ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ‘ਮਨ ਤੰਦੂਰ’ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਲੋਕ ਅਰਪਣ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸੇਵਾ ਮੁਕਤ ਅਧਿਆਪਕ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਅਤੇ ਇਸ ਵੇਲੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਦੇ ਡਾਇਰੈਕਟਰ ਯੋਜਨਾ ਅਤੇ ਵਿਕਾਸ ਪ੍ਰੋ: ਗੁਰਭਜਨ ਸਿੰਘ ਗਿੱਲ ਦੇ ਨਵੇਂ ਛਪੇ ਕਾਵਿ ਸੰਗ੍ਰਹਿ ‘ਮਨ ਤੰਦੂਰ’ ਨੂੰ ਲੋਕ ਅਰਪਣ ਕਰਦਿਆਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਚਾਂਸਲਰ ਡਾ: ਸਰਦਾਰਾ ਸਿੰਘ ਜੌਹਲ ਨੇ ਕਿਹਾ ਹੈ ਕਿ ਤ੍ਰੈਕਾਲ ਦਰਸ਼ੀ ਸੋਚ ਨਾਲ ਲੇਖਕ ਆਪਣੇ ਲੋਕਾਂ ਦੀ ਸੁਚੇਤ ਅਗਵਾਈ ਕਰਨ। ਉਨ੍ਹਾਂ ਆਖਿਆ ਕਿ ਗੁਰਭਜਨ ਗਿੱਲ ਨੇ ਆਪਣੇ 40 ਸਾਲ ਲੰਮੇ ਕਾਵਿ ਸਫ਼ਰ ਦੌਰਾਨ ਵਕਤ ਦਾ ਦਸਤਾਵੇਜ ਸਮਝਿਆ, ਪੜ੍ਹਿਆ, ਵਿਚਾਰਿਆ ਅਤੇ ਕਾਵਿ ਵਿੱਚ ਢਾਲਿਆ ਹੈ। ਉਨ੍ਹਾਂ ਆਖਿਆ ਕਿ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਵਿਸ਼ਲੇਸ਼ਣੀ ਪਹੁੰਚ ਅਖਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਵਧਦੀ ਆਬਾਦੀ, ਗੁਰਬਤ ਅਤੇ ਅਨਪੜ੍ਹਤਾ ਦਾ ਆਪਸੀ ਗੂੜ੍ਹਾ ਰਿਸ਼ਤਾ ਹੈ। ਸਾਨੂੰ ਇਸ ਵਰਤਾਰੇ ਦੇ ਆਪਸੀ ਸਬੰਧਾਂ ਨੂੰ ਵਾਚਣਾ ਚਾਹੀਦਾ ਹੈ ਅਤੇ ਯੋਗ ਪ੍ਰਸਾਸ਼ਨ ਦੀ ਅਣਹੋਂਦ ਕਾਰਨ ਹਰ ਸੁਪਨੇ ਦੀ ਹਾਰ ਨੂੰ ਵਿਚਾਰਨਾ ਚਾਹੀਦਾ ਹੈ। ਡਾ:ਜੌਹਲ ਨੇ ਆਖਿਆ ਕਿ ਸਮਾਜਵਾਦ ਹੋਵੇ ਜਾਂ ਪੂੰਜੀਵਾਦ ਇਹ ਮਨੁੱਖ ਦੇ ਵਤੀਰੇ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਇਸ ਮਾਡਲ ਤੋਂ ਕਿਉਂ ਜਿਹਾ ਮਨੁੱਖੀ ਵਿਕਾਸ ਕਰਨਾ ਹੈ। ਉਨ੍ਹਾਂ ਆਖਿਆ ਕਿ ਗੁਰਭਜਨ ਗਿੱਲ ਨੇ ਕੱਚੇ ਵਿਹੜਿਆਂ ਵਿਚਲੇ ਮਜ਼ਬੂਤ ਮਨੁੱਖ ਨੂੰ ਕਾਲ ਅੰਦਾਜ਼ ਵਿੱਚ ਪੇਸ਼ ਕਰਕੇ ਵਰਤਮਾਨ ਦੀ ਜਵਾਨੀ ਨੂੰ ਦਿਸ਼ਾਹੀਣਤਾ ਵਿਚੋਂ ਨਿਕਲਣ ਦਾ ਸੁਨੇਹਾ ਦਿੱਤਾ ਹੈ। ਡਾ: ਜੌਹਲ ਨੇ ਪੁਸਤਕ ਦੀ ਪਹਿਲੀ ਕਾਪੀ ਅਮਰੀਕਾ ਤੋਂ ਨੌਜਵਾਨ ਗੁਰਕੀਰਤ ਸਿੰਘ ਨੱਤ ਨੂੰ ਭੇਂਟ ਕੀਤੀ।

