ਇਸਲਾਮਾਬਾਦ- ਹਕਾਨੀ ਨੈਟਵਰਕ ਦੇ ਸਰਗਨਾ ਦੇ ਵੱਡੇ ਪੁੱਤਰ ਨਸੀਰੂਦੀਨ ਹਕਾਨੀ ਦੀ ਪਾਕਿਸਤਾਨ ਦੀ ਰਾਜਧਾਨੀ ਦੇ ਬਾਹਰੀ ਖੇਤਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਉਹ ਸੰਗਠਨ ਲਈ ਧੰਨ ਇੱਕਠਾ ਕਰਨ ਲਈ ਖਾੜੀ ਦੇ ਦੇਸ਼ਾਂ ਵਿੱਚ ਵੀ ਜਾਂਦਾ ਸੀ। ਉਸ ਦਾ ਨਾਂ ਅਮਰੀਕਾ ਦੀ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਿਲ ਸੀ।
ਨਸੀਰੂਦੀਨ ਬਾਰਾਕਾਹੂ ਦੀ ਇੱਕ ਮਸਜਿਦ ਤੋਂ ਆਪਣੇ ਘਰ ਵਾਪਿਸ ਆ ਰਿਹਾ ਸੀ ਕਿ ਮੋਟਰਸਾਈਕਲ ਤੇ ਸਵਾਰ ਦੋ ਬੰਦੂਕਧਾਰੀਆਂ ਨੇ ਉਸ ਨੂੰ ਮਾਰ ਦਿੱਤਾ। ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦਾ ਵੱਡਾ ਪੁੱਤਰ ਨਸੀਰੂਦੀਨ ਸੰਗਠਨ ਦੇ ਗੱਲਬਾਤ ਨਾਲ ਜੁੜੇ ਮਾਮਲਿਆਂ ਵਿੱਚ ਸ਼ਾਮਿਲ ਸੀ।ਜਲਾਲੂਦੀਨ ਦੇ ਤਿੰਨ ਪੁੱਤਰ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਅਮਰੀਕਾ ਅਨੁਸਾਰ ਇਸ ਖਤਰਨਾਕ ਸੰਗਠਨ ਨੂੰ ਆਰਥਿਕ ਮੱਦਦ ਮੁਹਈਆ ਕਰਵਾਉਣ ਵਿੱਚ ਉਸ ਦਾ ਅਹਿਮ ਰੋਲ ਸੀ। ਇਸਲਾਮਾਬਾਦ ਪੁਲਿਸ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਨਸੀਰੂਦੀਨ ਦੀ ਹੱਤਿਆ ਕਿਸ ਨੇ ਕੀਤੀ ਹੈ।