਚ “ਸ਼ਰਨਾਰਥੀ” ਬਣ ਗਿਆ ਹੈ।ਦੇਸ਼-ਵੰਡ ਤੋਂ ਬਾਅਦ ਵੀ ਉਹ ਬਹੁਤ ਸਾਲ ਅਪਣੀ ਵਸੀਹਤ ਵਿਚ ਇਹ ਲਿਖਦੀ ਰਹੀ ਕਿ ਅਕਾਲ ਚਲਾਣੇ ਤੋਂ ਬਾਅਦ ਉਸ ਦੀ ਮ੍ਰਿਤਕ ਦੇਹਿ ਨੂੰ ਲਹੌਰ ਵਿਖੇ ਉਸ ਦੇ ਪਤੀ ਦੀ ਕਬਰ ਦੇ ਲਾਗੇ ਦਫ਼ਨਾਇਆ ਜਾਏ।ਭਾਰਤ –ਪਾਕਿ ਦੇ ਸਬੰਧ ਵਿਗੜਨ ਖਾਸ ਕਰ 1965 ਦੈ ਯੁੱਧ ਪਿਛੋਂ ਉਸ ਨੇ ਇਹ ਚਾਹਤ ਛੱਡ ਦਿਤੀ। ਉਸ ਦੀ ਮਰਜ਼ੀ ਅਨੁਸਾਰ ਤਿੰਨ ਮਾਰਚ 1971 ਵਿਚ ਹੋਈ ਮੌਤ ਤੋਂ ਬਾਅਦ ਅੰਦਰੇਟਾ ਵਿਖੇ ਉਸਦੇ ‘ਵੁਡਲੈਂਡਜ਼ ਅਸਟੇਟ’ ਦੇ ਅੰਦਰ ਹੀ ਸਸਕਾਰ ਕੀਤਾ ਗਿਆ।ਉਸਦੀ ਕਬਰ ‘ਤੇ ਇਹ ਕੁਤਬਾ ਲਿਖ ਕੇ ਲਗਾਇਆ ਗਿਆ ਸੀ:-

Rest weary heart, thy work is done.’

                                           (ਥੱਕੇ ਹੋਏ ਦਿਲ ਆਰਾਮ ਕਰ, ਤੇਰਾ ਕੰਮ ਪੂਰਾ ਹੋ ਗਿਆ ਹੈ)

 

 

 

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>