‘ਮਨ ਤੰਦੂਰ’ ਬਾਰੇ ਪ੍ਰਸਿੱਧ ਪੰਜਾਬੀ ਲੇਖਕ ਪ੍ਰੋ: ਰਵਿੰਦਰ ਭੱਠਲ ਅਤੇ ਡਾ: ਜਗਤਾਰ ਸਿੰਘ ਧੀਮਾਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਸਾਰੀਕਰਨ, ਵਪਾਰੀਕਰਨ ਅਤੇ ਉਦਾਰੀਕਰਨ ਵੱਲੋਂ ਸਾਡੇ ਲੋਕ ਜੀਵਨ, ਸਭਿਆਚਾਰ ਅਤੇ ਜੀਵਨ ਵਿਹਾਰ ਉੱਪਰ ਜੋ ਚੰਗਾ ਮੰਦਾ ਅਸਰ ਪਾਇਆ ਹੈ ਉਸ ਦਾ ਵੇਰਵਾ ਇਸ ਪੁਸਤਕ ਵਿਚੋਂ ਸਹਿਜੇ ਹੀ ਲੱਭਿਆ ਜਾ ਸਕਦਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਇਸ ਯੂਨੀਵਰਸਿਟੀ ਦੀਆਂ ਸਾਹਿਤ ਦੇ ਖੇਤਰ ਵਿੱਚ ਵੀ ਮਹਾਨ ਰਵਾਇਤਾਂ ਹਨ। ਇਨ੍ਹਾਂ ਰਵਾਇਤਾਂ ਨੂੰ ਗੁਰਭਜਨ ਗਿੱਲ ਨੇ ਵੀ ਅੱਗੇ ਤੋਰਿਆ ਹੈ। ਉਨ੍ਹਾਂ ਆਖਿਆ ਕਿ ਸਾਹਿਤ ਵਿਚੋਂ ਕਵਿਤਾ ਸਭ ਤੋਂ ਵੱਧ ਮਨ ਨੂੰ ਪ੍ਰਭਾਵਿਤ ਕਰਦੀ ਹੋਣ ਕਰਕੇ ਹੀ ਅੱਜ ਵੀ ਸਾਡਾ ਮਹਾਨ ਸਾਹਿਤ ਸ਼ਾਇਰੀ ਵਿੱਚ ਹੈ। ਉਨ੍ਹਾਂ ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ ਤੋਂ ਇਲਾਵਾ ਕੁਝ ਹੋਰ ਕਵੀਆਂ ਦੇ ਹਵਾਲੇ ਨਾਲ ਦੱਸਿਆ ਕਿ ਬਾਲ ਮਨ ਨੂੰ ਠੀਕ ਦਿਸ਼ਾ ਵਿੱਚ ਤੋਰਨ ਲਈ ਸਾਨੂੰ ਆਮ ਸਧਾਰਨ ਭਾਸ਼ਾ ਵਿੱਚ ਕਵਿਤਾ ਰਚਣੀ ਚਾਹੀਦੀ ਹੈ। ਗੁਰਭਜਨ ਗਿੱਲ ਦੀ ਕਵਿਤਾ ਵਿੱਚ ਧਰਤੀ ਦਾ ਦੁਖ ਸੁਖ ਇਸੇ ਕਰਕੇ ਸ਼ਾਮਿਲ ਹੋ ਸਕਿਆ ਹੈ ਕਿਉਂਕਿ ਉਸ ਨੂੰ ਆਪਣੇ ਅਨਪੜ੍ਹ ਮਾਂ-ਬਾਪ ਅਤੇ ਕੱਚੇ ਵਿਹੜਿਆਂ ਤੇ ਅਜੇ ਵੀ ਰੱਬ ਜਿੰਨਾ ਯਕੀਨ ਹੈ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਨਛੱਤਰ ਸਿੰਘ ਮੱਲ੍ਹੀ ਨੇ ਕਿਹਾ ਕਿ ਪਿਛਲੇ 30 ਸਾਲ ਪਹਿਲਾਂ ਇਸ ਯੂਨੀਵਰਸਿਟੀ ਵਿੱਚ ਅਤੇ ਹੁਣ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਇਕੱਠੇ ਸੇਵਾ ਕਰਦਿਆਂ ਮੈਂ ਇਹੀ ਮਹਿਸੂਸ ਕੀਤਾ ਹੈ ਕਿ ਗੁਰਭਜਨ ਗਿੱਲ ਦਾ ਵਿਸ਼ਵਕੋਸ਼ੀ ਗਿਆਨ ਕਦੇ ਕਵਿਤਾ ਵਿੱਚ ਢਲ ਜਾਂਦਾ ਹੈ, ਕਦੇ ਵਾਰਤਕ ਵਿੱਚ ਅਤੇ ਕਦੇ ਵਾਰਤਾ ਵਿੱਚ। ਉਸਦੇ ਹਰ ਬੋਲ ਵਿਚੋਂ ਧਰਤੀ ਦੀ ਮਹਿਕ ਮਹਿਸੂਸ ਕੀਤੀ ਜਾ ਸਕਦੀ ਹੈ ਅਤੇ ਇਹ ਕਵਿਤਾਵਾਂ ਸਾਨੂੰ ਵਿਰਸੇ ਤੋਂ ਵਰਤਮਾਨ ਤੀਕ ਤੋਰਨ ਦੇ ਨਾਲ ਨਾਲ ਭਵਿੱਖ ਦਾ ਮਨੁੱਖ ਉਸਾਰਨ ਵੱਲ ਵੀ ਦਿਸ਼ਾ ਨਿਰਦੇਸ਼ ਦਿੰਦੀਆਂ ਹਨ।

ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਕਰਵਾਏ ਇਸ ਸਮਾਗਮ ਦੀ ਸੰਚਾਲਨਾ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ: ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇਸ ਕੇਂਦਰ ਵਿੱਚ ਸੇਵਾ ਨਿਭਾਉਂਦਿਆਂ ਪਿਛਲੇ ਚਾਰ ਸਾਲਾਂ ਦੌਰਾਨ ਲਿਖੀਆਂ ਕਵਿਤਾਵਾਂ ਦਾ ਇਹ ਸੰਗ੍ਰਹਿ ਸਾਡੇ ਵਾਸਤੇ ਇਸ ਲਈ ਸੁਆਗਤਯੋਗ ਹੈ ਕਿਉਂਕਿ ਇਸ ਦੀ ਸਿਰਜਣਾ ਇਸ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚ ਹੋਈ ਹੈ। ਪਸਾਰ ਸਿੱਖਿਆ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਅਤੇ ਉੱਘੇ ਫਿਲਮ ਅਭਿਨੇਤਾ ਡਾ: ਜਸਵਿੰਦਰ ਭੱਲਾ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ 1976 ਤੋਂ ਮੈਂ ਗੁਰਭਜਨ ਗਿੱਲ ਦੇ ਪਰਿਵਾਰਕ ਸੰਪਰਕ ਵਿੱਚ ਹੋਣ ਕਾਰਨ ਇਹ ਗੱਲ ਵਿਸਵਾਸ਼ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਆਪਣੇ ਈਮਾਨ ਦਾ ਪੱਲਾ ਕਦੇ ਵੀ ਢਿੱਲਾ ਨਹੀਂ ਛੱਡਿਆ ਅਤੇ ਉਸੇ ਸਦਕਾ ਹੀ ਇਹ ਦਸਵਾਂ ਕਾਵਿ ਸੰਗ੍ਰਹਿ ਪੇਸ਼ ਕਰਨ ਵੇਲੇ ਵੀ ਉਨ੍ਹਾਂ ਦੀ ਕਲਮ ਵਿਚੋਂ ਨਿਕਲੇ ਸ਼ਬਦ ਸਾਡੇ ਲਈ ਮਾਰਗ ਦਰਸ਼ਕ ਬਣਨ ਦੇ ਸਮਰੱਥ ਹਨ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ, ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਖੇਤੀ ਕਾਲਜ ਦੇ ਡੀਨ ਡਾ: ਹਰਵਿੰਦਰ ਸਿੰਘ ਧਾਲੀਵਾਲ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ, ਪੋਸਟ ਗਰੈਜੂਏਟ ਸਟੱਡੀਜ ਦੇ ਡੀਨ, ਡਾ: ਗੁਰਸ਼ਰਨ ਸਿੰਘ, ਚੀਫ ਇੰਜੀਨੀਅਰ ਡਾ: ਜਸਪਾਲ ਸਿੰਘ, ਅਸਟੇਟ ਅਫਸਰ ਡਾ: ਜਸਕਰਨ ਸਿੰਘ ਮਾਹਲ, ਉੱਘੇ ਲੇਖਕ ਤਰਲੋਚਨ ਲੋਚੀ, ਮਨਜਿੰਦਰ ਧਨੋਆ, ਤੇਜਪ੍ਰਤਾਪ ਸਿੰਘ ਸੰਧੂ, ਕੰਵਲਜੀਤ ਸਿੰਘ ਸ਼ੰਕਰ, ਜਸਵੰਤ ਸਿੰਘ ਅਮਨ, ਬੀਬੀ ਗੁਰਚਰਨ ਕੌਰ ਕੋਚਰ, ਇੰਦਰਜੀਤ ਕੌਰ ਭਿੰਡਰ, ਦਲਵੀਰ ਲੁਧਿਆਣਵੀ, ਸ: ਸਤਬੀਰ ਸਿੰਘ ਸਿੱਧੂ, ਚਰਨਜੀਤ ਸਿੰਘ ਤੇਜਾ, ਡਾ: ਜਗਰੂਪ ਸਿੰਘ ਸਿੱਧੂ, ਡਾ: ਅਮਰਜੀਤ ਸਿੰਘ ਭੁੱਲਰ, ਡਾ: ਮਾਨ ਸਿੰਘ ਤੂਰ, ਸ: ਬਲਕੌਰ ਸਿੰਘ ਗਿੱਲ ਸਾਬਕਾ ਈਟੀਓ, ਪਸਾਰ ਸਿੱਖਿਆ ਵਿਭਾਗ ਦੇ ਸਾਬਕਾ ਮੁਖੀ ਡਾ: ਸਰਦਾਰਾ ਸਿੰਘ ਪਵਾਰ, ਪਰਮਿੰਦਰ ਗੁੱਜਰ ਅਤੇ ਕਈ ਵਿਦਿਆਰਥੀ ਵੀ ਹਾਜ਼ਰ ਸਨ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>